ਕਰੋਨਾ: ਦੇਸ਼ ’ਚ 50,040 ਨਵੇਂ ਕੇਸ ਤੇ 1258 ਮੌਤਾਂ

ਨਵੀਂ ਦਿੱਲੀ: ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਇਕੋ ਦਿਨ ਵਿਚ ਕੋਵਿਡ-19 ਦੇ ਲਾਗ ਦੇ 50,040 ਕੇਸਾਂ ਨਾਲ ਦੇਸ਼ ਵਿੱਚ ਕਰੋਨਾਵਾਇਰਸ ਦੇ ਕੁੱਲ ਕੇਸਾਂ ਦਾ ਅੰਕੜਾ 3,02,33,183 ਨੂੰ ਅੱਪੜ ਗਿਆ ਹੈ। ਕੁੱਲ ਕੇਸਾਂ ’ਚੋਂ ਸਰਗਰਮ ਕੇਸਾਂ ਦੀ ਗਿਣਤੀ ਘੱਟ ਕੇ 5,86,403 ਰਹਿ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਨਵਿਆਏ ਅੰਕੜਿਆਂ ਮੁਤਾਬਕ ਇਸੇ ਅਰਸੇ ਦੌਰਾਨ 1258 ਹੋਰ ਮੌਤਾਂ ਨਾਲ ਕਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 3,95,751 ਹੋ ਗਈ ਹੈ। ਸਰਗਰਮ ਕੇਸ ਕੁੱਲ ਕੇਸ ਲੋਡ ਦਾ 1.94 ਫੀਸਦ ਹਨ। ਅੱਜ ਲਗਾਤਾਰ 45ਵੇਂ ਦਿਨ ਰੋਜ਼ਾਨਾ ਰਿਪੋਰਟ ਹੋਣ ਵਾਲੇ ਕੋਵਿਡ-19 ਦੇ ਕੁੱਲ ਕੇਸਾਂ ਦੀ ਗਿਣਤੀ ਕਰੋਨਾ ਤੋਂ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਨਾਲੋਂ ਵੱਧ ਹੈ। ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦੀ ਦਰ ਘਟ ਕੇ 1.31 ਫੀਸਦ ਰਹਿ ਗਈ ਹੈ ਜਦੋਂਕਿ ਸਿਹਤਯਾਬੀ ਦਰ ਵੱਡੇ ਸੁਧਾਰ ਨਾਲ 96.75 ਫੀਸਦ ਹੈ। ਅੱਜ ਸਵੇਰੇ ਸੱਤ ਵਜੇ ਤੱਕ ਪ੍ਰਕਾਸ਼ਿਤ ਟੀਕਾਕਰਨ ਡੇਟਾ ਮੁਤਾਬਕ ਪੂਰੇ ਮੁਲਕ ਵਿੱਚ ਕਰੋਨਾ ਤੋਂ ਬਚਾਅ ਲਈ 32.17 ਕਰੋੜ ਟੀਕੇ ਲਗਾੲੇ ਜਾ ਚੁੱਕੇ ਹਨ। ਹੁਣ ਤੱਕ ਪੂਰੇ ਮੁਲਕ ਵਿੱਚ ਰਿਪੋਰਟ ਹੋਈਆਂ 3,95,751 ਮੌਤਾਂ ਵਿੱਚੋਂ ਮਹਾਰਾਸ਼ਟਰ ਵਿੱਚ 1,20,881, ਕਰਨਾਟਕ ’ਚ 34,654, ਤਾਮਿਲ ਨਾਡੂ ’ਚ 32,199, ਦਿੱਲੀ ’ਚ 24,961, ਯੂਪੀ 22,443, ਪੱਛਮੀ ਬੰਗਾਲ 17,583, ਪੰਜਾਬ 15,979 ਤੇ ਛੱਤੀਸਗੜ੍ਹ ਵਿੱਚ 13,427 ਵਿਅਕਤੀ ਕਰੋਨਾ ਅੱਗੇ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਨ।