ਦੇਸ਼ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ

ਪਟਨਾ : ਆਰਜੇਡੀ ਆਗੂ ਤੇਜਸਵੀ ਯਾਦਵ ਦੀ ਅਗਵਾਈ ਹੇਠ ਵਿਰੋਧੀ ਧਿਰਾਂ ਨੇ ਅੱਜ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਕਿਸਾਨਾਂ ਨੂੰ ਹਮਾਇਤ ਦੇਣ ਦਾ ਅਹਿਦ ਲਿਆ। ਧਰਨੇ ਵਾਲੀ ਥਾਂ ’ਤੇ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਦੇ ਆਗੂ ਹਾਜ਼ਰ ਸਨ। ਉਨ੍ਹਾਂ 8 ਦਸੰਬਰ ਨੂੰ ਕਿਸਾਨਾਂ ਵੱਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਵੀ ਹਮਾਇਤ ਦਿੱਤੀ। ਧਰਨੇ ’ਚ ਸੀਪੀਆਈ (ਐੱਮ-ਐੱਲ) ਨੂੰ ਛੱਡ ਕੇ ਮਹਾਗੱਠਜੋੜ ਦੀਆਂ ਸਾਰੀਆਂ ਪਾਰਟੀਆਂ ਧਰਨੇ ’ਚ ਸ਼ਾਮਲ ਹੋਈਆਂ। ਸੀਪੀਆਈ (ਐੱਮ-ਐੱਲ) ਨੇ ਬਿਹਾਰ ’ਚ ਸੜਕਾਂ ਜਾਮ ਕਰਨ ਦਾ ਸੱਦਾ ਦਿੱਤਾ ਹੋਇਆ ਸੀ। ਤੇਜਸਵੀ ਅਤੇ ਹੋਰ ਆਗੂਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਗਾਂਧੀ ਮੈਦਾਨ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਿਸ ਕਾਰਨ ਉਨ੍ਹਾਂ ਬਾਹਰ ਹੀ ਪ੍ਰਦਰਸ਼ਨ ਕੀਤਾ। ਤੇਜਸਵੀ ਨੇ ਕਿਹਾ ਕਿ ਉਹ ‘ਧਨਦਾਤੇ’ ਖ਼ਿਲਾਫ਼ ਲੜ ਰਹੇ ‘ਅੰਨਦਾਤੇ’ ਨਾਲ ਖੜ੍ਹੇ ਹਨ। ‘ਜੇਕਰ ਕਿਸਾਨਾਂ ਦੀ ਹਮਾਇਤ ’ਚ ਆਵਾਜ਼ ਬੁਲੰਦ ਕਰਨਾ ਗੁਨਾਹ ਹੈ ਤਾਂ ਅਸੀਂ ਹਰ ਵਾਰ ਇਹ ਜੁਰਮ ਕਰਾਂਗੇ।’ ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਆਖਦੇ ਆ ਰਹੇ ਹਨ ਕਿ ਜੇਕਰ ਭਾਜਪਾ ਸੱਤਾ ’ਚ ਆਈ ਤਾਂ ਉਹ ਸਭ ਕੁਝ ਵੇਚ ਦੇਵੇਗੀ ਅਤੇ ਹੁਣ ਹਕੀਕਤ ਸਾਰਿਆਂ ਸਾਹਮਣੇ ਹੈ। ਧਰਨੇ ’ਚ ਆਰਜੇਡੀ ਦੇ ਜਗਦਾਨੰਦ ਸਿੰਘ, ਸਾਬਕਾ ਮੰਤਰੀ ਸ਼ਿਆਮ ਰਜਾਕ, ਕਾਂਗਰਸ ਆਗੂ ਮਦਨ ਮੋਹਨ ਝਾਅ ਅਤੇ ਅਜੀਤ ਸ਼ਰਮਾ ਆਦਿ ਹਾਜ਼ਰ ਸਨ। ਇਸ ਦੌਰਾਨ ਤੇਜਸਵੀ ਪ੍ਰਸਾਦ ਯਾਦਵ ਸਣੇ ਆਰਜੇਡੀ, ਕਾਂਗਰਸ ਅਤੇ ਖੱਬੀਆਂ ਧਿਰਾਂ ਦੇ 18 ਆਗੂਆਂ ਖ਼ਿਲਾਫ਼ ਪਾਬੰਦੀ ਵਾਲੇ ਖੇਤਰ ਵਿੱਚ ਰੋਸ ਪ੍ਰਦਰਸ਼ਨ ਕਰਨ ਦੇ ਦੋਸ਼ ਹੇਠ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਸੂਤਰਾਂ ਅਨੁਸਾਰ ਗਾਂਧੀ ਮੈਦਾਨ ਦੇ ਗੇਟ ਨੰਬਰ 4 ਮੂਹਰੇ ਪ੍ਰਦਰਸ਼ਨ ਕਰਨ ਵਾਲੇ 18 ਆਗੂਆਂ ਅਤੇ 500 ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਡੀਐੱਮਕੇ ਨੇ ਮੋਦੀ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕਿਹਾ
ਸੇਲਮ : ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਹਮਾਇਤ ਦਿੰਦਿਆਂ ਡੀਐੱਮਕੇ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਕਿ ਉਹ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਖੁਦ ਗੱਲਬਾਤ ਕਰਕੇ ਕਾਨੂੰਨਾਂ ਨੂੰ ਵਾਪਸ ਲੈਣ। ਡੀਐੱਮਕੇ ਮੁਖੀ ਐੱਮ ਕੇ ਸਟਾਲਿਨ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨੇ ਤਾਮਿਲ ਨਾਡੂ ’ਚ ਵੱਖ ਵੱਖ ਥਾਵਾਂ ’ਤੇ ਜ਼ੋਰਦਾਰ ਪ੍ਰਦਰਸ਼ਨ ਕੀਤੇ। ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਸਟਾਲਿਨ ਨੇ ਮੁੱਖ ਮੰਤਰੀ ਕੇ ਪਲਾਨੀਸਵਾਮੀ ਦੇ ਜੱਦੀ ਜ਼ਿਲ੍ਹੇ ’ਚ ਜ਼ੋਰਦਾਰ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ। ਸਟਾਲਿਨ ਨੇ ਕਿਹਾ ਕਿ ਵਿਚੋਲੀਏ ਖ਼ਤਮ ਕਰਨ ਦੇ ਨਾਮ ’ਤੇ ਸਰਕਾਰ ਕਿਸਾਨਾਂ ਨੂੰ ਵੱਡੇ ਕਾਰੋਬਾਰੀਆਂ ਦਾ ਗੁਲਾਮ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਇਹ ਕਾਨੂੰਨ ਪਾਸ ਕਰਾਉਣ ’ਚ ਇੰਨੀ ਜਲਦਬਾਜ਼ੀ ਕਿਉਂ ਦਿਖਾਈ ਗਈ। ਸੰਸਦ ਮੈਂਬਰ ਕਨੀਮੋਝੀ ਨੇ ਕੋਇੰਬਟੂਰ ਨੇੜੇ ਮੇਟੂਪਲਾਯਮ ’ਚ ਵਿਰੋਧ ਪ੍ਰਦਰਸ਼ਨ ਦੌਰਾਨ ਕਿਹਾ ਕਿ ਜੇਕਰ ਡੀਐੱਮਕੇ ਤਾਮਿਲ ਨਾਡੂ ’ਚ ਸਰਕਾਰ ਬਣਾਏਗੀ ਤਾਂ ਉਹ ਖੇਤੀ ਕਾਨੂੰਨ ਰੱਦ ਕਰਨਗੇ।