ਬਿਹਾਰ ਮਗਰੋਂ ਗਾਜ਼ੀਪੁਰ ਨੇੜੇ ਵੀ ਗੰਗਾ ’ਚੋਂ ਲਾਸ਼ਾਂ ਮਿਲੀਆਂ

ਨਵੀਂ ਦਿੱਲੀ: ਬਿਹਾਰ ਦੇ ਬਕਸਰ ’ਚ ਬੀਤੇ ਦਿਨ ਗੰਗਾ ਕਿਨਾਰਿਓਂ ਸ਼ੱਕੀ ਕਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਅੱਜ ਕੁਝ ਅਣਪਛਾਤੀਆਂ ਲਾਸ਼ਾਂ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ’ਚੋਂ ਲੰਘਦੀ ਗੰਗਾ ’ਚੋਂ ਵੀ ਬਰਾਮਦ ਹੋਈਆਂ ਹਨ। ਸਥਾਨਕ ਪ੍ਰਸ਼ਾਸਨ ਨੇ ਇਸ ਸਬੰਧੀ ਜਾਂਚ ਆਰੰਭ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਬਕਸਰ ’ਚ 48 ਲਾਸ਼ਾਂ ਗੰਗਾ ’ਚੋਂ ਮਿਲੀਆਂ ਸਨ। ਗਾਜ਼ੀਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਐੱਮਪੀ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਨ੍ਹਾਂ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਥਾਨਕ ਲੋਕਾਂ ਨੂੰ ਇਲਾਕੇ ’ਚ ਕੋਈ ਬਿਮਾਰੀ ਫੈਲਣ ਦਾ ਡਰ ਪੈਦਾ ਹੋ ਗਿਆ ਹੈ। ਇੱਕ ਸਥਾਨਕ ਵਸਨੀਕ ਨੇ ਦੱਸਿਆ ਕਿ ਉਨ੍ਹਾਂ ਇਸ ਘਟਨਾ ਬਾਰੇ ਸਥਾਨਕ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਦਿੱਤੀ ਪਰ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ। ਜੇਕਰ ਹਾਲਾਤ ਇਹੀ ਰਹੇ ਤਾਂ ਉਹ ਕਰੋਨਾ ਦੀ ਲਪੇਟ ’ਚ ਆ ਸਕਦੇ ਹਨ। ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਸਬੰਧਤ ਸੂਬਿਆਂ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ। ਸ਼ੇਖਾਵਤ ਨੇ ਟਵੀਟ ਕੀਤਾ, ‘ਬਿਹਾਰ ਦੇ ਬਕਸਰ ਖੇਤਰ ’ਚ ਗੰਗਾ ਨਦੀ ’ਚੋਂ ਮਿਲੀਆਂ ਲਾਸ਼ਾਂ ਦੀ ਘਟਨਾ ਮੰਦਭਾਗੀ ਹੈ। ਇਹ ਲਾਜ਼ਮੀ ਤੌਰ ’ਤੇ ਜਾਂਚ ਦਾ ਵਿਸ਼ਾ ਹੈ। ਮੋਦੀ ਸਰਕਾਰ ਗੰਗਾ ਦੀ ਸਵੱਛਤਾ ਲਈ ਵਚਨਬੱਧ ਹੈ। ਸਬੰਧਤ ਸੂਬਿਆਂ ਨੂੰ ਤੁਰੰਤ ਇਸ ਸਬੰਧੀ ਕਾਰਵਾਈ ਕਰਨੀ ਚਾਹੀਦੀ ਹੈ।’