ਸੂਰਜ ਦਾ ਲੈਟਰ ਬਕਸ (-ਤਾਰਾ ਸਿੰਘ)

ਪੰਜਾਬੀ ਸਾਹਿਤ ਜਗਤ ਵਿਚ ਤਾਰਾ ਸਿੰਘ ਉੱਘਾ ਨਾਂ ਹੈ। ਉਸ ਦਾ ਪਹਿਲਾ ਕਾਵਿ-ਸੰਗ੍ਰਹਿ ‘ਸਿੰਮਦੇ ਪੱਥਰ’ ਪ੍ਰਕਾਸ਼ਿਤ ਹੋਣ ਨਾਲ ਹੀ ਉਹ ਮੁੱਖ ਪੰਜਾਬੀ ਕਵੀ ਵਜੋਂ ਸਥਾਪਤ ਹੋ ਗਿਆ ਸੀ। ਉਸ ਦੀਆਂ ਪੁਸਤਕਾਂ ‘ਸਿੰਮਦੇ ਪੱਥਰ’, ‘ਮੇਘਲੇ’, ‘ਅਸੀਂ ਤੁਸੀਂ’ 1956 ਤੋਂ 1972 ਵਿਚਕਾਰ ਪ੍ਰਕਾਸ਼ਿਤ ਹੋਈਆਂ। 1956 ਤੋਂ 1964 ਤਕ ਦੋ ਪੰਜਾਬੀ ਰੋਜ਼ਾਨਾ ਅਖ਼ਬਾਰਾਂ ਦਾ ਸੰਪਾਦਕ ਰਿਹਾ। ਉਸ ਨੇ ਹਫ਼ਤਾਵਾਰੀ ‘ਲੋਕ ਰੰਗ’ ਦਾ ਸੰਪਾਦਨ ਵੀ ਕੀਤਾ। ਤਾਰਾ ਸਿੰੰਘ ਨੇ ਭਾਰਤੀ ਸਭਿਆਚਾਰਕ ਇਤਿਹਾਸ ਅਤੇ ਪੰਜਾਬ ਦੇ ਇਤਿਹਾਸ ਸਬੰਧੀ ਜ਼ਿਕਰਯੋਗ ਕੰਮ ਕੀਤਾ। ਉਸ ਦੀ ਹਾਸ-ਵਿਅੰਗ ਕਵਿਤਾ ‘ਨਾਥ ਬਾਣੀ’ ਦੇ ਸਿਰਲੇਖ ਹੇਠ 1972 ਵਿਚ ਪ੍ਰਕਾਸ਼ਿਤ ਹੋਈ। ਤਾਰਾ ਸਿੰਘ ਦੀ ਪੁਸਤਕ ‘ਸੂਰਜ ਦਾ ਲੈਟਰ ਬਕਸ’ ਵਿਚੋਂ ਕੁਝ ਰਚਨਾਵਾਂ ਇੱਥੇ ਪੇਸ਼ ਕਰ ਰਹੇ ਹਾਂ:

ਸਮੁੰਦਰ

ਤੁਸੀਂ ਤਾਂ ਸਮਝ ਲੀਤਾ ਸੀ

ਕਿ ਤਾਰਾ ਸਿੰਘ ਕਵੀ ਹੁਣ ਮਰ ਗਿਆ ਹੈ!

ਜਦੋਂ ਵੀ ਔੜ ਲੱਗਦੀ ਹੈ-

ਜਦੋਂ ਧਰਤੀ ਦਾ ਪਿੰਡਾ ਸੁੱਕ ਕੇ ਅਖਰੋਟ ਹੁੰਦਾ ਹੈ!

ਤ੍ਰੇੜਾਂ ’ਚੋਂ ਜਦੋਂ ਭੈਅ ਹੂੰਗਦਾ ਹੈ

ਹਵਾ ਜਦ ਅੱਗ ਦੇ ਵਸਤਰ ਪਹਿਨ ਕੇ ਨਾਚ ਕਰਦੀ ਹੈ!

ਤ੍ਰੇੜੇ ਧਰਤ-ਪਿੰਡੇ ਹੇਠ ਕੀ ਪਾਣੀ ਨਹੀਂ ਹੁੰਦਾ?

ਤੇ ਅੰਬਰ ਵਿਚ ਭਲਾ ਨਹੀਂ ਮੇਘਲੇ ਹੁੰਦੇ?

ਤੁਸੀਂ ਤਾਂ ਜਾਣਦੇ ਹੋ-

ਬ੍ਰਿਛ ਕਿਸ ਕਿਸਮਤ ਦਾ ਸੁਆਮੀ ਹੈ

ਬਹਾਰਾਂ ਆਉਂਦੀਆਂ ਹਨ

ਸੁਲਗਦਾ ਹੈ

ਮਹਿਕਦਾ ਹੈ

ਫੈਲ ਜਾਂਦਾ ਹੈ।

ਬਹਾਰਾਂ ਜਾਂਦੀਆਂ ਹਨ

ਸਿਮਟਦਾ ਹੈ ਫੇਰ ਫੈਲਣ ਲਈ!

ਸਮੁੰਦਰ ਦੇਖਿਆ ਹੋਣੈਂ ਮੇਰੇ ਲੇਖਕ ਭਰਾਵਾਂ ਨੇ?

ਤੁਸੀਂ ਤਾਂ ਖ਼ੁਦ ਸਮੁੰਦਰ ਹੋ।

ਸਮੁੰਦਰ ਸਿਰਜਣਾ, ਸਾਕਾਰਨਾ, ਕਿਸਮਤ ਤੁਸਾਂ ਦੀ ਹੈ।

ਸਮੁੰਦਰ ਸ਼ੂਕਦਾ ਹੈ

ਸਿਰਜਦਾ ਹੈ, ਵਿਣਸਦਾ ਵੀ ਹੈ

ਉਹ ਜਗਦਾ, ਲਿਸ਼ਕਦਾ,

ਸੌਦਾ ਤੇ ਉਠਦਾ,

ਉਦੈ ਹੁੰਦਾ ਹੈ।

ਜਦੋਂ ਆਰਾਮ ਕਰਦਾ ਹੈ-

ਉਦੋਂ ਵੀ ਸਿਰਜ ਹੁੰਦਾ ਹੈ,

ਤੇ ਆਪੇ ਵਿਣਸਦਾ ਵੀ ਹੈ।

ਸਮੁੰਦਰ ਹਰ ਘੜੀ, ਹਰ ਪਲ ਸਮੁੰਦਰ ਹੈ।

ਸਮੁੰਦਰ ਮਰ ਨਹੀਂ ਜਾਂਦਾ।

ਮੇਰੇ ਸਾਹਿਤ-ਗਗਨ ਦੇ ਸੂਰਜੋ, ਸਮਕਾਲੀਓ-

ਮੇਰੀ ਇਹ ਆਦਤ ਹੈ

ਤੁਹਾਡੇ ਵਾਂਗ ਹਰ ਪਲ, ਛਿਣ

ਸਿਰਜਦਾ ਮੈਂ ਵੀ ਰਹਿੰਦਾ ਹਾਂ

ਤੁਸੀਂ ਲਿਖਦੇ ਵੀ ਰਹਿੰਦੇ ਹੋ,

ਮਗਰ, ਮੈਂ ਹਰ ਘੜੀ, ਹਰ ਪਲ ਨਹੀਂ ਲਿਖਦਾ!

ਰਤਾ ਮੈਨੂੰ ਇਹ ਆਦਤ ਹੈ…

ਕਿ ਜਦ ਵੀ ਜਗਮਗਾਉਣਾ ਹੈ

ਤਾਂ ਸੂਰਜ ਵਾਂਗ ਜਗਣਾ ਹੈ।

ਤਾਂ ਮਿਹਰਾਂ ਵਾਂਗ ਵੱਸਣਾ ਹੈ।

ਸਮੁੰਦਰ ਵਾਂਗ ਉੱਠਣਾ ਹੈ।

ਜਦੋਂ ਵੀ ਫੈਲਣਾ ਹੈ, ਫੈਲਣਾ ਹੈ ਵਾਂਗ ਧਰਤੀ ਦੇ,

ਜਦੋਂ ਵੀ ਮੌਲਣਾ ਹੈ, ਮੌਲਣਾ ਹੈ ਵਾਂਗ ਬ੍ਰਿਛਾਂ ਦੇ।

ਤੁਸੀਂ ਤਾਂ ਸਮਝ ਲੀਤਾ ਸੀ

ਕਿ ਤਾਰਾ ਸਿੰਘ ਕਵੀ ਹੁਣ ਮਰ ਗਿਆ ਹੈ!

ਬ੍ਰਿਛ ਤਾਂ ਬ੍ਰਿਛ ਹੁੰਦੇ ਨੇ

ਸਮੁੰਦਰ ਤਾਂ ਸਮੁੰਦਰ ਹੈ!

****

ਗ਼ਜ਼ਲ

ਜ਼ਬਾਨੀ ਜ਼ਬਾਨੀ ਮੇਰਾ ਹਾਲ ਪੁੱਛਿਆ।

ਬੜੀ ਮਿਹਰਬਾਨੀ, ਮੇਰਾ ਹਾਲ ਪੁੱਛਿਆ।

ਜੁਆਨੀ ਦੀ ਸਿੱਕ ਸੀ, ਤੁਸੀਂ ਹਾਲ ਪੁੱਛੋ,

ਚਲੀ ਗਈ ਜੁਆਨੀ, ਮੇਰਾ ਹਾਲ ਪੁੱਛਿਆ।

ਕਲਾਵੇ ’ਚ ਦੂਤੀ ਨੇ ਲੈ ਕੇ, ਤੁਹਾਨੂੰ-

ਕਰੀ ਛੇੜਖਾਨੀ, ਮੇਰਾ ਹਾਲ ਪੁੱਛਿਆ।

ਨਾ ਬੁੱਲ੍ਹਾਂ ਨੇ ਦੱਸਿਆ, ਨਾ ਅੱਖੀਆਂ ਨੇ ਦੱਸਿਆ,

ਜਦੋਂ ਢੋਲ ਜਾਨੀ ਮੇਰਾ ਹਾਲ ਪੁੱਛਿਆ।

ਗੁਨਾਹਾਂ ਸਣੇ ਪੇਸ਼ ਹੋਇਆ, ਤਾਂ ਰੱਬ ਨੇ –

ਧਰੀ ਕੰਨ ਤੇ ਕਾਨੀ, ਮੇਰਾ ਹਾਲ ਪੁੱਛਿਆ।

****

Leave a Reply

Your email address will not be published. Required fields are marked *