ਹੈਲੋ ਹੈਲੋ ਦਾ ਸਫ਼ਰ (-ਅਰਤਿੰਦਰ ਸੰਧੂ)

ਇੱਕ ਜਾਣਕਾਰ ਔਰਤ ਇੱਕ ਦਿਨ ਆਪਣੀ ਛੇ ਸਾਲ ਦੀ ਬੱਚੀ ਮਿੰਨੀ ਨੂੰ ਲੈ ਕੇ ਸਾਡੇ ਘਰ ਆਈ ਹੋਈ ਸੀ। ਮਿੰਨੀ ਨੇ ਆਪਣੀ ਮਾਂ ਦਾ ਫ਼ੋਨ ਲੈ ਲਿਆ ਤੇ ਆਪਣੀ ਸਹੇਲੀ ਨੂੰ ਫ਼ੋਨ ਕਰਨ ਲੱਗੀ। ਦੋ ਤਿੰਨ ਵਾਰ ਨੰਬਰ ਡਾਇਲ ਕਰਨ ਪਿੱਛੋਂ ਵੀ ਉਸ ਦੀ ਸਹੇਲੀ ਦਾ ਫ਼ੋਨ ਰੁੱਝਿਆ ਹੋਇਆ ਮਿਲਦਾ ਰਿਹਾ ਤਾਂ ਉਹ ਬਹੁਤ ਖਿਝ ਗਈ ਤੇ ਚੀਕ ਚਿਹਾੜਾ ਪਾਉਣ ਲੱਗੀ। ਉਸ ਦੀ ਮਾਂ ਨੂੰ ਉਸ ਨੂੰ ਮਨਾਉਣ ਵਾਸਤੇ ਮੋਬਾਈਲ ’ਤੇ ਇੱਕ ਗੇਮ ਲਾ ਕੇ ਦੇਣੀ ਪਈ। ਉਸ ਬੱਚੀ ਨੂੰ ਵੇਖ ਕੇ ਆਪਣੇ ਬਚਪਨ ਦੇ ਦਿਨ ਯਾਦ ਆ ਗਏ ਜਦੋਂ ਅਸੀਂ ਕਿਤਾਬ ਵਿੱਚ ਪੜ੍ਹੇ ਹੋਏ ਟੈਲੀਫ਼ੋਨ ਦੀ ਰੀਸ ਕਰਦਿਆਂ ਮਾਚਿਸ ਦੀਆਂ ਖਾਲੀ ਡੱਬੀਆਂ ਨੂੰ ਆਪਸ ਵਿੱਚ ਦਸ ਬਾਰਾਂ ਫੁੱਟ ਲੰਬੇ ਧਾਗੇ ਨਾਲ ਬੰਨ੍ਹ ਕੇ ਟੈਲੀਫ਼ੋਨ ਬਣਾ ਲੈਂਦੇ ਸਾਂ। ਫਿਰ ਦੋ ਜਣੇ ਇੱਕ ਇੱਕ ਡੱਬੀ ਫੜ੍ਹ ਕੇ ਧਾਗੇ ਜਿੰਨੀ ਲੰਬਾਈ ਦੇ ਫ਼ਾਸਲੇ ’ਤੇ ਦੂਰ ਦੂਰ ਖਲੋ ਕੇ ਗੱਲਾਂ ਕਰ ਲੈਂਦੇ ਤੇ ਖ਼ੁਸ਼ ਹੋ ਲੈਂਦੇ ਸਾਂ। ਕਈ ਲੜਕੇ ਲੋਹੇ ਦੇ ਖਾਲੀ ਡੱਬਿਆਂ ਨਾਲ ਵੀ ਇਸ ਤਰ੍ਹਾਂ ਦਾ ਟੈਲੀਫ਼ੋਨ ਬਣਾ ਲੈਂਦੇ ਸਨ। ਉਹ ਵੇਖ ਕੇ ਸਾਨੂੰ ਉਨ੍ਹਾਂ ਦਾ ਟੈਲੀਫ਼ੋਨ ਵਧੀਆ ਲੱਗਣ ਲੱਗ ਪੈਂਦਾ ਸੀ। ਇਸ ਤਰ੍ਹਾਂ ਦੇ ਟੈਲੀਫ਼ੋਨਾਂ ਨਾਲ ਖੇਡਦੀ,

ਉਸ ਸਾਦੀ ਤੇ ਦੇਸੀ ਜਿਹੀ ਜ਼ਿੰਦਗੀ ਵਿੱਚ ਭਰਪੂਰ ਸਹਿਜ ਸੀ। ਤਣਾਅ ਤਾਂ ਬਹੁਤ ਹੀ ਘੱਟ ਹੁੰਦਾ ਸੀ। ਕੋਈ ਕਿਸੇ ਦੂਜੀ ਥਾਂ ’ਤੇ ਗਿਆ ਦੱਸੇ ਸਮੇਂ ’ਤੇ ਵਾਪਸ ਨਾ ਵੀ ਮੁੜਦਾ ਤਾਂ ਪਰਿਵਾਰ ਵਾਲੇ ਸੋਚ ਲੈਂਦੇ ਕਿ ਉੱਥੇ ਕੋਈ ਹੋਰ ਕੰਮ ਪੈ ਗਿਆ ਹੋਵੇਗਾ/ ਰਿਸ਼ਤੇਦਾਰਾਂ ਨੇ ਆਉਣ ਨਹੀਂ ਦਿੱਤਾ ਹੋਣਾ ਆਦਿ। ਹੁਣ ਕੋਈ ਬਾਜ਼ਾਰ ਗਿਆ ਵੀ ਜਲਦੀ ਨਾ ਮੁੜੇ ਤਾਂ ਸੌ ਖ਼ਦਸ਼ੇ ਘੇਰ ਲੈਂਦੇ ਹਨ ਤੇ ਵਾਰ ਵਾਰ ਨੰਬਰ ਘੁਮਾ ਘੁਮਾ ਕੇ ਮੋਬਾਈਲ ਦੀ ਸ਼ਾਮਤ ਲੈ ਆਉਂਦੇ ਹਾਂ। ਖ਼ੈਰ, ਸਮਾਂ ਬੇਹੱਦ ਤੇਜ਼ੀ ਨਾਲ ਘੁੰਮਿਆ, ਪਰ ਹੈਲੋ ਹੈਲੋ ਦੇ ਸਫ਼ਰ ਦੀਆਂ ਅਨੇਕਾਂ ਕਹਾਣੀਆਂ ਪਿੱਛੇ ਸਾਡੇ ਕੋਲ ਛੱਡ ਗਿਆ।

ਪਚਵੰਜਾ ਕੁ ਸਾਲ ਪਹਿਲਾਂ ਆਮ ਲੋਕਾਂ ਨੂੰ ਟੈਲੀਫ਼ੋਨ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ। ਮੋਬਾਈਲ ਦਾ ਤਾਂ ਸੁਪਨਾ ਵੀ ਨਹੀਂ ਸੀ। ਲੈਂਡਲਾਈਨ ਫ਼ੋਨ ਵੀ ਉਦੋਂ ਵੱਡੀਆਂ ਸੰਸਥਾਵਾਂ ਦੇ ਦਫ਼ਤਰਾਂ ਆਦਿ ਵਿੱਚ ਹੀ ਹੁੰਦੇ ਸਨ। ਕਿਸੇ ਗਿਣਵੀਂ ਚੁਣਵੀਂ ਦੁਕਾਨ ’ਤੇ ਟੈਲੀਫ਼ੋਨ ਹੁੰਦਾ ਜਿੱਥੋਂ ਜ਼ਰੂਰਤਮੰਦ ਲੋਕ ਪੈਸੇ ਦੇ ਕੇ ਬਹੁਤ ਮਜਬੂਰੀ ਵੇਲੇ ਹੀ ਫ਼ੋਨ ਕਰਦੇ ਸਨ। ਸਾਡੇ ਵਰਗੇ ਆਮ ਲੋਕਾਂ ਨੂੰ ਤਾਂ ਲੋੜ ਹੀ ਨਹੀਂ ਸੀ ਪਈ ਕਦੇ। ਦੂਰ ਦੁਰਾਡੇ ਦੇ ਸ਼ਹਿਰਾਂ ਵਿਚ ਜਾਂ ਕਿਸੇ ਬਾਹਰਲੇ ਦੇਸ਼ ਵਿੱਚ ਫ਼ੋਨ ਕਰਨ ਵਾਸਤੇ ਕਾਲ ਬੁੱਕ ਕਰਵਾਉਣੀ ਪੈਂਦੀ ਸੀ। ਇਹ ਕਾਲ ਤਿੰਨ ਤਰ੍ਹਾਂ ਦੀ ਹੁੰਦੀ ਸੀ। ਸਾਧਾਰਨ ਕਾਲ, ਅਰਜੈਂਟ ਕਾਲ ਤੇ ਤੀਜੀ ਤੇ ਕਾਫ਼ੀ ਮਹਿੰਗੀ ਕਾਲ ਹੁੰਦੀ ਸੀ ਲਾਈਟਨਿੰਗ ਕਾਲ। ਸਿਸਟਮ ਬਹੁਤ ਕਮਜ਼ੋਰ ਸੀ, ਸੋ ਕਾਲ ਵੀ ਕਦੇ ਕਿਸਮਤ ਨਾਲ ਹੀ ਮਿਲਦੀ ਸੀ। ਬਹੁਤੀ ਜਲਦੀ ’ਤੇ ਜ਼ਰੂਰੀ ਗੱਲ ਕਰਨੀ ਹੁੰਦੀ ਤਾਂ ਲਾਈਟਨਿੰਗ ਕਾਲ ਬੁੱਕ ਕਰਵਾਈ ਜਾਂਦੀ ਸੀ। ਉਦੋਂ ਸਾਡੇ ਇੱਕ ਜਾਣਕਾਰ ਨੇ ਬਰੇਲੀ ਵਿਚਲੇ ਕਿਸੇ ਦਫ਼ਤਰ ਤੋਂ ਕੋਈ ਜ਼ਰੂਰੀ ਸੂਚਨਾ ਲੈਣੀ ਸੀ। ਅਰਜੈਂਟ ਕਾਲ ਬੁੱਕ ਕਰਵਾਈ ਗਈ। ਉੱਧਰ ਤਾਂ ਗੱਲ ਸੁਣ ਰਹੀ ਸੀ, ਪਰ ਏਧਰ ਸਿਰਫ਼ ਰੌਲਾ ਹੀ ਸੁਣ ਰਿਹਾ ਸੀ। ਕਈ ਕੋਸ਼ਿਸ਼ਾਂ ਦੇ ਬਾਵਜੂਦ ਗੱਲ ਨਾ ਹੀ ਹੋ ਸਕੀ ਤਾਂ ਅਖੀਰ ਵਿੱਚ ਡਿਊਟੀ ’ਤੇ ਬੈਠੇ ਆਪਰੇਟਰ ਨੇ ਹੀ ਦੋਹਾਂ ਧਿਰਾਂ ਤੋਂ ਸੁਨੇਹੇ ਪੁੱਛ ਕੇ ਦੋਹੀਂ ਪਾਸੀਂ ਦੱਸ ਦਿੱਤੇ ਸਨ।

ਸੰਨ ਉੱਨੀ ਸੌ ਇਕਾਸੀ ਵਿਚ ਅਸੀਂ ਆਪਣਾ ਘਰ ਬਣਾਇਆ। ਬਿਜਲੀ ਵਾਲੇ ਮਿਸਤਰੀ ਨੇ ਆਪਣੇ ਆਪ ਹੀ ਟੈਲੀਫ਼ੋਨ ਦਾ ਪੁਆਇੰਟ ਵੀ ਰੱਖ ਦਿੱਤਾ। ਅਸੀਂ ਨਾਰਾਜ਼ ਹੋਏ ਕਿ ਟੈਲੀਫ਼ੋਨ ਦੇ ਕੁਨੈਕਸ਼ਨ ਮਿਲਦਿਆਂ ਤਾਂ ਅੱਧੀ ਉਮਰ ਨਿਕਲ ਜਾਂਦੀ ਹੈ, ਇਹ ਫ਼ਜ਼ੂਲ ਵਿੱਚ ਇੱਕ ਪੁਆਇੰਟ ਦਾ ਖਰਚ ਕਿਉਂ ਵਧਾ ਦਿੱਤਾ। ਉਦੋਂ ਲੋਕਾਂ ਨੂੰ ਟੈਲੀਫ਼ੋਨ ਦੇ ਕਨੈਕਸ਼ਨ ਦਸ ਬਾਰਾਂ ਸਾਲ ਤੋਂ ਪਹਿਲਾਂ ਨਹੀਂ ਸਨ ਮਿਲਦੇ। ਸਾਡੀ ਬੇਟੀ ਉਦੋਂ ਕੇ.ਜੀ. ਵਿੱਚ ਸੀ ਤੇ ਬੇਟਾ ਅਜੇ ਸਕੂਲ ਨਹੀਂ ਸੀ ਜਾਂਦਾ। ਫਿਰ ਸੋਚਿਆ ਕਿ ਚਲੋ ਜਦੋਂ ਤੱਕ ਟੈਲੀਫ਼ੋਨ ਦੀ ਵਾਰੀ ਆਉਣੀ ਹੈ ਉਦੋਂ ਤੱਕ ਤਾਂ ਬੱਚੇ ਕਾਲਜ ਵਿੱਚ ਪੜ੍ਹਦੇ ਹੋਣਗੇ। ਉਦੋਂ ਟੈਲੀਫ਼ੋਨ ਦੀ ਲੋੜ ਵੀ ਹੋਵੇਗੀ, ਪਰ ਹੈਰਾਨਗੀ ਭਰੀ ਖ਼ੁਸ਼ੀ ਉਦੋਂ ਹੋਈ ਜਦੋਂ ਸਾਲ ਕੁ ਪਿੱਛੋਂ ਹੀ ਟੈਲੀਫ਼ੋਨ ਮਹਿਕਮੇ ਵਾਲੇ ਫ਼ੋਨ ਲਾਉਣ ਆ ਗਏ। ਅਚਾਨਕ ਹੀ ਮਹਿਕਮੇ ਦੀ ਸਮਰੱਥਾ ਵਧ ਗਈ ਸੀ। ਸਾਡੀ ਨਵੀਂ ਨਵੀਂ ਬਣੀ ਸਾਰੀ ਕਾਲੋਨੀ ਦੇ ਘਰੀਂ ਟੈਲੀਫ਼ੋਨ ਲੱਗ ਗਏ ਤੇ ਸਭ ਨੂੰ ਆਪਣਾ ਆਪ ਵਿਸ਼ੇਸ਼ ਜਿਹਾ ਲੱਗਣ ਲੱਗ ਪਿਆ।

ਪਰ ਇਹ ਟੈਲੀਫ਼ੋਨ ਉਦੋਂ ਬੜੇ ਮਨਮੱਤੀਏ ਹੁੰਦੇ ਸਨ। ਕਈ ਵਾਰ ਤਾਂ ਨੰਬਰ ਝੱਟ ਹੀ ਸਹੀ ਥਾਂ ’ਤੇ ਮਿਲ ਜਾਂਦਾ ਤੇ ਕਈ ਵਾਰ ਕਿਤੇ ਹੋਰ ਹੀ ਜਾ ਮਿਲਦਾ। ਇਸੇ ਤਰ੍ਹਾਂ ਅਨਜਾਣ ਲੋਕਾਂ ਦੇ ਗ਼ਲਤ ਨੰਬਰ ’ਤੇ ਮਿਲਣ ਵਾਲੇ ਫ਼ੋਨ ਸਾਡੇ ਕੋਲ ਵੀ ਆ ਪਹੁੰਚਦੇ ਸਨ। ਕਈ ਵਾਰ ਕਾਫ਼ੀ ਖਪਣ ਪਿੱਛੋਂ ਵੀ ਫ਼ੋਨ ਮਿਲਦਾ ਹੀ ਨਹੀਂ ਸੀ। ਇੱਕ ਵਾਰ ਮੇਰੇ ਪਤੀ ਨੇ ਇੱਥੋਂ ਵੀਹ ਕੁ ਕਿਲੋਮੀਟਰ ਦੂਰ ਹਰਸ਼ਾ ਛੀਨਾ ਆਪਣੇ ਭਣੇਵੇਂ ਨੂੰ ਕੋਈ ਜ਼ਰੂਰੀ ਸੁਨੇਹਾ ਦੇਣਾ ਸੀ। ਉਦੋਂ ਇਸ ਵਾਸਤੇ ਵੀ ਕਾਲ ਬੁੱਕ ਕਰਵਾਉਣੀ ਪੈਂਦੀ ਸੀ। ਸੋ ਕਾਲ ਬੁੱਕ ਕਰਵਾਈ ਗਈ, ਪਰ ਨੰਬਰ ਮਿਲ ਹੀ ਨਹੀਂ ਸੀ ਰਿਹਾ। ਕਈ ਕੋਸ਼ਿਸ਼ਾਂ ਕਰ ਕੇ ਵੇਖ ਲੈਣ ਪਿੱਛੋਂ ਡਿਊਟੀ ’ਤੇ ਬੈਠਾ ਟੈਲੀਫ਼ੋਨ ਅਪਰੇਟਰ ਬੋਲ ਪਿਆ। ਉਹ ਕਹਿਣ ਲੱਗਾ, ‘‘ਕੁਨੈਕਸ਼ਨ ਤਾਂ ਜੁੜ ਹੀ ਨਹੀਂ ਰਿਹਾ। ਤੁਸੀਂ ਮੈਨੂੰ ਸੁਨੇਹਾ ਦੇ ਦਿਓ। ਮੈਂ ਰੋਜ਼ ਸ਼ਾਮ ਨੂੰ ਆਪਣੇ ਪਿੰਡ ਗੁਰੂ ਕੇ ਬਾਗ ਜਾਂਦਾ ਹਾਂ। ਮੈਂ ਜਾਂਦਾ ਜਾਂਦਾ ਸੁਨੇਹਾ ਦੇ ਜਾਵਾਂਗਾ।’’ ਸਾਡੇ ਰਿਸ਼ਤੇਦਾਰ ਦੇ ਪਿੰਡ ਵਿਚਲੇ ਘਰ ਜਾਣ ਵਾਸਤੇ ਰਸਤੇ ਵਿੱਚ ਪੈਂਦੇ ਅੱਡੇ ਕੁੱਕੜਾਂ ਵਾਲੇ ਤੋਂ ਖੱਬੇ ਪਾਸੇ ਮੁੜਨਾ ਹੁੰਦਾ ਸੀ ਜਦੋਂ ਕਿ ਅਪਰੇਟਰ ਦਾ ਪਿੰਡ ਉੱਥੋਂ ਸੱਜੇ ਪਾਸੇ ਵੱਲ ਅੱਗੇ ਜਾ ਕੇ ਆਉਂਦਾ ਸੀ। ਉਹ ਭਲਾ ਬੰਦਾ ਪਹਿਲਾਂ ਉਲਟੇ ਪਾਸੇ ਸੁਨੇਹਾ ਦੇਣ ਗਿਆ ਤੇ ਫਿਰ ਮੁੜ ਕੇ ਆਪਣੇ ਪਿੰਡ ਵੱਲ ਗਿਆ।

ਫ਼ੋਨ ਅਕਸਰ ਖ਼ਰਾਬ ਹੋ ਜਾਂਦੇ ਸਨ। ਫਿਰ ਕਿਸੇ ਗੁਆਂਢੀ ਦੇ ਫ਼ੋਨ ਤੋਂ ਸ਼ਿਕਾਇਤ ਦਰਜ ਕਰਵਾਉਣੀ ਪੈਂਦੀ ਸੀ। ਕਈ ਕਈ ਦਿਨਾਂ ਦੀ ਉਡੀਕ ਪਿੱਛੋਂ ਮਸਾਂ ਹੀ ਫ਼ੋਨ ਠੀਕ ਹੁੰਦੇ। ਇੱਕ ਹੋਰ ਵੀ ਮਸਲਾ ਹੁੰਦਾ ਸੀ। ਜਿਹੜੇ ਰਿਸ਼ਤੇਦਾਰਾਂ ਜਾਂ ਵਾਕਫ਼ਾਂ ਦੇ ਘਰੀਂ ਅਜੇ ਟੈਲੀਫ਼ੋਨ ਨਹੀਂ ਸੀ ਲੱਗਾ ਹੁੰਦਾ ਉਹ ਕਿਸੇ ਟੈਲੀਫ਼ੋਨ ਵਾਲੇ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਦੇ ਘਰ ਜਾਂਦੇ ਤਾਂ ਘਰੋਂ ਹੀ ਆਪਣੇ ਫ਼ੋਨ ਵਾਲੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਦੇ ਨੰਬਰਾਂ ਦੀ ਲਿਸਟ ਬਣਾ ਕੇ ਲੈ ਜਾਂਦੇ। ਅਗਲੇ ਦੇ ਘਰ ਬੈਠ ਕੇ ਚਾਹ ਪਾਣੀ ਪੀਂਦਿਆਂ ਵਿੱਚੇ ਵਿੱਚ ਆਪਣੇ ਨੰਬਰ ਘੁਮਾ ਕੇ ਰਿਸ਼ਤੇ ਵੀ ਨਿਭਾਈ ਜਾਂਦੇ। ਉੱਧਰ ਘਰ ਵਾਲਿਆਂ ਦੇ ਮਨਾਂ ਵਿੱਚ ਟੈਲੀਫ਼ੋਨ ਦੇ ਵਧਦੇ ਬਿੱਲ ਦਾ ਅੰਕੜਾ ਵੀ ਨਾਲ ਨਾਲ ਓਨੀ ਹੀ ਤੇਜ਼ੀ ਨਾਲ ਘੁੰਮੀ ਜਾ ਰਿਹਾ ਹੁੰਦਾ ਤੇ ਫ਼ਿਕਰ ਖਾ ਰਿਹਾ ਹੁੰਦਾ, ਪਰ ਸ਼ਿਸ਼ਟਾਚਾਰ ਦੇ ਮਾਰੇ ਮੂੰਹੋਂ ਕੁਝ ਬੋਲ ਵੀ ਨਹੀਂ ਸੀ ਸਕਦੇ ਹੁੰਦੇ।

ਵਿੱਚੋਂ ਕੁਝ ਦੇਰ ਵਾਸਤੇ ‘ਪੇਜਰ’ ਨਾਮ ਦਾ ਯੰਤਰ ਵੀ ਆਇਆ ਜਿਸ ਰਾਹੀਂ ਕੁਝ ਦੂਰੀ ਤੱਕ ਸੁਨੇਹਾ ਭੇਜਿਆ ਜਾ ਸਕਦਾ ਹੁੰਦਾ ਸੀ। ਪਰ ਉਹ ਜਲਦੀ ਹੀ ਖ਼ਤਮ ਵੀ ਹੋ ਗਿਆ। ਫਿਰ ਮੋਬਾਈਲ ਦੀ ਆਮਦ ਦੇ ਨੇੜੇ ਤੇੜੇ ਹੀ ਇੱਕ ਕੰਪਨੀ ਦਾ ਅਜਿਹਾ ਲੈਂਡਲਾਈਨ ਫ਼ੋਨ ਵੀ ਆਇਆ ਜਿਸ ਦਾ ਹੈਂਡ ਸੈੱਟ ਆਮ ਟੈਲੀਫ਼ੋਨ ਵਾਂਗ ਤਾਰ ਨਾਲ ਜੁੜਿਆ ਹੋਇਆ ਨਹੀਂ ਸੀ ਹੁੰਦਾ। ਇਸ ਨੂੰ ਘਰ ਤੋਂ ਵੀਹ ਕੁ ਕਿਲੋਮੀਟਰ ਦੇ ਦਾਇਰੇ ਤੱਕ ਲੋਕ ਮੋਬਾਈਲ ਵਾਂਗ ਵਰਤ ਲੈਂਦੇ ਸਨ।

ਪਰ ਇਨ੍ਹਾਂ ਦਿਨੀਂ ਖੁੰਬਾਂ ਵਾਂਗ ਥਾਂ ਥਾਂ ਖੁੱਲ੍ਹੇ ਪੀ.ਸੀ.ਓ. (ਪੈਸੇ ਦੇ ਕੇ ਫ਼ੋਨ ਕਰਨ ਦੀ ਸਹੂਲਤ ਵਾਲੀਆਂ ਦੁਕਾਨਾਂ) ਲੋਕਾਂ ਦੇ ਬਹੁਤ ਕੰਮ ਆਏ।

ਜਲਦੀ ਹੀ ਮੋਬਾਈਲ ਆ ਗਏ। ਪਰ ਸ਼ੁਰੂ ਸ਼ੁਰੂ ਵਿੱਚ ਮੋਬਾਈਲ ਰੱਖਣਾ ਹਾਰੀ ਸਾਰੀ ਦੇ ਵੱਸ ਨਹੀਂ ਸੀ ਹੁੰਦਾ ਕਿਉਂਕਿ ਮੋਬਾਈਲ ਤੋਂ ਮੋਬਾਈਲ ਤੱਕ ਫ਼ੋਨ ਕਰਨ ਵਾਲੇ ਨੂੰ ਹਰੇਕ ਕਾਲ ਦੇ ਪੈਸੇ ਦੇਣੇ ਪੈਂਦੇ ਸਨ। ਉੱਧਰ ਸੁਣਨ ਵਾਲੇ ਨੂੰ ਵੀ ਫ਼ੋਨ ਕਰਨ ਵਾਲੇ ਨਾਲੋਂ ਅੱਧੇ ਪੈਸੇ ਦੇਣੇ ਪੈਂਦੇ ਸਨ। ਮੋਬਾਈਲ ਤੋਂ ਲੈਂਡਲਾਈਨ ਤੇ ਲੈਂਡਲਾਈਨ ਤੋਂ ਮੋਬਾਈਲ ’ਤੇ ਗੱਲ ਕਰਨ ਵੇਲੇ ਤੇ ਦੇਸ਼ ਤੋਂ ਬਾਹਰ ਗੱਲ ਕਰਨ ਵਾਸਤੇ ਵੀ ਹਰੇਕ ਕਾਲ ਦਾ ਅਲੱਗ ਰੇਟ ਹੁੰਦਾ ਸੀ ਜੋ ਬਿਲ ਵਿੱਚ ਲੱਗ ਕੇ ਆ ਜਾਂਦਾ ਸੀ। ਫਿਰ ਇੰਟਰਨੈੱਟ ਆਉਣ ਨਾਲ ਇਨ੍ਹਾਂ ਦੀ ਸਮਰੱਥਾ ਵਿੱਚ ਬਹੁਤ ਸੁਧਾਰ ਹੋ ਗਿਆ। ਹਰ

ਵਾਰ ਗੱਲ ਕਰਨ ਦੀ ਫ਼ੀਸ ਵਾਲਾ ਵਰਤਾਰਾ ਵੀ ਖ਼ਤਮ ਹੋ ਗਿਆ। ਹੁਣ ਤਾਂ ਘੜੀ, ਕੈਲੰਡਰ, ਸਟੌਪ ਵਾਚ, ਮੌਸਮ ਦਾ ਹਾਲ, ਦਿਸ਼ਾ ਸੂਚਕ, ਕੈਮਰਾ ਤੇ ਕੈਲਕੁਲੇਟਰ ਸਮੇਤ ਕਈ ਤਰ੍ਹਾਂ ਦੇ ਐਪ ਅਤੇ ਹੋਰ ਵੀ ਕਈ ਕੁਝ ਇਸ ਨਿੱਕੇ ਜਿਹੇ ਮੋਬਾਈਲ ’ਤੇ ਹੀ ਪ੍ਰਾਪਤ ਹੋ ਜਾਂਦਾ ਹੈ। ਹਰ ਪਲ ਸਾਰੀ ਦੁਨੀਆਂ ਦੀਆਂ ਖ਼ਬਰਾਂ ਮੋਬਾਈਲ ਰਾਹੀਂ ਸਾਡੇ ਤੱਕ ਪਹੁੰਚ ਜਾਂਦੀਆਂ ਹਨ। ਮੁਫ਼ਤ ਵੀਡੀਓ ਕਾਲ ਦੀ ਸਹੂਲਤ ਸਮੇਤ ਏਨੀਆਂ ਸੇਵਾਵਾਂ ਵਰਤਣ ਵਾਲਿਆਂ ਨੂੰ ਮਿਲਣ ਲੱਗ ਪਈਆਂ ਹਨ ਕਿ ਸਾਰੀ ਦੁਨੀਆਂ ਦੇ ਲੋਕ ਮੋਬਾਈਲ ’ਤੇ ਹੀ ਨਿਰਭਰ ਹੋ ਗਏ ਹਨ।

ਸਹੂਲਤਾਂ ਹੁਣ ਬੇਹਿਸਾਬ ਹੋ ਗਈਆਂ ਹਨ। ਸਾਰੀ ਦੁਨੀਆਂ ਨਾਲ ਹਰ ਪਲ ਜੁੜੇ ਹੋਏ ਹਾਂ, ਪਰ ਆਪਣੇ ਨੇੜਲਿਆਂ ਤੋਂ ਦੂਰ ਹੋ ਰਹੇ ਹਾਂ। ਇੰਟਰਨੈੱਟ ਦੀ ਤੇਜ਼ੀ ਨੇ ਉਂਜ ਹੀ ਸਾਡਾ ਚੈਨ ਤੇ ਸਬਰ ਖ਼ਤਮ ਕਰ ਦਿੱਤਾ ਹੈ। ਜਦੋਂ ਚਾਹੀਏ, ਜੇ ਕਿਸੇ ਕਾਰਨ ਉਸੇ ਵਕਤ ਕਿਸੇ ਦਾ ਫ਼ੋਨ ਨਾ ਮਿਲੇ ਤਾਂ ਦਿਮਾਗ਼ੀ ਤਣਾਅ ਬੁਰਾ ਹਾਲ ਕਰ ਦੇਂਦਾ ਹੈ। ਲੱਗਦਾ ਹੈ ਜਿਵੇਂ ਸਹੇਲੀ ਨਾਲ ਗੱਲ ਕਰਨ ਵਾਸਤੇ ਫ਼ੋਨ ਨਾ ਮਿਲਣ ਕਾਰਨ ਬੇਚੈਨ ਹੋ ਜਾਣ ਵਾਲੀ ਉਸ ਦੀ ਬੱਚੀ ਮਿੰਨੀ ਵਰਗੀ ਰੂਹ ਹਰ ਇੱਕ ਦੇ ਅੰਦਰ ਪ੍ਰਵੇਸ਼ ਕਰ ਗਈ ਹੈ।

Leave a Reply

Your email address will not be published. Required fields are marked *