ਮਹਾਰਾਸ਼ਟਰ ਵਿੱਚ ਸਖ਼ਤ ਲੌਕਡਾਊਨ ਲਾਏ ਜਾਣ ਦੀ ਸੰਭਾਵਨਾ

ਮੁੰਬਈ: ਮਹਾਰਾਸ਼ਟਰ ਵਜ਼ਾਰਤ ਨੇ ਸੂਬੇ ’ਚ ਸਖਤ ਲੌਕਡਾਊਨ ਲਾਗੂ ਕੀਤੇ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ ਅਤੇ ਮੁੱਖ ਮੰਤਰੀ ਊਧਵ ਠਾਕਰੇ ਇਸ ਸਿਲਸਿਲੇ ’ਚ ਭਲਕੇ ਕੋਈ ਐਲਾਨ ਕਰ ਸਕਦੇ ਹਨ। ਇਸ ਜਾਣਕਾਰੀ ਇੱਥੇ ਸਰਕਾਰ ਦੇ ਸੀਨੀਅਰ ਮੰਤਰੀਆਂ ਨੇ ਦਿੱਤੀ। ਲੋਕ ਨਿਰਮਾਣ ਮੰਤਰੀ ਏਕਨਾਥ ਸ਼ਿੰਦੇ ਅਤੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਵੀ ਸੂਚਨਾ ਦਿੱਤੀ ਕਿ ਕੈਬਨਿਟ ਨੇ ਸਕੂਲ ਬੋਰਡ ਦੀਆਂ ਦਸਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਅੱਜ ਕੈਬਨਿਟ ਮੀਟਿੰਗ ਤੋਂ ਬਾਅਦ ਕਿਹਾ ਕਿ ਮਹਾਰਾਸ਼ਟਰ ’ਚ ਪਿਛਲੇ ਦੋ ਹਫ਼ਤਿਆਂ ’ਚ ਕਰੋਨਾਵਾਇਰਸ ਦੇ ਰੋਜ਼ਾਨਾ 50 ਹਜ਼ਾਰ ਤੋਂ ਵੱਧ ਮਾਮਲੇ ਆ ਰਹੇ ਹਨ ਪਰ ਲੋਕ ਆਵਾਜਾਈ ਤੇ ਭੀੜ ਇਕੱਠੀ ਕਰਨ ਬਾਰੇ ਲੱਗੀਆਂ ਪਾਬੰਦੀਆਂ ਦੀ ਉਲੰਘਣਾ ਕਰ ਰਹੇ ਹਨ। ਟੋਪੇ ਨੇ ਕਿਹਾ, ‘ਕੋਵਿਡ-19 ਦਾ ਪਸਾਰ ਘੱਟ ਕਰਨ ਲਈ ਸਾਰੇ ਕੈਬਨਿਟ ਮੰਤਰੀਆਂ ਨੇ ਸਖ਼ਤ ਲੌਕਡਾਊਨ ਦਾ ਪੱਖ ਲਿਆ ਹੈ। ਮੰਤਰੀ ਸੂਬੇ ਦੇ ਸਾਰੇ ਖੇਤਰਾਂ ਤੋਂ ਹਨ, ਇਸ ਲਈ ਇਸ ਤੋਂ ਸੰਕੇਤ ਮਿਲਦਾ ਹੈ ਕਿ ਪੂਰੇ ਸੂਬੇ ’ਚ ਲੌਕਡਾਊਨ ਦੀ ਲੋੜ ਹੈ।’ ਟੋਪੇ ਨੇ ਕਿਹਾ, ‘ਮੁੱਖ ਮੰਤਰੀ ਊਧਵ ਠਾਕਰੇ ਸਖ਼ਤ ਪਾਬੰਦੀਆਂ ਬਾਰੇ ਭਲਕੇ ਅਧਿਕਾਰਤ ਐਲਾਨ ਕਰ ਸਕਦੇ ਹਨ।’ ਉਨ੍ਹਾਂ ਕਿਹਾ ਕਿ ਕੈਬਨਿਟ ਨੇ ਇਹ ਵੀ ਫ਼ੈਸਲਾ ਕੀਤਾ ਕਿ ਸਕੂਲ ਬੋਰਡ ਦੀਆਂ ਦਸਵੀਂ ਦੀਆਂ ਪ੍ਰੀਖਿਆਵਾਂ ਰੱਦ ਕੀਤੀਆਂ ਜਾਣ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ’ਚ ਕੋਵਿਡ ਦੇ ਕੇਸ ਭਾਰਤ ’ਚ ਸਭ ਤੋਂ ਵੱਧ ਸਾਹਮਣੇ ਆ ਰਹੇ ਹਨ।

Leave a Reply

Your email address will not be published. Required fields are marked *