‘ਸੋਹਣੀ ਸੂਰਤ’ ਗੀਤ ਲੈ ਕੇ ਮੁੜ ਹਾਜ਼ਰ ਹੈ ਸੁਰਖ਼ਾਬ (-ਪ੍ਰੀਤਮ ਲੁਧਿਆਣਵੀ)
ਸੁਰੀਲੀ ਤੇ ਬੁਲੰਦ ਆਵਾਜ਼ ਦੇ ਧਨੀ ਨਾਮਵਰ ਗਾਇਕ ਸੁਰਖਾਬ ਨੂੰ ਗਾਇਕੀ ਦੀ ਕਲਾ ਵਿਰਸੇ ਵਿਚੋਂ ਹੀ ਮਿਲੀ ਹੈ। ਕਿਉਂਕਿ ਇਸ ਦੇ ਪਿਤਾ ਸ੍ਰ. ਕਰਨੈਲ ਸਿੰਘ ਸਬਦਲਪੁਰੀ ਨੇ ਸੁਰਾਂ ਦੇ ਸ਼ਾਹ ਉਸਤਾਦ ਸ੍ਰੀ ਸ਼ਾਹਕੋਟੀ ਜੀ ਦੀ ਸ਼ਗਿਰਦੀ ਕਰ ਕੇ ਗੀਤਕਾਰੀ ਤੇ ਗਾਇਕੀ ਵਿੱਚ ਮੁਹਾਰਤ ਹਾਸਿਲ ਕਰਕੇ ਚੰਗਾ ਨਾਮਣਾ ਖੱਟਿਆ ਹੈ। ਘਰ ਵਿਚ ਸੰਗੀਤਕ ਮਾਹੌਲ ਹੋਣਾ ਸੁਭਾਵਿਕ ਹੀ ਸੀ।ਇਸੇ ਕਰਕੇ ਸੁਰਖਾਬ ਨੂੰ ਮਾਸਟਰ ਸਲੀਮ, ਹੰਸ ਰਾਜ ਹੰਸ, ਸਾਬਰਕੋਟੀ, ਸਰਦੂਲ ਸਿਕੰਦਰ ਆਦਿ ਜਿਹੇ ਨਾਮਵਰ ਉੱਘੇ ਗਾਇਕਾਂ ਦੀ ਸੰਗਤ ਮਾਣਨ ਦਾ ਸਹਿਜੇ ਹੀ ਸੁਭਾਗ ਪ੍ਰਾਪਤ ਹੁੰਦਾ ਰਿਹਾ, ਜਿਸ ਸੰਗਤ ਨੇ ਉਸਦੀ ਗਾਇਕੀ ਨੂੰ ਨਿਖਾਰਨ ’ਚ ਅਹਿਮ ਯੋਗਦਾਨ ਪਾਇਆ ਹੈ ਅਤੇ ਜਿਹੜਾ ਕਿ ਸੁਰਖਾਬ ਦੀ ਗਾਇਕੀ ’ਚੋਂ ਸਾਫ-ਸਾਫ ਵੇਖਿਆ ਜਾ ਸਕਦਾ ਹੈ। ਸੁਰਖਾਬ ਹੁਣ ਤੱਕ, ‘ਕਿਸਾਨ ਸੜਕਾਂ ਉਤੇ’, ‘ਗੁਰੂ ਤੇਗ ਬਹਾਦਰ ਧਰਮ ਦੀ ਚਾਦਰ’, ‘ਗੁਰੂਆਂ ਦਾ ਹੈ ਗੁਰੂ ਗ੍ਰੰਥ ਮਹਾਨ ਗੁਰੂ’ ਅਤੇ ‘ਕਾਂਸ਼ੀ ਵਿਚ ਰਹਿਣ ਵਾਲਿਆ’ ਜਿਹੇ ਸੁਪਰ ਹਿੱਟ ਰਹੇ ਗੀਤਾਂ ਦੇ ਨਾਲ-ਨਾਲ ਹੋਰ ਵੀ ਧਾਰਮਿਕ ਗੀਤ ਤੇ ਮਾਤਾ ਦੀਆਂ ਭੇਟਾਂ ਨਾਲ ਸੰਗੀਤ ਪ੍ਰੇਮੀਆਂ ਦੇ ਕਟਹਿਰੇ ਵਿਚ ਸਮੇਂ ਸਮੇਂ ’ਤੇ ਭਰਵੀਂ ਹਾਜ਼ਰੀ ਲਗਵਾ ਚੁੱਕਾ ਹੈ, ਜਿਸਦੀ ਬਦੌਲਤ ਉਸਦਾ ਨਾਂ ਅੱਜ ਦਿਨ ਨਾਮਵਰ ਗਾਇਕਾਂ ਦੀ ਕਤਾਰ ਵਿਚ ਬੋਲਣ ਲੱਗ ਗਿਆ ਹੈ।

ਪੰਜਾਬੀ ਮਾਂ ਬੋਲੀ ਨੂੰ ਗੀਤਾਂ ਨਾਲ ਮਾਲਾਮਾਲ ਕਰਨ ਦੀ ਇਸੇ ਲੜੀ ਨੂੰ ਅਗਾਂਹ ਤੋਰਦਿਆਂ ਹੁਣ ਸੁਰਖਾਬ ਰਸ-ਭਿੰਨੀ, ਸੁਰੀਲੀ ਤੇ ਦਮਦਾਰ ਅਵਾਜ਼ ਵਿਚ ਸਾਫ- ਸੁਥਰਾ ਪਰਿਵਾਰਕ ਗੀਤ,‘ ਸੋਹਣੀ ਸੂਰਤ’ ਲੈ ਕੇ ਇਕ ਵਾਰ ਫੇਰ ਲੋਕ ਕਚਹਿਰੀ ਵਿਚ ਹਾਜਰ ਹੋਇਆ ਹੈ। ਇਸ ਗੀਤ ਨੂੰ ਗੀਤਕਾਰ ਜੱਸੀ ਕਰਾਰ ਕੋਟ ਨੇ ਸਾਹਿਤ ਦੀ ਚਾਸਨੀ ਵਿੱਚ ਕਲਮ ਡੋਬ ਕੇ ਲਿਖਿਆ ਹੈ। ਇਸ ਨੂੰ ਡਾਇਰੈਕਟਰ ਰੋਬੀ ਤੇ ਸਹਾਇਕ ਡਾਇਰੈਕਟਰ ਪਰਮਿੰਦਰ ਸਿੰਘ ਨੇ ਫਿਲਮਾਇਆ, ਪ੍ਰਡਿਊਸਰ ਸੁਭਮ ਸਰੋਆ ਤੇ ਮਿਰਜਾ ਨੇ ਇਸਨੂੰ ਪੇਸ਼ ਕੀਤਾ ਅਤੇ ਇਸ ਦਾ ਸੰਗੀਤ ਫਰੀਕ ਸਿੰਘ ਨੇ ਦਿੱਤਾ ਹੈ। ਪਬਲੀਸਿਟੀ ਡਿਜਾਇਨ ਜਾਟੂ ਕਰੀਏਸ਼ਨ, ਡਿਜੀਟਲ ਪਾਰਟਨਰ ਟਰੂ ਡਿਜੀਟਲ ਦਾ ਹੈ ਜਦ ਕਿ ਆਨਲਾਇਨ ਪਰਮੋਸ਼ਨ ਬਾਰ ਕੋਡ ਸਟੂਡੀਓ ਵੱਲੋਂ ਕੀਤਾ ਗਿਆ ਹੈ। ਫਿਲਮੀ ਬੰਦੇ ਵੱਲੋਂ ਇਸਨੂੰ ਫਿਲਮਾਇਆ ਹੈ। ਮੁੱਖ ਰੂਪ ਵਿਚ ਸੁਰਖਾਬ ਤੇ ਸ਼ੀਵਾਨੀ ਧੀਮਾਨ ਨੇ ਆਪਣੀ ਅਦਾਕਾਰੀ ਨਾਲ ਇਸ ਗੀਤ ਨੂੰ ਹੋਰ ਵੀ ਚਾਰ ਚੰਨ ਲਾਏ ਹਨ।
ਮੇਰੀ ਜਾਚੇ ਸੁਰਖਾਬ ਦਾ ਗਾਇਆ ਹੱਥਲਾ ਗੀਤ, ‘ਸੋਹਣੀ ਸੂਰਤ’ ਜਿੱਥੇ ਇਸ ਦੀ ਗਾਇਕੀ ਲਈ ਇਕ ਹੋਰ ਨਵਾਂ ਮੀਲ ਪੱਥਰ ਸਾਬਿਤ ਹੋਵੇਗਾ, ਉਥੇ ਪੰਜਾਬੀ ਗਾਇਕੀ ਵਿੱਚ ਆ ਰਹੇ ਨਿਘਾਰ ਨੂੰ ਥੰਮਣ ਵਿੱਚ ਵੀ ਸਹਾਇਕ ਹੋਵੇਗਾ ਅਤੇ ਪੰਜਾਬੀ ਦੇ ਉੱਚੇ-ਸੁੱਚੇ ਵਿਰਸੇ ਨੂੰ ਪਿਆਰ ਕਰਨ ਵਾਲੇ ਕਰੋੜਾਂ ਪੰਜਾਬੀ ਸੁਰਖਾਬ ਦੀ ਪਾਕਿ ਸਾਫ ਗਾਇਕੀ ਦਾ ਆਨੰਦ ਮਾਣਨਗੇ। ਜੇ ਸੁਰਖਾਬ ਇਸੇ ਤਰਾਂ ਨਿੱਠ ਕੇ ਗਾਉਂਦਾ ਰਿਹਾ ਤਾਂ ਆਉਣ ਵਾਲਾ ਸਮਾਂ ਯਕੀਨਨ ਉਸ ਦਾ ਹੋਵੇਗਾ ਤੇ ਉਹ ਗਾਇਕੀ ਦੇ ਅੰਬਰ ਤੇ ਧਰੂ ਤਾਰੇ ਦੀ ਤਰਾਂ ਚਮਕਦਾ ਦਮਕਦਾ ਸਿਤਾਰਾ ਹੋਵੇਗਾ।
- ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641