ਟਿਕੈਤ ਵੱਲੋਂ ਸੰਸਦ ਭਵਨ ’ਤੇ ਪ੍ਰਦਰਸ਼ਨ ਦਾ ਪੋਸਟਰ ਜਾਰੀ

ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਬੁਲਾਰੇ ਰਾਕੇਸ਼ ਟਿਕੈਤ ਵੱਲੋਂ ਮੌਨਸੂਨ ਸੈਸ਼ਨ ਦੌਰਾਨ ਕਿਸਾਨਾਂ ਵੱਲੋਂ ਸੰਸਦ ਭਵਨ ’ਤੇ ਪ੍ਰਦਰਸ਼ਨ ਵੱਲ ਜਾਣ ਨਾਲ ਸਬੰਧਤ ਪੋਸਟਰ ਟਵੀਟ ਕਰਕੇ ਜਾਰੀ ਕੀਤਾ ਗਿਆ ਜਿਸ ਪ੍ਰਤੀ ਦੇਸ਼ ਦੇ ਵੱਖ-ਵੱਖ ਸਥਾਨਾਂ ਤੋਂ ਰੀਟਵੀਟ ਕੀਤਾ ਗਿਆ। ਉਨ੍ਹਾਂ ਨਾਲ ਲਿਖਿਆ ਕਿ ਸੰਸਦ ਅਗਰ ਹੰਕਾਰੀ ਤੇ ਅੜੀਅਲ ਹੈ ਤਾਂ ਦੇਸ਼ ਵਿੱਚ ਲੋਕਕ੍ਰਾਂਤੀ ਤੈਅ ਹੁੰਦੀ ਹੈ। ਉਹ ਉੱਤਰ ਪ੍ਰਦੇਸ਼ ਵਿੱਚ ਵੀ ਭਾਜਪਾ ਨੂੰ ‘ਵੋਟ ਦੀ ਚੋਟ’ ਦੇਣ ਦੀ ਤਿਆਰੀ ਵਿੱਚ ਹਨ ਜਿਵੇਂ ਕਿਸਾਨਾਂ ਨੇ ਪੱਛਮੀ ਬੰਗਾਲ ਵਿੱਚ ਭਾਜਪਾ ਖ਼ਿਲਾਫ਼ ਮੁਹਿੰਮ ਚਲਾਈ ਸੀ। ਸ੍ਰੀ ਟਿਕੈਤ ਵੱਲੋਂ ਜਾਰੀ ਪੋਸਟਰ ਵਿੱਚ ਸੰਸਦ ਭਵਨ ਦੀ ਤਸਵੀਰ ਦੇ ਨਾਲ ਕਣਕ ਦੀਆਂ ਬੱਲੀਆਂ ਦਰਸਾਈਆਂ ਗਈਆਂ ਹਨ ਅਤੇ ਕਿਸਾਨਾਂ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦੀ ਝਲਕ ਦਿਖਾਈ ਗਈ ਹੈ।