ਜਬਰ-ਜਨਾਹ ਪੀੜਤਾ ਦੀ ਦਿੱਲੀ ਦੇ ਹਸਪਤਾਲ ਵਿਚ ਮੌਤ

ਹਾਥਰਸ/ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੀ 19 ਸਾਲਾ ਦਲਿਤ ਮਹਿਲਾ ਜਿਸ ਨਾਲ ਕੁਝ ਦਿਨ ਪਹਿਲਾਂ ਚਾਰ ਵਿਅਕਤੀਆਂ ਨੇ ਸਮੂਹਿਕ ਜਬਰ-ਜਨਾਹ ਕੀਤਾ ਸੀ, ਦੀ ਅੱਜ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿਚ ਮੌਤ ਹੋ ਗਈ। 14 ਸਤੰਬਰ ਨੂੰ ਜਬਰ-ਜਨਾਹ ਦੀ ਇਹ ਘਟਨਾ ਵਾਪਰੀ ਸੀ ਤੇ ਪੀੜਤਾ ਨੂੰ ਅਲੀਗੜ੍ਹ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਹਾਲਤ ਵਿਚ ਕੋਈ ਸੁਧਾਰ ਨਾ ਹੋਣ ’ਤੇ ਉਸ ਨੂੰ ਸੋਮਵਾਰ ਦਿੱਲੀ ਲਿਆਂਦਾ ਗਿਆ ਸੀ। ਅਲੀਗੜ੍ਹ ਦੇ ਹਸਪਤਾਲ ਵਿਚ ਵੀ ਉਹ ਵੈਂਟੀਲੇਟਰ ਉਤੇ ਸੀ। ਦੱਸਣਯੋਗ ਹੈ ਕਿ ਮਹਿਲਾ ਵੱਲੋਂ ਵਿਰੋਧ ਕਰਨ ’ਤੇ ਮੁਲਜ਼ਮਾਂ ਨੇ ਉਸ ਨੂੰ ਗਲ ਘੁੱਟ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਬਚਾਅ ਕਰਦਿਆਂ ਉਸ ਦੀ ਜੀਭ ਵੀ ਕੱਟੀ ਗਈ ਸੀ। ਅਲੀਗੜ੍ਹ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਉਸ ਦੀਆਂ ਲੱਤਾਂ ਨੇ ਪੂਰੀ ਤਰ੍ਹਾਂ ਅਤੇ ਬਾਹਾਂ ਨੇ ਕਾਫ਼ੀ ਹੱਦ ਤੱਕ ਕੰਮ ਕਰਨਾ ਬੰਦ ਕਰ ਦਿੱਤਾ ਸੀ। ਮਹਿਲਾ ਦੀ ਰੀੜ੍ਹ ਦੀ ਹੱਡੀ ’ਤੇ ਵੀ ਸੱਟਾਂ ਵੱਜੀਆਂ ਹੋਈਆਂ ਸਨ। ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਹੁਣ ਉਨ੍ਹਾਂ ਉਤੇ ਧਾਰਾ 302 ਵੀ ਲਾ ਦਿੱਤੀ ਗਈ ਹੈ। ‘ਬਸਪਾ’ ਆਗੂ ਮਾਇਆਵਤੀ ਨੇ ਘਟਨਾ ਦੀ ਕਰੜੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਕੇਸ ਦੀ ਸੁਣਵਾਈ ਫਾਸਟ ਟਰੈਕ ਅਦਾਲਤ ਵਿਚ ਹੋਣੀ ਚਾਹੀਦੀ ਹੈ। ‘ਸਪਾ’ ਆਗੂ ਅਖਿਲੇਸ਼ ਯਾਦਵ ਨੇ ਕਿਹਾ ਕਿ ਮੌਜੂਦਾ ਸਰਕਾਰ ’ਚ ਸੰਵੇਦਨਸ਼ੀਲਤਾ ਬਿਲਕੁਲ ਨਹੀਂ ਬਚੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਘਟਨਾ ਪੂਰੇ ਸਮਾਜ ਲਈ ਸ਼ਰਮ ਦੀ ਗੱਲ ਹੈ। ਔਰਤਾਂ ਬਾਰੇ ਕੌਮੀ ਕਮਿਸ਼ਨ ਨੇ ਕਿਹਾ ਹੈ ਕਿ ਯੂਪੀ ਪੁਲੀਸ ਤੋਂ ਰਿਪੋਰਟ ਵੀ ਤਲਬ ਕੀਤੀ ਗਈ ਹੈ। ਬਿਆਨ ਵਿਚ ਮਹਿਲਾ ਨੇ ਦੱਸਿਆ ਸੀ ਕਿ ਸੰਦੀਪ ਤੋਂ ਇਲਾਵਾ ਰਾਮੂ, ਲਵਕੁਸ਼ ਤੇ ਰਵੀ ਨੇ ਵੀ ਉਸ ਨਾਲ ਜਬਰ-ਜਨਾਹ ਕੀਤਾ।

ਸੂਬੇ ’ਚ ਕਾਨੂੰਨ-ਵਿਵਸਥਾ ਬਦਤਰ, ਔਰਤਾਂ ਸੁਰੱਖਿਅਤ ਨਹੀਂ: ਪ੍ਰਿਯੰਕਾ

ਵਿਰੋਧੀ ਧਿਰ ਕਾਂਗਰਸ ਦੀ ਆਗੂ ਪ੍ਰਿਯੰਕਾ ਗਾਂਧੀ ਨੇ ਘਟਨਾ ਦੀ ਨਿਖੇਧੀ ਕੀਤੀ ਹੈ ਤੇ ਘਿਨਾਉਣਾ ਅਪਰਾਧ ਕਰਨ ਵਾਲਿਆਂ ਲਈ ਸਖ਼ਤ ਸਜ਼ਾ ਮੰਗੀ ਹੈ। ਪ੍ਰਿਯੰਕਾ ਨੇ ਕਿਹਾ ਕਿ ਹਾਥਰਸ, ਸ਼ਾਹਜਹਾਂਪੁਰ ਤੇ ਗੋਰਖਪੁਰ ਦੀਆਂ ਘਟਨਾਵਾਂ ਨੇ ਸੂਬੇ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ। ਯੂਪੀ ਵਿਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਹੈ ਤੇ ਔਰਤਾਂ ਸੁਰੱਖਿਅਤ ਨਹੀਂ ਹਨ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ‘ਵਰਗ-ਜਾਤ ਅਧਾਰਿਤ ਯੂਪੀ ਦੇ ਜੰਗਲ ਰਾਜ’ ਨੇ ਇਕ ਹੋਰ ਮੁਟਿਆਰ ਦੀ ਜਾਨ ਲੈ ਲਈ ਹੈ। 

ਦਿੱਲੀ ਵਿਚ ਕਾਂਗਰਸ ਤੇ ਭੀਮ ਆਰਮੀ ਵੱਲੋਂ ਰੋਸ ਮੁਜ਼ਾਹਰੇ

ਦਲਿਤ ਲੜਕੀ ਦੀ ਮੌਤ ਦੀ ਖ਼ਬਰ ਜਿਵੇਂ ਹੀ ਫੈਲੀ, ਦਿੱਲੀ ਦੇ ਸਫ਼ਦਰਜੰਗ ਹਸਪਤਾਲ, ਵਿਜੈ ਚੌਕ ਤੇ ਹਾਥਰਸ ਵਿਚ ਰੋਸ ਫੁੱਟ ਪਿਆ। ਨਾਗਰਿਕ ਹੱਕ ਕਾਰਕੁਨਾਂ ਤੇ ਸਿਆਸਤਦਾਨਾਂ ਨੇ ਨਿਆਂ ਦੀ ਮੰਗ ਕੀਤੀ ਹੈ। ਹਸਪਤਾਲ ਦੇ ਬਾਹਰ ਰੋਸ ਮੁਜ਼ਾਹਰੇ ਦੀ ਅਗਵਾਈ ਕਰਦਿਆਂ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੇ ਕਿਹਾ ਕਿ ਉਹ ਦਲਿਤ ਭਾਈਚਾਰੇ ਨੂੰ ਅਪੀਲ ਕਰਦੇ ਹਨ ਕਿ ਉਹ ਸੜਕਾਂ ’ਤੇ ਨਿਕਲਣ ਅਤੇ ਜ਼ਿੰਮੇਵਾਰਾਂ ਲਈ ਮੌਤ ਦੀ ਸਜ਼ਾ ਮੰਗਣ। ਉਨ੍ਹਾਂ ਕਿਹਾ ਕਿ ਜਦ ਤੱਕ ਮੁਲਜ਼ਮ ਫਾਹੇ ਨਹੀਂ ਟੰਗੇ ਜਾਂਦੇ, ਉਹ ਚੁੱਪ ਨਹੀਂ ਬੈਠਣਗੇ। ਆਜ਼ਾਦ ਨੇ ਮੌਤ ਲਈ ਸੂਬਾ ਸਰਕਾਰ ਨੂੰ ਵੀ ‘ਬਰਾਬਰ ਜ਼ਿੰਮੇਵਾਰ’ ਦੱਸਿਆ। ਇਸ ਦੌਰਾਨ ਯੋਗੀ ਆਦਿੱਤਿਆਨਾਥ ਸਰਕਾਰ ਉਤੇ ਵਰ੍ਹਦਿਆਂ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਆਗੂਆਂ ਦੀ ‘ਚੁੱਪੀ’ ਉਤੇ ਸਵਾਲ ਉਠਾਇਆ ਹੈ। ਪਾਰਟੀ ਨੇ ਵਿਜੈ ਚੌਕ ਵਿਚ ਰੋਸ ਮੁਜ਼ਾਹਰਾ ਕੀਤਾ। ਕਾਂਗਰਸੀ ਆਗੂਆਂ- ਪੀਐਲ ਪੂਨੀਆ, ਉਦਿਤ ਰਾਜ, ਅੰਮ੍ਰਿਤਾ ਧਵਨ ਤੇ ਹੋਰਾਂ ਨੂੰ ਪੁਲੀਸ ਨੇ ਹਿਰਾਸਤ ਵਿਚ ਵੀ ਲਿਆ ਹੈ। 

Leave a Reply

Your email address will not be published. Required fields are marked *