ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਅਣਮਿੱਥੇ ਸਮੇਂ ਲਈ ਮੁਲਤਵੀ

ਨਵੀਂ ਦਿੱਲੀ: ਕਰੋਨਾਵਾਇਰਸ ਦੀ ਬੇਕਾਬੂ ਹੋਈ ਦੂਜੀ ਲਹਿਰ ਨੂੰ ਠੱਲ੍ਹਣ ਲਈ ਕੇਜਰੀਵਾਲ ਸਰਕਾਰ ਵੱਲੋਂ ਆਇਦ ਪਾਬੰਦੀਆਂ ਕਰ ਕੇ 25 ਅਪਰੈਲ ਨੂੰ ਹੋਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਚੋਣਾਂ ਮੁਲਤਵੀ ਕਰਨ ਬਾਬਤ ਭੇਜੇ ਮਤੇ ਉਪਰ ਮੋਹਰ ਲਾ ਦਿੱਤੀ ਹੈ।

ਚੇਤੇ ਰਹੇ ਕਿ ਕੇਜਰੀਵਾਲ ਸਰਕਾਰ ਨੇ ਕਰੋਨਾ ਦੇ ਵਧਦੇ ਕੇਸਾਂ ਕਰ ਕੇ ਦਿੱਲੀ ਵਿੱਚ 26 ਅਪਰੈਲ ਤੱਕ ਲੌਕਡਾਊਨ ਲਾਇਆ ਹੋਇਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣਾਂ ਮੁਲਤਵੀ ਕਰਨ ਦੇ ਮੁੱਦੇ ਨੂੰ ਲੈ ਕੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੂੰ ਪੱਤਰ ਲਿਖਿਆ ਸੀ। ਉਪ ਰਾਜਪਾਲ ਨੇ ਕੇਜਰੀਵਾਲ ਸਰਕਾਰ ਦੇ ਇਸ ਫੈਸਲੇ ’ਤੇ ਰਸਮੀ ਮੋਹਰ ਲਗਾ ਦਿੱਤੀ ਹੈ, ਜਿਸ ਮਗਰੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁਣ ਅਣਮਿੱਥੇ ਸਮੇਂ ਲਈ ਮੁਲਤਵੀ  ਹੋ ਗਈਆਂ ਹਨ।

ਉਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸਮੇਤ ਹੋਰ ਆਗੂਆਂ ਨੇ ਦਿੱਲੀ ਸਰਕਾਰ ਦੇ ਉਪਰੋਕਤ ਫ਼ੈਸਲੇ ਨੂੰ ਮੰਨਦਿਆਂ ਆਪਣੀਆਂ ਸਰਗਰਮੀਆਂ ਪਹਿਲਾਂ ਹੀ ਠੱਪ ਕਰ ਦਿੱਤੀਆਂ ਸਨ। ਦਿੱਲੀ ਕਮੇਟੀ ਨੇ ਲੌਕਡਾਊਨ ਦੌਰਾਨ ਲੰਗਰ ਦੀ ਸੇਵਾ ਤੇ ਆਕਸੀਜਨ ਗੈਸ ਦੀ ਪੂਰਤੀ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਕਮੇਟੀ ਮੈਂਬਰ ਇਸ ਪਾਸੇ ਸਰਗਰਮ ਹੋ ਗਏ ਹਨ।

Leave a Reply

Your email address will not be published. Required fields are marked *