ਅਰਨਬ ਨੂੰ ਨਹੀਂ ਮਿਲੀ ਜ਼ਮਾਨਤ, ਅੱਜ ਮੁੜ ਸੁਣਵਾਈ

ਮੁੁੰਬਈ:ਖ਼ੁਦਕੁਸ਼ੀ ਕੇਸ ਵਿਚ ਗ੍ਰਿਫ਼ਤਾਰ ਕੀਤੇ ਗਏ ‘ਰਿਪਬਲਿਕ ਟੀਵੀ’ ਚੈਨਲ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਤੁਰੰਤ ਕੋਈ ਰਾਹਤ ਨਹੀਂ ਮਿਲ ਸਕੀ। ਬੰਬੇ ਹਾਈ ਕੋਰਟ ਵਿਚ ਸੀਨੀਅਰ ਪੱਤਰਕਾਰ ਦੀ ਅੰਤ੍ਰਿਮ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਅੱਜ ਅਧੂਰੀ ਰਹੀ। ਜਸਟਿਸ ਐੱਸ.ਐੱਸ. ਸ਼ਿੰਦੇ ਤੇ ਐਮ.ਐੱਸ. ਕਾਰਨਿਕ ਦੇ ਬੈਂਚ ਨੇ ਕਿਹਾ ਕਿ ਸਮੇਂ ਦੀ ਘਾਟ ਕਾਰਨ ਭਲਕੇ ਸੁਣਵਾਈ ਕੀਤੀ ਜਾਵੇਗੀ। ਇਸ ਮਾਮਲੇ ਉਤੇ ਸੁਣਵਾਈ ਲਈ ਭਲਕੇ ਦੁਪਹਿਰੇ ਅਦਾਲਤ ਵਿਸ਼ੇਸ਼ ਤੌਰ ’ਤੇ ਜੁੜੇਗੀ। ਅਰਨਬ ਦੀ ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ 18 ਨਵੰਬਰ ਤੱਕ ਨਿਆਂਇਕ ਹਿਰਾਸਤ ਦਿੱਤੀ ਹੋਈ ਹੈ। ਗੋਸਵਾਮੀ ਨੂੰ ਫ਼ਿਲਹਾਲ ਅਲੀਬਾਗ਼ ਦੇ ਇਕ ਸਕੂਲ ਵਿਚ ਰੱਖਿਆ ਜਾ ਰਿਹਾ ਹੈ ਜਿਸ ਨੂੰ ਕੋਵਿਡ ਕਾਰਨ ਜੇਲ੍ਹ ਸੈਂਟਰ ਬਣਾਇਆ ਗਿਆ ਹੈ। ਅਰਨਬ ਦੀ ਗ੍ਰਿਫ਼ਤਾਰੀ ਖ਼ਿਲਾਫ਼ ਰੋਸ ਪ੍ਰਗਟਾ ਰਹੇ ਮਹਾਰਾਸ਼ਟਰ ਦੇ ਭਾਜਪਾ ਵਿਧਾਇਕ ਰਾਮ ਕਦਮ ਤੇ ਤਿੰਨ ਹੋਰਾਂ ਨੂੰ ਅੱਜ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਰੋਸ ਪ੍ਰਗਟਾਉਣ ਲਈ ਇਜਾਜ਼ਤ ਨਹੀਂ ਲਈ ਸੀ। ਹਾਲਾਂਕਿ ਬਾਅਦ ਵਿਚ ਭਾਜਪਾ ਵਿਧਾਇਕ ਤੇ ਹੋਰਾਂ ਨੂੰ ਮੈਰੀਨ ਡਰਾਈਵ ਪੁਲੀਸ ਨੇ ਰਿਹਾਅ ਕਰ ਦਿੱਤਾ। ਰੋਸ ਦੱਖਣੀ ਮੁੰਬਈ ਵਿਚ ‘ਮੰਤਰਾਲਿਆ’ (ਸੂਬਾ ਸਕੱਤਰੇਤ) ਦੇ ਬਾਹਰ ਪ੍ਰਗਟਾਇਆ ਜਾ ਰਿਹਾ ਸੀ। ਮੁਜ਼ਾਹਰਾਕਾਰੀ ਪੱਤਰਕਾਰ ਦੀ ਰਿਹਾਈ ਦੀ ਮੰਗ ਕਰ ਰਹੇ ਸਨ।