ਕੈਨੇਡਾ ਵਿਚ ਪੱਤਝੜ ਦੀ ਬਹਾਰ (-ਪ੍ਰਿੰ. ਸਰਵਣ ਸਿੰਘ)

 ਅਮਰੀਕਾ ਅਤੇ ਕੈਨੇਡਾ ਵਿਚ ਰੁੱਖਾਂ ਦੇ ਪੱਤਝੜ ’ਚ ਡਿੱਗਦੇ ਪੱਤੇ ਸੁੰਦਰਤਾ ਦਾ ਅਦਭੁੱਤ ਆਲਮ ਰਚਦੇ ਹਨ। ਇਸ ਬਾਰੇ ਜੌਹਨ ਬਰੋਜ਼ (John Burroughs) ਨੇ ਕਿਹਾ ਕਿ ‘‘ਪੱਤੇ ਕਿੰਨੀ ਸੁੰਦਰਤਾ ਨਾਲ ਉਮਰਵਾਨ (ਬੁੱਢੇ) ਹੁੰਦੇ ਨੇ! ਉਨ੍ਹਾਂ ਦੇ ਆਖ਼ਰੀ ਦਿਨ ਕਿੰਨੀ ਰੌਸ਼ਨੀ ਅਤੇ ਰੰਗਾਂ ਨਾਲ ਭਰੇ ਹੁੰਦੇ ਹਨ।’’

ਮੈਂ ਸੇਵਾਮੁਕਤ ਹੋ ਕੇ ਕੈਨੇਡਾ ਆ ਗਿਆ ਸਾਂ ਤੇ ਹੁਣ ਬਿਆਸੀਵੇਂ ਸਾਲ ’ਚ ਹਾਂ। ਉਮਰ ਭਾਵੇਂ ਪੱਤਝੜ ਵਰਗੀ ਹੋ ਗਈ ਹੈ, ਪਰ ਲੱਗਦੀ ਬਹਾਰ ਵਰਗੀ ਹੈ। ਜਿਵੇਂ ਬਚਪਨ ਤੇ ਜੁਆਨੀ ’ਚ ਪੰਜਾਬ ਦੀਆਂ ਸੁਨਹਿਰੀ ਵਿਸਾਖੀਆਂ ਵੇਖਦਾ ਸਾਂ ਉਵੇਂ ਬੁਢਾਪੇ ’ਚ ਕੈਨੇਡਾ ਦੀਆਂ ਵੀਹ ਕੁ ਰੰਗੀਨ ਪੱਤਝੜਾਂ ਵੇਖ ਲਈਆਂ ਹਨ। ਇਨ੍ਹੀਂ ਦਿਨੀਂ ਫਿਰ ਪੱਤਝੜ ਦੀ ਰੁੱਤ ਜੋਬਨ ’ਤੇ ਹੈ ਜਿਸ ਦੇ ਭਰਪੂਰ ਨਜ਼ਾਰੇ ਮਾਣ ਰਿਹਾ ਹਾਂ। ਕੈਨੇਡਾ ਦੀ ਹਰ ਪੱਤਝੜ ਰੰਗਾਂ ਦੀ ਲੀਲ੍ਹਾ ਹੁੰਦੀ ਹੈ। ਪੱਤਝੜ ਦੇ ਰੰਗ ਬਹਾਰ ਦੇ ਰੰਗਾਂ ਨੂੰ ਵੀ ਮਾਤ ਪਾਉਂਦੇ ਹਨ। ਮੈਂ ਅਕਤੂਬਰ ਦੇ ਸੁਖਾਵੇਂ ਮੌਸਮ ਦੀਆਂ ਰੰਗੀਨ ਸ਼ਾਮਾਂ ਨੂੰ ਛਿਪਦੇ ਸੂਰਜ ਦੀ ਲਾਲੀ ਵਿਚ ਰੱਖਾਂ ਦੀਆਂ ਪਹੀਆਂ ਉੱਤੇ ਸੈਰ ਕਰਦਾ ਹਾਂ ਤਾਂ ਰੁੱਖਾਂ ਦੀਆਂ ਟਾਹਣੀਆਂ ਉੱਤੇ ਅਤੇ ਧਰਤੀ ਦੀ ਸੇਜ ’ਤੇ ਰੰਗਾਂ ਦੀ ਰਚੀ ਅਪਾਰ ਰਚਨਾ ਵੇਖਦਾ ਹਾਂ। ਅਨੇਕਾਂ ਰੰਗ ਹੁੰਦੇ ਹਨ ਪੱਤਿਆਂ, ਝਾੜੀਆਂ, ਫਲਾਂ-ਫੁੱਲਾਂ, ਘਾਹ-ਬੂਟੀਆਂ, ਰੁੱਖਾਂ-ਬੂਟਿਆਂ ਤੇ ਆਲੇ-ਦੁਆਲੇ ਰੰਗ ਵਟਾ ਰਹੀ ਬਨਸਪਤੀ ਦੇ। ਹੈਰਾਨੀ ਹੁੰਦੀ ਹੈ ਏਨੇ ਰੰਗ! ਖੜ੍ਹ-ਖੜ੍ਹ ਵੇਖੀਦਾ ਅਤੇ ਵੇਖ-ਵੇਖ ਤੁਰੀਦਾ ਹੈ। ਕੁਦਰਤ ਦੇ ਬਲਿਹਾਰੇ ਜਾਈਦੈ। ਖਿੜਣ ਵੇਲੇ ਤਾਂ ਰੰਗਾਂ ਨੇ ਟਹਿਕਣਾ ਹੀ ਹੋਇਆ, ਇਹ ਤਾਂ ਮੁਰਝਾਉਣ ਵੇਲੇ ਵੀ ਟਹਿਕਦੇ ਨੇ! ਕੀ ਮਨੁੱਖ ਇਸ ਤਰ੍ਹਾਂ ਨਹੀਂ ਟਹਿਕ ਸਕਦਾ?

ਧਰਤੀ ਦੇ ਰੰਗ ਵੇਖਦਿਆਂ ਕਦੇ-ਕਦੇ ਨਜ਼ਰ ਉਪਰ ਅੰਬਰ ਵੱਲ ਵੀ ਉੱਠ ਜਾਂਦੀ ਹੈ। ਅੰਬਰ ’ਚ ਤੈਰਦੀਆਂ ਬੱਦਲੀਆਂ ਕਦੇ ਬੱਗੀਆਂ, ਕਦੇ ਕਾਲੀਆਂ, ਤਿੱਤਰ-ਖੰਭੀਆਂ ਤੇ ਕਦੇ ਸਾਂਵਲੀਆਂ ਹੋ ਜਾਂਦੀਆਂ ਹਨ। ਕਦੇ ਸੂਰਜ ਦੀ ਲਿਸ਼ਕੋਰ ਵਿਚ ਸੰਤਰੀ ਭਾਹ ਮਾਰਦੀਆਂ ਹਨ। ਲੱਗਦਾ ਹੈ ਜਿਵੇਂ ਉਨ੍ਹਾਂ ਦੀਆਂ ਕੰਨੀਆਂ ਨੂੰ ਗੁਲਾਨਾਰੀ ਗੋਟਾ ਲੱਗਿਆ ਹੋਵੇ। ਜਿਵੇਂ ਰੰਗ ਬਰੰਗੀਆਂ ਮਤਾਬੀਆਂ ਜਗ ਰਹੀਆਂ ਹੋਣ। ਉੱਡਦੇ ਪੰਖੇਰੂਆਂ ਦੇ ਖੰਭ ਪਲ-ਪਲ ਰੰਗ ਵਟਾਉਂਦੇ ਲੱਗਦੇ ਹਨ। ਕਦੇ ਕਾਲੇ, ਚਿੱਟੇ, ਕੇਸਰੀ ਅਤੇ ਕਦੇ ਕਪਾਹੀ ਦਿਸਦੇ ਹਨ। ਕਦੇ ਉੱਘੜਵੇਂ, ਮੱਧਮ, ਨਿੱਖਰੇ ਤੇ ਕਦੇ ਘਸਮੈਲੇ। ਜੇ ਹੇਠਾਂ ਰੁੱਖਾਂ ਤੇ ਵੇਲਾਂ ਬੂਟਿਆਂ ਉੱਤੇ ਰੰਗ ਖੇਡਦੇ ਹਨ ਤਾਂ ਉੱਤੇ ਬੱਦਲਾਂ ਤੇ ਪੰਛੀਆਂ ਦੇ ਖੰਭਾਂ ’ਤੇ ਰੰਗ ਕਲੋਲਾਂ ਕਰਦੇ ਜਾਪਦੇ ਹਨ। ਸੁਬ੍ਹਾਨ ਤੇਰੀ ਕੁਦਰਤ!

ਕਦੇ ਕਦੇ ਮੈਨੂੰ ਪੰਜਾਬ ਦੇ ਧਰਤ-ਦ੍ਰਿਸ਼ ਵੀ ਯਾਦ ਆਉਣ ਲੱਗਦੇ ਹਨ। ਮੈਂ ਪੰਜਾਬ ਦੀਆਂ ਰੁੱਤਾਂ ਵੇਖਦਾ ਹੀ ਵੱਡਾ ਹੋਇਆ ਹਾਂ। ਰੰਗ ਵਟਾਉਂਦੀ ਪ੍ਰਕਿਰਤੀ ਮੈਨੂੰ ਹਮੇਸ਼ਾਂ ਸਰਸ਼ਾਰ ਕਰਦੀ ਰਹੀ ਹੈ। ਦੂਰ-ਦਿਸਹੱਦਿਆਂ ਤਕ ਝੋਨਿਆਂ ਦੀ ਹਰਿਆਵਲ ਦਾ ਲਹਿਲਹਾਉਣਾ, ਬੰਬੀਆਂ ਦੀਆਂ ਚਾਂਦੀ-ਰੰਗੀਆਂ ਧਾਰਾਂ ਦਾ ਵਹਿਣਾ, ਚਰ੍ਹੀਆਂ ਤੇ ਬਾਸਮਤੀ ਦਾ ਮਹਿਕਣਾ, ਬਾਜਰੇ ਦੇ ਸਿੱਟਿਆਂ ਦੀ ਵਾਸ਼ਨਾ, ਮੱਕੀ ਦੇ ਬੁੰਬਲਦਾਰ ਬਾਵੂਆਂ ਦਾ ਲਹਿਰਾਉਣਾ, ਹਰੇ ਭਰੇ ਲੂਸਣ, ਬਰਸੀਮ, ਵਗਦੀਆਂ ਆਡਾਂ ਦੀ ਲਿਸ਼ਕ ਤੇ ਗਿੱਲੀ ਮਿੱਟੀ ਦੀ ਖੁਸ਼ਬੋ, ਸੁਨਹਿਰੀ ਕਣਕਾਂ ਦਾ ਝੂੰਮਣਾ ਤੇ ਸੂਰਜਮੁਖੀ ਦੇ ਫੁੱਲਾਂ ਦਾ ਦਗਦੇ ਸੁਨਹਿਰੇ ਰੰਗਾਂ ਨਾਲ ਮੂੰਹ ਵਿਖਾਉਣਾ ਕਦੇ ਨਹੀਂ ਭੁੱਲਿਆ। ਸਰ੍ਹੋਂ ਦੇ ਖੱਟੇ-ਪੀਲੇ ਫੁੱਲਾਂ ਦੀ ਬਹਾਰ ਦਾ ਆਪਣਾ ਰੰਗ ਹੈ ਤੇ ਤਿਲਾਂ ਦੇ ਚਿੱਟੇ ਅਤੇ ਅਲਸੀ ਦੇ ਅਲਸਾਏ ਫੁੱਲਾਂ ਦਾ ਆਪਣਾ।

ਮੈਨੂੰ ਉਹ ਦ੍ਰਿਸ਼ ਮੁੜ-ਮੁੜ ਯਾਦ ਆਉਂਦੇ ਨੇ ਜਦੋਂ ਟਿੱਬਿਆਂ ਉੱਤੋਂ ਦੀ ਛਿਪਦਾ ਸੰਧੂਰੀ ਸੂਰਜ ਕਿਸੇ ਕਾਲੀ ਕਿੱਕਰ ਦੇ ਦੁਸਾਂਗ ਉੱਤੇ ਠੋਡੀ ਰੱਖ ਕੇ ਝਾਤ ਕਰਦਾ ਤੇ ਸਵੇਰਸਾਰ ਸੁਨਹਿਰੀ ਕਿਰਨਾਂ ਦਾ ਛੱਟਾ ਦਿੰਦਾ ਫਿਰ ਹਾਜ਼ਰ ਹੋ ਜਾਂਦਾ। ਉਹਦੀਆਂ ਕਿਰਨਾਂ ਵਿਚ ਕਣਕਾਂ ਦੇ ਹਰੇ ਕਚੂਰ ਪੱਤਿਆਂ ਨਾਲ ਲਟਕਦੇ ਤ੍ਰੇਲ ਤੁਪਕੇ ਵੀ ਚਮਕ ਉੱਠਦੇ। ਕਦੇ ਹੀਰੇ ਮੋਤੀ ਬਣ ਜਾਂਦੇ ਤੇ ਕਦੇ ਉਨ੍ਹਾਂ ’ਚ ਸਤਰੰਗੀਆਂ ਪੀਂਘਾਂ ਦੇ ਹੁਲਾਰੇ ਨੱਚਦੇ ਦਿਸਦੇ। ਨ੍ਹਾਤੇ ਧੋਤੇ ਪੱਤਿਆਂ ’ਤੇ ਮੋਰ ਦੀ ਧੌਣ ਵਰਗੀ ਸਾਵੀ-ਸੁਨਹਿਰੀ ਭਾਹ ਲਿਸ਼ਕਦੀ। ਲਵੀਆਂ ਕਣਕਾਂ ਤੋਤੇਰੰਗੀ ਸ਼ਨੀਲ ਦੀ ਭਾਹ ਮਾਰਦੀਆਂ। ਸੂਰਜ ਦੀ ਲਿਸ਼ਕੋਰ ਵਿਚ ਇਹ ਭਾਹ ਮੇਰੇ ਕਦਮਾਂ ਦੇ ਨਾਲ-ਨਾਲ ਤੁਰੀ ਜਾਂਦੀ।

ਪੰਜਾਬ ਤੋਂ ਕੈਨੇਡਾ ਆ ਕੇ ਜਦੋਂ ਮੈਂ ਕੈਨੇਡਾ ਦੀ ਪੱਤਝੜ ਦੇ ਅਨੰਤ ਰੰਗ ਵੇਖਣ ਲੱਗਾ ਹਾਂ ਤਾਂ ਕੁਦਰਤ ਦੇ ਹੋਰ ਵੀ ਬਲਿਹਾਰੇ ਜਾਣ ਨੂੰ ਜੀਅ ਕਰਦਾ ਹੈ। ਬਾਬਾ ਨਾਨਕ ਦੀ ਬਾਣੀ ਵੀ ਕਹਿੰਦੀ ਹੈ: ਬਲਿਹਾਰੀ ਕੁਦਰਤਿ ਵਸਿਆ।। ਤੇਰਾ ਅੰਤੁ ਨ ਜਾਈ ਲਖਿਆ।। ਏਥੇ ਕਿਸੇ ਉੱਚੇ ਥਾਂ ਖੜ੍ਹ ਕੇ ਹੇਠਾਂ ਪਸਰੀਆਂ ਰੱਖਾਂ ਤੇ ਢਲਵਾਣਾਂ ’ਤੇ ਝਾਤ ਮਾਰਦਾ ਹਾਂ ਤਾਂ ਰੰਗਾਂ ਦੀ ਦੀਪਮਾਲਾ ਜਗਦੀ ਜਾਪਦੀ ਹੈ। ਰੰਗਾਂ ਦੀਆਂ ਫੁੱਲਝੜੀਆਂ ਚੱਲਦੀਆਂ ਪ੍ਰਤੀਤ ਹੁੰਦੀਆਂ ਹਨ। ਰੰਗਾਂ ਦੀ ਆਤਿਸ਼ਬਾਜ਼ੀ, ਆਕਾਸ਼ ਵਿਚ ਹੀ ਨਹੀਂ, ਧਰਤੀ ’ਤੇ ਵੀ ਹੋ ਰਹੀ ਲੱਗਦੀ ਹੈ। ਮੈਂ ਰੁੱਖਾਂ ਬੂਟਿਆਂ ਤੇ ਫੁੱਲਾਂ ਝਾੜੀਆਂ ਕੋਲ ਖੜ੍ਹ ਕੇ ਉਨ੍ਹਾਂ ਦੇ ਰੰਗ ਨਿਹਾਰਦਾ ਹੈਰਾਨ ਹੁੰਦਾ ਹਾਂ ਕਿ ਕੁਦਰਤ ਨੇ ਏਨੇ ਰੰਗ ਕਿੱਥੋਂ ਬਖ਼ਸ਼ੇ ਨੇ? ਕਿਹਾ ਜਾਂਦਾ ਹੈ ਕਿ ਹਰਾ, ਲਾਲ ਤੇ ਨੀਲਾ ਮੁੱਢਲੇ ਰੰਗ ਹਨ ਅਤੇ ਸਾਰੇ ਰੰਗ ਇਨ੍ਹਾਂ ਦੇ ਘੁਲਣ ਮਿਲਣ ’ਚੋਂ ਨਿਕਲੇ ਹਨ ਤੇ ਏਨੇ ਰੰਗ ਬਣ ਗਏ ਹਨ ਕਿ ਗਿਣਤੀ ਹੀ ਕੋਈ ਨਹੀਂ। ਹਰ ਬੋਲੀ ’ਚ ਇਨ੍ਹਾਂ ਰੰਗਾਂ ਦੇ ਵੱਖ-ਵੱਖ ਨਾਂ ਹਨ। ਰੰਗਾਂ ਦੀ ਸ਼ਨਾਖ਼ਤ ਕਰਨ ਵਿਚ ਪੰਜਾਬੀ ਭਾਸ਼ਾ ਕਿਸੇ ਤੋਂ ਘੱਟ ਨਹੀਂ। ਕੋਈ ਇਸੇ ਲੇਖ ਦਾ ਅੰਗਰੇਜ਼ੀ ਵਿਚ ਅਨੁਵਾਦ ਕਰ ਕੇ ਵੇਖੇ ਤੇ ਦੱਸੇ ਕਿ ਅੰਗਰੇਜ਼ੀ ਵਿਚ ਇਨ੍ਹਾਂ ਰੰਗਾਂ ਦੇ ਕਿੰਨੇ ਕੁ ਢੁੱਕਵੇਂ ਨਾਂ ਮਿਲਦੇ ਹਨ?

ਸੈਰ ਕਰਦਾ ਮੈਂ ਵੇਖਦਾ ਹਾਂ ਕਿਸੇ ਪੱਤੇ/ਪੱਤੀ, ਫਲ/ਫੁੱਲ ਤੇ ਝਾੜ/ਝਾੜੀ ਦਾ ਰੰਗ ਸੁਰਮਈ ਹੈ, ਕਿਸੇ ਦਾ ਅੰਗੂਰੀ, ਦਾਖੀ, ਅੰਬਰੀ ਤੇ ਕਿਸੇ ਦਾ ਕਥਈ। ਕੋਈ ਬਲੰਭਰੀ ਹੈ, ਦਾਲਚੀਨੀ, ਮੂੰਗੀਆ, ਫਿਰੋਜ਼ੀ ਤੇ ਕੋਈ ਅੰਡਰਈ। ਕਿਸੇ ਦਾ ਗੁਲਾਬਾਸੀ, ਦੂਧੀਆ, ਕੱਚਾ ਪੀਲਾ, ਪੱਕਾ ਪੀਲਾ, ਸ਼ਬਨਮੀ, ਸੰਦਲੀ, ਲੂਸਣੀ, ਲਾਖਾ, ਸਾਵਾ, ਬੱਗਾ, ਬੂਰਾ, ਚਿਤਕਬਰਾ, ਮਟਮੈਲਾ, ਘਸਮੈਲਾ ਤੇ ਕੋਈ ਅਰਬੀ ਹੈ। ਕਿਸੇ ਦਾ ਮੋਰਪੰਖੀਆ, ਗੁਲਮੋਹਰੀ, ਯਾਕੂਤੀ ਤੇ ਕਿਸੇ ਦਾ ਸ਼ਰਬਤੀ!

ਖਿਲਰੇ ਹੋਏ ਪੱਤਿਆਂ ਤੇ ਖਿੜੇ ਹੋਏ ਫੁੱਲਾਂ ਦੀਆਂ ਪੱਤੀਆਂ ਦੇ ਰੰਗ, ਫਲਾਂ ਦੇ ਰੰਗ, ਰਾਹ ਜਾਂਦਿਆਂ ਨੂੰ ਰੋਕਦੇ ਹਨ। ਕਿਤੇ ਗੂੜ੍ਹੇ ਰੰਗਾਂ ਦੇ ਪੱਕੇ ਫਲ ਦਿਸਦੇ ਹਨ ਤੇ ਕਿਤੇ ਹਲਕੇ ਰੰਗਾਂ ਦੇ ਕੱਚੇ ਫਲ। ਕਿਸੇ ਫਲ ਦਾ ਰੰਗ ਅਨਾਰੀ ਹੈ, ਕਿਸੇ ਦਾ ਬਦਾਮੀ, ਬਿਸਕੁਟੀ, ਗਾਜਰੀ ਤੇ ਕਿਸੇ ਦਾ ਸੰਤਰੀ। ਝਾੜੀਆਂ ਨੂੰ ਲੱਗੇ ਮਲ੍ਹਿਆਂ ਦੇ ਰੱਤੇ ਬੇਰਾਂ ਵਰਗੇ ਨਿੱਕੇ ਸੁਰਖ਼ ਫਲ ਖਾਣ ਨੂੰ ਜੀਅ ਕਰਦਾ ਹੈ। ਕਈ ਥਾਈਂ ਸੰਧੂਰੀ ਅੰਬੀਆਂ ਵਰਗੇ ਫਲ ਲੱਗੇ ਹੁੰਦੇ ਨੇ। ਝਾੜੀਆਂ ਦੇ ਪੱਤੇ-ਪੱਤੀਆਂ ਦੇ ਰੰਗਾਂ ਦਾ ਵੀ ਅੰਤ ਨਹੀਂ। ਟਹਿਣੀਓਂ ਟੁੱਟ ਕੇ ਤਾਂ ਉਹ ਹੋਰ ਹੀ ਰੰਗ ਵਟਾ ਲੈਂਦੇ ਨੇ। ਕਿਸੇ ਪੱਤੇ-ਪੱਤੀ ਦਾ ਰੰਗ ਮੋਤੀਆ, ਬਡਮੋਤੀਆ, ਕੱਦੂਮੋਤੀਆ, ਕਪੂਰੀ, ਘਿਉਕਪੂਰੀ, ਪਿਆਜ਼ੀ ਤੇ ਕਿਸੇ ਦਾ ਹਵਾਪਿਆਜ਼ੀ। ਸ਼ਾਮ ਨੂੰ ਕਈ ਸੱਜਣ ਉਂਜ ਹੀ ਹਵਾਪਿਆਜ਼ੀ ਹੋਏ ਮਿਲਦੇ ਨੇ!

ਕੈਨੇਡਾ ਦਾ ਰਾਜ ਰੁੱਖ ਮੇਪਲ ਟ੍ਰੀ ਹੈ। ਮੇਪਲ ਦਾ ਪੱਤਾ ਹੀ ਕੈਨੇਡਾ ਦੇ ਰਾਸ਼ਟਰੀ ਝੰਡੇ ’ਤੇ ਅੰਕਿਤ ਹੈ। ਪੱਤਝੜ ਵਿਚ ਮੇਪਲ ਦੇ ਪੱਤੇ ਵੀ ਅਨੇਕਾਂ ਰੰਗ ਵਟਾਉਂਦੇ ਹਨ। ਮੇਪਲ ਜਦੋਂ ਹਰਿਆ ਭਰਿਆ ਹੋਵੇ ਤਾਂ ਤੋਤੇਰੰਗਾ ਹੁੰਦਾ ਹੈ ਜਿਨ੍ਹਾਂ ’ਚ ਤੋਤੇ ਲੁਕ ਛਿਪ ਸਕਦੇ ਨੇ। ਰੁੱਤ ਨਾਲ ਇਸ ਦੇ ਪੱਤੇ ਤਰਬੂਜ਼ੀਆ, ਬੈਂਗਣੀ, ਜਾਮਣੀ, ਮਹਿੰਦੀਰੰਗੇ, ਨਸਵਾਰੀ ਤੇ ਲਾਜਵਰੀ ਰੰਗਾਂ ’ਚ ਰੰਗੇ ਜਾਂਦੇ ਨੇ। ਜਦੋਂ ਪੱਤਝੜ ਦੀ ਰੁੱਤ ਸ਼ੁਰੂ ਹੁੰਦੀ ਹੈ ਉਦੋਂ ਪੱਤੇ ਅਤੇ ਫੁੱਲ, ਰੁੱਖਾਂ ਅਤੇ ਬੂਟਿਆਂ ਉੱਤੇ ਹੀ ਰੰਗ ਵਟਾਉਂਦੇ ਰਹਿੰਦੇ ਹਨ। ਰੁੱਖ ਇੰਜ ਲੱਗਦੇ ਹਨ ਜਿਵੇਂ ਰੰਗ ਬਰੰਗੀਆਂ ਜਾਪਾਨੀ ਛਤਰੀਆਂ ਤਾਣੀਆਂ ਹੋਣ। ਜਦੋਂ ਪੱਤਝੜ ਪੱਤੇ ਝਾੜਨ ’ਤੇ ਆਉਂਦੀ ਹੈ ਤਾਂ ਪੱਤੇ ਧਰਤੀ ’ਤੇ ਡਿੱਗ ਕੇ ਨਿੱਤ ਨਵੇਂ ਰੰਗ ਵਟਾਉਂਦੇ ਜਾਂਦੇ ਹਨ। ਧਰਤੀ ’ਤੇ ਡਿੱਗੇ ਪੱਤਿਆਂ ਤੇ ਫੁੱਲ-ਪੱਤੀਆਂ ’ਤੇ ਝਾਤ ਮਾਰੀਏ ਤਾਂ ਇਉਂ ਲੱਗਦਾ ਹੈ ਜਿਵੇਂ ਰੰਗੀਨ ਫੁਲਕਾਰੀਆਂ ਵਿਛਾ ਰੱਖੀਆਂ ਹੋਣ। ਉਨ੍ਹਾਂ ਵਿੱਚ ਅਸਮਾਨੀ ਰੰਗ ਵੀ ਹੁੰਦੇ ਹਨ, ਸਰ੍ਹੋਂਫੁੱਲੇ ਵੀ, ਊਦੇ ਤੇ ਮੋਰਪੰਖੀਏ ਵੀ, ਗਿੱਦੜਰੰਗੇ ਵੀ ਤੇ ਘੁੱਗੀਰੰਗੇ ਵੀ। ਕਿਸੇ ਪੱਤੇ ਦਾ ਰੰਗ ਕਾਸ਼ਨੀ ਹੁੰਦਾ ਹੈ, ਕਿਸੇ ਦਾ ਭਗਵਾਂ, ਗੇਰੂਆ, ਗੁਲਾਨਾਰੀ, ਉਨਾਭੀ, ਜਾਮਣੀ, ਗੁਲਾਬੀ, ਕਬੂਤਰੀ ਤੇ ਕਿਸੇ ਦਾ ਕਿਰਮਚੀ।

ਇੱਕ ਦਿਨ ਬੱਦਲ ਛਾਏ ਹੋਏ ਸਨ। ਮੈਂ ਬਾਰੀ ’ਚੋਂ ਬਾਹਰ ਵੇਖਿਆ, ਅੰਬਰ ਸੁਰਮਈ/ਸਲੇਟੀ ਹੋਇਆ ਪਿਆ ਸੀ। ਗੂੜ੍ਹੇ ਬੱਦਲਾਂ ’ਤੇ ਕਾਲੋਂ ਫਿਰੀ ਹੋਈ ਸੀ। ਬੱਦਲ ਖਿੰਡੇ ਤਾਂ ਚੁਫ਼ੇਰੇ ਚਿੱਟਾ ਚਾਨਣ ਹੋ ਗਿਆ। ਸੂਰਜ ਦੀਆਂ ਧੁਪੀਲੀਆਂ ਕਿਰਨਾਂ ਨਾਲ ਬਨਸਪਤੀ ਦੇ ਰੰਗ ਫਿਰ ਜਗ ਪਏ। ਪੌਣਾਂ ਵਿਚ ਵੀ ਜਿਵੇਂ ਮਹਿਕਾਂ ਘੁਲ ਗਈਆਂ ਹੋਣ। ਲੱਗਾ ਜਿਵੇਂ ਪੌਣ ਬਾਰੀਆਂ ’ਚੋਂ ਬਣ ਠਣ ਕੇ ਲੰਘਦੀ ਹੋਵੇ। ਮੈਨੂੰ ਬਾਰੀ ’ਚੋਂ ਅੰਬਰ ਦੇ ਅਸਮਾਨੀ ਰੰਗਾਂ ਹੇਠਾਂ ਬਨਸਪਤੀ ਦੇ ਕਿਧਰੇ ਜੋਗੀਆ, ਅੰਬਰਸੀਆ, ਗਾਜਰੀ, ਲਸੂੜੀਆ, ਨਾਸ਼ਪਾਤੀ ਤੇ ਕਿਧਰੇ ਕਾਸ਼ਨੀ ਰੰਗਾਂ ਦੇ ਦਰਸ਼ਨ ਹੋਏ। ਸੁੱਕੀ ਭੋਇੰ ਦਾਖੀ ਤੇ ਖਾਕੀ ਜਿਹੀ ਦਿਸ ਰਹੀ ਸੀ। ਛੰਭ ਦਾ ਪਾਣੀ ਭਾਵੇਂ ਮਟਮੈਲਾ ਸੀ, ਪਰ ਝੀਲ ਦਾ ਪਾਣੀ ਨੀਲਾ ਤੇ ਨਿਰਮਲ ਸੀ। ਫੁਹਾਰਿਆਂ ਵਿੱਚੋਂ ਚਾਂਦੀਰੰਗੇ, ਤਾਂਬੇਰੰਗੇ ਤੇ ਸੋਨਰੰਗੇ ਪਾਣੀ ਦੀਆਂ ਬੁਛਾੜਾਂ ਪੈ ਰਹੀਆਂ ਸਨ। ਧੁੱਪ ਗੋਰੀ-ਗੋਰੀ ਸੀ ਤੇ ਛਾਂ ਸਾਂਵਲੀ-ਸਾਂਵਲੀ। ਮਧਰੀਆਂ ਝਾੜੀਆਂ ਹਰੀਆਂ ਚੁੰਨੀਆਂ ਓੜੀ ਘੁੰਡ ਕੱਢੀ ਖੜ੍ਹੀਆਂ ਸਨ। ਪੱਤਿਆਂ ’ਚ ਟਹਿਕ ਸੀ ਤੇ ਫੁੱਲਾਂ ’ਚ ਮਹਿਕ।

ਕੈਨੇਡਾ ਦੀਆਂ ਚਾਰ ਰੁੱਤਾਂ ਵਿੱਚ ਸਭ ਤੋਂ ਦੁਸ਼ਵਾਰ ਰੁੱਤ ਸਰਦੀ ਦੀ ਗਿਣੀ ਜਾਂਦੀ ਹੈ। ਉਦੋਂ ਟੋਰਾਂਟੋ ਵੱਲ ਬਰਫ਼ਾਂ ਪੈ ਜਾਂਦੀਆਂ ਹਨ। ਬਾਹਰ ਨਿਕਲਦਿਆਂ ਹੱਡ ਪੈਰ ਠਰਦੇ ਹਨ। ਉਦੋਂ ਬਾਰੀ ਤੋਂ ਬਾਹਰ ਬਰਫ਼ਾਂ ਦਾ ਚਿੱਟਾ ਸਫ਼ੈਦ ਰੰਗ ਪਸਰਿਆ ਦਿਸਦਾ ਹੈ ਜਾਂ ਸੁੱਕੇ ਰੁੱਖਾਂ ’ਤੇ ਨੰਗੀਆਂ ਟਾਹਣੀਆਂ ਦਾ ਭੂਰਾ ਭੂਸਲਾ। ਉਦੋਂ ਰੰਗਾਂ ਵਿੱਚ ਵਿਲੱਖਣਤਾ ਨਹੀਂ ਹੁੰਦੀ। ਰੰਗਾਂ ਦਾ ਜਲੌਅ ਨਹੀਂ ਦਿਸਦਾ, ਰੰਗਾਂ ਦੀ ਹੋਲੀ ਨਹੀਂ ਹੁੰਦੀ। ਰੰਗ ਬਹਾਰ ਦੀ ਰੁੱਤ ਵਿੱਚ ਉਗਮਦੇ, ਗਰਮੀਆਂ ’ਚ ਪੱਕਦੇ ਤੇ ਸਰਦੀਆਂ ’ਚ ਫਿੱਕੇ ਪੈ ਜਾਂਦੇ ਹਨ। ਬਹਾਰ ਸੋਹਣੀ ਹੈ, ਗਰਮੀ ਸੁਖਾਵੀਂ ਤੇ ਪੱਤਝੜ ਦਾ ਜਲਵਾ ਵੀ ਕਿਸੇ ਤੋਂ ਘੱਟ ਨਹੀਂ। ਤਦੇ ਤਾਂ ਕਹਿੰਦੇ ਹਨ ਕਿ ਕੈਨੇਡਾ ਦੀ ਪੱਤਝੜ ਦੇ ਨਜ਼ਾਰੇ ਵੀ ਹੁਸੀਨ ਹੁੰਦੇ ਹਨ। ਕਹਿਣ ਵਾਲਾ ਤਾਂ ਇਹ ਵੀ ਹੈ ਕਿ ‘ਗੰਵਾਰ’ ਕਹੀ ਜਾਂਦੀ ਸਾਡੀ ਮਾਂ ਬੋਲੀ ਪੰਜਾਬੀ ’ਚ ਰੰਗਾਂ ਦੇ ਨਾਂ ਰੱਖਣ ਵਾਲੇ ‘ਗੰਵਾਰਾਂ’ ਦੇ ਵੀ ਕਿਆ ਕਹਿਣੇ! ਰੰਗਾਂ ਦੇ ਸੌ ਕੁ ਨਾਂ ਤਾਂ ਰੱਖ ਹੀ ਲਏ ਹਨ। ਮੈਂ ਕੈਨੇਡਾ ਦੀ ਪੱਤਝੜ ਨੂੰ ਸਿਰ ਨਿਵਾਉਂਦਾ ਹਾਂ ਜਿਸ ਨੇ ਮੈਨੂੰ ਮਾਂ-ਬੋਲੀ ਦੇ ਭੁੱਲ ਰਹੇ ਰੰਗਾਂ ਦੇ ਕਈ ਨਾਂ ਮੁੜ ਚੇਤੇ ਕਰਾ ਦਿੱਤੇ ਹਨ।

Leave a Reply

Your email address will not be published. Required fields are marked *