ਏਜੰਡੇ ਦੇ ਵਿਰੋਧੀਆਂ ਨੂੰ ਦਬਾਉਣ ਦੀ ਤਾਨਾਸ਼ਾਹੀ ਅਜ਼ਮਾਇਸ਼

ਉੱਤਰ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਲਈ ਇੱਕ ਵੱਡੀ ਪ੍ਰਯੋਗਸ਼ਾਲਾ ਬਣ ਚੁੱਕੀ ਹੈ ਜਿੱਥੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਤਜ਼ਰਬੇ ਚੱਲਦੇ ਰਹਿੰਦੇੇ ਹਨ। ਅੱਜ ਕੱਲ੍ਹ ਜਿੱਥੇ ਸਾਜ਼ਿਸ਼ ਭਰਿਆ ਇੱਕ ਵੱਡਾ ਸਿਆਸੀ ਪ੍ਰਯੋਗ ਵੀ ਚੱਲ ਰਿਹਾ ਹੈ। ਇਸ ਰਾਜ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਨੇ ਯੋਗੀ ਅਦਿੱਤਯਾ ਨਾਥ ਨੂੰ ਮੂਹਰੇ ਕੀਤਾ ਹੋਇਆ ਹੈ ਜੋ ਮਾਰਚ 2017 ਤੋਂ ਮੁੱਖ ਮੰਤਰੀ ਚੱਲੇ ਆ ਰਹੇ ਹਨ ਅਤੇ ਜਿਨ੍ਹਾਂ ਦਾ ਅਸਲੀ ਨਾਂ ਅਜੈ ਮੋਹਨ ਬਿਸ਼ਟ ਹੈ। ਯੋਗੀ ਅਦਿੱਤਯਾ ਨਾਥ ਆਪਣੇ ਹਿੰਦੂਤਵੀ ਵਿਚਾਰਾਂ ਅਤੇ ਇਨ੍ਹਾਂ ਵਿਚਾਰਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਸਖ਼ਤੀ ਨਾਲ ਕੁਚਲਣ ਦੀਆਂ ਕਾਰਵਾਈਆਂ ਲਈ ਪ੍ਰਸਿੱਧ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤਾਜਮਹਲ ਦਾ ਨਾਮ ਵੀ ਬਦਲਿਆ ਜਾਣਾ ਚਾਹੀਦਾ ਹੈ ਜਿਵੇਂ ਉਨ੍ਹਾਂ ਨੇ ਅਲਹਾਬਾਦ ਦਾ ਨਾਮ ਬਦਲ ਕੇ ਪ੍ਰਯਾਗਰਾਜ ਕੀਤਾ ਹੈ। ਯੋਗੀ ਅਦਿਤਯਾ ਨਾਥ ਦੇ ਰਾਜ ਦੌਰਾਨ ਅਦਾਲਤਾਂ ਤੋਂ ਬਾਹਰ ਹੀ ਅਖੌਤੀ ਦੋਸ਼ੀਆਂ ’ਤੇ ਵੱਡੇ ਵੱਡੇ ਜੁਰਮਾਨੇ ਲਾਏ ਗਏ ਹਨ ਅਤੇ ਕਈਆਂ ਦੇ ਘਰ ਢਾਹੇ ਗਏ ਹਨ। ਉਹ ਵਿਰੋਧੀਆਂ, ਖਾਸ ਕਰ, ਮੁਸਲਿਮ ਵਿਰੋਧੀਆਂ ਪ੍ਰਤੀ ਖਾਸ ਸਖ਼ਤ ਰੁਖ ਰੱਖਦੇ ਹਨ। ਵੱਡੀ ਗੱਲ ਇਹ ਹੈ ਕਿ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਚਹੇਤੇ ਮੁੱਖ ਮੰਤਰੀ ਹਨ। ਇਸ ਦੀ ਵਜ੍ਹਾ ਇਹ ਹੈ ਕਿ ਉਹ ਹਿੰਦੂਤਵੀ ਏਜੰਡਾ ਬੇਕਿਰਕੀ ਨਾਲ ਲਾਗੂ ਕਰ ਰਹੇ ਹਨ।

ਉੱਤਰ ਪ੍ਰਦੇਸ਼ ਵਿੱਚ ਸਿਰਫ਼ ਹਿੰਦੂਤਵੀ ਏਜੰਡਾ ਹੀ ਲਾਗੂ ਨਹੀਂ ਹੋ ਰਿਹਾ ਹਕੂਮਤ ਦੇ ਤਾਨਾਸ਼ਾਹੀ ਢੰਗ ਤਰੀਕੇ ਵੀ ਅਮਲ ਵਿੱਚ ਉਤਾਰੇ ਜਾ ਰਹੇ ਹਨ। ਕਈ ਦਰਜਨ ਅਖੌਤੀ ਮੁਜ਼ਰਮਾਂ ਨੂੰ ਪੁਲਿਸ ਮੁਕਾਬਲਿਆਂ ’ਚ ਖ਼ਤਮ ਕਰ ਦਿੱਤਾ ਗਿਆ ਹੈ। ਧਰਮ ਦੇ ਆਧਾਰ ’ਤੇ ਪੱਕਾ ਧਰੁਵੀਕਰਨ ਸਥਾਪਤ ਕਰਨ ਲਈ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਨੇ ਪੂਰਾ ਜ਼ੋਰ ਲਾ ਰੱਖਿਆ ਹੈ । ਅਗਲੇ ਸਾਲ ਇਥੇ, ਮਾਰਚ 2022 ਤੋਂ ਪਹਿਲਾਂ, ਚੋਣਾਂ ਹੋ ਜਾਣੀਆਂ ਹਨ। ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਲਈ ਕੇਂਦਰ ਵਿੱਚ ਆਪਣੀ ਸਰਕਾਰ ਕਾਇਮ ਰੱਖਣ ਲਈ ਉੱਤਰਪ੍ਰਦੇਸ਼ ਬੇਹੱਦ ਮਹੱਤਵਪੂਰਣ ਹੈ। ਮੁਸ਼ਕਿਲ ਇਹ ਹੈ ਕਿ ਕਿਸਾਨਾਂ ਦੀ ਵੱਡੀ ਗਿਣਤੀ ਵਾਲੇ ਇਸ ਸੂਬੇ ਵਿੱਚ ਕਿਸਾਨ ਸਰਕਾਰ ਅਤੇ ਹੁਕਮਰਾਨ ਭਾਰਤੀ ਜਨਤਾ ਪਾਰਟੀ ਦੇ ਖ਼ਿਲਾਫ਼ ਉਤਰੇ ਹੋਏ ਹਨ। ਪਰ ਭਾਰਤੀ ਜਨਤਾ ਪਾਰਟੀ ਦੇ ਇਥੋਂ ਦੇ ਆਗੂ ਆਪਣੇ ਆਪ ਨੂੰ ਕੁਝ ਜ਼ਿਆਦਾ ਹੀ ਤਾਕਤਵਰ ਸਮਝਦੇ ਹਨ। ਇਹ ਉੱਤਰ ਪ੍ਰਦੇਸ਼ ਨੂੰ ਆਪਣੀ ਜਗੀਰ ਸਮਝਣ ਦੀ ਗਲਤੀ ਕਰ ਰਹੇ ਹਨ। ਇਸੇ ਦਾ ਇਕ ਨਤੀਜਾ ਲਖ਼ੀਮਪੁਰ ਖ਼ੀਰੀ ਦਾ ਘਟਨਾਕ੍ਰਮ ਹੈ। ਕਿਸਾਨਾਂ ਨੂੰ ਸ਼ਰੇਆਮ ਥਾਰ ਜੀਪ ਹੇਠ ਦਰੜ ਕੇ ਖ਼ਤਮ ਕਰ ਦਿੱਤਾ ਗਿਆ ਹੈ, ਜੋ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਹੈ। ਚਾਰ ਹੋਰ ਵੀ ਮੌਤਾਂ ਹੋਈਆਂ ਹਨ। ਸੂਚਨਾ ਅਨੁਸਾਰ ਭਾਰਤੀ ਜਨਤਾ ਪਾਰਟੀ ਦੇ ਦੋ ਕਾਰਕੁਨਾਂ, ਇਕ ਡਰਾਇਵਰ ਅਤੇ ਇਕ ਪੱਤਰਕਾਰ ਦੀ ਮੌਤ ਹੋਈ ਹੈ। ਭਾਰਤੀ ਜਨਤਾ ਪਾਰਟੀ ਦੇ ਸਮਰਥਕ ਕਹਿ ਰਹੇ ਹਨ ਕਿ ਕਿਸਾਨਾਂ ਨੇ ਇਨ੍ਹਾਂ ਨੂੰ ਕੁੱਟ-ਕੁੱਟ ਕੇ ਮਾਰਿਆ ਹੈ। ਭਾਰਤੀ ਜਨਤਾ ਪਾਰਟੀ ਸਮੁੱਚੇ ਦੁਖਾਂਤ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਦੱਸ ਰਹੀ ਹੈ। ਪਰ ਨਿਰਪੱਖ ਜਾਂਚ ਦੀ ਮੰਗ ਕਿਸਾਨ ਕਰ ਰਹੇ ਹਨ। ਹੈਰਾਨੀ ਇਹ ਹੈ ਕਿ ਉੱਤਰ ਪ੍ਰਦੇਸ਼ ਅਤੇ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਹੋਣ ਦੇ ਬਾਵਜੂਦ ਜਾਂਚ ਖੋਲ੍ਹਣ ਨੂੰ ਵੀ ਦੇਰੀ ਹੋ ਰਹੀ ਹੈ ਅਤੇ ਗ੍ਰਿਫ਼ਤਾਰੀ ਨੂੰ ਵੀ ।

ਪਰ ਕਿਸਾਨਾਂ ਦੀਆਂ ਮੌਤਾਂ ਨੇ ਦੇਸ਼ ’ਚ ਸਿਆਸੀ ਤੁਫ਼ਾਨ ਖੜਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੀ ਪ੍ਰਯੋਗਸ਼ਾਲਾ ਵਿੱਚ ਇਹ ਦੇਖਣ ਲਈ ਦੂਜਾ ਪ੍ਰਯੋਗ ਸ਼ੁਰੂ ਹੋ ਗਿਆ ਹੈ ਕਿ ਵਿਰੋਧੀ ਪਾਰਟੀਆਂ ਤੇ ਇਸ ਦੇ ਆਗੂਆਂ ਅਤੇ ਹਰ ਤਰ੍ਹਾਂ ਦੇ ਕਿਸਾਨਾਂ ਦੇ ਦੂਸਰੇ ਸਮਰਥਕਾਂ ਨੂੰ ਤਾਨਾਸ਼ਾਹੀ ਨਾਲ ਕਿੰਨਾ ਕੁ ਅਤੇ ਕਿੰਨੀ ਦੇਰ ਦਬਾਇਆ ਜਾ ਸਕਦਾ ਹੈ। ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਜਲਦੀ ਹੀ ਐਲਾਨ ਹੋ ਗਿਆ ਹੈ। ਇਸ ’ਚ ਵੀ ਤਾਨਾਸ਼ਾਹ ਸਰਕਾਰ ਦੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਤੁੱਛ ਜਾਨਣ ਦੀ ਮਨਸ਼ਾ ਝਲਕਦੀ ਹੈ। ਮੁਆਵਜ਼ਾ ਮਿਲੇਗਾ, ਇਨਸਾਫ ਦੇਖਾਂਗੇ। ਪੀੜਤ ਪਰਿਵਾਰਾਂ ਨੂੰ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ 3 ਦਿਨ ਤੱਕ ਮਿਲਣ ਨਹੀਂ ਦਿੱਤਾ ਗਿਆ । ਪ੍ਰਯੋਗ ਚੱਲ ਰਿਹਾ ਹੈ ਕਿ ਵੱਡੇ ਆਗੂਆਂ ਨੂੰ ਵੀ ਨਾ ਬਖਸ਼ੋ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਤਿੰਨ ਦਿਨ ਹਿਰਾਸਤ ਵਿੱਚ ਰੱਖਿਆ ਗਿਆ। ਪੰਜਾਬ ਦੇ ਉਪ ਮੁੱਖ ਮੰਤਰੀ ਨੂੰ ਹਿਰਾਸਤ ’ਚ ਲਿਆ ਗਿਆ ਹੈ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਹਵਾਈ ਅੱਡੇ ਤੋਂ ਹੀ ਬਾਹਰ ਨਹੀਂ ਨਿਕਲਣ ਦਿੱਤਾ ਗਿਆ। ਅਖਿਲੇਸ਼ ਯਾਦਵ ਨੂੰ ਹਿਰਾਸਤ ’ਚ ਲਿਆ ਗਿਆ । ਪੀੜਤ ਪਰਿਵਾਰਾਂ ਨੂੰ ਮਿਲਣ ਲਈ ਆਉਣ ਵਾਲੇ ਹਰੇਕ ਛੋਟੇ-ਵੱਡੇ ਆਗੂ ਨੂੰ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਘੇਰਿਆ ਤੇ ਰੋਕਿਆ। ਪਰ ਅੰਤ ਨੂੰ ਲੋਕਾਂ ਦੇ ਦਬਾ ਹੇਠ ਉੱਤਰ ਪ੍ਰਦੇਸ਼ ਦੀ ਸਰਕਾਰ ਵੱਲੋਂ ਸਾਰੇ ਆਗੂਆਂ ਨੂੰ ਲਖ਼ੀਮਪੁਰ ਖ਼ੀਰੀ ਪਹੁੰਚਣ ਦੀ ਇਜਾਜ਼ਤ ਦੇ ਦਿੱਤੀ ਗਈ। ਪਰ ਜਮਹੂਰੀਅਤ ਦਾ ਘਾਣ ਕਰਨ ਦਾ ਇੱਕ ਵੱਡਾ ਸਾਜ਼ਿਸੀ ਸਿਆਸੀ ਯਤਨ ਅਜ਼ਮਾਇਆ ਜ਼ਰੂਰ ਗਿਆ ਹੈ। ਬੀਤੇ ਮੰਗਲਵਾਰ ਪ੍ਰਧਾਨ ਮੰਤਰੀ ਲਖਨਊ ਦੀ ਫੇਰੀ ਮਾਰ ਗਏ ਹਨ, ਜੋ ਕਿ ਲਖ਼ੀਮਪੁਰ ਖ਼ੀਰੀ ਤੋਂ ਸਵਾ ਸੌ ਕਿਲੋਮੀਟਰ ਹੀ ਦੂਰ ਹੈ। ਲਖ਼ੀਮਪੁਰ ਖ਼ੀਰੀ ਦੀਆਂ ਘਟਨਾਵਾਂ ਅਤੇ ਹੋਈਆਂ ਮੌਤਾਂ ਬਾਰੇ ਉਨ੍ਹਾਂ ਇਕ ਸ਼ਬਦ ਵੀ ਨਹੀਂ ਕਿਹਾ। ਚੁੱਪੀ ਧਾਰ ਲੈਣਾ, ਉਨ੍ਹਾਂ ਦਾ ਆਪਣੇ ਸਮਰਥਕਾਂ ਦੀਆਂ ਨਾਜਾਇਜ਼ ਤੇ ਗਲਤ ਕਾਰਵਾਈਆਂ ਨੂੰ ਨਜ਼ਰਅੰਦਾਜ਼ ਕਰਕੇ ਦਰੁਸਤ ਠਹਿਰਾਉਣ ਦਾ ਇਕ ਤਰੀਕਾ ਹੈ। ਉਹ ਉੱਤਰ ਪ੍ਰਦੇਸ਼ ’ਚ ਚੱਲ ਰਹੇ ਪ੍ਰਯੋਗ ’ਚ ਵਿਘਨ ਨਹੀਂ ਪਾਉਣਾ ਚਾਹੁੰਦੇ। ਪਰ ਉਨ੍ਹਾਂ ਲਈ ਵੀ ਆਪਣੇ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾ ਪੱਖ ਪੂਰਨਾ ਆਸਾਨ ਨਹੀਂ ਹੋਵੇਗਾ।

Leave a Reply

Your email address will not be published. Required fields are marked *