ਬੰਗਾਲ: ਮਮਤਾ ਦੇ ਭਤੀਜੇ ਦੀ ਪਤਨੀ ਨੂੰ ਸੀਬੀਆਈ ਦਾ ਨੋਟਿਸ

ਨਵੀਂ ਦਿੱਲੀ : ਸੀਬੀਆਈ ਦੀ ਟੀਮ ਨੇ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੀ ਪਤਨੀ ਨੂੰ ਕੋਲਾ ਤਸਕਰੀ ਕੇਸ ਵਿਚ ਨੋਟਿਸ ਜਾਰੀ ਕੀਤਾ ਹੈ। ਸੀਬੀਆਈ ਟੀਮ ਅੱਜ ਕੋਲਕਾਤਾ ਸਥਿਤ ਟੀਐਮਸੀ ਸੰਸਦ ਮੈਂਬਰ ਦੇ ਘਰ ਗਈ ਤੇ ਪਤਨੀ ਰੁਜੀਰਾ ਬੈਨਰਜੀ ਨੂੰ ਨੋਟਿਸ ਦੇ ਕੇ ਕੋਲਾ ਤਸਕਰੀ ਮਾਮਲੇ ਦੀ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ। ਇਸ ਘਟਨਾਕ੍ਰਮ ਤੋਂ ਬਾਅਦ ਪੱਛਮੀ ਬੰਗਾਲ ਦਾ ਸਿਆਸੀ ਤਾਪਮਾਨ ਹੋਰ ਵੱਧ ਗਿਆ ਹੈ ਜਿੱਥੇ ਜਲਦੀ ਹੀ ਚੋਣਾਂ ਹੋਣ ਜਾ ਰਹੀਆਂ ਹਨ। ਸੀਬੀਆਈ ਨੇ ਅਭਿਸ਼ੇਕ ਦੀ ਭਾਬੀ ਮੇਨਕਾ ਗੰਭੀਰ ਨੂੰ ਵੀ ਇਸ ਕੇਸ ਵਿਚ ਨੋਟਿਸ ਜਾਰੀ ਕੀਤਾ ਹੈ। ਉਸ ਨੂੰ ਭਲਕੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਸੂਤਰਾਂ ਮੁਤਾਬਕ ਮਾਮਲਾ ‘ਈਸਟਰਨ ਕੋਲਫੀਲਡਜ਼ ਲਿਮਿਟਡ’ ਵਿਚ ਕੋਲੇ ਦੀ ਤਸਕਰੀ ਨਾਲ ਜੁੜਿਆ ਹੋਇਆ ਹੈ ਜਿਸ ਵਿਚ ਅਨੂਪ ਮਾਂਝੀ ਉਰਫ਼ ਲਾਲਾ ਨੂੰ ਕਥਿਤ ਤੌਰ ’ਤੇ ਮੁੱਖ ਸਾਜ਼ਿਸ਼ਘਾੜਾ ਦੱਸਿਆ ਗਿਆ ਹੈ। ਰੁਜੀਰਾ ਨੂੰ ਜਾਰੀ ਨੋਟਿਸ ਵਿਚ ਉਸ ਨੂੰ ਘਰ ਵਿਚ ਹੀ ਰਹਿਣ ਤੇ ਮਾਮਲੇ ਨਾਲ ਜੁੜੇ ਕੁਝ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਗਿਆ। ਨੋਟਿਸ ਮਿਲਣ ’ਤੇ ਅਭਿਸ਼ੇਕ ਨੇ ਕਿਹਾ ‘ਸਾਨੂੰ ਕਾਨੂੰਨ-ਵਿਵਸਥਾ ਵਿਚ ਪੂਰਾ ਭਰੋਸਾ ਹੈ। ਜੇ ਕੋਈ ਸੋਚਦਾ ਹੈ ਕਿ ਉਹ ਇਸ ਤਰ੍ਹਾਂ ਦੀ ਕਾਰਵਾਈ ਨਾਲ ਸਾਨੂੰ ਡਰਾ ਸਕਦਾ ਹੈ ਤਾਂ ਇਹ ਉਸ ਦੀ ਗਲਤਫ਼ਹਿਮੀ ਹੈ। ਅਸੀਂ ਕਿਸੇ ਵੀ ਹਾਲਤ ਵਿਚ ਡਰਨ ਵਾਲੇ ਨਹੀਂ ਹਾਂ।’ ਸਿਆਸੀ ਬਦਲਾਖੋਰੀ ਦਾ ਦੋਸ਼ ਲਾਉਂਦਿਆਂ ਤ੍ਰਿਣਮੂਲ ਕਾਂਗਰਸ ਨੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ‘ਸੀਬੀਆਈ ਹੀ ਹੁਣ ਭਾਜਪਾ ਦਾ ਇਕੋ-ਇਕ ਸਹਿਯੋਗੀ’ ਬਚਿਆ ਹੈ। ਭਾਜਪਾ ਨੇ ਜਵਾਬ ਦਿੰਦਿਆਂ ਕਿਹਾ ਕਿ ਟੀਐਮਸੀ ਮਾਮਲੇ ਦਾ ਸਿਆਸੀਕਰਨ ਕਰ ਰਹੀ ਹੈ, ਕਾਨੂੰਨ ਆਪਣੇ ਢੰਗ ਨਾਲ ਕਾਰਵਾਈ ਕਰੇਗਾ। ਕੇਂਦਰੀ ਜਾਂਚ ਏਜੰਸੀ ਨੇ ਸ਼ੁੱਕਰਵਾਰ ਇਸ ਕੇਸ ਵਿਚ ਕਈ ਜਗ੍ਹਾ ਤਲਾਸ਼ੀ ਲਈ ਸੀ। ਜ਼ਿਕਰਯੋਗ ਹੈ ਕਿ ਸੂਬੇ ਵਿਚ ਅਪੈਰਲ-ਮਈ ਦੌਰਾਨ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਸੀਬੀਆਈ ਨੇ ਪਸ਼ੂ ਤਸਕਰੀ ਦੇ ਇਕ ਮਾਮਲੇ ਵਿਚ ਅਭਿਸ਼ੇਕ ਬੈਨਰਜੀ ਦੇ ਨੇੜਲੇ ਬਿਨੈ ਮਿਸ਼ਰਾ ਨੂੰ ਵੀ ਤਲਬ ਕੀਤਾ ਹੈ। ਸੀਬੀਆਈ ਵੱਲੋਂ ਇਹ ਨੋਟਿਸ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਦਾਇਰ ਮਾਣਹਾਨੀ ਕੇਸ ਤੋਂ ਇੱਕ ਦਿਨ ਬਾਅਦ ਭੇਜਿਆ ਗਿਆ ਹੈ। ਅਦਾਲਤ ਨੇ ਸ਼ਾਹ ਨੂੰ ਭਲਕੇ 22 ਫਰਵਰੀ ਨੂੰ ਪੇਸ਼ ਹੋਣ ਲਈ ਸੰਮਨ ਕੀਤੇ ਹੋਏ ਹਨ।

ਮਮਤਾ ਸਰਕਾਰ ਨੇ ਤੇਲ ਕੀਮਤਾਂ ਘਟਾਈਆਂ: ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਨੇ 22 ਫਰਵਰੀ ਅੱਧੀ ਰਾਤ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ 1 ਰੁਪਏ ਪ੍ਰਤੀ ਲਿਟਰ ਟੈਕਸ ਕਟੌਤੀ ਦਾ ਐਲਾਨ ਕੀਤਾ ਹੈ। 

Leave a Reply

Your email address will not be published. Required fields are marked *