ਸ਼ਾਹੀਨ ਬਾਗ਼ ਨੇੜੇ ਬੈਰੀਕੇਡ ’ਤੇ ਪੈਟਰੋਲ ਬੰਬ ਸੁੱਟੇ

ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੋਧ ਵਿੱਚ 15 ਦਸੰਬਰ ਤੋਂ ਦੱਖਣੀ ਦਿੱਲੀ ਦੇ ਸ਼ਾਹੀਨ ਬਾਗ਼ ਵਿੱਚ ਲਗਾਤਾਰ ਚੱਲ ਰਹੇ ਧਰਨੇ ਨੇੜੇ ਪੈਟਰੋਲ ਬੰਬ ਸੁੱਟੇ ਗਏ, ਪਰ ਇਨ੍ਹਾਂ ਨਾਲ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਦਿੱਲੀ ਪੁਲੀਸ ਨੇ ਅੱਜ ਦੱਸਿਆ ਕਿ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਤੋਂ ਕੁਝ ਮੀਟਰ ਦੀ ਦੂਰੀ ’ਤੇ ਰੱਖੇ ਬੈਰੀਕੇਡਾਂ ’ਤੇ ਪੈਟਰੋਲ ਬੰਬ ਸੁੱਟੇ ਗਏ। ਹਾਲਾਂਕਿ ਖੇਤਰ ਦੇ ਵਧੀਕ ਡਿਪਟੀ ਕਮਿਸ਼ਨਰ (ਪੁਲੀਸ) ਕੁਮਾਰ ਗਿਆਨੇਸ਼ ਨੇ ਕਿਹਾ ਕਿ ਇਸ ਘਟਨਾ ਵਿੱਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਹੈ ਅਤੇ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਬੰਬ ਪ੍ਰਦਰਸ਼ਨਕਾਰੀਆਂ ’ਤੇ ਹਮਲਾ ਕਰਨ ਲਈ ਨਹੀਂ ਸਨ। ਉਨ੍ਹਾਂ ਕਿਹਾ ਕਿ ਪੈਟਰੋਲ ਬੰਬ ਪ੍ਰਦਰਸ਼ਨਕਾਰੀਆਂ ਤੋਂ ਦੂਰ ਬੈਰੀਕੇਡਾਂ ’ਤੇ ਸੁੱਟਿਆ ਗਿਆ ਸੀ ਤੇ ਪੁਲੀਸ ਨੇ ਧਰਨੇ ਵਾਲੀ ਥਾਂ ਨੇੜਿਓਂ ਕੁਝ ਖਾਲੀ ਬੋਤਲਾਂ ਬਰਾਮਦ ਕੀਤੀਆਂ ਹਨ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਬੈਰੀਕੇਡ ਨੇੜੇ ਮੋਟਰਸਾਈਕਲ ਸਵਾਰ ਦੋ ਲੋਕਾਂ ਨੂੰ ਦੇਖਿਆ ਗਿਆ ਹੈ ਤੇ ਤਫ਼ਸੀਲੀ ਜਾਂਚ ਲਈ ਸੀਸੀਟੀਵੀ ਫੁਟੇਜਾਂ ਦੀ ਘੋਖ ਕੀਤੀ ਜਾ ਰਹੀ ਹੈ। ਸੀਨੀਅਰ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ ਕਿ ਕੀ ਬੋਤਲਾਂ ਵਿੱਚ ਕੱਚਾ ਤੇਲ ਸੀ ਜਾਂ ਉਥੇ ਕੁਝ ਹੋਰ ਰਸਾਇਣਾਂ ਦੀ ਵਰਤੋਂ ਕੀਤੀ ਗਈ ਸੀ। ਪੁਲੀਸ ਅਧਿਕਾਰੀਆਂ ਅਨੁਸਾਰ ਜਲਣਸ਼ੀਲ ਚੀਜ਼ਾਂ ਵਾਲੀਆਂ ਬੋਤਲਾਂ ਸ਼ਾਹੀਨ ਬਾਗ਼ ਦੀਆਂ ਗਲੀਆਂ ਵਿੱਚੋਂ ਆਈਆਂ ਸਨ। ਇਸ ਤੋਂ ਪਹਿਲਾਂ ਸ਼ਾਹੀਨ ਬਾਗ਼ ਨੇੜੇ ਗੋਲੀ ਚਲਾਉਣ ਤੇ ਪਿਸਤੌਲ ਲਹਿਰਾਉਣ ਵਰਗੀਆਂ ਵਾਰਦਾਤਾਂ ਵੀ ਹੋ ਚੁੱਕੀਆਂ ਹਨ।