ਆਸਟ੍ਰੇਲੀਆ ‘ਚ ਸਿੱਖਾਂ ਦੀ ਸੇਵਾ ਅੱਗੇ ਫ਼ੇਲ੍ਹ ਹੋਈ ਸਰਕਾਰ!

ਆਸਟ੍ਰੇਲੀਆ : ਭਿਆਨਕ ਗਰਮੀ ਦੇ ਕਾਰਨ ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਨੇ ਆਸਟ੍ਰੇਲੀਆ ਦੇ ਵੱਡੇ ਖੇਤਰ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸ ਭਿਆਨਕ ਅੱਗ ਵਿਚ ਜਿੱਥੇ 50 ਕਰੋੜ ਜੰਗਲੀ ਜੀਵਾਂ ਦੀ ਮੌਤ ਹੋ ਗਈ ਹੈ। ਉਥੇ ਹੀ 2 ਹਜ਼ਾਰ ਦੇ ਕਰੀਬ ਘਰ ਵਿਚ ਇਸ ਅੱਗ ਦੀ ਭੇਂਟ ਚੜ੍ਹ ਚੁੱਕੇ ਹਨ ਜਦਕਿ 25 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਆਸਟ੍ਰੇਲੀਆ ਦੀ ਇਸ ਔਖੀ ਘੜੀ ਵਿਚ ਸਿੱਖ ਸੰਸਥਾਵਾਂ ਹੀ ਹਨ, ਜਿਨ੍ਹਾਂ ਨੇ ਬਿਨਾਂ ‘ਸਰਬੱਤ ਦਾ ਭਲਾ’ ਦੇ ਸੰਦੇਸ਼ ‘ਤੇ ਚਲਦਿਆਂ ਅੱਗ ਪੀੜਤ ਲੋਕਾਂ ਦੀ ਬਾਂਹ ਫੜੀ ਹੈ।

ਭਾਵੇਂ ਕਿ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਵੀ ਅੱਗ ਪੀੜਤ ਲੋਕਾਂ ਦੀ ਮਦਦ ਲਈ ਕਾਫ਼ੀ ਕੁੱਝ ਕੀਤਾ ਜਾ ਰਿਹਾ ਹੈ ਪਰ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨ ਨਾਕਾਫ਼ੀ ਹਨ। ਇਸ ਲਈ ਸਿੱਖ ਸੰਸਥਾਵਾਂ ਅੱਗੇ ਹੋ ਕੇ ਲੋਕਾਂ ਦੀ ਮਦਦ ਲਈ ਆ ਰਹੀਆਂ ਹਨ ਜੋ ਅੱਗ ਤੋਂ ਪੀੜਤ ਲੋਕਾਂ ਨੂੰ ਖਾਣਾ, ਪੀਣ ਦਾ ਪਾਣੀ, ਕੱਪੜੇ ਅਤੇ ਪਸ਼ੂਆਂ ਲਈ ਚਾਰਾ ਵਗੈਰਾ ਮੁਹੱਈਆ ਕਰਵਾ ਰਹੀਆਂ ਹਨ। ਸਿੱਖ ਸੰਸਥਾਵਾਂ ਵੱਲੋਂ ਆਸਟ੍ਰੇਲੀਆ ਦੇ ਅੱਗ ਪੀੜਤਾਂ ਦੀ ਕੀਤੀ ਜਾ ਰਹੀ ਮਦਦ ਦੀਆਂ ਪੂਰੀ ਦੁਨੀਆ ਵਿਚ ਤਾਰੀਫ਼ਾਂ ਹੋ ਰਹੀਆਂ ਹਨ।

ਇਸ ਦੌਰਾਨ ਆਸਟ੍ਰੇਲੀਆ ਦੇ ਪੀੜਤਾਂ ਦੀ ਮਦਦ ਲਈ ਜੋ ਸਿੱਖ ਸੰਸਥਾਵਾਂ ਅੱਗੇ ਹੋ ਕੇ ਕੰਮ ਕਰ ਰਹੀਆਂ ਹਨ। ਉਨ੍ਹਾਂ ਵਿਚ ਵਿਸ਼ਵ ਪ੍ਰਸਿੱਧ ਸਿੱਖ ਸੰਸਥਾ ਖ਼ਾਲਸਾ ਏਡ, ਯੂਨਾਇਟਡ ਸਿੱਖਸ ਤੋਂ ਇਲਾਵਾ ਟਰਬਨ ਫਾਰ ਆਸਟ੍ਰੇਲੀਆ, ਦਲ ਬਾਬਾ ਬਿਧੀ ਚੰਦ ਖ਼ਾਲਸਾ ਛਾਉਣੀ ਪਲੰਮਟਨ, ਸਿੱਖ ਵਾਲੰਟੀਅਰ ਆਸਟ੍ਰੇਲੀਆ, ਆਸਟ੍ਰੇਲੀਅਨ ਸਿੱਖ ਸੁਪੋਟਸ ਸਮੇਤ ਹੋਰ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਭਿਆਨਕ ਅੱਗ ਅਤੇ ਧੂੰਏਂ ਦੇ ਚਲਦਿਆਂ ਅਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਮੁਸੀਬਤ ਦੇ ਮਾਰੇ ਲੋਕਾਂ ਦੀ ਅੱਗੇ ਹੋ ਕੇ ਮਦਦ ਕਰ ਰਹੀਆਂ ਹਨ।

ਅਜੋਕੇ ਸਮੇਂ ਦੌਰਾਨ ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਹੁਣ ਤੱਕ ਦੇ ਇਤਿਹਾਸ ਵਿਚ ਅੱਗ ਨਾਲ ਹੋਏ ਨੁਕਸਾਨ ਦੀਆਂ ਸਭ ਤੋਂ ਦੁਖਦਾਈ ਘਟਨਾਵਾਂ ਵਿਚੋਂ ਇੱਕ ਹੈ ਜਿਸ ਦੇ ਹੋਏ ਨੁਕਸਾਨ ਦੀ ਪੂਰਤੀ ਤਾਂ ਭਾਵੇਂ ਨਹੀਂ ਕੀਤੀ ਜਾ ਸਕਦੀ ਪਰ ਮੁਸੀਬਤ ਦੇ ਮਾਰੇ ਲੋਕਾਂ ਦੀ ਮਦਦ ਜ਼ਰੂਰ ਕੀਤੀ ਜਾ ਸਕਦੀ ਐ ਜੋ ਸਿੱਖ ਸੰਸਥਾਵਾਂ ਵੱਲੋਂ ਕੀਤੀ ਜਾ ਰਹੀ ਐ।

ਬਹੁਤ ਸਾਰੀਆਂ ਥਾਵਾਂ ਤਾਂ ਅਜਿਹੀਆਂ ਨੇ ਜਿੱਥੇ ਸਰਕਾਰ ਦੀ ਮਦਦ ਨਹੀਂ ਪਹੁੰਚੀ ਪਰ ਗੁਰੂ ਦੇ ਖ਼ਾਲਸਿਆਂ ਨੇ ਉਥੇ ਵੀ ਪੀੜਤ ਲੋਕਾਂ ਨੂੰ ਮਦਦ ਪਹੁੰਚਾ ਦਿੱਤੀ। ਫਿਲਹਾਲ ਮੁਸੀਬਤ ਦੀ ਇਸ ਘੜੀ ਵਿਚ ਸਿੱਖ ਸੰਸਥਾਵਾਂ ਆਸਟ੍ਰੇਲੀਆ ਦੇ ਲੋਕਾਂ ਲਈ ਮਸੀਹਾ ਸਾਬਤ ਹੋ ਰਹੀਆਂ ਨੇ ਅਤੇ ਉਹ ਸਿੱਖਾਂ ਦਾ ਧੰਨਵਾਦ ਕਰਦੇ ਨਹੀਂ ਥੱਕਦੇ।

Leave a Reply

Your email address will not be published. Required fields are marked *