ਹਜੂਮੀ ਕਤਲ ਮਾਮਲੇ ’ਚ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਆਗੂ ਗ੍ਰਿਫ਼ਤਾਰ

ਜੈਪੁਰ: ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਰਾਮਗੜ੍ਹ ’ਚ ਤਿੰਨ ਸਾਲ ਪਹਿਲਾਂ 28 ਸਾਲਾ ਰਕਬਰ ਉਰਫ਼ ਅਕਬਰ ਦੀ ਗਊ ਰੱਖਿਅਕਾਂ ਵੱਲੋਂ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਹੱਤਿਆ ਕਰਨ ਦੇ ਮਾਮਲੇ ’ਚ ਪੁਲੀਸ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐੱਚਪੀ) ਦੇ ਨੇਤਾ ਨਵਲ ਕਿਸ਼ੋਰ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ 20 ਜੁਲਾਈ 2018 ਨੂੰ ਵਾਪਰੀ ਘਟਨਾ ਦੇ ਸਬੰਧ ’ਚ ਇਹ ਪੰਜਵੀਂ ਗ੍ਰਿਫ਼ਤਾਰੀ ਕੀਤੀ ਹੈ।

ਪੁਲੀਸ ਇਸ ਮਾਮਲੇ ’ਚ ਸ਼ਾਮਲ ਚਾਰ ਮੁਲਜ਼ਮਾਂ ਪਰਮਜੀਤ ਸਿੰਘ, ਨਰੇਸ਼ ਸ਼ਰਮਾ, ਵਿਜੈ ਕੁਮਾਰ ਅਤੇ ਧਰਮੇਂਦਰ ਯਾਦਵ ਖ਼ਿਲਾਫ਼ 2019 ’ਚ ਦੋਸ਼ ਪੱਤਰ ਦਾਇਰ ਕਰ ਚੁੱਕੀ ਹੈ। ਅਲਵਰ ਦੀ ਐੱਸਪੀ ਤੇਜਸਵਿਨੀ ਗੌਤਮ ਨੇ ਦੱਸਿਆ ਕਿ ਵੀਐੱਚਪੀ ਨੇਤਾ ਦੀ ਗ੍ਰਿਫ਼ਤਾਰੀ ਰਾਮਗੜ੍ਹ ਪੁਲੀਸ ਨੇ ਤਿੰਨ ਚਾਰ ਦਿਨ ਪਹਿਲਾਂ ਕੀਤੀ ਸੀ। ਮਾਮਲੇ ਦੀ ਜਾਂਚ ਕਰ ਰਹੇ ਏਐੱਸਪੀ ਸ੍ਰੀਮਨ ਮੀਨਾ ਨੇ ਦੱਸਿਆ ਕਿ ਨਵਲ ਕਿਸ਼ੋਰ ਸ਼ਰਮਾ ਦੀ ਗ੍ਰਿਫ਼ਤਾਰੀ ਉਨ੍ਹਾਂ ਦੋਸ਼ਾਂ ਤਹਿਤ ਹੀ ਕੀਤੀ ਗਈ ਹੈ ਜਿਨ੍ਹਾਂ ਤਹਿਤ ਪਹਿਲਾਂ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਨਵਲ ਕਿਸ਼ੋਰ ਨੂੰ ਅਦਾਲਤ ’ਚ ਪੇਸ਼ ਕੀਤਾ ਜਿੱਥੋਂ ਉਸ ਨੂੰ 10 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਉਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਰਕਬਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਰਜ ਕਰਵਾਈ ਗਈ ਐੱਫਆਈਆਰ ’ਚ ਸ਼ਰਮਾ ਦੀ ਮੁਲਜ਼ਮ ਹੈ। ਨਵਲ ਕਿਸ਼ੋਰ ’ਤੇ ਦੋਸ਼ ਹੈ ਕਿ ਉਹ ਰਾਮਗੜ੍ਹ ’ਚ ਖਾਨ ਦੀ ਕੁੱਟ ਕੁੱਟ ਕੇ ਹੱਤਿਆ ਕਰਨ ਵਾਲੀ ਭੀੜ ਦੀ ਅਗਵਾਈ ਕਰ ਰਿਹਾ ਸੀ। ਸੀਨੀਅਰ ਸਰਕਾਰੀ ਵਕੀਲ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਨਵਲ ਕਿਸ਼ੋਰ ਸ਼ਰਮਾ ਦੀ ਟੈਲੀਫੋਨ ’ਤੇ ਹੋਈ ਗੱਲਬਾਤ ਦੀ ਕਾਫੀ ਸਮਾਂ ਪਹਿਲਾਂ ਜਾਂਚ ਕੀਤੀ ਜਾ ਰਹੀ ਸੀ ਜਿਸ ਮਗਰੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਵਲ ਕਿਸ਼ੋਰ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਹ ਪੁਲੀਸ ਦੀ ਮਦਦ ਕਰ ਰਿਹਾ ਹੈ ਪਰ ਉਹ ਇਸ ਅਪਰਾਧਿਕ ਸਾਜ਼ਿਸ਼ ਦਾ ਹਿੱਸਾ ਸੀ। ਰਕਬਰ ਤੇ ਉਸ ਦੇ ਦੋਸਤ ਅਸਲਮ ਨੇ ਲਾਡਪੁਰਾ ਪਿੰਡ ਤੋਂ ਗਊਆਂ ਦੀ ਕਥਿਤ ਖਰੀਦ ਕੀਤੀ ਸੀ ਅਤੇ ਉਹ ਉਨ੍ਹਾਂ ਨੂੰ ਲੈ ਕੇ ਲਾਲਵੰਡੀ ਤੋਂ ਹੋ ਕੇ ਹਰਿਆਣਾ ’ਚ ਆਪਣੇ ਪਿੰਡ ਜਾ ਰਹੇ ਸੀ। ਇਸੇ ਦੌਰਾਨ ਮੁਲਜ਼ਮਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਅਸਲਮ ਭੱਜਣ ’ਚ ਕਾਮਯਾਬ ਰਿਹਾ ਪਰ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਰਕਬਰ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ।

Leave a Reply

Your email address will not be published. Required fields are marked *