ਸਿੰਘੂ ਘਟਨਾ ਦਾ ਸਿੱਖ ਦ੍ਰਿਸ਼ਟੀਕੋਣ ( -ਸਰਚਾਂਦ ਸਿੰਘ ਖਿਆਲਾ)

ਬੀਤੇ ਦਿਨੀਂ ਸਿੰਘੂ ਬਾਰਡਰ ’ਤੇ ਵਾਪਰੀ ਘਟਨਾ ਬਾਰੇ ਭਾਰਤੀ ਮੀਡੀਆ ਦਾ ਵੱਡਾ ਹਿੱਸਾ ਸਿੱਖਾਂ ਦਾ ਪੱਖ ਪੇਸ਼ ਨਾ ਕਰ ਕੇ ਸਿੱਖਾਂ ਦੇ ਅਕਸ ਨੂੰ ਖ਼ਰਾਬ ਕਰਨ ਲਈ ਪੱਬਾਂ ਭਾਰ ਹੈ। ਘਟਨਾ ਪ੍ਰਤੀ ਸਮਾਜ ਦੇ ਹਰ ਵਰਗ ਵੱਲੋਂ ਵੱਖ ਵੱਖ ਤਰਾਂ ਦੇ ਸਵਾਲ ਉਠਾਏ ਜਾ ਰਹੇ ਹਨ। ਕੁਝ ਲੋਕ ਇਸ ਨੂੰ ਤਾਲਿਬਾਨੀ ਤੇ ਜ਼ਾਲਮਾਨਾ ਕਾਰਾ ਕਰਾਰ ਦੇ ਕੇ ਆਲੋਚਨਾ ਕਰ ਰਹੇ ਹਨ ਤਾਂ ਕੁਝ ਨੇ ਦਲਿਤ ਪਤਾ ਖੇਡਣ ਦੀ ਵੀ ਕੋਸ਼ਿਸ਼ ਕੀਤੀ। ਇਸ ਘਟਨਾ ਨੂੰ ਸਿੱਖੀ ਦ੍ਰਿਸ਼ਟੀਕੋਣ ਤੋਂ ਪਰਖਿਆ ਜਾਵੇ ਤਾਂ ਇਹ ਕਿ ਪਿਛਲੇ ਛੇ ਸਾਲਾਂ ਦੌਰਾਨ ਪੰਜਾਬ ਵਿਚ 400 ਤੋਂ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਪ੍ਰਤੀ ਕਿਸੇ ਵੀ ਦੋਸ਼ੀ ਨੂੰ ਕਾਨੂੰਨ ਰਾਹੀਂ ਮਿਸਾਲੀ ਸਜ਼ਾ ਦੇਣ ’ਚ ਸਰਕਾਰਾਂ ਦੀ ਅਸਫਲਤਾ ਦਾ ਸਿੱਟਾ ਮੰਨਿਆ ਜਾ ਰਿਹਾ ਹੈ। ਬੇਅਦਬੀ ਦੇ ਦੋਸ਼ੀਆਂ ਨੂੰ ਮਾਨਸਿਕ ਰੋਗੀ ਕਹਿ ਕੇ ਪੂਰੀ ਸਾਜ਼ਿਸ਼ ਨੂੰ ਨੰਗਾ ਕਰਨ ’ਚ ਕਾਨੂੰਨ ਵਿਵਸਥਾ ਦਾ ਅਸਮਰਥ ਰਹਿਣਾ ਸਿੱਖੀ ਹਿਰਦਿਆਂ ਨੂੰ ਹੋਰ ਗਹਿਰੀ ਠੇਸ ਪਹੁੰਚਾਉਣ ਦਾ ਕਾਰਨ ਬਣਿਆ। ਸਿੱਖ ਸੰਗਤਾਂ ਵੱਲੋਂ ਲਗਾਤਾਰ ਧਰਨੇ ਲਾ ਕੇ ਇਨਸਾਫ਼ ਦੀ ਮੰਗ ਕਰਨੀ ਉਨ੍ਹਾਂ ਦਾ ਕਾਨੂੰਨ ’ਤੇ ਇਕ ਤਰਾਂ ਭਰੋਸਾ ਹੀ ਤਾਂ ਸੀ, ਬੇਸ਼ੱਕ ਇਸ ਤਰਾਂ ਕਰ ਕੇ ਵੀ ਉਨ੍ਹਾਂ ਨੂੰ ਨਮੋਸ਼ੀ ਤੋਂ ਸਿਵਾ ਕੁਝ ਪੱਲੇ ਨਹੀਂ ਪਿਆ। ਸਰਕਾਰਾਂ ਦੀ ਦੋਸ਼ੀਆਂ ਪ੍ਰਤੀ ਨਰਮੀ ਨੇ ਬੇਅਦਬੀ ਦੀਆਂ ਘਟਨਾਵਾਂ ’ਚ ਵਾਧਾ ਕਰਨ ’ਚ ਇੱਥੋਂ ਤਕ ਯੋਗਦਾਨ ਪਾਇਆ ਕਿ ਪਿੰਡਾਂ ਦੇ ਗੁਰਦੁਆਰਿਆਂ ’ਚ ਹੁੰਦੀ ਬੇਅਦਬੀ ਤਖ਼ਤ ਸਾਹਿਬਾਨ ਤਕ ਜਾ ਪਹੁੰਚੀ। ਸਰਕਾਰ ਨਾਕਾਮੀ ਨੇ ਸਿੱਖ ਸਮਾਜ ਨੂੰ ਬਹੁਤ ਕੁਝ ਸੋਚਣ ਲਈ ਮਜਬੂਰ ਕੀਤਾ। ਨਤੀਜਾ ਸਭ ਦੇ ਸਾਹਮਣੇ ਹੈ।
ਸਿੱਖ ਇਕ ਮਾਰਸ਼ਲ ਕੌਮ ਹੈ। ਬਾਣੀ ਦਾ ਸਤਿਕਾਰ ਪਹਿਲਾਂ ਤੇ ਬਾਕੀ ਬਾਅਦ ’ਚ ਇਸ ਦੀ ਮਾਨਸਿਕਤਾ ਦਾ ਅਟੁੱਟ ਹਿੱਸਾ ਹੈ। ਆਪਣੇ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਕੀ ਬਾਣੀ ਦੀ ਵਾਰ ਵਾਰ ਬੇਅਦਬੀ ਉਸ ਦੀ ਅਣਖ ਨੂੰ ਵੱਡੀ ਵੰਗਾਰ ਹੀ ਤਾਂ ਸੀ। ਸਿੱਖਾਂ ਨੇ ਕਿਸੇ ਮਜ਼ਲੂਮ ਨੂੰ ਪ੍ਰੇਸ਼ਾਨ ਨਹੀਂ ਕੀਤਾ ਨਾ ਹੀ ਮਨੁੱਖੀ ਅਧਿਕਾਰਾਂ ਦਾ ਕਦੀ ਹਨਨ ਕੀਤਾ ਹੈ। ਪਰ ਸਿੱਖ ਪਰੰਪਰਾ ਇਸ ਗਲ ਨੂੰ ਤਸਦੀਕ ਕਰਦੀ ਹੈ ਕਿ ਕੋਈ ਹੀਲਾ ਵਸੀਲਾ ਕੰਮ ਨਾ ਆਵੇ ਤਾਂ ਤਲਵਾਰ ਨੂੰ ਹੱਥ ਪਾਉਣਾ ਜਾਇਜ਼ ਹੈ।
“ਚੂ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸਤ,
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।”
ਤਨਖਾਹਨਾਮਾ ਭਾਈ ਨੰਦ ਲਾਲ ਜੀ ਅਨੁਸਾਰ
’’ਗੁਰ ਕੀ ਨਿੰਦਾ ਸੁਨਹਿ ਨ ਕਾਨ । ਭੇਟਨ ਕਰੈ ਸੰਗਿ ਕ੍ਰਿਪਾਨ’’
ਫਿਰ ਵਾਰ ਵਾਰ ਹੋ ਰਹੀ ਬੇਅਦਬੀ ਦਾ ਪ੍ਰਤੀਕਰਮ ਸਾਹਮਣੇ ਆਉਣਾ ਕੁਦਰਤੀ ਸੀ। ਸਿੰਘੂ ਬਾਰਡਰ ’ਤੇ ਨਿਹੰਗ ਸਿੰਘਾਂ ਹੱਥੋਂ ਇਕ ਬੰਦੇ ਦਾ ਮਾਰਿਆ ਜਾਣਾ ਅਫ਼ਸੋਸਨਾਕ ਹੈ ਪਰ ਇਸ ਘਟਨਾ ਨੂੰ ਕਿਸੇ ਤਰਾਂ ਵੀ ਤਾਲਿਬਾਨ, ਜ਼ਾਲਮਾਨਾ ਜਾਂ ਹੈਵਾਨੀਅਤ ਦਾ ਨਾਮ ਨਹੀਂ ਦਿੱਤਾ ਜਾ ਸਕਦਾ। ਸਿੱਖੀ ਪਰੰਪਰਾ ਤੇ ਇਤਿਹਾਸ ਗਵਾਹ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਚੰਦੂ ਦੇ ਨੱਕ ’ਚ ਨਕੇਲ ਪਾ ਕੇ ਲਾਹੌਰ ’ਚ ਫੇਰਿਆ ਸੀ, ਇਸੇ ਤਰਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮਸੰਦਾਂ ਨੂੰ ਤੇਲ ਦੇ ਕੜਾਹੇ ’ਚ ਸਾੜਨ ਅਤੇ ਭਾਈ ਸੁਖੀ ਸਿੰਘ ਮਹਿਤਾਬ ਸਿੰਘ ਵੱਲੋਂ ਮਸੇ ਰੰਘੜ ਦਾ ਸਿਰ ਕਲਮ ਕਰਦਿਆਂ ਨੇਜ਼ੇ ’ਤੇ ਟੰਗ ਕੇ ਲੈ ਜਾਣ, ਛੋਟੇ ਘੱਲੂਘਾਰੇ ਦੇ ਮੁੱਖ ਦੋਸ਼ੀ ਜਸਪਤ ਰਾਏ ਦਾ ਸਿਰ ਵੱਢਣ ਅਤੇ ਸਰਹਿੰਦ ਦੇ ਖ਼ੂਨੀ ਜ਼ਾਲਮ ਵਜ਼ੀਰ ਖਾਨ ਨੂੰ ਘੋੜਿਆਂ ਪਿੱਛੇ ਪਾ ਕੇ ਘੜੀਸਣ ਨੂੰ ਕੀ ਕਹੋਗੇ ? ਇਨ੍ਹਾਂ ਵਰਤਾਰਿਆਂ ਨੂੰ ਅੱਜ ਤਕ ਸਾਰਥਿਕ ਨਜ਼ਰੀਏ ਨਾਲ ਹੀ ਦੇਖਿਆ ਜਾਂਦਾ ਰਿਹਾ ਹੈ। ਕੁਝ ਆਲੋਚਕਾਂ ਦਾ ਕਹਿਣਾ ਹੈ ਕਿ ਕਤਲ ਹੋਇਆ ਬੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਨਹੀਂ ਸਗੋਂ ਸਰਬ ਲੋਹ ਗ੍ਰੰਥ ਨੂੰ ਲੈ ਕੇ ਭੱਜਿਆ ਸੀ। ਪਰ ਇਸ ਨੁਕਤੇ ਨਾਲ ਇਸ ਨੂੰ ਦੋਸ਼ ਮੁਕਤ ਜਾਂ ਬੇਕਸੂਰ ਨਹੀਂ ਗਿਣਿਆ ਜਾ ਸਕਦਾ ਕਿ ਉਸ ਨੇ ਸਰਬ ਲੋਹ ਗ੍ਰੰਥ ਨੂੰ ਹੱਥ ਪਾਇਆ। ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਰਬ ਲੋਹ ਗ੍ਰੰਥ ਬਾਰੇ ਪਛਾਣ ਨਹੀਂ, ਇਸ ਨਾਲ ਕੋਈ ਫ਼ਰਕ ਨਹੀਂ ਪੈਦਾ ਉਸ ਦੀ ਮਨਸ਼ਾ ਗੁਰੂ ਕੀ ਬਾਣੀ ਦੀ ਬੇਅਦਬੀ ਹੀ ਸੀ। ਉਸ ਵੱਲੋਂ ਉਠਾਇਆ ਗਿਆ ਪਹਿਲਾ ਕਦਮ ਜਾਂ ਫਿਰ ਜਿਹੜਾ ਬੰਦਾ ਇਨਸਾਨੀਅਤ ਦੇ ਕਲਿਆਣ ਕਾਰੀ ਗ੍ਰੰਥ ਸਾਹਿਬ ’ਤੇ ਹਮਲਾ ਕਰਨ ਦੇ ਮਕਸਦ ਨਾਲ ਆਉਂਦਾ ਹੈ ਹੈਵਾਨੀਅਤ ਹੈ। ਕਿਸੇ ਹੈਵਾਨ ਨੂੰ ਉਸ ਦੇ ਕਰਮ ਨੂੰ ਮੁੱਖ ਰੱਖਦਿਆਂ ਸਿੱਖੀ ਰਹੁ ਰੀਤ ਮੁਤਾਬਿਕ ਸਜ਼ਾ ਦੇਣੀ ਕੋਈ ਨਵੀਂ ਗਲ ਨਹੀਂ ਹੈ, ਸਿੱਖ ਇਤਿਹਾਸ ਅਤੇ ਵਰਤਮਾਨ ਇਨ੍ਹਾਂ ਨੁਕਤਿਆਂ ਨਾਲ ਭਰਿਆ ਪਿਆ ਹੈ। ਕੁਝ ਲੋਕ ਤਾਂ ਇਹ ਦਲੀਲ ਦੇਣ ਦੀ ਨਾਸਮਝੀ ਕਰਦੇ ਹਨ ਕਿ ਕਿਸੇ ਕੋਲ ਕੋਈ ਵੀਡੀਓ ਫੁਟੇਜ ਨਹੀਂ ਕਿ ਉਸ ਵਿਅਕਤੀ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਕੀ ਉਸ ਵਕਤ ਸੰਗਤ ਬੇਅਦਬੀ ਕਰਨ ਬਾਰੇ ਵੀਡੀਓ ਸ਼ੂਟ ਕਰਨ ਜਾਂ ਬੇਅਦਬੀ ਲਈ ਮੌਕਾ ਦਿੱਤਾ ਜਾਣਾ ਚਾਹੀਦਾ ਸੀ? ਜਿਵੇਂ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਹੋਇਆ? ਇਸ ਵਰਤਾਰੇ ’ਚ ਬੀਬੀ ਮਾਇਆਵਤੀ ਤੇ ਹੋਰ ਕੁਝ ਲੋਕਾਂ ਨੇ ਸਿਆਸੀ ਰੋਟੀਆਂ ਸੇਕਣ ਅਤੇ ਵੋਟ ਦੀ ਰਾਜਨੀਤੀ ਖ਼ਾਤਰ ਦਲਿਤ ਪਤਾ ਖੇਡਣ ਦੀ ਕੋਸ਼ਿਸ਼ ਕੀਤੀ। ਇੰਝ ਪੇਸ਼ ਕੀਤਾ ਗਿਆ ਜਿਵੇਂ ਸਿੱਖ ਦਲਿਤ ਵਿਰੋਧੀ ਹੋਣ। ਪਰ ਕਤਲ ਕਰਨ ਵਾਲਿਆਂ ਨੇ ਖ਼ੁਦ ਵੀ ਕਬੂਲ ਕੀਤਾ ਕਿ ਉਨ੍ਹਾਂ ਦਾ ਸੰਬੰਧ ਵੀ ਉਸੇ ਸ਼੍ਰੇਣੀ ਨਾਲ ਹੈ। ਰਹੀ ਗਲ ਸਿੱਖ ਦੀ ਦਲਿਤਾਂ ਪ੍ਰਤੀ ਹੇਜ ਤਾਂ ਬੀਬੀ ਮਾਇਆਵਤੀ ਨੂੰ ਇਹ ਦੱਸਣ ’ਚ ਮਾਣ ਮਹਿਸੂਸ ਕਰਦਾ ਹਾਂ ਕਿ ਸਿੱਖਾਂ ਨੇ ਦਲਿਤ ਭਾਈਚਾਰੇ ਦਾ ਹਮੇਸ਼ਾਂ ਸਾਥ ਦਿੱਤਾ।
1989 -90 ਵਿੱਚ ਵੀ ਪੀ ਸਿੰਘ ਦੀ ਸਰਕਾਰ ਵੇਲੇ ਮੰਡਲ ਕਮਿਸ਼ਨ ਦੀ ਰਿਪੋਰਟ ਆਈ ਸੀ । ਸਵਰਨ ਜਾਤੀਆਂ ਨੇ ਦਲਿਤਾਂ ਦੀ ਰਿਜ਼ਰਵੇਸ਼ਨ ਬੰਦ ਕਰਾਉਣ ਲਈ ਹੜਕੰਪ ਮਚਾਇਆ ਹੋਇਆ ਸੀ ਅਗਨੀ ਦੀਆਂ ਰੋਜ਼ਾਨਾ ਘਟਨਾਵਾਂ ਹੋ ਰਹੀਆਂ ਸਨ। ਸਾਰੇ ਭਾਰਤ ਵਿੱਚ ਦਲਿਤਾਂ ਖ਼ਿਲਾਫ਼ ਦੰਗੇ ਭੜਕ ਰਹੇ ਸੀ ਤਾਂ ਪੰਜਾਬ ’ਚ ਖਾੜਕੂ ਸਿੰਘਾਂ ਨੇ ਵੱਡੀ ਕਾਰਵਾਈ ਕਰਦਿਆਂ ਸਵਰਨ ਜਾਤੀਆਂ ਦੇ ਦਲਿਤਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਨੂੰ ਠੱਲ੍ਹ ਪਾ ਦਿੱਤੀ ਸੀ । ਅੱਜ ਤਾਂ ਦਲਿਤਾਂ ਦੀਆਂ ਵੋਟਾਂ ਦੀ ਖ਼ਾਤਰ ਕੋਈ ਸੀ ਐਮ ਦਾ ਅਹੁਦਾ ਦੇ ਰਿਹਾ ਕੋਈ ਕੁਝ ਐਲਾਨ ਕਰ ਰਿਹਾ ਤਾਂ ਕੋਈ ਕੁਝ । ਨਿਹੰਗ ਸਿੰਘਾਂ ਵਿੱਚ ਸ਼ਹੀਦ ਭਾਈ ਜੈਤਾ ਉਰਫ਼ ਭਾਈ ਜੀਵਨ ਸਿੰਘ ਰੰਘਰੇਟਾ ਗੁਰੂ ਕਾ ਬੇਟਾ ਤੋ ਲੈ ਕੇ ਅੱਜ ਵੀ ਸੱਤਰ ਪ੍ਰਤੀਸ਼ਤ ਨਿਹੰਗ ਸਿੰਘ ਦਲਿਤ ਵੀਰ ਹਨ । ਚਮਕੌਰ ਸਾਹਿਬ ਦੀ ਜੰਗ ਵਿੱਚ ਵੀ ਸ਼ਹੀਦ ਭਾਈ ਜੀਵਨ ਸਿੰਘ ਉਰਫ਼ ਭਾਈ ਜੈਤਾ ਰੰਘਰੇਟਾ ਗੁਰੂ ਕਾ ਬੇਟਾ ਦੇ ਸਮੇਤ ਸ਼ਹੀਦੀਆਂ ਪਾਉਣ ਵਾਲੇ ਪੰਜਾਹ ਪ੍ਰਤੀਸ਼ਤ ਤੋ ਜ਼ਿਆਦਾ ਨਿਹੰਗ ਸਿੰਘ ਦਲਿਤ ਸੀ।
ਮੌਕੇ ’ਤੇ ਕਾਰਵਾਈ ਪਾਉਣ ਵਾਲਿਆਂ ਨਿਹੰਗ ਸਿੰਘਾਂ ਨੇ ਆਪਣੇ ਆਪ ਨੂੰ ਪੁਲੀਸ ਦੇ ਹਵਾਲੇ ਕਰਦਿਆਂ ਇਕ ਚੰਗਾ ਸੁਨੇਹਾ ਦਿੱਤਾ ਹੈ। ਕਾਨੂੰਨਾਂ ਨੂੰ ਛਿੱਕੇ ਟੰਗ ਕੇ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਕਰਨ ਵਾਲਿਆਂ ਦੇ ਖ਼ਿਲਾਫ਼ ਸਰਕਾਰਾਂ ਕੁਝ ਨਾ ਕਰ ਸਕਣ ਤਾਂ ਮਜਬੂਰਨ ਅਵਾਮ ਨੂੰ ਕਾਨੂੰਨ ਹੱਥਾਂ ਵਿੱਚ ਲੈ ਕੇ ਖ਼ੁਦ ਇਨਸਾਫ਼ ਤਰਾਸ਼ਣਾ ਪੈਂਦਾ ਹੈ। ਇਸੇ ਨਜ਼ਰੀਏ ਤੋਂ ਸਰਕਾਰਾਂ ਅਤੇ ਪੁਲਸ ਨੂੰ ਸਿੰਘੂ ਬਾਰਡਰ ਘਟਨਾ ਦੀ ਧਾਰਮਿਕ ਸੰਵੇਦਨਸ਼ੀਲਤਾ ਅਤੇ ਭਾਵਨਾਤਮਿਕ ਗੰਭੀਰਤਾ ਨੂੰ ਵੇਖਦਿਆਂ ਸਿਰਫ਼ ਅਮਨ ਅਤੇ ਕਾਨੂੰਨ ਦੇ ਮਸਲੇ ਵਜੋਂ ਨਹੀਂ ਲਿਆ ਜਾਣਾ ਚਾਹੀਦਾ। ਸਿੰਘੂ ਕੇਸ ’ਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਿਸਾਨ ਅੰਦੋਲਨ ਸਿੱਖਾਂ ਦੇ ਸਿਰ ‘ਤੇ ਚੱਲ ਰਿਹਾ। ਇਸ ਕਰਕੇ ਨਿਸ਼ਾਨਾ ਸਿੱਖ ਅਤੇ ਨਿਹੰਗ ਨੇ। ਅੱਜ ਉਕਤ ਕਤਲ ਕੇਸ ਭਾਰਤੀ ਕਾਨੂੰਨ ਮੁਤਾਬਿਕ ਅਤੇ ਨਿਆਂ ਦੀ ਕਸੌਟੀ ਅਨੁਸਾਰ ਚੱਲ ਰਿਹਾ ਹੈ ਤਾਂ ਇਹ ਪੁਲਿਸ ਕਰਕੇ ਨਹੀਂ, ਮੁਲਜ਼ਮਾਂ ਕਰਕੇ ਹੈ। ਕਿਉਂ ਕਿ ਮੁਲਜ਼ਮਾਂ ਨੇ ਖ਼ੁਦ ਪੁਲਿਸ ਸੱਦੀ। ਖ਼ੁਦ ਦੱਸਿਆ ਕਿ ਕਤਲ ਕੀਤਾ। ਖ਼ੁਦ ਵੀਡੀਉ ਬਣਾਈ ਤੇ ਸਾਂਝੀ ਕੀਤੀ। ਕਤਲ ਕਰਨ ਵਾਲਿਆਂ ਨੇ ਬਚਣ ਦੀ ਨਾ ਕੋਸ਼ਿਸ਼ ਕੀਤੀ, ਨਾ ਭੱਜਣ ਦੀ। ਸਗੋਂ ਆਪ ਸਰੰਡਰ ਕੀਤਾ। ਮਹਾਤਮਾ ਗਾਂਧੀ ਨੇ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿਖੇ ਕਿਹਾ ਸੀ “ਜੇਕਰ ਸਿੱਖਾਂ ਨੂੰ ਭਾਰਤ’ਚ ਇਨਸਾਫ਼ ਨਾ ਮਿਲਿਆ ਤਾਂ ਉਹ ਆਪਣੀ ਕਿਰਪਾਨ ਨਾਲ ਹੱਲ ਕੱਢ ਸਕਦੇ ਹਨ।”
ਸਿੱਖਾਂ ਦੇ ਗੁਰੂਘਰਾਂ ਜਾਂ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਕਰਨ ਵਾਲਾ ਜਾਂ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲਾ ਕੋਈ ਵੀ ਇਨਸਾਨ ਸਿੱਖ ਕੌਮ ਦੀ ਨਜ਼ਰ ਚ ਸਿਰਫ਼ ਤੇ ਸਿਰਫ਼ ਇਕ ਪਾਪੀ ਹੈ। ਗੁਰੂ ਘਰ ਦਾ ਦੋਖੀ ਹੈ ਚਾਹੇ ਉਹ ਕਿਸੇ ਵੀ ਧਰਮ ਜਾਤ ਬਰਾਦਰੀ ਨਾਲ ਸੰਬੰਧ ਰੱਖਦਾ ਹੋਵੇ। ਸਿੱਖ ਗੁਰੂਘਰਾਂ ਚ ਦਰਸ਼ਨ ਕਰਨ ਆਉਣ ਵਾਲੇ ਕਿਸੇ ਇਨਸਾਨ ਨਾਲ ਜਾਤ ਪਾਤ ਜਾਂ ਧਰਮ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਕਰਦੇ ਸਭ ਦਾ ਇੱਕੋ ਜਿਹਾ ਹੀ ਸਤਿਕਾਰ ਹੈ। ਪਰ ਜੇਕਰ ਕੋਈ ਪਾਪੀ ਇਨਸਾਨ ਗੁਰੂਘਰਾਂ ਜਾਂ ਸਿੱਖਾਂ ਦੇ ਇਸ਼ਟ ਪ੍ਰਤੀ ਆਪਣੇ ਮਨ ’ਚ ਮੰਦੀ ਭਾਵਨਾ ਰੱਖਦਾ ਹੈ ਤਾਂ ਉਹ ਸਿਰਫ਼ ਸਿੱਖ ਕੌਮ ਦਾ ਦੁਸ਼ਮਣ ਹੀ ਮੰਨਿਆ ਜਾਵੇਗਾ ਤੇ ਦੁਸ਼ਮਣ ਨਾਲ ਕਦੇ ਵੀ ਮਿੱਤਰਤਾ ਵਾਲਾ ਵਿਹਾਰ ਨਹੀਂ ਕੀਤਾ ਜਾਂਦਾ, ਸਿੱਖ ਇਕ ਵਾਰ ਉਸ ਇਨਸਾਨ ਨੂੰ ਤਾਂ ਮਾਫ਼ ਕਰ ਸਕਦਾ ਹੈ, ਜੇ ਉਸ ਦਾ ਨਿੱਜੀ ਨੁਕਸਾਨ ਕਰ ਜਾਵੇ ਪਰ ਗੁਰੂ ਦਾ ਸਿੱਖ ਉਸ ਇਨਸਾਨ ਨੂੰ ਹਰਗਿਜ਼ ਮਾਫ਼ ਨਹੀਂ ਕਰਦਾ ਜੋ ਉਸ ਦੇ ਗੁਰੂਘਰਾਂ ਜਾਂ ਸਿੱਖ ਦੇ ਉਸੇ ਦੀ ਬੇਅਦਬੀ ਕਰੇ ਗੁਰੂਘਰਾਂ ਖ਼ਿਲਾਫ਼ ਜਾਂ ਸਿੱਖਾਂ ਦੇ ਇਸ਼ਟ ਖ਼ਿਲਾਫ਼ ਕੂੜ ਪ੍ਰਚਾਰ ਕਰੇ।
ਪਰਿਵਾਰ ਅਤੇ ਪਿੰਡ ਵਾਸੀਆਂ ਮੁਤਾਬਿਕ ਮਾਰਿਆ ਗਿਆ ਬੰਦਾ ਚੰਗੇ ਅਕਸ ਦਾ ਮਾਲਕ ਨਹੀਂ ਸੀ। ਉਸ ਦੀ ਦਸ਼ਾ ਕਾਰਨ ਹੀ ਉਸ ਦਾ ਮਾਂ ਪਿਓ ਸਮੇਂ ਤੋਂ ਪਹਿਲਾਂ ਚੱਲ ਵਸੇ , ਪਤਨੀ ਅਤੇ ਬਚਿਆਂ ਦਾ ਖ਼ਿਆਲ ਨਾ ਰੱਖਣ ਕਰਕੇ ਉਹ ਵੀ ਉਸ ਨਾਲੋਂ ਵੱਖ ਹੋ ਗਏ। ਇੱਥੋਂ ਤਕ ਕਿ ਪਰਿਵਾਰ ਤੇ ਪਿੰਡ ਵਾਸੀਆਂ ਨੇ ਉਸ ਦੀ ਲਾਸ਼ ਨਾ ਲਿਆਉਣ ਫ਼ੈਸਲਾ ਕੀਤਾ। ਇੱਥੇ ਇਕ ਗਲ ਤਾਂ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਕਿਸੇ ਤਾਕਤ ਵੱਲੋਂ ਸਮਾਜ ਵਿਚ ਜਾਂ ਕਿਸਾਨ ਅੰਦੋਲਨ ’ਚ ਫੁੱਟ ਅਤੇ ਅਰਾਜਕਤਾ ਪੈਦਾ ਕਰਨ ਲਈ ਉਸ ਦੀ ਵਰਤੋਂ ਕੀਤੀ ਹੋ ਸਕਦੀ ਹੈ। ਇਸ ਬਾਰੇ ਪਤਾ ਕਰਨਾ ਸਰਕਾਰਾਂ ਦਾ ਕੰਮ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਸ ਬੰਦੇ ਕੋਲ ਤਰਨ ਤਾਰਨ ਤਕ ਜਾਣ ਲਈ ਕਿਰਾਇਆ ਨਹੀਂ ਸੀ ਅਤੇ ਕਦੇ ਅੰਮ੍ਰਿਤਸਰ ਤੱਕ ਨਹੀਂ ਸੀ ਜਾਂਦਾ ਉਹ ਦਿੱਲੀ ਕਿਵੇਂ ਪਹੁੰਚ ਗਿਆ ? ਜਿਹੜਾ ਨਸ਼ੇ ਬਿਨਾਂ ਪਲ ਨਹੀਂ ਸੀ ਕੱਢਦਾ ਉਹ ਦਿੱਲੀ ਜਾ ਕੇ ਮੋਰਚੇ ‘ਚ ਕਿਵੇਂ ਸ਼ਾਮਲ ਹੋ ਗਿਆ। ਕੋਈ ਹੈਰਾਨੀ ਨਹੀਂ ਕਿ ਨਸ਼ੇ ਦੀ ਤੋੜ ‘ਚ ਇਸ ਨੇ ਪੈਸਿਆਂ ਖ਼ਾਤਰ ਬੇਅਦਬੀ ਵਰਗਾ ਪਾਪ ਕਰਨ ਦੀ ਕਿਸੇ ਨੂੰ ਹਾਮੀ ਭਰੀ ਹੋਵੇ ? ਇਸ ਪੱਖ ਤੋਂ ਪੜਤਾਲ ਦੀ ਲੋੜ ਹੈ।
ਜਿਹੜੇ ਲੋਕ ਉਕਤ ਵਰਤਾਰੇ ਨਾਲ ਨਾਤਾ ਨਾ ਹੋਣ ਬਾਰੇ ਬਿਆਨ ਜਾਰੀ ਕਰ ਰਹੇ ਹਨ ਉਨ੍ਹਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ। ਉਨ੍ਹਾਂ ਨੂੰ ਇੱਕ ਵਾਰੀ ਜ਼ਰੂਰ ਆਪਣੇ ਗੁਰੂ ਸਾਹਿਬਾਨ ਅਤੇ ਆਪਣੇ ਪੁਰਖਿਆਂ ਵੱਲੋਂ ਰਚੇ ਫ਼ਖਰ ਯੋਗ ਇਤਿਹਾਸ ਉੱਤੇ ਨਜ਼ਰ ਮਾਰਨੀ ਚਾਹੀਦੀ ਹੈ। ਕੀ ਇਹ ਲੋਕ ਚਾਹੁੰਦੇ ਹਨ ਕਿ ਚੁੱਪ ਕਰਕੇ ਜਾਗਦੀ ਜੋਤ ਗੁਰੂ ਸਾਹਿਬ ਦੀ ਬੇਅਦਬੀ ਕਰਵਾਉਂਦੇ ਰਹੋ। ਸਿਰ ਨੀਵਾਂ ਕਰਕੇ ਜ਼ੁਲਮ ਸਹਿੰਦੇ ਰਹੋ। ਧਾਰਮਿਕ ਸਹਿਣਸ਼ੀਲਤਾ ਦੀ ਵੀ ਹੱਦ ਹੁੰਦੀ ਹੈ।
“ਖਾਲਸਾ ਹੋਵੈ ਖ਼ੁਦ ਖੁਦਾ, ਜਿਮ ਖੂਬੀ ਖੂਬ ਖੁਦਾਇ ॥
ਆਨ ਨ ਮਾਨੈ ਆਨ ਕੀ, ਬਿਨ ਸੱਚੇ ਪਾਤਿਸਾਹਿ ॥