ਮੁਅੱਤਲ ਆਈਏਐੱਸ ਅਧਿਕਾਰੀ ਸੋਨਾ ਤਸਕਰੀ ਕੇਸ ’ਚ ਗ੍ਰਿਫ਼ਤਾਰ

ਕੋਚੀ : ਕਸਟਮਜ਼ ਨੇ ਮੁਅੱਤਲ ਆਈਏਐੱਸ ਅਧਿਕਾਰੀ ਐੱਮ.ਸ਼ਿਵਸ਼ੰਕਰ ਨੂੰ ਕੇਰਲਾ ਸੋਨਾ ਤਸਕਰੀ ਕੇਸ ਵਿੱਚ ਅੱਜ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰ ਲਿਆ। ਕਸਟਮਜ਼ ਕਮਿਸ਼ਨਰੇਟ ਦੀ ਟੀਮ ਅੱਜ ਸਵੇਰੇ ਸਥਾਨਕ ਜੇਲ੍ਹ ਵਿੱਚ ਪੁੱਜੀ ਤੇ ਸ਼ਿਵਸ਼ੰਕਰ ਦੀ ਗ੍ਰਿਫ਼ਤਾਰੀ ਨੂੰ ਅਧਿਕਾਰਤ ਤੌਰ ’ਤੇ ਦਰਜ ਕੀਤਾ। ਐੱਨਫੋਰਸਮੈਂਟ ਡਾਇਰੈਕਟੋਰੇਟ ਨੇ ਸੋਨਾ ਤਸਕਰੀ ਕੇਸ ਵਿੱਚ ਪੈਸਿਆਂ ਦੇ ਲੈਣ-ਦੇਣ ਨਾਲ ਜੁੜੇ ਇਕ ਮਾਮਲੇ ਵਿੱਚ ਮੁਅੱਤਲ ਆਈਏਐੱਸ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਹ ਸਥਾਨਕ ਜੇਲ੍ਹ ਵਿੱਚ ਜੁਡੀਸ਼ਲ ਹਿਰਾਸਤ ਤਹਿਤ ਬੰਦ ਸੀ। ਸੂਤਰਾਂ ਨੇ ਕਿਹਾ ਕਿ ਕੇਂਦਰੀ ਏਜੰਸੀ ਸ਼ਿਵਸ਼ੰਕਰ ਦੀ ਹਿਰਾਸਤ ਲਈ ਜਲਦੀ ਹੀ ਅਰਜ਼ੀ ਦਾਖ਼ਲ ਕਰੇਗੀ। ਪੀਐੱਮਐੱਲਏ ਕੇਸਾਂ ਬਾਰੇ ਵਿਸ਼ੇਸ਼ ਅਦਾਲਤ ਨੇ ਅਜੇ ਇਕ ਦਿਨ ਪਹਿਲਾਂ ਕਸਟਮਜ਼ ਨੂੰ ਸ਼ਿਵਸ਼ੰਕਰ ਨੂੰ ਗ੍ਰਿਫ਼ਤਾਰ ਕਰਨ ਦੀ ਖੁੱਲ੍ਹ ਦਿੱਤੀ ਸੀ। ਸ਼ਿਵਸ਼ੰਕਰ ਮੌਜੂਦਾ ਸਮੇਂ ਇਸ ਸਨਸਨੀਖੇਜ਼ ਕੇਸ ਵਿੱਚ ਜੁਡੀਸ਼ਲ ਹਿਰਾਸਤ ਤਹਿਤ ਜੇਲ੍ਹ ਵਿੱਚ ਬੰਦ ਸੀ। ਮੁੱਖ ਮੰਤਰੀ ਪਿਨਾਰਈ ਵਿਜਯਨ ਦੇ ਸਾਬਕਾ ਪ੍ਰਮੁੱਖ ਸਕੱਤਰ ਸ਼ਿਵਸੰਕਰ ਉੱਤੇ ਸਫ਼ਾਰਤੀ ਚੈਨਲਾਂ ਜ਼ਰੀਏ ਸੋਨੇ ਦੀ ਤਸਕਰੀ ’ਚ ਕਥਿਤ ‘ਸ਼ਮੂਲੀਅਤ’ ਦਾ ਦੋਸ਼ ਹੈ। ਕਸਟਮਜ਼ ਨੇ ਲੰਘੇ ਦਿਨ ਪੀਐੱਮਐੱਲੲੈ ਅਦਾਲਤ ਵਿੱਚ ਦਾਅਵਾ ਕੀਤਾ ਸੀ ਕਿ ਉਸ ਕੋਲ ਸ਼ਿਵਸ਼ੰਕਰ ਦੀ ਸਿੱਧੀ ਸ਼ਮੂਲੀਅਤ ਬਾਰੇ ਸਬੂਤ/ਦਸਤਾਵੇਜ਼ ਮੌਜੂਦ ਹਨ। ਕਸਟਮਜ਼ ਦੀ ਟੀਮ ਹੁਣ ਤੱਕ ਮੁੱਖ ਮੁਲਜ਼ਮਾਂ ਸਵਪਨਾ ਸੁਰੇਸ਼, ਸਰਿਥ ਪੀਐੱਸ ਤੇ ਸੰਦੀਪ ਨਾਇਰ ਸਮੇਤ 15 ਦੇ ਕਰੀਬ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਕਸਟਮਜ਼ ਦੀ ਟੀਮ ਨੇ 5 ਜੁਲਾਈ ਨੂੰ ਤਿਰੂਵਨੰਤਪੁਰਮ ਵਿੱਚ ਯੂਏਈ ਕੌਂਸੁਲੇਟ ਤੋਂ ਇਕ ਸਫ਼ਾਰਤੀ ਬੈਗੇਜ ਰਾਹੀਂ ਭਾਰਤ ਲਿਆਂਦਾ 30 ਕਿਲੋ ਸੋਨਾ ਫੜਿਆ ਸੀ।