ਸਰਕਾਰ ਵੱਲੋਂ ਵਿਦੇਸ਼ ਤੋਂ ਕਰੋਨਾ ਵੈਕਸੀਨ ਦਰਾਮਦ ਦਾ ਫ਼ੈਸਲਾ

ਨਵੀਂ ਦਿੱਲੀ: ਕਰੋਨਾ ਤੋਂ ਬਚਾਅ ਲਈ ਟੀਕਾਕਰਨ ਦੇ ਅਮਲ ਨੂੰ ਤੇਜ਼ ਕਰਨ ਤੇ ਘਰੇਲੂ ਵੈਕਸੀਨਾਂ ਦੀ ਰੜਕਦੀ ਘਾਟ ਨੂੰ ਪੂਰਾ ਕਰਨ ਲਈ ਸਰਕਾਰ ਨੇ ਵਿਦੇਸ਼ਾਂ ਤੋਂ ਟੀਕਿਆਂ ਦੀ ਦਰਾਮਦ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਵੱਲੋਂ ਉਹੀ ਟੀਕੇ (ਵੈਕਸੀਨ) ਦਰਾਮਦ ਕੀਤੇ ਜਾਣਗੇ, ਜਿਨ੍ਹਾਂ ਨੂੰ ਹੰਗਾਮੀ ਹਾਲਤ ’ਚ ਵਰਤੋਂ ਲਈ ਪ੍ਰਵਾਨਗੀ ਮਿਲੀ ਹੋਵੇਗੀ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਵਿਦੇਸ਼ੀ ਵੈਕਸੀਨ ਸ਼ੁਰੂਆਤ ਵਿੱਚ 100 ਲਾਭਪਾਤਰੀਆਂ ਨੂੰ ਲਗਾਈ ਜਾਵੇਗੀ, ਜਿਨ੍ਹਾਂ ਦੀ ਸੱਤ ਦਿਨ ਨਿਗਰਾਨੀ ਕੀਤੀ ਜਾਵੇਗੀ। ਇਨ੍ਹਾਂ ਲਾਭਪਾਤਰੀਆਂ ’ਚ ਵੈਕਸੀਨ ਦੇ ਮਾੜੇ ਪ੍ਰਭਾਵ ਸਾਹਮਣੇ ਨਾ ਆਉਣ ਦੀ ਸੂਰਤ ’ਚ ਵੈਕਸੀਨ ਨੂੰ ਭਾਰਤੀ ਟੀਕਾਕਰਨ ਪ੍ਰੋਗਰਾਮ ਦਾ ਹਿੱਸਾ ਬਣਾਇਆ ਜਾਵੇਗਾ। ਮੰਤਰਾਲੇ ਨੇ ਕਿਹਾ ਕਿ ਸਰਕਾਰ ਨੇ ਵਿਦੇਸ਼ੀ ਮੁਲਕਾਂ ਵਿੱਚ ਵਿਕਸਤ ਤੇ ਉਤਪਾਦਿਤ ਵੈਕਸੀਨਾਂ, ਜਿਨ੍ਹਾਂ ਨੂੰ ਅਮਰੀਕਾ, ਯੂਰੋਪ, ਯੂਕੇ, ਜਪਾਨ ਜਿਹੇ ਮੁਲਕਾਂ ਦੀਆਂ ਸਬੰਧਤ ਅਥਾਰਿਟੀਜ਼ ਹੰਗਾਮੀ ਹਾਲਤ ਵਿੱਚ ਵਰਤੋਂ ਦੀ ਪ੍ਰਵਾਨਗੀ ਦੇ ਚੁੱਕੀਆਂ ਹਨ ਜਾਂ ਜਿਹੜੀਆਂ ਵੈਕਸੀਨਾਂ ਐਮਰਜੈਂਸੀ ਵਰਤੋਂ ਲਈ ਆਲਮੀ ਸਿਹਤ ਸੰਸਥਾ (ਡਬਲਿਊਐੱਚਓ) ਦੀ ਸੂਚੀ ਵਿੱਚ ਸ਼ੁਮਾਰ ਹਨ, ਨੂੰ ਭਾਰਤ ਵਿੱਚ ਹੰਗਾਮੀ ਵਰਤੋਂ ਦੀ ਪ੍ਰਵਾਨਗੀ ਦੇਣ ਦਾ ਫੈਸਲਾ ਕੀਤਾ ਹੈ। ਮੰਤਰਾਲੇ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਵਿਦੇਸ਼ੀ ਵੈਕਸੀਨਾਂ ਨੂੰ ਹੰਗਾਮੀ ਵਰਤੋਂ ਲਈ ਹਰੀ ਝੰਡੀ ਤਾਂ ਹੀ ਮਿਲੇਗੀ, ਜੇਕਰ ਉਹ ਨਿਊ ਡਰੱਗਜ਼ ਤੇ ਕਲੀਨਿਕਲ ਟਰਾਇਲਾਂ ਨਿਯਮ 2019 ਵਿਚਲੀਆਂ ਵਿਵਸਥਾਵਾਂ ਨੂੰ ਪੂਰਾ ਕਰਦੀਆਂ ਹੋਣਗੀਆਂ। ਮੰਤਰਾਲੇ ਨੇ ਕਿਹਾ, ‘ਇਸ ਫੈਸਲੇ ਨਾਲ ਜਿੱਥੇ ਭਾਰਤ ਦੀ ਵਿਦੇਸ਼ੀ ਵੈਕਸੀਨਾਂ ਤੱਕ ਤੇਜ਼ੀ ਨਾਲ ਰਸਾਈ ਸੰਭਵ ਹੋਵੇਗੀ, ਉਥੇ ਡਰੱਗ ਤਿਆਰ ਕਰਨ ਲਈ ਲੋੜੀਂਦੀ ਸਮੱਗਰੀ ਦੀ ਦਰਾਮਦ ਨੂੰ ਵੀ ਹੁਲਾਰਾ ਮਿਲੇਗਾ। ਵੈਕਸੀਨ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਦੀ ਸਮਰੱਥਾ ਤੇ ਘਰੇਲੂ ਵਰਤੋਂ ਲਈ ਵੈਕਸੀਨ ਉਪਲੱਬਧਤਾ ਵਧੇਗੀ।’ ਉਂਜ ਸਰਕਾਰ ਨੇ ਉਪਰੋਕਤ ਫੈਸਲਾ ਕੋਵਿਡ-19 ਲਈ ਵੈਕਸੀਨ ਪ੍ਰਸ਼ਾਸਨ (ਐੱਨਈਜੀਵੀਏਸੀ) ਬਾਰੇ ਕੌਮੀ ਮਾਹਿਰਾਂ ਦੇ ਗਰੁੱਪ (ਐੱਨਈਪੀ) ਵੱਲੋਂ ਕੀਤੀਆਂ ਸਿਫਾਰਸ਼ਾਂ ਦੇ ਆਧਾਰ ’ਤੇ ਲਿਆ ਹੈ। ਚੇਤੇ ਰਹੇ ਕਿ ਭਾਰਤ ਵਿੱਚ ਕਰੋਨਾ ਤੋਂ ਬਚਾਅ ਲਈ ਸ਼ੁਰੂ ਕੀਤੀ ਟੀਕਾਕਰਨ ਮੁਹਿੰਮ ਦੌਰਾਨ ਹੈਦਰਾਬਾਦ ਅਧਾਰਿਤ ਭਾਰਤ ਬਾਇਓਟੈੱਕ ਵੱਲੋਂ ਤਿਆਰ ‘ਕੋਵੈਕਸੀਨ’ ਤੇ ਪੁਣੇ ਅਧਾਰਿਤ ਭਾਰਤੀ ਸੀਰਮ ਇੰਸਟੀਚਿਊਟ ਵੱਲੋਂ ਤਿਆਰ ‘ਕੋਵੀਸ਼ੀਲਡ’ ਦੀ ਹੀ ਵਰਤੋਂ ਕੀਤੀ ਜਾ ਰਹੀ ਹੈ। –