ਪ੍ਰਿਯੰਕਾ ਵੱਲੋਂ ਪ੍ਰਧਾਨ ਮੰਤਰੀ ਦੀ ਤੁਲਨਾ ‘ਹੰਕਾਰੀ ਰਾਜੇ’ ਨਾਲ

ਲਖਨਊ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਪੁਰਾਣੀਆਂ ਕਹਾਣੀਆਂ ਦੇ ‘ਹੰਕਾਰੀ ਰਾਜੇ’ ਨਾਲ ਕਰਦਿਆਂ ਕਿਹਾ ਕਿ ਉਹ ਇਹ ਕਦੀ ਨਹੀਂ ਸਮਝ ਸਕਣਗੇ ਕਿ ਦੇਸ਼ ਦੀ ਰਾਖੀ ਕਰਨ ਵਾਲੇ ਜਵਾਨ ਵੀ ਕਿਸਾਨਾਂ ਦੇ ਹੀ ਪੁੱਤ ਹਨ।
ਮੁਜ਼ੱਫਰਨਗਰ ’ਚ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸਮੇਤ ਵੱਖ ਵੱਖ ਮੁੱਦਿਆਂ ’ਤੇ ਘੇਰਦਿਆਂ ਦੋਸ਼ ਲਾਇਆ ਕਿ ਉਹ ਕਿਸਾਨਾਂ ਦੀ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਵੱਲ ਧਿਆਨ ਨਹੀਂ ਦੇ ਰਹੇ ਕਿਉਂਕਿ ਉਨ੍ਹਾਂ ਦੀ ਸਿਆਸਤ ਦਾ ਮਕਸਦ ਸਿਰਫ਼ ਆਪਣੇ ਆਪ ਤੇ ਆਪਣੇ ਅਰਬਪਤੀ ਮਿੱਤਰਾਂ ਲਈ ਹੈ। ਉਨ੍ਹਾਂ ਕਿਹਾ, ‘ਪੁਰਾਣੀਆਂ ਕਹਾਣੀਆਂ ’ਚ ਹੰਕਾਰੀ ਰਾਜਾ ਹੁੰਦੇ ਸੀ। ਜਿਵੇਂ ਜਿਵੇਂ ਉਨ੍ਹਾਂ ਦੀ ਸੱਤਾ ਵੱਧਦੀ ਜਾਂਦੀ ਸੀ, ਉਹ ਆਪਣੇ ਮਹਿਲ ’ਚ ਸਿਮਟਦੇ ਜਾਂਦੇ। ਲੋਕ ਉਨ੍ਹਾਂ ਸਾਹਮਣੇ ਸੱਚਾਈ ਕਹਿਣ ਤੋਂ ਡਰਨ ਲੱਗਦੇ ਤੇ ਉਨ੍ਹਾਂ ਸਾਹਮਣੇ ਗੋਡੇ ਟੇਕਣ ਲੱਗਦੇ। ਅਜਿਹਾ ਲੱਗਦਾ ਹੈ ਕਿ ਸਾਡੇ ਪ੍ਰਧਾਨ ਮੰਤਰੀ ਵੀ ਇੱਕ ਤਰ੍ਹਾਂ ਹੰਕਾਰੀ ਰਾਜਿਆਂ ਵਰਗੇ ਬਣ ਗਏ ਹਨ।’ ਪ੍ਰਿਯੰਕਾ ਗਾਂਧੀ ਨੇ ਦਾਅਵਾ ਕੀਤਾ ਕਿ ਨਵੇਂ ਖੇਤੀ ਕਾਨੂੰਨਾਂ ਨਾਲ ਸਰਕਾਰੀ ਮੰਡੀਆਂ ਤੇ ਐੱਮਐੱਸਪੀ ਖਤਮ ਹੋ ਜਾਣਗੇ। ਉਨ੍ਹਾਂ ਕਿਸਾਨਾਂ ਨੂੰ ਕਿਹਾ, ‘ਤੁਹਾਡੇ ਅਧਿਕਾਰ ਵੀ ਖਤਮ ਹੋ ਜਾਣਗੇ। ਜਿਸ ਤਰ੍ਹਾਂ ਉਨ੍ਹਾਂ ਪੂਰੇ ਦੇਸ਼ ਨੂੰ ਆਪਣੇ ਦੋ-ਤਿੰਨ ਮਿੱਤਰਾਂ ਕੋਲ ਵੇਚ ਦਿੱਤਾ ਹੈ, ਉਸੇ ਤਰ੍ਹਾਂ ਉਹ ਤੁਹਾਨੂੰ, ਤੁਹਾਡੀ ਜ਼ਮੀਨ ਵੇਚਣਾ ਚਾਹੁੰਦੇ ਹਨ ਤੇ ਆਪਣੇ ਅਰਬਪਤੀ ਮਿੱਤਰਾਂ ਦੀ ਕਮਾਈ ਵਧਾਉਣਾ ਚਾਹੁੰਦੇ ਹਨ।’