ਦੁਬਈ ਲਈ ਏਅਰ ਇੰਡੀਆ ਦੀਆਂ ਉਡਾਣਾਂ ਅੱਜ ਤੋਂ ਬਹਾਲ

ਨਵੀਂ ਦਿੱਲੀ : ਏਅਰ ਇੰਡੀਆ ਐਕਸਪ੍ਰਰੈੱਸ ਨੇ ਕਿਹਾ ਕਿ ਕੋਰੋਨਾ ਇਨਫੈਕਟਿਡ ਯਾਤਰੀ ਲਿਆਉਣ ‘ਤੇ ਦੁਬਈ ਸਿਵਲ ਐਵੀਏਸ਼ਨ ਅਥਾਰਟੀ ਨੇ ਸ਼ੁੱਕਰਵਾਰ ਨੂੰ 24 ਘੰਟਿਆਂ ਲਈ ਉਨ੍ਹਾਂ ਦੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਸਨ। ਏਅਰਲਾਈਨ ਮੁਤਾਬਕ 19 ਸਤੰਬਰ ਤੋਂ ਦੁਬਈ ਤੋਂ ਆਉਣ-ਜਾਣ ਵਾਲੀਆਂ ਉਸ ਦੀਆਂ ਉਡਾਣਾਂ ਪਹਿਲੇ ਦੀ ਹੀ ਤਰ੍ਹਾਂ ਬਹਾਲ ਹੋ ਜਾਣਗੀਆਂ। 28 ਅਗਸਤ ਅਤੇ ਚਾਰ ਸਤੰਬਰ ਨੂੰ ਕੋਰੋਨਾ ਪਾਜ਼ੇਟਿਵ ਸਰਟੀਫਿਕੇਟ ਨਾਲ ਦੋ ਵਿਅਕਤੀਆਂ ਨੇ ਯਾਤਰਾ ਕੀਤੀ ਸੀ। ਏਅਰ ਇੰਡੀਆ ਐਕਸਪ੍ਰਰੈੱਸ ਨੇ ਇਸ ਤੋਂ ਪਹਿਲੇ ਦੇ ਬਿਆਨ ਵਿਚ ਕਿਹਾ ਸੀ ਕਿ ਕੋਰੋਨਾ ਇਨਫੈਕਟਿਡ ਯਾਤਰੀਆਂ ਨੂੰ ਲਿਆਉਣ ‘ਤੇ ਦੁਬਈ ਨੇ ਉਸ ਦੀਆਂ ਉਡਾਣਾਂ ਨੂੰ 18 ਸਤੰਬਰ ਤੋਂ 2 ਅਕਤੂਬਰ ਤਕ ਲਈ ਰੱਦ ਕਰ ਦਿੱਤਾ ਹੈ। ਏਅਰਲਾਈਨਜ਼ ਨੇ ਇਸ ਸਬੰਧ ਵਿਚ ਦੁਬਈ ਪ੍ਰਸ਼ਾਸਨ ਵੱਲੋਂ ਨੋਟਿਸ ਮਿਲਣ ਦੀ ਵੀ ਪੁਸ਼ਟੀ ਕੀਤੀ ਸੀ।

ਸੰਯੁਕਤ ਅਰਬ ਅਮੀਰਾਤ (ਯੂਏਈ) ਸਰਕਾਰ ਦੇ ਨਿਯਮਾਂ ਮੁਤਾਬਕ ਭਾਰਤ ਤੋਂ ਜਾਣ ਵਾਲੇ ਲੋਕਾਂ ਲਈ ਇਹ ਜ਼ਰੂਰੀ ਹੈ ਕਿ ਯਾਤਰਾ ਦੇ 96 ਘੰਟੇ ਪਹਿਲੇ ਕੋਰੋਨਾ ਲਈ ਆਰਟੀ-ਪੀਸੀਆਰ ਜਾਂਚ ਕਰਵਾਉਣ ਅਤੇ ਨੈਗੇਟਿਵ ਜਾਂਚ ਰਿਪੋਰਟ ਦੀ ਮੂਲ ਕਾਪੀ ਆਪਣੇ ਨਾਲ ਰੱਖਣ। ਚਾਰ ਸਤੰਬਰ ਨੂੰ ਏਅਰ ਇੰਡੀਆ ਐਕਸਪ੍ਰਰੈੱਸ ਦੀ ਜੈਪੁਰ-ਦੁਬਈ ਉਡਾਣ ਵਿਚ ਇਕ ਇਨਫੈਕਟਿਡ ਯਾਤਰੀ ਮਿਲਿਆ ਸੀ। ਉਸ ਨੇ ਦੋ ਸਤੰਬਰ ਨੂੰ ਕੋਰੋਨਾ ਜਾਂਚ ਕਰਵਾਈ ਸੀ ਜਿਸ ਦੇ ਨਤੀਜੇ ਪਾਜ਼ੇਟਿਵ ਆਏ ਸਨ। ਇਸ ਤਰ੍ਹਾਂ 28 ਅਗਸਤ ਨੂੰ ਦਿੱਲੀ ਤੋਂ ਕੋਰੋਨਾ ਪਾਜ਼ੇਟਿਵ ਸਰਟੀਫਿਕੇਟ ਨਾਲ ਇਕ ਹੋਰ ਯਾਤਰੀ ਵੀ ਏਅਰ ਇੰਡੀਆ ਐਕਸਪ੍ਰਰੈੱਸ ਦੀ ਉਡਾਣ ਰਾਹੀਂ ਦੁਬਈ ਗਿਆ ਸੀ।

ਹਾਂਗਕਾਂਗ ਨੇ ਵੀ ਪਿਛਲੇ ਮਹੀਨੇ 14 ਯਾਤਰੀਆਂ ਦੇ ਕੋਰੋਨਾ ਇਨਫੈਕਟਿਡ ਪਾਏ ਜਾਣ ‘ਤੇ ਏਅਰ ਇੰਡੀਆ ਦੀਆਂ ਉਡਾਣਾਂ ‘ਤੇ 13 ਤੋਂ 31 ਅਗਸਤ ਤਕ ਲਈ ਰੋਕ ਲਗਾ ਦਿੱਤੀ ਸੀ। ਹਾਂਗਕਾਂਗ ਜਾਣ ਵਾਲੇ ਯਾਤਰੀਆਂ ਲਈ ਜ਼ਰੂਰੀ ਹੈ ਕਿ ਉਹ ਯਾਤਰਾ ਦੇ 72 ਘੰਟੇ ਪਹਿਲੇ ਕੋਰੋਨਾ ਜਾਂਚ ਕਰਵਾਉਣ ਅਤੇ ਨੈਗੇਟਿਵ ਨਤੀਜੇ ਆਉਣ ਪਿੱਛੋਂ ਹੀ ਯਾਤਰਾ ਕਰਨ।

ਏਅਰ ਇੰਡੀਆ ਦੀ ਸਹਾਇਕ ਏਅਰਲਾਈਨਜ਼ ਏਅਰ ਇੰਡੀਆ ਐਕਸਪ੍ਰਰੈੱਸ ਨੇ ਇਹ ਵੀ ਕਿਹਾ ਸੀ ਕਿ ਜੈਪੁਰ ਅਤੇ ਦਿੱਲੀ ਹਵਾਈ ਅੱਡੇ ‘ਤੇ ਜਿਨ੍ਹਾਂ ਲੋਕਾਂ ਨੇ ਲਾਪਰਵਾਹੀ ਵਰਤੀ ਉਨ੍ਹਾਂ ਦੇ ਖ਼ਿਲਾਫ਼ ਸਜ਼ਾਯੋਗ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *