ਕਰੋਨਾ ਦੀ ਦੂਜੀ ਲਹਿਰ ਦੌਰਾਨ 329 ਡਾਕਟਰਾਂ ਦੀ ਮੌਤ: ਆਈਐੱਮਏ

ਨਵੀਂ ਦਿੱਲੀ: ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਨੇ ਕਰੋਨਾ ਕਾਰਨ ਡਾਕਟਰਾਂ ਦੀਆਂ ਹੋਈਆਂ ਮੌਤਾਂ ਸਬੰਧੀ ਤਾਜ਼ੇ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ 329 ਡਾਕਟਰਾਂ ਦੀ ਮੌਤ ਕਰੋਨਾ ਦੀ ਦੂਜੀ ਲਹਿਰ ਦੌਰਾਨ ਹੋਈ ਹੈ। ਸਿਰਫ਼ ਬਿਹਾਰ ਵਿੱਚ ਹੀ 80 ਡਾਕਟਰਾਂ ਦੀ ਮੌਤ ਹੋਈ ਹੈ ਜੋ ਬਾਕੀ ਸੂਬਿਆਂ ਦੀ ਤੁਲਨਾ ਵਿੱਚ ਸਭ ਤੋਂ ਵੱਧ ਹਨ। ਇਸ ਤੋਂ ਬਾਅਦ ਦਿੱਲੀ ਵਿੱਚ 73, ਉੱਤਰ ਪ੍ਰਦੇਸ਼ ਵਿੱਚ 41, ਆਂਧਰਾ ਪ੍ਰਦੇਸ਼ ਵਿੱਚ 22 ਅਤੇ ਤੇਲੰਗਾਨਾ ਵਿੱਚ 20 ਡਾਕਟਰਾਂ ਦੀ ਮੌਤ ਹੋਈ ਹੈ।
ਆਈਐੱਮਏ ਦੀ ਕੋਵਿਡ- 19 ਰਜਿਸਟਰੀ ਮੁਤਾਬਕ ਕਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ 748 ਡਾਕਟਰਾਂ ਦੀ ਮੌਤ ਹੋ ਗਈ ਸੀ। ਆਈਐੱਮਏ ਦੇ ਪ੍ਰਧਾਨ ਡਾ. ਜੇ ਏ ਜਯਾਲਾਲ ਨੇ ਕਿਹਾ ਕਿ ਆਈਐੱਮਏ ਮੁਲਕ ਭਰ ’ਚ ਮੌਜੂਦ ਇਸਦੀਆਂ ਵੱਖੋ-ਵੱਖਰੀਆਂ ਸ਼ਾਖਾਵਾਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ’ਤੇ ਆਈਐੱਮਏ ਰਜਿਸਟਰੀ ਤਿਆਰ ਕਰਦੀ ਹੈ। ਉਨ੍ਹਾਂ ਕਿਹਾ,‘ਅਸੀਂ ਨਾਂ ਜਾਰੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਸੰਵੇਦਨਸ਼ੀਲ ਮਾਮਲਾ ਹੈ।’
ਇਹ ਸਵਾਲ ਪੁੱਛਣ ’ਤੇ ਕਿ ਇਨ੍ਹਾਂ ’ਚੋਂ ਕਿੰਨੇ ਡਾਕਟਰਾਂ ਨੇ ਪੂਰੀ ਤਰ੍ਹਾਂ ਵੈਕਸੀਨ ਲਵਾਈ ਹੋਈ ਸੀ, ਡਾ. ਜਯਾਲਾਲ ਨੇ ਕਿਹਾ,‘ਸਾਡੇ ਕੋਲ ਸਾਰਿਆਂ ਦੀ ਵੈਕਸੀਨੇਸ਼ਨ ਬਾਰੇ ਜਾਣਕਾਰੀ ਮੌਜੂਦ ਨਹੀਂ ਹੈ ਪਰ ਜਿਹੜੇ ਅੰਕੜੇ ਸਾਨੂੰ ਮਿਲੇ ਹਨ, ਪੂਰੀ ਤਰ੍ਹਾਂ ਵੈਕਸੀਨੇਸ਼ਨ ਨਾ ਹੋਣਾ ਮੌਤਾਂ ਦਾ ਮੁੱਖ ਕਾਰਨ ਰਿਹਾ ਹੈ।’ ਉਨ੍ਹਾਂ ਦੱਸਿਆ ਕਿ ਔਸਤਨ ਰੋਜ਼ਾਨਾ ਕੋਵਿਡ- 19 ਕਾਰਨ ਘੱਟੋ-ਘੱਟ 20 ਡਾਕਟਰਾਂ ਦੀ ਮੌਤ ਹੋ ਰਹੀ ਹੈ। ਇਨ੍ਹਾਂ ਵਿੱਚ ਸਰਕਾਰੀ ਹਸਪਤਾਲਾਂ, ਪ੍ਰਾਈਵੇਟ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵਿੱਚ ਕੰਮ ਕਰਦੇ ਡਾਕਟਰ ਸ਼ਾਮਲ ਹਨ। ਦੂਜੀ ਲਹਿਰ ਸਾਡੇ ਸਾਰਿਆਂ ਲਈ ਬਹੁਤ ਖ਼ਤਰਨਾਕ ਸਾਬਿਤ ਹੋ ਰਹੀ ਹੈ ਤੇ ਖ਼ਾਸ ਕਰਕੇ ਉਨ੍ਹਾਂ ਲਈ ਜੋ ਕੋਵਿਡ- 19 ਖ਼ਿਲਾਫ਼ ਲੜਾਈ ’ਚ ਸਭ ਤੋਂ ਮੂਹਰਲੀ ਕਤਾਰ ’ਚ ਹਨ।