ਯਾਦ ਆਉਂਦੀ ਹੈ ਕੌਮਾਗਾਟਾ ਮਾਰੂ ਦੀ ਘਟਨਾ… (-ਮਜੀਦ ਸ਼ੇਖ਼)

ਮੇਰੇ ਅੱਬਾ ਹਮੇਸ਼ਾ ਹੈਰਾਨ ਕਰਦੇ ਰਹਿੰਦੇ ਸਨ। ਯਕੀਨਨ ਇਹ 1960ਵਿਆਂ ਦੀ ਗੱਲ ਹੈ, ਅਸੀਂ ਦੋਵੇਂ ਮੋਚੀ ਗੇਟ ਦੀ ਇਕ ਤੰਗ ਗਲੀ ’ਚੋਂ ਲੰਘ ਰਹੇ ਸਾਂ ਤਾਂ ਅੱਬਾ ਹਜ਼ੂਰ ਇਕ ਛੋਟੇ ਜਿਹੇ ਘਰ ਦੇ ਬਾਹਰ ਰੁਕੇ ਤੇ ਆਖਣ ਲੱਗੇ, ‘‘ਇਹ ਉਹ ਘਰ ਜੇ, ਜਿੱਥੇ ਉਹ ਬੰਦਾ ਰਹਿੰਦਾ ਸੀ ਜਿਸ ਨੇ ਕੌਮਾਗਾਟਾ ਮਾਰੂ ਜਹਾਜ਼ ਕਿਰਾਏ ’ਤੇ ਲਿਆ ਸੀ। ਕੋਈ ਵਕਤ ਆਵੇਗਾ ਜਦੋਂ ਅਸਾਂ ਉਸ ਤੇ ਉਸ ਦੇ ਸਾਥੀਆਂ ਨੂੰ ਆਪਣੇ ਸੱਚੇ ਨਾਇਕਾਂ ਵਜੋਂ ਤਸਲੀਮ ਕਰਾਂਗੇ।’’

ਕੌਮਾਗਾਟਾ ਮਾਰੂ ਸਾਲਾਂਬੱਧੀ ਮੇਰੇ ਅਚੇਤ ਜ਼ਿਹਨ ਵਿਚ ਵੱਸਿਆ ਰਿਹਾ। ਲਹਿੰਦੇ ਪੰਜਾਬ ਅਤੇ ਲਾਹੌਰ ਦੇ ਵਾਸੀਆਂ ’ਚੋਂ ਬਹੁਤਿਆਂ ਨੂੰ ਨਹੀਂ ਪਤਾ ਕਿ ਪਹਿਲੀ ਜੰਗ-ਏ-ਅਜ਼ੀਮ (ਆਲਮੀ ਜੰਗ) ਛਿੜਨ ਤੋਂ ਐਨ ਪਹਿਲਾਂ ਅਮਰੀਕਾ ਵਿਚ ਪੰਜਾਬੀਆਂ ਦਾ ਇਕ ਜਥਾ ਦੇਸ਼ ਲਈ ਕੁਝ ਕਰ ਗੁਜ਼ਰਨ ਵਾਸਤੇ ਇਕੱਤਰ ਹੋਇਆ। ਇਹ ਉਹ ਪੰਜਾਬੀ ਸਨ ਜਿਹੜੇ ਕੈਲੀਫੋਰਨੀਆ ਦੇ ਗੋਲਡ ਰਸ਼ ਦੇ ਖਿੱਚੇ ਅਤੇ ਭਾਰਤ ਦੀ ਅੰਗਰੇਜ਼ੀ ਹਕੂਮਤ ਤੋਂ ਨਿਜ਼ਾਤ ਪਾਉਣ ਲਈ ਅਮਰੀਕਾ ਗਏ ਸਨ। (ਕੈਲੀਫੋਰਨੀਆ ਗੋਡਲ ਰਸ਼ 1848 ਤੋਂ 1855 ਤੱਕ ਚੱਲਿਆ, ਜਦੋਂ ਉੱਥੇ ਸੋਨਾ ਹੋਣ ਦਾ ਪਤਾ ਲੱਗਣ ’ਤੇ ਅਮਰੀਕਾ ਹੀ ਨਹੀਂ ਸਗੋਂ ਦੁਨੀਆਂ ਭਰ ਤੋਂ ਤਕਰੀਬਨ ਤਿੰਨ ਲੱਖ ਲੋਕ ਸੋਨਾ ਕੱਢਣ ਲਈ ਪੁੱਜੇ ਸਨ)। ਇਨ੍ਹਾਂ ਦੇਸ਼ ਭਗਤ ਪੰਜਾਬੀਆਂ ਵਿਚੋਂ ਬਹੁਤੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਲਾਹੌਰ ਨਾਲ ਸਬੰਧਿਤ ਸਨ। ਇੱਥੋਂ ਤੱਕ ਕਿ ਅੱਜ ਵੀ ਕੈਲੀਫੋਰਨੀਆ ਵਿਚ ਵੱਡੀ ਗਿਣਤੀ ਕਿਸਾਨ ਲਾਹੌਰ ਤੇ ਇਸ ਦੇ ਆਸੇ-ਪਾਸੇ ਦੇ ਇਲਾਕਿਆਂ ਨਾਲ ਸਬੰਧਿਤ ਪੰਜਾਬੀ ਹਨ।

ਅਮਰੀਕਾ ਦੇ ਉਨ੍ਹਾਂ ‘ਬਾਗ਼ੀ’ ਪਰਵਾਸੀਆਂ ਜਿਹੜੇ ਆਖ਼ਰ ਬਰਤਾਨਵੀ ਗ਼ੁਲਾਮੀ ਦਾ ਜੂਲ਼ਾ ਗਲ਼ੋਂ ਲਾਹ ਕੇ ਆਜ਼ਾਦੀ ਹਾਸਲ ਕਰਨ ’ਚ ਕਾਮਯਾਬ ਰਹੇ, ਦੀ ਰਵਾਇਤ ਨੂੰ ਜਾਰੀ ਰੱਖਦਿਆਂ ਹਿੰਦੋਸਤਾਨੀ ਜਾਂ ਬਰ-ਏ-ਸਗ਼ੀਰ ਨਾਲ ਸਬੰਧਿਤ ਹੋਰ ਪਰਵਾਸੀਆਂ ਨੇ ਵੀ ਫ਼ੈਸਲਾ ਕੀਤਾ ਕਿ ਆਪਣੇ ਵਤਨ ਪਰਤਣ ਅਤੇ ਉਸ ਨੂੰ ਆਜ਼ਾਦ ਕਰਵਾਉਣ ਦਾ ਵਕਤ ਆ ਗਿਆ ਹੈ। ਇਸ ਟੀਚੇ ਨਾਲ ਉਨ੍ਹਾਂ ਨੇ ਵਤਨਾਂ ਨੂੰ ਚਾਲੇ ਪਾ ਦਿੱਤੇ। ਇਨ੍ਹਾਂ ਵਿਚੋਂ ਬਹੁਤ ਸਾਰੇ ਅਜਿਹੇ ਸਨ ਜਿਹੜੇ ਅੰਗਰੇਜ਼ਾਂ ਦੇ ਕਾਲੇ ਕਾਨੂੰਨਾਂ ਤਹਿਤ ਆਪਣੀਆਂ ਜੱਦੀ ਵਾਹੀਯੋਗ ਜ਼ਮੀਨਾਂ ਖੋਹ ਲਏ ਜਾਣ ਕਾਰਨ ਪਰਵਾਸੀ ਹੋਏ ਸਨ। ਕੈਲੀਫੋਰਨੀਆ ਵਿਚੋਂ ਨਿਕਲਣ ਵਾਲੇ ਸੋਨੇ ਬਾਰੇ ਲਾਹੌਰ ਦੇ ‘ਸਿਵਿਲ ਐਂਡ ਮਿਲਿਟਰੀ ਗਜ਼ਟ’ ਵਿਚ ਵੱਡੀਆਂ-ਵੱਡੀਆਂ ਰਿਪੋਰਟਾਂ ਛਪ ਰਹੀਆਂ ਸਨ ਜਿਸ ਕਾਰਨ ਵੱਡੀ ਗਿਣਤੀ ਪੜ੍ਹੇ-ਲਿਖੇ ਲਾਹੌਰੀਆਂ ਨੇ ਅਮਰੀਕਾ ਜਾਣ ਦਾ ਫ਼ੈਸਲਾ ਕੀਤਾ। ਇਸ ਤਰ੍ਹਾਂ 20ਵੀਂ ਸਦੀ ਦਾ ਸੂਰਜ ਚੜ੍ਹਨ ਤੱਕ 10 ਹਜ਼ਾਰ ਤੋਂ ਵੱਧ ਪੰਜਾਬੀ, ਅਮਰੀਕੀ ਸਰਜ਼ਮੀਨ ’ਤੇ ਪੁੱਜ ਚੁੱਕੇ ਦੱਸੇ ਜਾਂਦੇ ਹਨ।

ਕੈਲੀਫੋਰਨੀਆ ਤੇ ਇਸ ਤੋਂ ਵੀ ਵੱਧ ਸਾਂ ਫਰਾਂਸਿਸਕੋ ਕਿਸੇ ਨਸਲੀ ਭਾਈਚਾਰੇ ਵਜੋਂ ਪੰਜਾਬੀਆਂ ਵੱਲੋਂ ਕੀਤੇ ਗਏ ਬਹੁਤ ਹੀ ਲਾਸਾਨੀ ਤੇ ਯਾਦਗਾਰੀ ਕੰਮਾਂ ਦੇ ਗਵਾਹ ਹਨ। ਇਨ੍ਹਾਂ ਵਿਚੋਂ ਬਹੁਤੇ ਮਸ਼ਹੂਰ ਚਾਈਨਾ ਟਾਊਨ ਵਿਚ ਰਹਿੰਦੇ ਸਨ। ਨਸਲੀ ਵਿਤਕਰੇ ਦਾ ਸਾਹਮਣਾ ਕਰਨ ਵਾਲੇ ਇਨ੍ਹਾਂ ਪੰਜਾਬੀਆਂ ਨੇ ਆਖ਼ਰ ਉਸ ਧਰਤੀ, ਜਿਸ ਉੱਤੇ ਉਹ ਰਹਿ ਰਹੇ ਸਨ, ਦੇ ਇਤਿਹਾਸ ਤੋਂ ਪ੍ਰੇਰਨਾ ਲੈਂਦਿਆਂ ਇਨਕਲਾਬੀ ਫ਼ੌਜ ਖੜ੍ਹੀ ਕਰਨ ਦਾ ਫ਼ੈਸਲਾ ਕੀਤਾ। ਇਸ ਦੌਰਾਨ ਉਨ੍ਹਾਂ ਯਕੀਨਨ ਬਹੁਤ ਹੀ ਗ਼ੈਰ-ਅਮਲੀ ਤਰੀਕਾ ਅਪਣਾਉਂਦਿਆਂ, ਹਿੰਦੋਸਤਾਨ ਉੱਤੇ ਸਮੁੰਦਰ ਰਸਤੇ ਹਮਲਾ ਕਰਨ ਦਾ ਫ਼ੈਸਲਾ ਕੀਤਾ। ਅੰਦਾਜ਼ਾ ਲਾਓ ਕਿ 1913 ਦਾ ਸਾਲ, ਜਦੋਂ ਬਰਤਾਨੀਆ ਤਾਕਤ ਦੇ ਸਿਖਰ ’ਤੇ ਸੀ ਅਤੇ ਦੂਜੇ ਪਾਸੇ ‘ਸੱਚੇ ਦੇਸ਼ ਭਗਤਾਂ’ ਦਾ ਛੋਟਾ ਜਿਹਾ ਗਰੁੱਪ ਦੱਖਣੀ ਏਸ਼ੀਆ ’ਤੇ ਹਮਲਾ ਕਰ ਕੇ ਇਸ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਦਾ ਫ਼ੈਸਲਾ ਕਰਦਾ ਹੈ। ਉਨ੍ਹਾਂ ਆਪਣੀ ਇਸ ਮੁਹਿੰਮ ਨੂੰ ‘ਗ਼ਦਰ’ ਭਾਵ ਵਿਦਰੋਹ ਜਾਂ ਬਗ਼ਾਵਤ ਦਾ ਨਾਂ ਦਿੱਤਾ।

ਉਨ੍ਹਾਂ 1915 ਵਿਚ ਆਪਣੀ ਯੋਜਨਾ ਪੂਰੀ ਤਰ੍ਹਾਂ ਤਿਆਰ ਕਰ ਲਈ ਸੀ। ਹਥਿਆਰਾਂ ਨਾਲ ਭਰੀਆਂ ਪੰਜ ਕਿਸ਼ਤੀਆਂ ਅਤੇ ਭਾਰੀ ਪ੍ਰਚਾਰ ਦੌਰਾਨ ਉਨ੍ਹਾਂ ਨੇ ਕੈਲੀਫੋਰਨੀਆ ਦੀਆਂ ਵੱਖ-ਵੱਖ ਥਾਵਾਂ ਤੋਂ ਕੂਚ ਕੀਤਾ। ਬਰਤਾਨੀਆ ਦੇ ਖ਼ੁਫ਼ੀਆ ਏਜੰਟਾਂ ਨੇ ਸਿੱਟਾ ਕੱਢਿਆ ਕਿ ਇਨ੍ਹਾਂ ਗ਼ਦਰੀਆਂ ਨੂੰ ਅਸਲ ’ਚ ਜਰਮਨੀ ਤੋਂ ਮਾਲੀ ਇਮਦਾਦ ਮਿਲ ਰਹੀ ਸੀ। ਇਹ ਬਾਗ਼ੀ ਹਰ ਤਰ੍ਹਾਂ ਦੇ ਹਥਿਆਰ ਇਕੱਤਰ ਕਰਦੇ ਹੋਏ ਫ਼ੌਜ ਵਾਂਗ ਜਥੇਬੰਦ ਹੋ ਰਹੇ ਸਨ। ਉਨ੍ਹਾਂ ਦੀ ਇਹੋ ਦਲੀਲ ਸੀ ਕਿ ਜੇ ਅਮਰੀਕੀ ਪਰਵਾਸੀ ਅਜਿਹਾ ਕਰ ਸਕਦੇ ਹਨ ਤਾਂ ਉਹ ਦਲੇਰ ਪੰਜਾਬੀ ਕਿਉਂ ਨਹੀਂ। ਇਸ ਸਬੰਧ ਵਿਚ 1913 ਵਿਚ ਗ਼ਦਰ ਪਾਰਟੀ ਕਾਇਮ ਕੀਤੀ ਗਈ ਜਿਸ ਦਾ ਕਹਿਣਾ ਸੀ ਕਿ ਅੰਗਰੇਜ਼ਾਂ ਨੂੰ ਹਥਿਆਰਬੰਦ ਸੰਘਰਸ਼ ਨਾਲ ਹੀ ਹਿੰਦੋਸਤਾਨ ਵਿਚੋਂ ਕੱਢਿਆ ਜਾ ਸਕਦਾ ਹੈ। ਪਹਿਲੀ ਇਕੱਤਰਤਾ 1913 ’ਚ ਅਸਟੋਰੀਆ ਵਿਖੇ ਹੋਈ ਜਿੱਥੇ ਲਾਹੌਰ ਦੇ ਬਾਬਾ ਸੋਹਨ ਸਿੰਘ ਭਕਨਾ ਨੂੰ ਗ਼ਦਰ ਪਾਰਟੀ ਦਾ ਮੁਖੀ ਚੁਣਿਆ ਗਿਆ। ‘ਗ਼ਦਰ’ ਲਫ਼ਜ਼ ਲਾਹੌਰੀਆਂ ਨੂੰ ਆਪਣੀਆਂ ਰਵਾਇਤਾਂ ਤੇ ਭਾਵਨਾਵਾਂ ਦੇ ਬਹੁਤ ਕਰੀਬ ਜਾਪਦਾ ਹੈ।

ਅਮਰੀਕਾ ਦੇ ਗੁਆਂਢੀ ਮੁਲਕ ਕੈਨੇਡਾ ਵਿਚ 1914 ਦੀਆਂ ਗਰਮੀਆਂ ਦੌਰਾਨ ਮਸ਼ਹੂਰ ਕੌਮਾਗਾਟਾ ਮਾਰੂ ਦੁਖਾਂਤ ਵਾਪਰਿਆ। ਇਕ ਅਮੀਰ ਹਿੰਦੋਸਤਾਨੀ ਕਾਰੋਬਾਰੀ ਬਾਬਾ ਗੁਰਦਿੱਤ ਸਿੰਘ ਨੇ ਕੌਮਾਗਾਟਾ ਮਾਰੂ ਨਾਮੀ ਸਮੁੰਦਰੀ ਜਹਾਜ਼ ਕਿਰਾਏ ਉੱਤੇ ਲਿਆ ਅਤੇ ਉਸ ਨੂੰ ਲੈ ਕੇ ਹਾਂਗਕਾਂਗ ਤੋਂ ਵੈਨਕੂਵਰ (ਕੈਨੇਡਾ) ਪਹੁੰਚ ਗਿਆ। ਇਸ ਜਹਾਜ਼ ਵਿਚ 376 ਪੰਜਾਬੀ ਸਵਾਰ ਸਨ ਜਿਨ੍ਹਾਂ ਵਿਚੋਂ 340 ਸਿੱਖ ਅਤੇ ਕੁੱਲ ਮਿਲਾ ਕੇ ਅੱਧੇ ਲਾਹੌਰੀਏ ਸਨ। ਉਹ ਇਸ ਆਸ ਨਾਲ ਕੈਨੇਡਾ ਪੁੱਜੇ ਸਨ ਕਿ ਉਨ੍ਹਾਂ ਨੂੰ ਉੱਥੇ ਵੱਸਣ ਦੀ ਇਜਾਜ਼ਤ ਮਿਲ ਜਾਵੇਗੀ ਤੇ ਉਹ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਣਗੇ। ਪਰ ਉਨ੍ਹਾਂ ਦੀ ਆਸ ਦੇ ਉਲਟ ਵੈਨਕੂਵਰ ਪਹੁੰਚਦਿਆਂ ਹੀ ਬਹੁਤੇ ਮੁਸਾਫ਼ਰਾਂ ਨੂੰ ਜਹਾਜ਼ ਵਿਚ ਹੀ ਰੋਕ ਲਿਆ ਗਿਆ। ਉਹ ਦੋ ਮਹੀਨੇ ਉਡੀਕਦੇ ਰਹੇ ਤੇ ਉੱਥੋਂ ਦੇ ਹਿੰਦੋਸਤਾਨੀ ਭਾਈਚਾਰੇ ਨੇ ਉਨ੍ਹਾਂ ਲਈ ਜੱਦੋਜਹਿਦ ਵੀ ਕੀਤੀ ਪਰ ਕੈਨੇਡੀਅਨ ਹਕੂਮਤ ਨੇ ਉਨ੍ਹਾਂ ਦੇ ਦੇਸ਼ ਵਿਚ ਦਾਖ਼ਲੇ ਦੀ ਇਜਾਜ਼ਤ ਨਾ ਦਿੱਤੀ।

ਦਰਅਸਲ, ਕੈਨੇਡੀਅਨ ਅਧਿਕਾਰੀਆਂ ਨੂੰ ਇਸ ਸਬੰਧ ਵਿਚ ਬਰਤਾਨੀਆ ਨੇ ਖ਼ਬਰਦਾਰ ਕੀਤਾ ਹੋਇਆ ਸੀ ਕਿਉਂਕਿ ਅੰਗਰੇਜ਼ ਪਹਿਲਾਂ ਹੀ ਗ਼ਦਰ ਪਾਰਟੀ ਦੀ ਕਾਇਮੀ ਕਾਰਨ ਅਮਰੀਕਾ ਤੇ ਕੈਨੇਡਾ ਵਿਚ ਜਥੇਬੰਦ ਹੋ ਰਹੇ ਹਿੰਦੋਸਤਾਨੀਆਂ ਤੋਂ ਘਬਰਾਏ ਹੋਏ ਸਨ। ਇੰਨਾ ਹੀ ਨਹੀਂ, ਕੈਨੇਡਾ ਦੀ ਸੁਪਰੀਮ ਕੋਰਟ ਨੇ ਵੀ ਇਸ ਸਬੰਧੀ ਸਾਰੀਆਂ ਅਪੀਲਾਂ ਖ਼ਾਰਜ ਕਰ ਦਿੱਤੀਆਂ ਅਤੇ ਕੌਮਾਗਾਟਾ ਮਾਰੂ ਨੂੰ ਪਰਤਣਾ ਪਿਆ। ਇਸ ਨੂੰ ਕਲਕੱਤਾ ਪੁੱਜਣ ਲਈ ਮਜਬੂਰ ਕੀਤਾ ਗਿਆ। ਅਗਾਂਹ ਉਨ੍ਹਾਂ ਦੇ ਪੁੱਜਣ ਉੱਤੇ ਬਰਤਾਨਵੀ ਸੂਹੀਆਂ ਨੇ ਪਹਿਲਾਂ ਹੀ ਪੁਲੀਸ ਨੂੰ ਚੌਕਸ ਕੀਤਾ ਹੋਇਆ ਸੀ ਅਤੇ ਮੁਸਾਫ਼ਰਾਂ ਦੇ ਜਹਾਜ਼ ਤੋਂ ਉਤਰਨ ’ਤੇ ਪੁਲੀਸ ਨੇ ਉਨ੍ਹਾਂ ਉੱਤੇ ਬਿਨਾਂ ਕਾਰਨ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ 20 ਮੁਸਾਫ਼ਰਾਂ ਦੀ ਮੌਤ ਹੋ ਗਈ।

ਇੱਕ ਅੰਦਾਜ਼ੇ ਮੁਤਾਬਿਕ ਅੰਗਰੇਜ਼ ਹਕੂਮਤ ਖ਼ਿਲਾਫ਼ ਬਗ਼ਾਵਤ ਲਈ 8000 ਗ਼ਦਰੀ ਸਮੁੰਦਰ ਰਸਤੇ ਹਿੰਦੋਸਤਾਨ ਪੁੱਜੇ। ਦੂਜੇ ਪਾਸੇ ਬਰਤਾਨਵੀ ਹਕੂਮਤ ਗ਼ਦਰੀਆਂ ਦੀਆਂ ਯੋਜਨਾਵਾਂ ਤੋਂ ਪਹਿਲਾਂ ਹੀ ਜਾਣੂੰ ਹੋ ਚੁੱਕੀ ਸੀ ਅਤੇ 1914 ਵਿਚ ਇਕ ਆਰਡੀਨੈਂਸ ਜਾਰੀ ਕਰ ਕੇ ਸੂਬਾਈ ਸਰਕਾਰਾਂ ਨੂੰ ਹਿੰਦੋਸਤਾਨ ਵਿਚ ਦਾਖ਼ਲ ਹੋਣ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੇ ਅਖ਼ਤਿਆਰ ਦੇ ਦਿੱਤੇ। ਵੱਡੇ ਜਹਾਜ਼ਾਂ ਜਿਵੇਂ ਕੌਮਾਗਾਟਾ ਮਾਰੂ, ਨਾਮਸਾਂਗ ਅਤੇ ਐਸਐਸ ਕੋਰੀਆ ਰਾਹੀਂ ਆਉਣ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹੋਰ ਬਹੁਤ ਸਾਰੇ ਗ਼ਦਰੀ ਕੋਲੰਬੋ, ਮਦਰਾਸ (ਅਜੋਕਾ ਚੇਨੱਈ) ਤੇ ਬੰਬਈ (ਅਜੋਕਾ ਮੁੰਬਈ) ਰਾਹੀਂ ਭਾਰਤ ਵਿਚ ਦਾਖ਼ਲ ਹੋਣ ’ਚ ਸਫ਼ਲ ਰਹੇ। ਗ਼ਦਰ ਦੀ ਤਾਰੀਖ਼ 21 ਫਰਵਰੀ 1915 ਮਿਥੀ ਗਈ, ਪਰ ਅੰਗਰੇਜ਼ਾਂ ਨੂੰ ਇਸ ਦਾ ਪਤਾ ਲੱਗ ਜਾਣ ’ਤੇ ਐਨ ਆਖ਼ਰੀ ਮੌਕੇ ਤਰੀਕ ਦੋ ਦਿਨ ਅਗੇਤਰੀ ਭਾਵ 19 ਫਰਵਰੀ ਮਿਥੀ ਗਈ।

ਅੰਗਰੇਜ਼ ਹਕੂਮਤ ਨੇ ਪਤਾ ਲੱਗਦਿਆਂ ਹੀ ਫ਼ੁਰਤੀ ਨਾਲ ਕਾਰਵਾਈ ਕੀਤੀ ਅਤੇ ਕੋਹਾਟ, ਬੰਨੂ ਤੇ ਦੀਨਾਪੁਰ ਆਦਿ ਵਿਖੇ ਤਾਇਨਾਤ ਹਿੰਦੋਸਤਾਨੀ ਜਵਾਨਾਂ ਦੇ ਹਥਿਆਰ ਜ਼ਬਤ ਕਰ ਕੇ ਉਨ੍ਹਾਂ ਨੂੰ ਨਿਹੱਥੇ ਕਰ ਦਿੱਤਾ। ਗ਼ਦਰ ਪਾਰਟੀ ਦੇ ਅਨੇਕਾਂ ਆਗੂਆਂ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਉਨ੍ਹਾਂ ਉੱਤੇ ਪਹਿਲਾ ਲਾਹੌਰ ਸਾਜ਼ਿਸ਼ ਕੇਸ ਚਲਾ ਕੇ 24 ਪੰਜਾਬੀਆਂ ਨੂੰ ਸਜ਼ਾ-ਏ-ਮੌਤ ਦੇ ਹੁਕਮ ਸੁਣਾਏ ਗਏ। ਬਾਅਦ ਵਿਚ ਇਸ ਦਾ ਜਨਤਕ ਤੌਰ ’ਤੇ ਤਿੱਖਾ ਵਿਰੋਧ ਹੋਣ ਕਾਰਨ ਵਾਇਸਰਾਏ ਲਾਰਡ ਹਾਰਡਿੰਗ ਨੇ ਖ਼ੁਦ ਮਾਮਲੇ ਵਿਚ ਦਖ਼ਲ ਦਿੰਦਿਆਂ 17 ਜਣਿਆਂ ਦੀ ਸਜ਼ਾ-ਏ-ਮੌਤ ਨੂੰ ਉਮਰ ਕੈਦ ਵਿਚ ਤਬਦੀਲ ਕਰ ਦਿੱਤਾ। ਬਾਕੀ ਸੱਤ ਗ਼ਦਰੀਆਂ ਨੂੰ ਫਾਂਸੀ ਦੇ ਦਿੱਤੀ ਗਈ ਜਿਨ੍ਹਾਂ ਵਿਚ ਅੰਤਾਂ ਦਾ ਜੋਸ਼ੀਲਾ ਗ਼ਦਰੀ ਕਰਤਾਰ ਸਿੰਘ ਸਰਾਭਾ ਵੀ ਸ਼ਾਮਲ ਸੀ, ਜਿਹੜਾ ਮੋਚੀ ਗੇਟ, ਲਾਹੌਰ ਨਾਲ ਤਾਅਲੁਕ ਰੱਖਦਾ ਸੀ। ਉਨ੍ਹਾਂ ਨੂੰ ਲਾਹੌਰ ਸੈਂਟਰਲ ਜੇਲ੍ਹ ਵਿਚ ਐਨ ਉਸ ਥਾਂ ਫਾਹੇ ਲਾਇਆ ਗਿਆ ਜਿੱਥੇ ਅੱਜ ਮੁੱਖ ਸ਼ਾਹ ਜਮਾਲ ਚੌਕ ਸਥਿਤ ਹੈ। ਸਮਝਿਆ ਜਾਂਦਾ ਹੈ ਕਿ ਇਸ ਮਾਮਲੇ ਵਿਚ ਪੰਜ ਲਾਹੌਰ ਸ਼ਾਜ਼ਿਸ਼ ਕੇਸਾਂ ਤਹਿਤ ਘੱਟੋ-ਘੱਟ 145 ਗ਼ਦਰੀਆਂ ਨੂੰ ਫਾਂਸੀ ਦਿੱਤੀ ਗਈ ਅਤੇ ਹੋਰ 304 ਨੂੰ 14 ਸਾਲਾਂ ਤੋਂ ਵੱਧ ਲੰਬੀ ਕੈਦ ਦੀ ਸਜ਼ਾ ਸੁਣਾਈ ਗਈ। ਇਨ੍ਹਾਂ ਸਾਰਿਆਂ ਨੇ ਅੰਡੇਮਾਨ ਟਾਪੂਆਂ, ਜਿਨ੍ਹਾਂ ਨੂੰ ਉਦੋਂ ਕਾਲੇ ਪਾਣੀ ਆਖਿਆ ਜਾਂਦਾ ਸੀ, ਵਿਚ ਬਣਾਈ ਗਈ ਸੈਲਿਊਲਰ ਜੇਲ੍ਹ ਵਿਚ ਆਖ਼ਰੀ ਸਾਹ ਲਿਆ।

Leave a Reply

Your email address will not be published. Required fields are marked *