ਕਰੋਨਾ: ਭਾਰਤ ਨੂੰ 54 ਦਿਨਾਂ ਮਗਰੋਂ ਕੁੱਝ ਰਾਹਤ

ਨਵੀਂ ਦਿੱਲੀ: ਕਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਭਾਰਤ ਨੂੰ ਕੁੱਝ ਰਾਹਤ ਮਿਲੀ ਹੈ ਕਿਉਂਕਿ ਪਿਛਲੇ 24 ਘੰਟਿਆਂ ਦੌਰਾਨ 1,27,510 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ 54 ਦਿਨਾਂ ਵਿੱਚ ਸਭ ਤੋਂ ਘੱਟ ਅੰਕੜਾ ਹੈ, ਜਦੋਂਕਿ ਰੋਜ਼ਾਨਾ ਪਾਜ਼ੇਟਿਵਿਟੀ ਦਰ 6.62 ਰਹਿ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਅੱਠ ਵਜੇ ਤੱਕ ਜਾਰੀ ਕੀਤੇ ਅੰਕੜਿਆਂ ਮੁਤਾਬਕ, ਦੇਸ਼ ਵਿੱਚ ਇਸ ਲਾਗ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਕੁੱਲ ਗਿਣਤੀ 2,81,75,044 ਹੋ ਗਈ ਹੈ। ਬੀਤੇ ਦਿਨੀਂ 2795 ਮੌਤਾਂ ਹੋਣ ਨਾਲ ਇਸ ਲਾਗ ਕਾਰਨ ਜਾਨ ਗੁਆਉਣ ਵਾਲਿਆਂ ਦੀ ਕੁੱਲ ਗਿਣਤੀ 3,31,895 ’ਤੇ ਪਹੁੰਚ ਗਈ ਹੈ। 35 ਦਿਨਾਂ ਮਗਰੋਂ ਮੌਤਾਂ ਦਾ ਇਹ ਸਭ ਤੋਂ ਘੱਟ ਅੰਕੜਾ ਹੈ। ਸਰਗਰਮ ਕੇਸ 43 ਦਿਨਾਂ ਮਗਰੋਂ 20 ਲੱਖ ਦੇ ਅੰਕੜੇ ਤੋਂ ਹੇਠਾਂ ਰਹੇ। ਦੇਸ਼ ਵਿੱਚ ਹੁਣ ਤੱਕ 34,67,92,257 ਲੋਕਾਂ ਦਾ ਟੈਸਟ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚੋਂ ਸੋਮਵਾਰ ਨੂੰ 19,25,374 ਦੇ ਸੈਂਪਲ ਲਏ ਗਏ। ਮੰਤਰਾਲੇ ਨੇ ਕਿਹਾ ਕਿ ਰੋਜ਼ਾਨਾ ਪਾਜ਼ੇਟਿਵਿਟੀ ਦਰ 6.62 ਦਰਜ ਕੀਤੀ ਗਈ, ਜੋ ਲਗਾਤਾਰ ਅੱਠਵੇਂ ਦਿਨ ਦਸ ਫ਼ੀਸਦੀ ਤੋਂ ਹੇਠਾਂ ਹੈ। ਹਫ਼ਤਾਵਾਰੀ ਪਾਜ਼ੇਟਿਵਿਟੀ ਦਰ ਘਟ ਕੇ 8.64 ਰਹਿ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੇ ਕੇਸਾਂ ਵਿੱਚ ਕੁੱਲ 1,30,5,72 ਦੀ ਕਮੀ ਆਈ ਹੈ। ਹੁਣ ਤੱਕ 2,59,47,629 ਲੋਕ ਕਰੋਨਾ ਤੋਂ ਉਭਰ ਚੁੱਕੇ ਹਨ। ਇਸ ਮਹਾਮਾਰੀ ਨਾਲ ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ ਵਿੱਚ 500, ਤਾਮਿਲਨਾਡੂ ’ਚ 478, ਕਰਨਾਟਕ ’ਚ 411, ਕੇਰਲਾ ’ਚ 174, ਉਤਰ ਪ੍ਰਦੇਸ਼ ’ਚ 151, ਪੱਛਮੀ ਬੰਗਾਲ ਵਿੱਚ 131 ਅਤੇ ਪੰਜਾਬ ਵਿੱਚ 118 ਲੋਕਾਂ ਨੇ ਜਾਨ ਗੁਆਈ ਹੈ।