ਵਿਰੋਧੀ ਧਿਰਾਂ ਦੀ ਏਕਤਾ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਪਾਰਟੀਆਂ ਦੀ ਸ਼ੁੱਕਰਵਾਰ ਨੂੰ ਬੁਲਾਈ ਵਰਚੁਅਲ ਮੀਟਿੰਗ ਵਿਚ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦਾ ਮੁਕਾਬਲਾ ਕਰਨ ਲਈ ਇਕਜੁੱਟ ਹੋਣ ਦਾ ਸੱਦਾ ਨਵੇਂ ਸਿਆਸੀ ਸਮੀਕਰਨਾਂ ਦਾ ਸੰਕੇਤ ਦੇ ਰਿਹਾ ਹੈ। ਦੇਸ਼ ਦੀਆਂ 19 ਪਾਰਟੀਆਂ ਨੇ ਇਸ ਵਿਚ ਹਿੱਸਾ ਲਿਆ। ਸਮਾਜਵਾਦੀ ਪਾਰਟੀ, ਬਸਪਾ, ਆਪ ਅਤੇ ਅਕਾਲੀ ਦਲ ਸਮੇਤ ਕਈ ਪਾਰਟੀਆਂ ਵੱਖ ਵੱਖ ਕਾਰਨਾਂ ਕਰ ਕੇ ਮੀਟਿੰਗ ਤੋਂ ਦੂਰ ਰਹੀਆਂ। ਮੀਟਿੰਗ ਪਿੱਛੋਂ ਸਾਂਝੇ ਬਿਆਨ ਰਾਹੀਂ ਦੇਸ਼ ਦੇ ਲੋਕਾਂ ਨੂੰ ਧਰਮਨਿਰਪੱਖ, ਜਮਹੂਰੀ, ਗਣਤੰਤਰ ਦੇ ਸਿਧਾਂਤ ਨੂੰ ਅਪਣਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਗਿਆ। ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਵਿਰੋਧੀ ਧਿਰਾਂ ਦੀ ਏਕਤਾ ਤੋਂ ਉਤਸ਼ਾਹਿਤ ਹੋਈਆਂ ਪਾਰਟੀਆਂ ਨੇ ਇਸ ਏਕਤਾ ਨੂੰ ਸੰਸਦ ਤੋਂ ਬਾਹਰ ਵੀ ਕਾਇਮ ਕਰਨ ਦੇ ਇਰਾਦੇ ਦਾ ਪ੍ਰਗਟਾਵਾ ਕੀਤਾ ਹੈ। ਸੰਸਦ ਅੰਦਰ ਪੈਗਾਸਸ ਜਾਸੂਸੀ ਮਾਮਲਾ, ਤਿੰਨ ਖੇਤੀ ਕਾਨੂੰਨ ਵਾਪਸ ਕਰਵਾਉਣ, ਤੇਲ ਕੀਮਤਾਂ ਵਿਚ ਵਾਧਾ ਅਤੇ ਕੋਵਿਡ-19 ਦੇ ਮਾਮਲੇ ਨੂੰ ਠੀਕ ਢੰਗ ਨਾਲ ਨਾ ਨਜਿੱਠੇ ਜਾਣ ਦੇ ਮੁੱਦਿਆਂ ਉੱਤੇ ਆਵਾਜ਼ ਬੁਲੰਦ ਕੀਤੀ ਸੀ।

ਵਿਰੋਧੀ ਧਿਰਾਂ ਦੀ ਏਕਤਾ ਦੇ ਮੁੱਦੇ ਉੱਤੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹੀ ਵਿਰੋਧੀ ਧਿਰਾਂ ਨੂੰ ਚਿੱਠੀ ਲਿਖ ਕੇ ਇਕਜੁੱਟ ਹੋਣ ਦੀ ਅਪੀਲ ਕੀਤੀ ਸੀ। ਬੀਤੇ ਦਿਨੀਂ ਮਮਤਾ ਬੈਨਰਜੀ ਨੇ ਸੋਨੀਆ ਗਾਂਧੀ ਸਮੇਤ ਵਿਰੋਧੀ ਧਿਰ ਦੇ ਆਗੂਆਂ ਨਾਲ ਮੁਲਾਕਾਤਾਂ ਕਰਕੇ ਵੀ ਏਕਤਾ ਦੇ ਮੁੱਦੇ ਨੂੰ ਉਭਾਰਿਆ ਸੀ। ਸ਼ੁੱਕਰਵਾਰ ਹੋਈ ਮੀਟਿੰਗ ਵਿਚ ਮਮਤਾ ਦਾ ਸੁਝਾਅ ਗ਼ੌਰ ਕਰਨ ਲਾਇਕ ਹੈ। ਉਸ ਦਾ ਕਹਿਣਾ ਸੀ ਕਿ ਬੁਨਿਆਦੀ ਮੁੱਦਿਆਂ ਉੱਤੇ ਛੋਟੀਆਂ ਕਮੇਟੀਆਂ ਬਣਾ ਕੇ ਜਨਤਕ ਪ੍ਰੋਗਰਾਮ ਐਲਾਨਣੇ ਚਾਹੀਦੇ ਹਨ। ਵਿਰੋਧੀ ਗਰੁੱਪ ਦਾ ਆਗੂ ਕੌਣ ਹੋਵੇਗਾ, ਇਸ ਗੱਲ ਨੂੰ ਇਕ ਪਾਸੇ ਰੱਖਦਿਆਂ ਭਾਜਪਾ ਦੇ ਖਿ਼ਲਾਫ਼ ਮੁਹਿੰਮ ਲੋਕਾਂ ਤੱਕ ਲਿਜਾਣਾ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਇਸ ਦਾ ਭਾਵ ਇਹ ਹੈ ਕਿ ਕੇਵਲ ਸੰਸਦ ਵਿਚ ਮੈਂਬਰਾਂ ਦੀ ਗਿਣਤੀ ਮਿਣਤੀ ਤੱਕ ਹੀ ਮਹਿਦੂਦ ਰਹਿਣ ਨਾਲ ਗੱਲ ਨਹੀਂ ਬਣਨੀ। ਮੀਟਿੰਗ ਤੋਂ ਬਾਹਰ ਰਹਿ ਗਈਆਂ ਧਿਰਾਂ ਨਾਲ ਤਾਲਮੇਲ ਵੀ ਜ਼ਰੂਰੀ ਹੈ।

ਸ਼ਰਦ ਪਵਾਰ ਨੇ ਵੀ ਵਿਰੋਧੀ ਧਿਰਾਂ ਦੀ ਸਾਂਝੀ ਮੀਟਿੰਗ ਕੀਤੀ ਸੀ। ਫਿਲਹਾਲ ਪਹਿਲਕਦਮੀ ਕਰਨ ਵਾਲੇ ਤਿੰਨੇ ਆਗੂ ਕਾਂਗਰਸ ਪਿਛੋਕੜ ਵਾਲੇ ਹਨ। ਅਸਲ ਮੁੱਦਾ ਏਜੰਡੇ ਨਾਲ ਜੁੜਿਆ ਹੋਇਆ ਹੈ। ਭਾਜਪਾ ਦੇ ਮੁਕਾਬਲੇ ਇਕਜੁੱਟ ਵਿਰੋਧੀ ਧਿਰ ਨੂੰ ਜਾਸੂਸੀ, ਖੇਤੀ ਬਿਲ, ਮਹਿੰਗਾਈ ਅਤੇ ਕੋਵਿਡ-19 ਤੋਂ ਇਲਾਵਾ ਢਾਂਚਾਗਤ ਅਤੇ ਨੀਤੀਗਤ ਮਾਮਲਿਆਂ ਬਾਰੇ ਬਦਲ ਪੇਸ਼ ਕਰਨ ਦੀ ਜ਼ਰੂਰਤ ਪਵੇਗੀ। ਮੀਟਿੰਗ ਵਿਚ ਇਹ ਸਵਾਲ ਉੱਠਿਆ ਹੈ ਕਿ ਭਾਜਪਾ ਤਾਕਤਾਂ ਦੇ ਕੇਂਦਕੀਰਨ ਰਾਹੀਂ ਫੈਡਰਲਿਜ਼ਮ ਨੂੰ ਲਗਾਤਾਰ ਕਮਜ਼ੋਰ ਕਰ ਰਹੀ ਹੈ। ਕੀ ਸਮੁੱਚੀ ਵਿਰੋਧੀ ਧਿਰ ਫੈਡਰਲਿਜ਼ਮ ਨੂੰ ਮੁੱਦਾ ਬਣਾ ਕੇ ਵਿਆਪਕ ਲਾਮਬੰਦੀ ਬਾਰੇ ਸਹਿਮਤ ਹੋ ਸਕੇਗੀ? ਕਾਂਗਰਸ ਸਰਕਾਰਾਂ ਸਮੇਂ ਵੀ ਕੇਂਦਰੀਕਰਨ ਦਾ ਰੁਝਾਨ ਰਿਹਾ ਹੈ। ਪਾਰਟੀ ਨੂੰ ਮੰਥਨ ਕਰ ਕੇ ਨਵੇਂ ਹਾਲਾਤ ਮੁਤਾਬਿਕ ਆਪਣਾ ਮਨ ਬਣਾਉਣਾ ਪਵੇਗਾ। ਮੌਜੂਦਾ ਹਾਲਾਤ ਵਿਚ ਭਾਜਪਾ ਦੇ ਵਿਰੋਧ ਦਾ ਇਹ ਵੱਡਾ ਮੁੱਦਾ ਬਣ ਸਕਦਾ ਹੈ।

Leave a Reply

Your email address will not be published. Required fields are marked *