ਕਿਸਾਨ ਅੰਦੋਲਨ: ਮਾਲ ਗੱਡੀਆਂ ਰੱਦ ਹੋਣ ਕਾਰਨ 1670 ਕਰੋੜ ਦਾ ਨੁਕਸਾਨ

ਨਵੀਂ ਦਿੱਲੀ : ਪੰਜਾਬ ਵਿਚ 50 ਤੋਂ ਵੱਧ ਦਿਨਾਂ ਤੋਂ ਜਾਰੀ ਕਿਸਾਨ ਅੰਦੋਲਨ ਕਾਰਨ ਰੇਲਵੇ ਨੇ 3090 ਮਾਲ ਗੱਡੀਆਂ ਰੱਦ ਕੀਤੀਆਂ ਹਨ ਤੇ ਇਸ ਕਾਰਨ 1670 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ 1986 ਯਾਤਰੀ ਗੱਡੀਆਂ ਵੀ ਰੱਦ ਕੀਤੀਆਂ ਗਈਆਂ ਹਨ। ਸੰਘਰਸ਼ਸ਼ੀਲ ਜਥੇਬੰਦੀਆਂ ਮਾਲ ਗੱਡੀਆਂ ਚੱਲਣ ਦੇਣ ਲਈ ਮੰਨ ਗਈਆਂ ਸਨ ਪਰ ਰੇਲਵੇ ਨੇ ਇਹ ਤਜਵੀਜ਼ ਨਹੀਂ ਮੰਨੀ ਤੇ ਹਾਲੇ ਵੀ ਰੇਲ ਸੇਵਾ ਸੂਬੇ ਵਿਚ ਬੰਦ ਹੈ। ਰੇਲਵੇ ਨੂੰ ਹਰ ਰੋਜ਼ 36 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਪਹਿਲੀ ਅਕਤੂਬਰ ਤੋਂ 15 ਨਵੰਬਰ ਤੱਕ ਕਈ ਮਾਲ ਗੱਡੀਆਂ ਪੰਜਾਬ ਤੋਂ ਬਾਹਰ ਫਸੀਆਂ ਹੋਈਆਂ ਹਨ। ਇਨ੍ਹਾਂ ਵਿਚੋਂ ਕਈ ਲੱਦਾਖ ਤੇ ਜੰਮੂ-ਕਸ਼ਮੀਰ ਜਾਣ ਵਾਲੀਆਂ ਹਨ। ਪੰਜਾਬ ਦੇ ਪੰਜ ਬਿਜਲੀ ਪਲਾਂਟਾਂ ਲਈ ਲਿਆਂਦੇ ਗਏ ਕੋਲੇ ਦੇ 520 ਰੈਕ ਵੀ ਤੈਅ ਥਾਵਾਂ ਉਤੇ ਨਹੀਂ ਪਹੁੰਚ ਸਕੇ ਹਨ। ਇਸ ਨਾਲ ਵੀ 550 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਰਾਹ ਵਿਚ ਫਸੀਆਂ ਕਈ ਮਾਲ ਗੱਡੀਆਂ ਵਿਚ ਸਟੀਲ, ਸੀਮਿੰਟ, ਖ਼ੁਰਾਕੀ ਵਸਤਾਂ, ਖਾਦਾਂ, ਤੇਲ ਪਦਾਰਥ ਹਨ। ਇਨ੍ਹਾਂ ਦੇ ਸਮੇਂ ਸਿਰ ਨਾ ਪਹੁੰਚਣ ਕਾਰਨ ਵੀ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਮਾਲ ਗੱਡੀਆਂ ਕਰੀਬ ਡੇਢ ਮਹੀਨੇ ਤੋਂ ਪੰਜਾਬ ਵਿਚ ਦਾਖ਼ਲ ਨਹੀਂ ਹੋ ਸਕੀਆਂ ਹਨ। ਸਿਰਫ਼ ਅਕਤੂਬਰ ਵਿਚ ਦੋ ਦਿਨਾਂ ਲਈ ਹੀ ਇਹ ਚੱਲੀਆਂ ਸਨ। ਉਸ ਵੇਲੇ ਜ਼ਰੂਰੀ ਵਸਤਾਂ, ਕਣਕ ਦੀ ਬਿਜਾਈ ਲਈ ਖਾਦ ਤੇ ਕੋਲਾ ਹੀ ਸਪਲਾਈ ਕੀਤਾ ਗਿਆ ਸੀ। ਸੰਘਰਸ਼ ਕਰ ਰਹੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਰੇਲ ਪੱਟੜੀਆਂ ਖਾਲੀ ਕਰ ਦਿੱਤੀਆਂ ਹਨ ਪਰ ਕੁਝ ਮੁਜ਼ਾਹਰਾਕਾਰੀ ਅਜੇ ਕੁਝ ਸਟੇਸ਼ਨਾਂ ਉਤੇ ਧਰਨਾ ’ਤੇ ਬੈਠੇ ਹਨ। ਜ਼ਿਕਰਯੋਗ ਹੈ ਕਿ ਰੇਲਵੇ ਸੇਵਾਵਾਂ ਮੁੜ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਤੋਂ ਗਾਰੰਟੀ ਮੰਗ ਰਿਹਾ ਹੈ ਕਿ ਸੇਵਾ ਵਿਚ ਵਿਘਨ ਨਹੀਂ ਪਾਇਆ ਜਾਵੇਗਾ ਤੇ ਮਾਲ ਤੇ ਯਾਤਰੀ ਗੱਡੀਆਂ ਦੋਵਾਂ ਨੂੰ ਚੱਲਣ ਦੀ ਇਜਾਜ਼ਤ ਦਿੱਤੀ ਜਾਵੇਗੀ।