ਇਹ ਸਰਹੰਦ ਨਹੀਂ ਸਿੱਖਾਂ ਦੀ ‘ਕਰਬਲਾ’ ਹੈ

-ਬੀਰ ਦਵਿੰਦਰ ਸਿੰਘ

ਗੁਰੂ ਜੀ ਦੇ ਚਾਰੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਹਾਲੇ 315 ਵਰ੍ਹੇ ਹੋਏ ਹਨ। ਇਹ ਸਮਾਂ ਕੋਈ ਏਨਾ ਜ਼ਿਆਦਾ ਵੀ ਨਹੀਂ ਕਿ ਕੌਮ ਦੇ ਚੇਤਿਆਂ ਵਿੱਚੋਂ ਸ਼ਹੀਦ ਮਨਫ਼ੀ ਹੋ ਜਾਣ।

ਇਹ ਸਾਲ 1967 ਦਾ ਜ਼ਿਕਰ ਹੈ, ਗੁਰਦੁਆਰਾ ਫਤਿਹਗੜ੍ਹ ਸਾਹਿਬ ( ਸਰਹੰਦ) ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ, ਸ਼ਹੀਦੀ ਜੋੜ ਮੇਲੇ ਸਮੇਂ 13 ਪੋਹ ਦੀ ਰਾਤ ਨੂੰ, ਸ਼ਹੀਦੀ ਕਵੀ ਦਰਬਾਰ ਸਜਾਇਆ ਗਿਆ ਸੀ, ਜਿਸ ਵਿਚ ਸਭ ਤੋਂ ਵੱਧ ਪ੍ਰਸ਼ੰਸਾ ਉਸ ਸ਼ਾਇਰ ਨੂੰ ਮਿਲੀ ਜਿਸ ਨੇ ਆਪਣੀ ਨਜ਼ਮ ਦਾ ਵਿਸ਼ਾ-ਵਸਤੂ ਬਾਕੀਆਂ ਤੋਂ ਵੱਖਰਾ ਰੱਖ ਕੇ, ਆਪਣਾ ਕਲਾਮ ਪੇਸ਼ ਕੀਤਾ ਸੀ। ਇਸ ਸ਼ਾਇਰ ਦੀ ਨਜ਼ਮ ਦਾ ਅਨੁਮਾਨ ਸੀ,”ਇਹ ਸਰਹੰਦ ਨਹੀਂ, ਸਿੱਖਾਂ ਦੀ ‘ਕਰਬਲਾ’ ਹੈ”। ਉਸ ਸ਼ਾਇਰ ਦੀ ਕਵਿਤਾ ਦੇ ਉਨਵਾਨ ਨੇ, ਮੇਰੇ ਜ਼ਿਹਨ ਵਿਚ ਯਕਦਮ ਇਹ ਸਵਾਲ ਖੜ੍ਹਾ ਕਰ ਦਿੱਤਾ, ਕਿ ਸ਼ਾਇਰ ਨੇ ਸਰਹੰਦ ਨੂੰ ‘ਕਰਬਲਾ’ ਨਾਲ ਤਸ਼ਬੀਹ ਕਿਉਂ ਦਿੱਤੀ? ਬਸ ਇਸ ਸਵਾਲ ਨੇ ਮੇਰੇ ਮਨ ਵਿਚ ‘ਕਰਬਲਾ’ ਬਾਰੇ ਜਾਣਨ ਦੀ ਪ੍ਰਬਲ ਇੱਛਾ ਜਗਾ ਦਿੱਤੀ।

ਕਰਬਲਾ ਦੇ ਪ੍ਰਸੰਗ ਵਿਚ ਸੰਖੇਪ ਜਿਹੀ ਜਾਣਕਾਰੀ ਇਸ ਤਰ੍ਹਾਂ ਹੈ ; ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਨਵਾਸੇ (ਦੋਹਤਰੇ) ਹਜ਼ਰਤ ਇਮਾਮ ਹੁਸੈਨ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ, ਅੱਜ ਤੋਂ ਕੋਈ 1339 ਸਾਲ ਪਹਿਲਾਂ 680 ਈਸਵੀ 61 ਹਿਜ਼ਰੀ ਨੂੰ, ਇਕ ਸਾਜ਼ਿਸ਼ ਤਹਿਤ, ਇਰਾਕ ਦੇ ਕੂਫ਼ਾ ਸ਼ਹਿਰ ਦੇ ਨਜ਼ਦੀਕ, ਦਰਿਆ ਫ਼ਰਾਤ ਦੇ ਕਿਨਾਰੇ, ਕਰਬਲਾ ਦੇ ਮੈਦਾਨ ਵਿਚ, ਤਿੰਨ ਦਿਨ ਪਿਆਸਾ ਰੱਖ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਕਰਬਲਾ ਦਾ ਮੈਦਾਨ ਉਹ ਜਗ੍ਹਾ ਹੈ, ਜਿੱਥੇ ਯਦੀਦ ਦੇ ਲਸ਼ਕਰ ਨੇ ਹਜ਼ਰਤ ਇਮਾਮ ਹੁਸੈਨ ‘ਤੇ ਹਮਲਾ ਕਰ ਕੇ ਉਨ੍ਹਾਂ ਨੂੰ 72 ਸਾਥੀਆਂ ਸਮੇਤ ਸ਼ਹੀਦ ਕਰ ਦਿੱਤਾ ਸੀ। ਸ਼ਹੀਦ ਹੋਣ ਵਾਲਿਆਂ ਵਿਚ ਹਜ਼ਰਤ ਇਮਾਮ ਹੁਸੈਨ ਦੇ ਪਰਿਵਾਰ ਦੇ 18 ਮੈਂਬਰ ਵੀ ਸ਼ਾਮਲ ਸਨ। ਹਜ਼ਰਤ ਇਮਾਮ ਹੁਸੈਨ ਦੀ ਉਮਰ ਸ਼ਹਾਦਤ ਦੇ ਵਕਤ 58 ਸਾਲ ਸੀ ਜਦੋਂ ਕਿ ਕਰਬਲਾ ਦੇ ਮੈਦਾਨ ਵਿਚ ਸ਼ਹੀਦ ਹੋਣ ਵਾਲੇ ਉਨ੍ਹਾਂ ਦੇ ਦੋ ਬੇਟੇ ਅਲੀ ਅਕਬਰ ਦੀ ਉਮਰ 18 ਸਾਲ ਅਤੇ ਅਲੀ ਅਸਗਰ ਦੀ ਉਮਰ ਕੇਵਲ 6 ਮਹੀਨੇ ਦੀ ਸੀ, ਉਨ੍ਹਾਂ ਦੇ ਦੋ ਭਾਣਜੇ, ਔਨ ਅਤੇ ਮੁਹੰਮਦ, ਕ੍ਰਮਵਾਰ 9 ਅਤੇ 10 ਸਾਲ ਦੇ ਸਨ। ਇਨ੍ਹਾਂ ਦੀ ਸ਼ਹਾਦਤ ਨੂੰ ਖ਼ਿਰਾਜ਼-ਏ-ਅਕੀਦਤ ਪੇਸ਼ ਕਰਨ ਲਈ ਸ਼ੀਆ ਮੁਸਲਮਾਨਾਂ ਵੱਲੋਂ ਹਰ ਸਾਲ ਦਸ ਮੁਹੱਰਮ ਨੂੰ ਤਾਅਜ਼ੀਆ ਕੱਢਿਆ ਜਾਂਦਾ ਹੈ।

ਮੁਹੱਰਮ ਇਸਲਾਮੀ ਕੈਲੰਡਰ ਦਾ ਪਹਿਲਾ ਮਹੀਨਾ ਹੈ। ਇਸਲਾਮ ਦੇ ਪੈਰੋਕਾਰ ਮੁਹੱਰਮ ਦੇ ਮਹੀਨੇ ਨੂੰ ਇਸਲਾਮ ਦੇ ਇਤਿਹਾਸ ਵਿਚ ਨਿਹਾਇਤ ਹੀ ਅਫ਼ਸੋਸਨਾਕ ਸਮਾਂ ਮੰਨਦੇ ਹਨ। ਏਥੋਂ ਤਕ ਕਿ ਮੁਹੱਰਮ ਦਾ ਚੰਨ ਚੜ੍ਹਨ ਸਮੇਂ ਸ਼ੀਆ ਫ਼ਿਰਕੇ ਨਾਲ ਤੁਅੱਲਕ ਰੱਖਣ ਵਾਲੀਆਂ ਔਰਤਾਂ, ਆਪਣੀਆਂ ਚੂੜੀਆਂ ਤਕ ਤੋੜ ਦਿੰਦੀਆਂ ਹਨ ਅਤੇ ਚਾਲੀ ਦਿਨ ਤਕ ਕੋਈ ਵੀ ਹਾਰ-ਸ਼ਿੰਗਾਰ ਨਹੀਂ ਕਰਦੀਆਂ, ਸੋਗ ਵਜੋਂ ਪੁਸ਼ਾਕ ਵੀ ਸਿਆਹ ਰੰਗ ਦੀ ਹੀ ਪਹਿਨਦੀਆਂ ਹਨ। ਚਾਲੀ ਦਿਨ ਤਕ ਕੋਈ ਖ਼ੁਸ਼ੀ ਨਹੀਂ ਮਨਾਈ ਜਾਂਦੀ। ਮੁਹੱਰਮ ਦਾ ਸਮਾਂ, ਗ਼ਮ-ਏ-ਹੁਸੈਨ ਦੇ ਤੌਰ ‘ਤੇ ਅੰਤਾਂ ਦੀ ਉਦਾਸੀ, ਸਾਦਗੀ ਅਤੇ ਹਲੀਮੀ ਵਿਚ ਰਹਿ ਕੇ ਗੁਜ਼ਾਰਿਆ ਜਾਂਦਾ ਹੈ। ਕਰਬਲਾ ਦੇ ਪ੍ਰਸੰਗ ਵਿਚ ਇਸ ਸੰਖੇਪ ਜਿਹੀ ਜਾਣਕਾਰੀ ਨਾਲ, ਆਓ ਹੁਣ ਸਰਬੰਸ ਦਾਨੀ ਦਸਮ ਪਾਤਸ਼ਾਹ ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਸਾਹਿਬਜ਼ਾਦੇ, ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀਆਂ ਸ਼ਹਾਦਤਾਂ ਦੀ ਗੱਲ ਕਰੀਏ।

ਬਾਬਾ ਜ਼ੋਰਾਵਰ ਸਿੰਘ ਦੀ ਉਮਰ ਸ਼ਹਾਦਤ ਦੇ ਵਕਤ 9 ਸਾਲ ਸੀ ਅਤੇ ਬਾਬਾ ਫ਼ਤਹਿ ਸਿੰਘ ਦੀ ਉਮਰ 7 ਸਾਲ ਸੀ, ਇਨ੍ਹਾਂ ਨੂੰ ਆਪਣੇ ਧਰਮ ਅਤੇ ਸਿੱਖੀ ਸਿਦਕ ਪ੍ਰਤੀ ਵਫ਼ਾ ਪਾਲਣ ਬਦਲੇ, ਸੂਬਾ ਸਰਹੰਦ, ਵਜ਼ੀਰ ਖ਼ਾਂ ਦੇ ਹੁਕਮ ਨਾਲ 13 ਪੋਹ ਸੰਮਤ 1761 ਬਿਕ੍ਰਮੀ ਅਰਥਾਤ 27 ਦਸੰਬਰ 1704 ਈਸਵੀ ਨੂੰ ਜਿਊਂਦੇ ਦੀਵਾਰਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਜਦੋਂ ਦੀਵਾਰ ਉਸਾਰੇ ਜਾਣ ਤੋਂ ਬਾਦ, ਵਾਰ-ਵਾਰ ਡਿੱਗ ਜਾਂਦੀ ਰਹੀ ਤਾਂ ਮਾਸੂਮ ਸਾਹਿਬਜ਼ਾਦਿਆਂ ‘ਤੇ ਤਲਵਾਰ ਦਾ ਵਾਰ ਕਰ ਕੇ ਉਨ੍ਹਾਂ ਦੇ ਸੀਸ ਧੜ ਨਾਲੋਂ ਜੁਦਾ ਕਰ ਕੇ ਸ਼ਹੀਦ ਕੀਤਾ ਗਿਆ।

ਉਸੇ ਹੀ ਦਿਨ, ਜਦੋਂ ਮਾਤਾ ਗੁਜਰੀ ਜੀ ਨੂੰ ਸਰਹੰਦ ਦੇ ਠੰਢੇ ਬੁਰਜ ਵਿਚ ਛੋਟੇ ਸਾਬਿਜ਼ਾਦਿਆਂ ਦੇ ਸ਼ਹੀਦ ਹੋਣ ਦੀ ਖ਼ਬਰ ਮਿਲੀ ਤਾਂ ਮਾਤਾ ਜੀ ਵੀ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ, ਜੋਤੀ ਜੋਤ ਸਮਾ ਗਏ। ਮਨੁੱਖਤਾ ਦੇ ਇਤਿਹਾਸ ਵਿਚ ਇਸ ਅਦੁੱਤੀ ਸ਼ਹਾਦਤ ਜਿਹੇ ਭਿਆਨਕ ਕਹਿਰ ਦਾ, ਹੋਰ ਕੋਈ ਮੰਜ਼ਰ ਕਿਧਰੇ ਵੀ ਦਿਖਾਈ ਨਹੀਂ ਦਿੰਦਾ। ਗੁਰੂ ਜੀ ਦੇ ਵੱਡੇ ਦੋਵੇਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਦੇ ਸਮੇਂ ਉਮਰ 18 ਸਾਲ ਦੀ ਸੀ ਅਤੇ ਬਾਬਾ ਜੁਝਾਰ ਸਿੰਘ ਜੀ ਦੀ ਉਮਰ 14 ਸਾਲ ਸੀ, ਇਹ ਦੋਵੇਂ ਸਾਹਿਬਜ਼ਾਦੇ, 8 ਪੋਹ ਸੰਮਤ 1761 ਬਿਕ੍ਰਮੀ ਅਰਥਾਤ 22 ਦਸੰਬਰ 1704 ਈਸਵੀ ਨੂੰ ਦਸਮ ਪਾਤਸ਼ਾਹ ਹਜ਼ੂਰ ਦੀਆਂ ਨਜ਼ਰਾਂ ਦੇ ਸਾਹਮਣੇ, ਦੁਸ਼ਮਣਾਂ ਨਾਲ ਜੰਗ ਲੜਦੇ ਹੋਏ ਚਮਕੌਰ ਦੇ ਧਰਮ ਯੁੱਧ ਵਿਚ, ਵੱਡੀ ਵੀਰਤਾ ਨਾਲ ਸ਼ਹੀਦੀਆਂ ਪਾ ਗਏ। ਗੁਰੂ ਜੀ ਦੇ ਚਾਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਪੰਜ ਦਿਨ ਦੇ ਵਕਫ਼ੇ ਅੰਦਰ-ਅੰਦਰ ਹੀ ਸ਼ਹੀਦੀਆਂ ਪਾ ਗਏ ਸਨ। ਇਨ੍ਹਾਂ ਸ਼ਹਾਦਤਾਂ ਨੂੰ ਹਾਲੇ 315 ਵਰ੍ਹੇ ਹੋਏ ਹਨ। ਕੌਮਾਂ ਦੀ ਤਵਾਰੀਖ਼ ਦਾ ਲੇਖਾਜੋਖਾ ਕਰਨ ਸਮੇਂ, ਇਹ ਸਮਾਂ ਕੋਈ ਏਨਾ ਜ਼ਿਆਦਾ ਵੀ ਨਹੀਂ ਕਿ ਕੌਮ ਦੇ ਚੇਤਿਆਂ ਵਿੱਚੋਂ, ਛੋਟੇ ਸਾਹਿਬਜ਼ਾਦਿਆਂ ਵਰਗੇ ਮਹਾਨ ਸ਼ਹੀਦ ਮਨਫ਼ੀ ਹੋ ਜਾਣ। ਇਨ੍ਹਾਂ ਸ਼ਹੀਦਾਂ ਨੂੰ ਇਕ ਖ਼ਾਸ ਅਦਬ ਅਤੇ ਮਰਿਆਦਾ ਨਾਲ ਯਾਦ ਕਰਨਾ ਹੀ, ਆਪਣੇ ਅਕੀਦੇ ਪ੍ਰਤੀ ਸੱਚੀ ਵਫ਼ਾਦਾਰੀ ਦਾ ਹਲਫ਼ ਹੈ।

ਸ਼ਹੀਦ ਕਦੇ ਮਰਦੇ ਨਹੀਂ, ਮੌਤ ਤਾਂ ਜ਼ੁਲਮ ਦੀ ਹੁੰਦੀ ਹੈ। ਅਜਿਹੇ ਸ਼ਹੀਦਾਂ ਦੀਆਂ ਸ਼ਹਾਦਤਾਂ ਦੇ ਸੱਚ ਸਦਾ ਸੱਜਰੇ, ਜਗਦੇ ਅਤੇ ਮਘਦੇ ਰਹਿੰਦੇ ਹਨ। ਸ਼ਹੀਦਾਂ ਦੇ ਲਹੂ ਨਾਲ ਲਿਖੀਆਂ ਇਬਾਰਤਾਂ ਕਦੇ ਫਿੱਕੀਆਂ ਨਹੀਂ ਪੈਂਦੀਆਂ, ਮਹਿਸੂਸ ਕਰਨ ਵਾਲਿਆਂ ਲਈ, ਸ਼ਹੀਦੀਆਂ ਦੀ ਸ਼ਿੱਦਤ ਅਤੇ ਵੇਦਨਾ, ਉਨ੍ਹਾਂ ਦੇ ਜਜ਼ਬਾਤ, ਸਦਾ ਸਰਸਬਜ਼ ਰਹਿੰਦੇ ਹਨ। ਕਮਜ਼ੋਰ ਤੇ ਬੁਜ਼ਦਿਲ ਮਨਾਂ ਦੇ ਅਕੀਦੇ, ਸਮੇਂ ਦੀ ਗਰਦਸ਼ ਨਾਲ ਕਮਜ਼ੋਰ ਪੈ ਜਾਂਦੇ ਹਨ ਅਤੇ ਉਨ੍ਹਾਂ ਦੇ ਮਨਾਂ ਅੰਦਰ, ਆਪਣੇ ਸਿਦਕ ਪ੍ਰਤੀ ਵਫ਼ਾ ਪਾਲਣ ਦੀ ਸਿੱਕ ਤੇ ਸਮਰੱਥਾ ਵੀ ਮਰ ਜਾਂਦੀ ਹੈ। ਉਹ ਘਰ, ਸਿਦਕਵਾਨਾਂ ਦੇ ਘਰ ਨਹੀਂ ਹੁੰਦੇ, ‘ਸਿਦਕੋਂ ਹਾਰਿਆਂ’ ਦੇ ਅਜਿਹੇ ਸਰਾਪੇ ਘਰ ਤਾਂ, ‘ਭੂਤਵਾੜੇ’ ਅਖ਼ਵਾਉਂਦੇ ਹਨ।

ਇਹ ਸਾਲ 2003 ਦਾ ਜ਼ਿਕਰ ਹੈ, ਮੈਂ ਅਮਰੀਕਾ ਦੀ ਇਕ ਯੂਨੀਵਰਸਿਟੀ ਵਿਚ ‘ਅੰਤਰ-ਧਰਮ ਇਕ ਅਨੁਭਵ’ ਵਿਸ਼ੇ ‘ਤੇ ਰੱਖੀ ਗਿਆਨ-ਗੋਸ਼ਟੀ ਵਿਚ ਆਪਣੇ ਵਿਚਾਰ ਪੇਸ਼ ਕਰ ਰਿਹਾ ਸੀ, ਮੰਚ ਦੇ ਸਾਹਮਣੇ ਵਾਲੀ ਦੀਵਾਰ ‘ਤੇ ਪ੍ਰਭੂ ਯਸ਼ੂ ਮਸੀਹ ਦੀ ਇਕ ਲਹੂ-ਲੁਹਾਣ ਆਦਮ ਕੱਦ ਮੂਰਤੀ ਸਲੀਬ ‘ਤੇ ਲਟਕ ਰਹੀ ਸੀ, ਪ੍ਰਭੂ ਯਸ਼ੂ ਮਸੀਹ ਦੇ ਹੱਥਾਂ ਅਤੇ ਪੈਰਾਂ ਵਿਚ ਮੇਖਾਂ ਗੱਡੀਆਂ ਹੋਈਆਂ ਸਨ ਤੇ ਜ਼ਖ਼ਮਾਂ ਵਿੱਚੋਂ ਖ਼ੂਨ ਸਿੰਮਦਾ ਦਿਖਾਇਆ ਹੋਇਆ ਸੀ। ਮੈਂ ਆਪਣੀ ਤਕਰੀਰ ਪ੍ਰਭੂ ਯਸ਼ੂ ਮਸੀਹ ਦੀ ਮੂਰਤੀ ਤੇ ਸਲੀਬ ਦੇ ਜ਼ਿਕਰ ਨਾਲ ਆਰੰਭ ਕੀਤੀ, ਉਸ ਤੋਂ ਬਾਦ ਆਪਣੀ ਬੋਲਣ ਵਿਧੀ ਰਾਹੀਂ ਆਪਣੀ ਜਾਣ-ਪਛਾਣ ਦੇਣ ਸਮੇਂ, ਸਰੋਤਿਆਂ ਨੂੰ ਸਿੱਖ ਇਤਿਹਾਸ ਦੇ ਝਰੋਖਿਆਂ ਵਿੱਚੋਂ ਦੀ, ਸਰਹੰਦ ਦੀਆਂ ਦੀਵਾਰਾਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੋੜ ਲਿਆ। ਸਰੋਤੇ ਸਾਹ ਸੂਤ ਕੇ ਇਸ ਖ਼ੌਫ਼ਨਾਕ ਮੰਜ਼ਰ ਦਾ ਬਿਆਨ ਸੁਣ ਰਹੇ ਸਨ।

ਸਰੋਤਿਆਂ ਦੀ ਪਹਿਲੀ ਕਤਾਰ ਵਿਚ ਯੂਨੀਵਰਸਿਟੀ ਦੇ ਵਿਦੇਸ਼ੀ ਵਿਦਿਆਰਥੀਆਂ ਦੀ ਡੀਨ ਡਾਕਟਰ ਵੈਂਡੀ ਬੈਠੀ ਹੋਈ ਸੀ, ਇਤਫ਼ਾਕ ਨਾਲ ਉਸਦੇ ਦੋਵੇਂ ਪਾਸੇ, ਸੱਜੇ ਅਤੇ ਖੱਬੇ, ਉਸਦੇ ਦੋ ਪੁੱਤਰ ਬੈਠੇ ਹੋਏ ਸਨ, ਜੋ ਉਮਰ ਵਿਚ ਦਸ ਸਾਲ ਤੋਂ ਛੋਟੀ ਉਮਰ ਦੇ ਜਾਪਦੇ ਸਨ। ਮੈਂ ਵੇਖ ਰਿਹਾ ਸੀ ਕਿ ਡਾਕਟਰ ਵੈਂਡੀ ਨੇ ਸਰਹੰਦ ਦੀ ਦਾਸਤਾਨ ਦਾ ਦਰਦਨਾਕ ਵਿਸਥਾਰ ਸੁਣਦਿਆਂ, ਕਈ ਵਾਰੀ ਰੁਮਾਲ ਨਾਲ, ਆਪਣੀਆਂ ਅੱਖਾਂ ਵਿੱਚੋਂ ਵਗਦੇ ਹੰਝੂ ਪੂੰਝੇ ਸਨ। ਉਹ ਇਕ ਸਹਿਮੀ ਹੋਈ ਮਨੋ-ਅਵਸਥਾ ਵਿੱਚ, ਵਾਰ-ਵਾਰ ਆਪਣੇ ਦੋਵਾਂ ਪੁੱਤਰਾਂ ਨੂੰ ਆਪਣੀ ਹਿੱਕੜੀ ਨਾਲ ਲਾ ਰਹੀ ਸੀ, ਮੈਂ ਸਮਝ ਰਿਹਾ ਸੀ ਕਿ ਉਸਦੇ ਮਨ ‘ਤੇ ਕੀ ਗੁਜ਼ਰ ਰਿਹਾ ਹੈ। ਸ਼ਾਇਦ ਉਹ ਉਸ ਵੇਲੇ ਤਸੱਵਰ ਵਿਚ, ਮਾਤਾ ਗੁਜਰੀ ਨੂੰ ਯਾਦ ਕਰਦੀ ਹੋਈ, ਜ਼ਬਰਦਸਤ ਮਾਨਸਿਕ ਪੀੜਾ ਵਿਚ, ਉਨ੍ਹਾਂ ਭਿਆਨਕ ਪਲਾਂ ਨੂੰ ਜਿਉ ਰਹੀ ਸੀ, ਜੋ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਸੁਣਨ ਤੋਂ ਲੈ ਕੇ ਜੋਤੀ-ਜੋਤ ਸਮਾਉਣ ਤਕ ਹੰਢਾਏ ਸਨ। ਜਦੋਂ ਮੈਂ ਸਰਹੰਦ ਦੇ ਇਤਿਹਾਸ ਦੀ ਦਰਦਨਾਕ ਵਿਥਿਆ ਸਮਾਪਤ ਕੀਤੀ ਤਾਂ ਪੂਰੇ ਦੇ ਪੂਰੇ ਆਡੀਟੋਰੀਅਮ ਵਿਚ ਇਕ ਅਜੀਬ ਸੰਨਾਟਾ ਜਿਹਾ ਛਾਇਆ ਹੋਇਆ ਸੀ। ਲਗਪਗ ਸਾਰੇ ਸਰੋਤਿਆਂ ਦੀਆਂ ਅੱਖੀਆਂ ਨਮ ਸਨ। ਮੈਂ ਖ਼ੁਦ ਵੀ ਸਿਰ ਤੋਂ ਪੈਰਾਂ ਤਕ ਅੱਥਰੂ-ਅੱਥਰੂ ਸਾਂ। ਕੁਝ ਪਲ ਦੀ ਖ਼ਾਮੋਸ਼ੀ ਤੋਂ ਬਾਦ ਮੈਂ ਸਰੋਤਿਆਂ ਨੂੰ ਪੁੱਛਿਆ ਕਿ ਜੇ ਉਨ੍ਹਾਂ ਦੇ ਮਨ ਵਿੱਚ ਕੋਈ ਦੁਬਿੱਧਾ ਜਾਂ ਸਵਾਲ ਹੈ ਤਾਂ ਪੁੱਛ ਸਕਦੇ ਹੋ।

ਬਸ! ਇਹ ਕਹਿਣ ਦੀ ਦੇਰ ਸੀ ਕਿ ਮੰਤਰ-ਮੁਗਧ ਹੋਏ ਅਮਰੀਕਨ ਸਰੋਤੇ ਇਕ-ਇਕ ਕਰਕੇ ਸਵਾਲ ਕਰਨ ਲੱਗੇ, ਉਨ੍ਹਾਂ ਵਿੱਚੋਂ ਕੁਝ ਕੁ ਸਵਾਲ ਅਜਿਹੇ ਸਨ, ਜਿਨ੍ਹਾਂ ਨੇ ਮੇਰੀ ਸੰਵੇਦਨਸ਼ੀਲਤਾ ਨੂੰ ਝੰਜੋੜ ਕੇ ਰੱਖ ਦਿੱਤਾ।
ਪਹਿਲਾ ਸਵਾਲ ਇਸ ਤਰ੍ਹਾਂ ਸੀ, ਇਹ ਦੱਸੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ, ਵਜ਼ੀਰ ਖਾਂ ਦੀ ਕਚਹਿਰੀ ਵਿਚ ਪੇਸ਼ੀ ਲਈ ਜਾਣ ਤੋਂ ਪਹਿਲਾਂ, ਕਿਸ ਸ਼ਖ਼ਸ ਦੀ ਸੰਗਤ ਵਿਚ ਸਨ? ਅਜਿਹੀ ਕਿਹੜੀ ਮਹਾਨ ਅਤੇ ਮਜ਼ਬੂਤ ਪ੍ਰੇਰਨਾ ਸੀ , ਜਿਸ ਸਦਕਾ, ਉਨ੍ਹਾਂ ਵਜ਼ੀਰ ਖਾਂ ਦੇ ਡਰਾਵੇ ਤੇ ਬਹਿਕਾਵਿਆਂ ਨੂੰ ਦਰਕਿਨਾਰ ਕਰਦੇ ਹੋਏ, ਡੋਲਣ ਤੇ ਘਬਰਾਉਣ ਦੀ ਬਜਾਏ, ਜਿਊਣ ਦੀ ਇੱਛਾ ਦੇ ਸਾਰੇ ਇਖ਼ਤਿਆਰੀ ਬਦਲ ਠੁਕਰਾ ਕੇ, ਸਿੱਖੀ ਸਿਦਕ ‘ਤੇ ਪਹਿਰਾ ਦਿੰਦੇ ਹੋਏ, ਇਕ ਦਰਦਨਾਕ ਮੌਤ ਮਨਜ਼ੂਰ ਕਰਨ ਨੂੰ ਹੀ ਤਰਜੀਹ ਕਿਉਂ ਦਿੱਤੀ? ਦੂਸਰਾ ਸਵਾਲ ਸੀ ਕਿ ਮਾਸੂਮ ਸਾਹਿਬਜ਼ਾਦਿਆਂ ਨੂੰ ਜਦੋਂ ਜਿਊਂਦੇ ਦੀਵਾਰਾਂ ਵਿਚ ਚਿਣਨਾ ਸ਼ੁਰੂ ਕੀਤਾ, ਤਾਂ ਇਸ ਵਿਕਰਾਲ ਪ੍ਰਕਿਰਿਆ ਵਿਚ ਲਗਪਗ ਕਿੰਨਾ ਕੁ ਸਮਾਂ ਲੱਗਾ ਹੋਵੇਗਾ?

ਪਹਿਲੇ ਸਵਾਲ ਦਾ ਜਵਾਬ ਤਾਂ ਮੈਂ ਬੜੇ ਠਰ੍ਹੰਮੇ ਤੇ ਵਿਸਥਾਰ ਨਾਲ ਦੇ ਦਿੱਤਾ ਪਰ ਦੂਸਰੇ ਸਵਾਲ ਨੇ ਮੈਨੂੰ ਸ਼ਰਮ ਨਾਲ ਪਾਣੀਪਾਣੀ ਕਰ ਦਿੱਤਾ। ਉਨ੍ਹਾਂ ਸੁਹਿਰਦ ਸਰੋਤਿਆਂ ਦੇ ਤਾਂ ਸਰਹੰਦ ਦੀ ਦਾਸਤਾਨ ਦਾ ਵਰਨਣ ਸੁਣ ਕੇ ਹੀ ਹੰਝੂ ਵਹਿ ਤੁਰੇ ਸਨ, ਮੈਂ ਉਨ੍ਹਾਂ ਨੂੰ ਕਿਸ ਤਰ੍ਹਾਂ ਦੱਸਦਾ, ਕਿ ਸਿੱਖ ਤਾਂ ਹੁਣ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਦਿਨ, ਵਿਆਹ ਸ਼ਾਦੀਆਂ ਵੀ ਕਰਨ ਲੱਗ ਪਏ ਹਨ। ਇਕ ਪਾਸੇ ਸਾਹਿਬਜ਼ਾਦਿਆਂ ਦੇ ਨੀਹਾਂ ਵਿਚ ਚਿਣਨ ਦਾ ਸਮਾਂ ਆਉਂਦਾ ਹੈ ਦੂਸਰੇ ਪਾਸੇ ਬੈਂਡ-ਵਾਜੇ ਵੱਜਦੇ ਹਨ, ਬਰਾਤਾਂ ਢੁਕਦੀਆਂ ਹਨ, ਸ਼ਹਿਨਾਈਆਂ ਦੀ ਗੂੰਜ ਵਿਚ ਕੁੜਮ ਮਿਲਣੀਆਂ ਕਰਦੇ ਹਨ ਤੇ ਜਸ਼ਨ ਮਨਾਏ ਜਾਂਦੇ ਹਨ।

ਭਲਾ ਮੈਂ ਕਿੰਝ ਦੱਸਦਾ ਕਿ ਅੱਜ-ਕੱਲ੍ਹ ਤਾਂ ਸ਼ਹੀਦੀ ਜੋੜ ਮੇਲੇ ‘ਤੇ ਲੰਗਰਾਂ ਵਿਚ ਲੱਡੂ-ਜਲੇਬੀਆਂ ਵੀ ਪੱਕਦੇ ਹਨ ਅਤੇ ਗੁਰੂ ਦੇ ਲਾਲਾਂ ਦੀਆਂ ਸ਼ਹੀਦੀਆਂ ‘ਤੇ ‘ਖ਼ਿਰਾਜ਼-ਏ-ਅਕੀਦਤ’ ਭੇਟ ਕਰਨ ਆਏ ਤੀਰਥ ਯਾਤਰੀ, ਬੜੇ ਸਵਾਦ ਨਾਲ ਲੱਡੂ-ਜਲੇਬੀਆਂ ਛਕਦੇ ਹਨ। ਮੈਂ ਕਿੰਝ ਦੱਸਦਾ ਕਿ ਸ਼ਹੀਦੀ ਜੋੜ ਮੇਲੇ ‘ਤੇ ਪੁੱਜਣ ਵਾਲੀਆਂ ਸੰਗਤਾਂ ਲਈ, ਸੜਕਾਂ ‘ਤੇ ਜਗ੍ਹਾ-ਜਗ੍ਹਾ ਲਾਏ ਜਾਂਦੇ ਲੰਗਰਾਂ ਵਿਚ, ਲੰਗਰ ਵਰਤਾਉਣ ਵਾਲੇ ਸਿੱਖ ਨੌਜਵਾਨਾਂ ਵਿਚ ਕੋਈ ਟਾਵਾਂ-ਟੱਲਾ ਹੀ ਕੇਸਧਾਰੀ ਹੁੰਦਾ ਹੈ।

ਜ਼ਿਕਰਯੋਗ ਹੈ ਕਿ ਨਵਾਬ ਸ਼ੇਰ ਮੁਹੰਮਦ ਖ਼ਾਨ ਮਲੇਰਕੋਟਲਾ ਨੇ, ਨਾ ਸਿਰਫ਼ ਹਾਅ ਦਾ ਨਾਹਰਾ ਹੀ ਮਾਰਿਆ ਸਗੋਂ ਉਸ ਨੇ ਮਾਸੂਮ ਸਾਹਿਬਜ਼ਾਦਿਆਂ ‘ਤੇ ਜ਼ੁਲਮ ਰੋਕਣ ਲਈ ਬੜੇ ਲਹੂਰ ਅਤੇ ਤਰਲੇ ਵੀ ਲਏ, ਲਾਹਨਤਾਂ ਵੀ ਪਾਈਆਂ ਪਰ ਜ਼ਾਲਮ ਵਜ਼ੀਰ ਖ਼ਾਂ ਨੇ ਉਸਦੀ ਇਕ ਨਾ ਸੁਣੀ। ਸਿੱਖ ਕੌਮ ਦੇ ਇਤਿਹਾਸ ਦੇ ਅਜਿਹੇ ਨਾਜ਼ੁਕ ਅਤੇ ਭਿਆਨਕ ਮਰਹਲੇ ਤੇ ਨਵਾਬ ਸ਼ੇਰ ਮੁਹੰਮਦ ਖ਼ਾਨ, ਮਾਲੇਰਕੋਟਲਾ ਵੱਲੋਂ ਨਿਭਾਈ ਵਿਸ਼ੇਸ਼ ਤਵਾਰੀਖੀ ਭੂਮਿਕਾ ਲਈ, ਸਿੱਖ ਕੌਮ ਹਮੇਸ਼ਾ ਲਈ ਉਨ੍ਹਾਂ ਦੀ ਅਹਿਸਾਨਮੰਦ ਰਹੇਗੀ।