ਰੇਲ ਸੇਵਾ ਪੂਰੇ ਮੁਲਕ ’ਚ 31 ਮਾਰਚ ਤੱਕ ਬੰਦ

ਨਵੀਂ ਦਿੱਲੀ: ਰੇਲਵੇ ਨੇ ਵੱਡਾ ਕਦਮ ਚੁੱਕਦਿਆਂ ਆਪਣੀਆਂ ਸਾਰੀਆਂ 13,523 ਯਾਤਰੀ ਰੇਲਗੱਡੀਆਂ ਅੱਜ ਤੋਂ 31 ਮਾਰਚ ਤੱਕ ਮੁਅੱਤਲ ਕਰ ਦਿੱਤੀਆਂ ਹਨ। ਇਸ ਦੌਰਾਨ ਸਿਰਫ਼ ਮਾਲ ਗੱਡੀਆਂ ਹੀ ਚੱਲਣਗੀਆਂ। ਇਸ ਗੱਲ ਦਾ ਵੱਡਾ ਭੈਅ ਹੈ ਕਿ ਜੇ ਕੋਈ ਕਰੋਨਾ ਪੀੜਤ ਯਾਤਰਾ ਕਰਦਾ ਹੈ ਤਾਂ ਬੀਮਾਰੀ ਨੂੰ ਵੱਡੇ ਪੱਧਰ ’ਤੇ ਫ਼ੈਲਾ ਸਕਦਾ ਹੈ। ਇਸ ਦੌਰਾਨ ਉਪ ਨਗਰੀ ਰੇਲ ਸੇਵਾ ਵੀ ਠੱਪ ਰਹੇਗੀ। ਰੇਲਵੇ ਨੇ ਸ਼ਨਿਚਰਵਾਰ ਨੂੰ ਤਿੰਨ ਘਟਨਾਵਾਂ ਰਿਪੋਰਟ ਕੀਤੀਆਂ ਹਨ। ਇਨ੍ਹਾਂ ’ਚ ਸ਼ਾਮਲ ਕਈ ਜਣਿਆਂ ਨੂੰ ਇਕਾਂਤ ਵਿਚ ਰਹਿਣ ਲਈ ਕਿਹਾ ਗਿਆ ਹੈ ਤੇ 12 ਜਣੇ ਪਾਜ਼ੇਟਿਵ ਪਾਏ ਗਏ ਹਨ। ਰੇਲਵੇ ਨੇ ਸ਼ੁੱਕਰਵਾਰ ਨੂੰ ਹੀ ਆਪਣੀਆਂ ਸੇਵਾਵਾਂ ਸੀਮਤ ਕਰ ਦਿੱਤੀਆਂ ਸਨ। ਮੰਤਰਾਲੇ ਮੁਤਾਬਕ 31 ਮਾਰਚ ਅੱਧੀ ਰਾਤ ਤੱਕ ਮਾਲ ਗੱਡੀ ਨੂੰ ਛੱਡ ਕੋਈ ਰੇਲਗੱਡੀ ਨਹੀਂ ਚੱਲੇਗੀ। ਫ਼ੈਸਲੇ ਵਿਚ ਕਿਹਾ ਗਿਆ ਹੈ ਕਿ 31 ਮਾਰਚ ਤੱਕ ਯਾਤਰੀ ਰੇਲਗੱਡੀਆਂ, ਪ੍ਰੀਮੀਅਮ ਗੱਡੀਆਂ, ਮੇਲ ਤੇ ਐਕਸਪ੍ਰੈੱਸ ਰੇਲਗੱਡੀਆਂ, ਉਪ ਨਗਰੀ ਗੱਡੀਆਂ, ਕੋਲਕਾਤਾ ਮੈਟਰੋ ਰੇਲ, ਕੌਂਕਣ ਰੇਲਵੇ ਨਹੀਂ ਚੱਲਣਗੀਆਂ। ਜਿਹੜੀਆਂ ਗੱਡੀਆਂ 22 ਮਾਰਚ ਨੂੰ ਸੁਵੱਖਤੇ ਚਾਰ ਵਜੇ ਨਿਕਲ ਚੁੱਕੀਆਂ ਹਨ, ਉਹ ਆਪਣੇ ਮਿੱਥੇ ਸਥਾਨ ’ਤੇ ਪਹੁੰਚਣਗੀਆਂ। ਇਨ੍ਹਾਂ ਗੱਡੀਆਂ ਦੇ ਮੁਸਾਫ਼ਰਾਂ ਲਈ ਯਾਤਰਾ ਦੌਰਾਨ ਤੇ ਸਟੇਸ਼ਨ ਉਤੇ ਢੁੱਕਵੇਂ ਪ੍ਰਬੰਧ ਕੀਤੇ ਜਾਣਗੇ। ਯਾਤਰੀ ਬੁੱਕ ਕੀਤੀਆਂ ਟਿਕਟਾਂ ਲਈ 21 ਜੂਨ ਤੱਕ ਰਿਫੰਡ ਲੈ ਸਕਦੇ ਹਨ। ਸਾਰੇ ਰੇਲ ਅਜਾਇਬ ਘਰ ਤੇ ਵਿਰਾਸਤੀ ਗੈਲਰੀਆਂ ਵੀ 15 ਅਪਰੈਲ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਰੇਲਗੱਡੀਆਂ ’ਚ ਕੁਝ ਕਰੋਨਾ ਪਾਜ਼ੇਟਿਵ ਮਰੀਜ਼ ਮਿਲਣ ਨਾਲ ਸਥਿਤੀ ਖ਼ਤਰਨਾਕ ਬਣ ਗਈ ਹੈ।