ਭਾਜਪਾ ਬੋਡੋਲੈਂਡ ਸਮਝੌਤਾ ਲਾਗੂ ਕਰਨ ਲਈ ਵਚਨਬੱਧ: ਸ਼ਾਹ

ਕੋਕਰਾਝਾਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਇੱਕ ਸਾਲ ਪਹਿਲਾਂ ਕੀਤੇ ਗਏ ਬੋਡੋਲੈਂਡ ਟੈਰੀਟੋਰੀਅਲ ਰਿਜਨ (ਬੀਟੀਆਰ) ਸਮਝੌਤੇ ਨੇ ਪੂਰਬ-ਉੱਤਰ ’ਚ ਦਹਿਸ਼ਤਵਾਦ ਨੂੰ ਖਤਮ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।

ਸ਼ਾਹ ਨੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕਾਂਗਰਸ ਨੇ ਅਤੀਤ ’ਚ ਵੱਖ ਵੱਖ ਦਹਿਸ਼ਤੀ ਜਥੇਬੰਦੀਆਂ ਨਾਲ ਕਈ ਸਮਝਤੇ ਕੀਤੇ ਪਰ ਉਹ ਕੀਤੇ ਵਾਅਦੇ ਨਿਭਾਉਣ ’ਚ ਨਾਕਾਮ ਰਹੀ। ਸ਼ਾਹ ਨੇ ਕਿਹਾ, ‘ਮੈਂ ਇੱਥੇ ਇਹ ਦੱਸਣ ਆਇਆ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਬੀਟੀਆਰ ਸਮਝੌਤੇ ਦੀਆਂ ਸਾਰੀਆਂ ਤਜਵੀਜ਼ਾਂ ਪੂਰੀਆਂ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਜਿਸ ਨਾਲ ਇਸ ਖੇਤਰ ’ਚ ਸ਼ਾਂਤੀ ਤੇ ਵਿਕਾਸ ਦਾ ਰਾਹ ਖੁੱਲ੍ਹੇਗਾ। ਇਹ ਇਸ ਖੇਤਰ ’ਚ ਦਹਿਸ਼ਤਵਾਦ ਦੇ ਅੰਤ ਦੀ ਸ਼ੁਰੂਆਤ ਦਾ ਪ੍ਰਤੀਕ ਹੈ।’ ਉਨ੍ਹਾਂ ਬੀਟੀਆਰ ਸਮਝੌਤਾ ਦਿਵਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਦੇ ਰਾਜ ’ਚ ਅਸਾਮ ਦੇ ਸਾਰੇ ਭਾਈਚਾਰਿਆਂ ਦੇ ਸਿਆਸੀ ਅਧਿਕਾਰ, ਸੰਸਕ੍ਰਿਤੀ ਤੇ ਭਾਸ਼ਾ ਸੁਰੱਖਿਅਤ ਹੈ। ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਬੀਤੇ ਦਿਨ ਅਸਾਮ ’ਚ ਸਨ ਅਤੇ ਉਨ੍ਹਾਂ ਇੱਕ ਲੱਖ ਤੋਂ ਵੱਧ ਸਥਾਨਕ ਮੂਲ ਦੇ ਲੋਕਾਂ ਨੂੰ ਜ਼ਮੀਨਾਂ ਦੇ ਪਟੇ ਵੰਡੇ ਹਨ। ਸੂਬਾ ਸਰਕਾਰ ਪਹਿਲਾਂ ਹੀ ਬੋਡੋ ਨੂੰ ਅਸਾਮ ਦੀ ਸਹਾਇਕ ਭਾਸ਼ਾ ਬਣਾ ਚੁੱਕੀ ਹੈ।’ ਸ਼ਾਹ ਨੇ ਕਿਹਾ ਕਿ ਸਿਰਫ਼ ਭਾਜਪਾ ਹੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅਸਾਮ ਨੂੰ ਭ੍ਰਿਸ਼ਟਾਚਾਰ, ਅਤਿਵਾਦ ਤੇ ਪ੍ਰਦੂਸ਼ਣ ਮੁਕਤ ਬਣਾ ਸਕਦੀ ਹੈ। 

Leave a Reply

Your email address will not be published. Required fields are marked *