ਪ੍ਰੀਖਿਆਵਾਂ ਦੀ ਬਦਲ ਰਹੀ ਤਕਨੀਕ

ਜੀਵਨ ਨੂੰ ਜੇ ਪ੍ਰੀਖਿਆ ਦੇ ਅਰਥਾਂ ਵਿਚ ਲਿਆ ਜਾਵੇ ਤਾਂ ਇਹ ਇਕ ਲੰਮੀ ਪ੍ਰੀਖਿਆ ਹੈ। ਹਰ ਰੋਜ਼ ਅਸੀਂ ਕਈ ਥਾਵਾਂ ’ਤੇ ਪਰਖੇ ਜਾਂਦੇ ਹਾਂ ਅਤੇ ਕਈਆਂ ਨੂੰ ਅਸੀਂ ਵੀ ਪਰਖਦੇ ਹਾਂ। ਜੀਵਨ ਵਿਚ ਸੱਠ-ਸੱਤਰ ਸਾਲ ਦੀ ਉਮਰ ਵਿਚ ਅਸੀਂ ਆਪਣੀ ਜ਼ਿੰਦਗੀ ਦੀ ਲੰਮੀ ਪ੍ਰੀਖਿਆ ਦਾ ਆਪ ਹੀ ਨਤੀਜਾ ਕੱਢਦੇ ਹਾਂ ਅਤੇ ਆਪਣੇ ਸਫ਼ਲ-ਅਸਫ਼ਲ ਹੋਣ ਦੀ ਪ੍ਰਸੰਨਤਾ ਅਤੇ ਨਿਰਾਸਤਾ ਮਹਿਸੂਸ ਕਰਦੇ ਹਾਂ। ਜਿਵੇਂ ਸਕੂਲਾਂ-ਕਾਲਜਾਂ ਦੀਆਂ ਪ੍ਰੀਖਿਆਵਾਂ ਵਿਚ ਅੱਵਲ ਸਥਾਨ, ਫਸਟ ਡਿਵੀਜ਼ਨ ਅਤੇ ਸੈਕਿੰਡ-ਥਰਡ ਡਿਵੀਜ਼ਨ ਹੁੰਦੀ ਹੈ, ਉਵੇਂ ਹੀ ਜ਼ਿੰਦਗੀ ਵਿਚ ਵਾਪਰਦਾ ਹੈ। ਸਾਡਾ ਸਮਾਜ ਵੀ ਸਾਡੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਦਾ ਹੈ। ਸਾਡੇ ਮਾਪੇ, ਪਤਨੀ-ਪਤੀ, ਸੰਤਾਨ, ਰਿਸ਼ਤੇਦਾਰ ਵੀ ਸਾਨੂੰ ਮਾਪਦੇ-ਤੋਲਦੇ ਹਨ। ਬਚਪਨ, ਜਵਾਨੀ, ਬੁਢਾਪਾ ਉਵੇਂ ਹੀ ਮਹੱਤਵਪੂਰਨ ਹਨ ਜਿਵੇਂ ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੀ ਸਿੱਖਿਆ ਹੁੰਦੀ ਹੈ। ਨਤੀਜਾ ਹੀ ਮਹੱਤਵਪੂਰਨ ਨਹੀਂ ਹੁੰਦਾ, ਸਾਡੀ ਕਾਰਗੁਜ਼ਾਰੀ, ਪ੍ਰਾਪਤ ਕੀਤਾ ਗਿਆਨ ਅਤੇ ਸਾਡੇ ਹੋਰਾਂ ਨਾਲ ਸਬੰਧ ਵੀ ਬੜੇ ਮਹੱਤਵਪੂਰਨ ਹੁੰਦੇ ਹਨ।

ਮੈਂ ਸਾਰਾ ਜੀਵਨ ਕਾਲਜ-ਯੂਨੀਵਰਸਿਟੀ ਵਿਚ ਪਹਿਲਾਂ ਪੜ੍ਹਿਆ ਹਾਂ, ਮਗਰੋਂ ਪੜ੍ਹਾਇਆ ਹੈ, ਸੋ ਮੈਂ ਸਾਰੀ ਚਰਚਾ ਵਿਦਿਆਰਥੀ, ਅਧਿਆਪਕ ਅਤੇ ਪ੍ਰੀਖਿਆ ਦੇ ਸੰਦਰਭ ਵਿਚ ਕਰਾਂਗਾ, ਜਿਸ ਨੂੰ ਇਸਤਰੀ-ਪੁਰਸ਼ ਸਬੰਧਾਂ ਅਤੇ ਜੀਵਨ ਦੇ ਹਰੇਕ ਖੇਤਰ ’ਤੇ ਸਹਿਜੇ ਹੀ ਲਾਗੂ ਕੀਤਾ ਜਾ ਸਕਦਾ ਹੈ। ਮੈਂ ਸਾਰੀ ਸਿੱਖਿਆ ਇਕ ਜ਼ਿੰਮੇਵਾਰ ਵਿਦਿਆਰਥੀ ਵਜੋਂ ਪ੍ਰਾਪਤ ਕੀਤੀ ਹੈ ਅਤੇ ਇਸ ਪੱਖੋਂ ਮੈਂ ਆਪਣੇ ਅਧਿਆਪਕਾਂ ਦਾ ਸ਼ੁਕਰਗੁਜ਼ਾਰ ਹਾਂ। ਯੂਨੀਵਰਸਿਟੀ ਦੀ ਪੜ੍ਹਾਈ ਮੁੱਕਦਿਆਂ ਹੀ ਮੈਂ ਇਕ ਅਜਿਹੇ ਕਾਲਜ ਵਿਚ ਅੰਗਰੇਜ਼ੀ ਦਾ ਲੈਕਚਰਰ ਲੱਗਿਆ ਜਿੱਥੇ ਲਗਪਗ ਦਸ ਫ਼ੀਸਦੀ ਵਿਦਿਆਰਥੀ ਪੜ੍ਹਨ ਉੱਤੇ ਘੱਟ ਨਿਰਭਰ ਕਰਦੇ ਸਨ ਅਤੇ ਨਕਲ ਮਾਰ ਕੇ ਪਾਸ ਹੋਣ ਵਿਚ ਵਧੇਰੇ ਵਿਸ਼ਵਾਸ ਕਰਦੇ ਸਨ। ਇਨ੍ਹਾਂ ਦੇ ਰੁਝੇਵੇਂ ਪੜ੍ਹਨ-ਪੜ੍ਹਾਉਣ ਦੇ ਸਬੰਧ ਵਿਚ ਘੱਟ ਅਤੇ ਆਪਣੀ ਚੌਧਰ ਸਥਾਪਤ ਕਰਨ ਦੇ ਪੱਖੋਂ ਵਧੇਰੇ ਹੁੰਦੇ ਸਨ। ਇਹ ਕਲਾਸਾਂ ਨਹੀਂ ਲਾਉਂਦੇ ਸਨ ਜਿਸ ਕਾਰਨ ਇਹ ਪ੍ਰੀਖਿਆ ਦੇਣ ਦੇ ਯੋਗ ਨਾ ਹੋਣ ਕਰਕੇ ਹੜਤਾਲਾਂ ਕਰਦੇ ਸਨ। ਪ੍ਰੀਖਿਆਵਾਂ ਤੋਂ ਲਗਪਗ ਇਕ ਮਹੀਨਾ ਪਹਿਲਾਂ ਮਾਲਵੇ ਦੇ ਬਹੁਤੇ ਕਾਲਜਾਂ ਵਿਚ ਹੜਤਾਲਾਂ ਦਾ ਮੌਸਮ ਆਉਂਦਾ ਸੀ। ਅਧਿਆਪਕਾਂ ਦਾ ਸਤਿਕਾਰ ਸਿਰਫ਼ ਪੜ੍ਹਨ ਵਾਲੇ ਵਿਦਿਆਰਾਥੀ ਕਰਦੇ ਸਨ ਜਿਸ ਕਾਰਨ ਇਨ੍ਹਾਂ ਕਾਲਜਾਂ ਵਿਚ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਹਾਏ-ਹਾਏ ਅਤੇ ਮੁਰਦਾਬਾਦ ਦਾ ਸਾਹਮਣਾ ਕਰਨਾ ਪੈਂਦਾ ਸੀ। ਕਈ ਵਿਦਿਆਰਥੀ ਹੜਤਾਲਾਂ ਦੇ ਜ਼ੋਰ ਨਾਲ ਰੋਲ ਨੰਬਰ ਲੈ ਕੇ ਨਕਲ ਰਾਹੀਂ ਪ੍ਰੀਖਿਆ ਪਾਸ ਕਰਨ ਵਿਚ ਰੁੱਝ ਜਾਂਦੇ ਸਨ। ਜਿਸ ਕਾਲਜ ਦੀ ਮੈਂ ਗੱਲ ਕਰ ਰਿਹਾ ਹਾਂ, ਉਸ ਕਾਲਜ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਨੂੰ ਵੀ ਡਰਾਇਆ-ਧਮਕਾਇਆ ਹੁੰਦਾ ਸੀ।

ਸੰਯੋਗਵੱਸ, ਇਸ ਕਾਲਜ ਵਿਚ ਨਵੇਂ ਪ੍ਰਿੰਸੀਪਲ ਸਾਹਿਬ ਆਏ ਜੋ ਕੁਝ ਚਿਰ ਫ਼ੌਜ ਵਿਚਲੇ ਸਿੱਖਿਆ ਮਹਿਕਮੇ ਵਿਚ ਵੀ ਰਹੇ ਸਨ। ਉਨ੍ਹਾਂ ਨੇ ਸਮੁੱਚੀ ਸਥਿਤੀ ਨੂੰ ਸਮਝਣ ਦਾ ਉਪਰਾਲਾ ਕੀਤਾ, ਅਧਿਆਪਕਾਂ ਦਾ ਮਨੋਬਲ ਉਸਾਰਿਆ ਅਤੇ ਪ੍ਰੀਖਿਆ ਪ੍ਰਬੰਧਾਂ ਦਾ ਮੁਆਇਨਾ ਕੀਤਾ। ਉਹ ਲੰਮੇ-ਉੱਚੇ ਤੇ ਭਾਰੇ ਹੋਣ ਕਾਰਨ ਡੀਲ-ਡੌਲ ਵਜੋਂ ਪ੍ਰਭਾਵਿਤ ਕਰਦੇ ਸਨ। ਪ੍ਰੀਖਿਆਵਾਂ ਆਰੰਭ ਹੋਈਆਂ। ਹੜਤਾਲ ਕਰਨ ਵਾਲੇ ਪਤਵੰਤਿਆਂ ਦਾ ਆਗੂ ਆਪਣੇ ਜੋਟੀਦਾਰਾਂ ਨਾਲ ਪ੍ਰੀਖਿਆ ਦੇ ਰਿਹਾ ਸੀ। ਪ੍ਰਿੰਸੀਪਲ ਸਾਹਿਬ ਬੋਲਦੇ ਘੱਟ ਸਨ। ਪ੍ਰਿੰਸੀਪਲ ਸਾਹਿਬ ਨੇ ਪ੍ਰੀਖਿਆ ਹਾਲ ਦਾ ਚੱਕਰ ਲਾਇਆ। ਜਦੋਂ ਪ੍ਰਿੰਸੀਪਲ ਸਾਹਿਬ ਇਸ ਆਗੂ ਕੋਲੋਂ ਲੰਘੇ ਤਾਂ ਉਸ ਨੇ ਪ੍ਰਸ਼ਨ ਪੱਤਰ ਉੱਤੇ ਰੱਖਿਆ ਵੱਡਾ ਚਾਕੂ ਚੁੱਕ ਕੇ, ਫਿਰ ਟਿਕਾ ਕੇ ਪ੍ਰਿੰਸੀਪਲ ਸਾਹਿਬ ਨੂੰ ਆਪਣੀ ਹਸਤੀ ਅਤੇ ਸ਼ਕਤੀ ਦਾ ਸੰਕੇਤ ਦੇ ਦਿੱਤਾ ਅਤੇ ਨਕਲ ਮਾਰਨਾ ਜਾਰੀ ਰੱਖਿਆ। ਇਹ ਪ੍ਰਿੰਸੀਪਲ ਪਿਸਤੌਲ ਪਹਿਨਦੇ ਸਨ। ਉਨ੍ਹਾਂ ਨੇ ਇਸ ਆਗੂ ਕੋਲ ਖਲੋ ਕੇ ਆਪਣੀ ਕਮੀਜ਼ ਦਾ ਇਕ ਪਾਸਾ ਉੱਚਾ ਕਰ ਕੇ ਆਪਣਾ ਪਿਸਤੌਲ ਉਸ ਨੂੰ ਵਿਖਾ ਦਿੱਤਾ। ਹਾਲ ਵਿਚ ਮੇਰੇ ਸਮੇਤ ਅੱਠ ਅਧਿਆਪਕ ਹਾਜ਼ਰ ਸਨ। ਵਾਤਾਵਰਨ ਵਿਚ ਤਣਾਓ ਸੀ। ਸਾਡਾ ਹੀ ਨਹੀਂ, ਪ੍ਰੀਖਿਆ ਦੇ ਰਹੇ ਵਿਦਿਆਰਥੀਆਂ ਦਾ ਵੀ ਧਿਆਨ ਇਸ ਪਾਸੇ ਸੀ। ਨਕਲਮਾਰਾਂ ਦਾ ਆਗੂ ਉੱਠਿਆ, ਪ੍ਰਸ਼ਨ ਪੱਤਰ ਤਹਿ ਕਰ ਕੇ ਜੇਬ੍ਹ ਵਿਚ ਪਾਇਆ ਅਤੇ ਚਾਕੂ ਚੁੱਕ ਕੇ ਬਾਹਰ ਜਾ ਕੇ ਆਪਣੇ ਨਾਲ ਉੱਠੇ ਸਾਥੀਆਂ ਅੱਗੇ ਐਲਾਨ ਕਰ ਦਿੱਤਾ ਕਿ ਸਾਡਾ ਸੁਨਹਿਰੀ ਯੁੱਗ ਅੱਜ ਮੁੱਕ ਗਿਆ ਹੈ। ਉਸ ਨੇ ਪੜ੍ਹਾਈ ਕਰਨੀ ਤਿਆਗ ਦਿੱਤੀ। ਇਸ ਘਟਨਾ ਨਾਲ ਕਾਲਜ ਵਿਚ ਕਈ ਸਾਲਾਂ ਤੋਂ ਚੱਲ ਰਿਹਾ ਨਕਲ ਮਾਰਨ ਦਾ ਤਮਾਸ਼ਾ ਮੁੱਕ ਗਿਆ।

ਜਦੋਂ ਮੈਂ ਯੂਨੀਵਰਸਿਟੀ ਵਿਚ ਪੜ੍ਹਾਉਂਦਾ ਸਾਂ ਤਾਂ ਪ੍ਰੀਖਿਆਵਾਂ ਵਿਚ ਸੁਪਰਡੈਂਟ ਵਜੋਂ ਮੇਰੀ ਡਿਊਟੀ ਨੇੜਲੇ ਸ਼ਹਿਰ ਨਾਭੇ ਵਿਚ ਲੱਗੀ ਹੋਈ ਸੀ। ਇਕ ਸ਼ਾਮ ਨੂੰ ਹਨੇਰਾ ਪਏ, ਉੱਚਾ-ਲੰਮਾ ਖੁੱਲ੍ਹੀ ਦਾੜ੍ਹੀ ਵਾਲਾ ਇਕ ਜਵਾਨ ਮੇਰੇ ਘਰ ਆਇਆ। ਸੋਚਿਆ ਕੋਈ ਕੰਮ ਹੋਵੇਗਾ। ਉਸ ਨੂੰ ਮੈਂ ਬਿਠਾਇਆ। ਉਸ ਨੇ ਕਿਹਾ, ਸਵੇਰੇ ਮੇਰਾ ਅੰਗਰੇਜ਼ੀ ਦਾ ਇਮਤਿਹਾਨ ਹੈ, ਮੈਂ ਨਕਲ ਮਾਰਾਂਗਾ। ਮੇਰੇ ਵਾਸਤੇ ਇਹ ਅਸਲੋਂ ਹੀ ਨਵਾਂ ਅਨੁਭਵ ਸੀ। ਉਹ ਮੈਨੂੰ ਦੱਸਣ ਹੀ ਨਹੀਂ ਸੀ ਆਇਆ, ਡਰਾਉਣ-ਧਮਕਾਉਣ ਵੀ ਆਇਆ ਸੀ। ਸੰਭਲਣ ਉਪਰੰਤ ਮੈਂ ਉਸ ਨੂੰ ਕਿਹਾ: ਜੇ ਮੈਨੂੰ ਪਤਾ ਲੱਗੇ ਬਿਨਾਂ ਤੂੰ ਨਕਲ ਮਾਰ ਲੈਂਦਾ ਤਾਂ ਹੋਰ ਗੱਲ ਸੀ, ਪਰ ਜੇ ਤੂੰ ਐਲਾਨ ਕਰ ਕੇ ਨਕਲ ਮਾਰੇਂਗਾ ਤਾਂ ਮੈਂ ਤੈਨੂੰ ਨਕਲ ਮਾਰਨ ਦੀ ਆਗਿਆ ਕਿਵੇਂ ਦੇ ਸਕਦਾ ਹਾਂ? ਉਸ ਨੇ ਕਿਹਾ, ਵੇਖ ਲਓ, ਮੈਂ ਤਾਂ ਨਕਲ ਮਾਰਾਂਗਾ। ਮੈਂ ਹੌਸਲਾ ਕਰ ਕੇ ਕਿਹਾ, ਵੇਖਣਾ ਕੀ ਹੈ, ਵੱਧ ਤੋਂ ਵੱਧ ਤੂੰ ਮੈਨੂੰ ਮਾਰ ਹੀ ਦੇਵੇਂਗਾ, ਮੈਂ ਮਰਨ ਦੀ ਤਿਆਰੀ ਕਰ ਕੇ ਆਵਾਂਗਾ। ਜਾਣ ਲੱਗਿਆਂ ਉਸ ਨੇ ਮੇਰੇ ਵੱਲ ਬੜੀਆਂ ਕੌੜੀਆਂ ਅੱਖਾਂ ਨਾਲ ਵੇਖਿਆ। ਮੈਂ ਉਸ ਨੂੰ ਕਹਿਣ ਵਿਚ ਕਾਮਯਾਬ ਹੋਇਆ ਕਿ ਆਪਣਾ ਨਫ਼ਾ-ਨੁਕਸਾਨ ਸੋਚ ਕੇ ਆਵੀਂ। ਉਹ ਇਕ ਪਲ ਰੁਕਿਆ, ਪਰ ਮੈਨੂੰ ਘੂਰਦਾ ਹੋਇਆ ਚਲਿਆ ਗਿਆ। ਉਸ ਦੇ ਜਾਣ ਉਪਰੰਤ ਮੈਂ ਸਾਰੀ ਘਟਨਾ ਨੂੰ ਉਸ ਦਾ ਹੁਲੀਆ ਬਿਆਨ ਕਰ ਕੇ, ਲਿਖ ਕੇ, ਲਿਫ਼ਾਫ਼ੇ ਵਿਚ ਬੰਦ ਕਰ ਕੇ ਪਤਨੀ ਨੂੰ ਦਿੰਦਿਆਂ ਕਿਹਾ ਕਿ ਜੇ ਮੇਰਾ ਕੋਈ ਨੁਕਸਾਨ ਹੋਵੇ ਤਾਂ ਇਹ ਲਿਫ਼ਾਫ਼ਾ ਰਜਿਸਟਰਾਰ ਸਾਹਿਬ ਨੂੰ ਪਹੁੰਚਾਉਣਾ ਹੋਵੇਗਾ। ਸਾਵਧਾਨੀ ਵਜੋਂ ਮੈਂ ਆਪਣਾ ਇਕ ਡਾਕਟਰ ਦੋਸਤ ਨਾਲ ਲੈ ਗਿਆ ਸਾਂ। ਅਸੀਂ ਉਸ ਨੂੰ ਉਡੀਕਦੇ ਰਹੇ, ਪਰ ਉਹ ਆਇਆ ਹੀ ਨਹੀਂ। ਮਗਰੋਂ ਉਹ ਇਕ ਰਾਜਨੀਤਕ ਪਾਰਟੀ ਦਾ ਨੇਤਾ ਬਣਿਆ ਅਤੇ ਚੋਣ ਵੀ ਲੜਿਆ। ਸਾਡੇ ਦੇਸ਼ ਵਿਚ ਹੁਣ ਆਗੂ ਇਸ ਢੰਗ ਨਾਲ ਉਪਜਦੇ ਹਨ।

ਇਕ ਵਾਰੀ ਯੂਨੀਵਰਸਿਟੀ ਦੇ ਪ੍ਰੀਖਿਆ ਕੇਂਦਰ ਵਿਚ ਮੈਂ ਸੁਪਰਡੈਂਟ ਦੀ ਡਿਊਟੀ ਦੇ ਰਿਹਾ ਸਾਂ। ਸਰੀਰਕ ਸਿੱਖਿਆ ਦਾ ਭਲਵਾਨ ਵਰਗਾ ਇਕ ਪ੍ਰੀਖਿਆਰਥੀ ਬਾਥਰੂਮ ਗਿਆ। ਜਦੋਂ ਉਹ ਕਾਫ਼ੀ ਚਿਰ ਲਾ ਕੇ ਵੀ ਨਾ ਮੁੜਿਆ ਤਾਂ ਉਸ ਨੂੰ ਵੇਖਣ ਮੈਂ ਬਾਥਰੂਮ ਵਿਚ ਗਿਆ। ਉਹ ਕੋਈ ਕਿਤਾਬ ਫਰੋਲ ਰਿਹਾ ਸੀ। ਮੈਨੂੰ ਵੇਖ ਕੇ ਉਹ ਘਬਰਾ ਗਿਆ ਅਤੇ ਹੜਬੜਾ ਕੇ ਉਸ ਨੇ ਮੈਨੂੰ ਜ਼ੋਰ ਦਾ ਧੱਕਾ ਮਾਰਿਆ ਅਤੇ ਮੈਂ ਵਾਸ਼ਵੇਸਿਨ ਵਿਚ ਵੱਜ ਕੇ ਡਿੱਗ ਪਿਆ ਅਤੇ ਮੇਰੀ ਪੱਗ ਵੀ ਉਤਰ ਗਈ। ਪੱਗ ਬੰਨ੍ਹ ਕੇ ਜਦੋਂ ਮੈਂ ਵਾਪਸ ਆਇਆ ਤਾਂ ਉਹ ਆਪਣੀ ਸੀਟ ’ਤੇ ਬੈਠਾ ਸੀ। ਉਸ ਨੂੰ ਮੈਂ ਕੁਝ ਨਾ ਕਿਹਾ ਅਤੇ ਸਾਰੀ ਘਟਨਾ ਦੀ ਰਿਪੋਰਟ ਲਿਖ ਕੇ, ਉਸ ਦੀ ਉੱਤਰ-ਕਾਪੀ ਨਾਲ ਇਕ ਵੱਖਰੇ ਲਿਫ਼ਾਫ਼ੇ ਵਿਚ ਪਾ ਕੇ ਆਪ ਜਾ ਕੇ, ਪ੍ਰੀਖਿਆ ਸ਼ਾਖਾ ਵਿਚ ਦੇ ਆਇਆ। ਇਸ ਪ੍ਰੀਖਿਆਰਥੀ ਦਾ ਨਤੀਜਾ ਨਿਕਲਣ ਨੂੰ ਤਿੰਨ ਸਾਲ ਲੱਗੇ ਅਤੇ ਉਹ ਤਿੰਨ ਸਾਲ ਲਈ ਕੱਢਿਆ ਗਿਆ। ਪ੍ਰੀਖਿਆਵਾਂ ਵਿਚ ਨਿੱਕੀਆਂ-ਮੋਟੀਆਂ ਕੁਤਾਹੀਆਂ ਨੂੰ ਮੈਂ ਆਪ ਵੀ ਨਜ਼ਰਅੰਦਾਜ਼ ਕਰ ਦਿੰਦਾ ਹਾਂ, ਪਰ ਹਰੇਕ ਚੀਜ਼ ਦੀ ਹੱਦ ਹੁੰਦੀ ਹੈ। ਕਿਤਨਾ ਹੀ ਚਿਰ ਮੈਨੂੰ ਇਸ ਗੱਲ ਦਾ ਅਫ਼ਸੋਸ ਰਿਹਾ ਕਿ ਉਹ ਆਪਣਾ ਕੋਰਸ ਪੂਰਾ ਨਾ ਕਰ ਸਕਿਆ।

ਇਹ ਤਿੰਨੇ ਉਦਾਹਰਣਾਂ ਉਨ੍ਹਾਂ ਵਿਦਿਆਰਥੀਆਂ ਦੀਆਂ ਹਨ ਜਿਹੜੇ ਪੜ੍ਹੇ ਬਿਨਾਂ, ਤਿਆਰੀ ਬਿਨਾਂ, ਨਕਲ ਮਾਰ ਕੇ ਪਾਸ ਹੋਣਾ ਚਾਹੁੰਦੇ ਸਨ। ਇਹ ਤਿੰਨੇ ਰਸਤੇ ਵਿਚ ਹੀ ਗੁਆਚ ਗਏ। ਚੰਗੇ ਵਿਦਿਆਰਥੀ ਉਹ ਹੁੰਦੇ ਹਨ ਜਿਹੜੇ ਪੜ੍ਹ ਕੇ ਪਾਸ ਹੁੰਦੇ ਹਨ। ਨਕਲ ਮਾਰ ਕੇ ਪਾਸ ਕੀਤੀ ਪ੍ਰੀਖਿਆ ਨਾਲ ਡਿਗਰੀ ਸ਼ਾਇਦ ਮਿਲ ਜਾਂਦੀ ਹੋਵੇ, ਪਰ ਗਿਆਨ ਪ੍ਰਾਪਤੀ ਨਹੀਂ ਹੁੰਦੀ। ਅਜਿਹੇ ਵਿਅਕਤੀ ਕਿਸੇ ਅਗਲੇਰੀ ਪ੍ਰੀਖਿਆ ਵਿਚ ਜਾਂ ਕਿਸੇ ਪਰਖ ਵਿਚ ਅੜ ਜਾਂਦੇ ਹਨ ਅਤੇ ਉਨ੍ਹਾਂ ਦਾ ਰਾਹ ਬੰਦ ਹੋ ਜਾਂਦਾ ਹੈ। ਸਿਲੇਬਸ ਵਿਚ ਲੱਗੀਆਂ ਕਿਤਾਬਾਂ ਪੜ੍ਹਨ ਦੀ ਮਜਬੂਰੀ ਕਾਰਨ ਇਹ ਨੀਰਸ ਹੋ ਜਾਂਦੀਆਂ ਹਨ, ਇਨ੍ਹਾਂ ਨੂੰ ਹੱਠ ਕਰ ਕੇ ਪੜ੍ਹਨਾ ਪੈਂਦਾ ਹੈ। ਹੱਠ ਕਰ ਕੇ ਕੀਤੀ ਪੜ੍ਹਾਈ ਹੀ ਸਾਡੀ ਯੋਗਤਾ ਬਣਦੀ ਹੈ। ਅਜੋਕੇ ਸਮਿਆਂ ਵਿਚ ਸਿਲੇਬਸ ਫੈਲਦੇ ਜਾ ਰਹੇ ਹਨ। ਪ੍ਰਸਿੱਧ ਅਤੇ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਸੰਸਥਾਵਾਂ ਵਿਚ ਟਾਈਮ-ਟੇਬਲ ਦੇ ਚਾਰਟ ਨਹੀਂ ਲੱਗਦੇ, ਹਰੇਕ ਪੀਰੀਅਡ ਦੇ ਵੇਰਵੇ ਵਾਲੀ ਡਾਇਰੀ ਛਪਦੀ ਹੈ ਜਿਸ ਕਰਕੇ ਹਰ ਰੋਜ਼ ਹਰੇਕ ਪੀਰੀਅਡ ਲਾਉਣਾ ਜ਼ਰੂਰੀ ਹੁੰਦਾ ਹੈ। ਹੁਣ ਮਹੱਤਵਪੂਰਨ ਕੋਰਸਾਂ ਲਈ ਪ੍ਰਵੇਸ਼ ਪ੍ਰੀਖਿਆਵਾਂ ਹੁੰਦੀਆਂ ਹਨ ਜਿਸ ਵਿਚ ਦੇਸ਼ ਭਰ ਤੋਂ ਵਿਦਿਆਰਥੀ ਚੰਗਾ ਰੈਂਕ ਲੈਣ ਲਈ ਸਿਰਤੋੜ ਯਤਨ ਕਰਦੇ ਹਨ। ਹੁਣ ਸੌਖੀਆਂ ਜਿੱਤਾਂ ਸੰਭਵ ਨਹੀਂ ਰਹੀਆਂ। ਜਿਨ੍ਹਾਂ ਕੋਰਸਾਂ ਦੇ ਦਾਖ਼ਲੇ ਸੌਖੇ ਹਨ, ਉਨ੍ਹਾਂ ਦਾ ਕੋਈ ਮੁੱਲ ਨਹੀਂ ਪੈਂਦਾ। ਹੁਣ ਪੜ੍ਹਾਈ ਵਿਚ ਲਾਪ੍ਰਵਾਹੀ ਲਈ ਕੋਈ ਥਾਂ ਨਹੀਂ ਰਹੀ। ਸਾਰਾ ਸਾਲ, ਵਿਉਂਤ ਬਣਾ ਕੇ ਪੜ੍ਹਾਈ ਕਰਨ ਦੀ ਅਤੇ ਪ੍ਰੀਖਿਆ ਦੀ ਤਿਆਰੀ ਕਰਨ ਦੀ ਲੋੜ ਪੈਂਦੀ ਹੈ। ਜਿਹੜੇ ਵਿਦਿਆਰਥੀ ਲਿਖਣ ਦਾ ਵੀ ਪੜ੍ਹਨ ਦੇ ਨਾਲ ਅਭਿਆਸ ਕਰਦੇ ਹਨ, ਉਹ ਹੀ ਸਫ਼ਲ ਹੋਣ ਦੀ ਆਸ ਕਰ ਸਕਦੇ ਹਨ। ਮੈਂ ਵੇਖਿਆ ਹੈ ਕਿ ਵਿਦਿਆਰਥੀ ਪੜ੍ਹਦੇ ਤਾਂ ਹਨ, ਪਰ ਲਿਖਣ ਦਾ ਅਭਿਆਸ ਨਹੀਂ ਕਰਦੇ। ਪ੍ਰੀਖਿਅਕ ਸਾਹਮਣੇ ਤੁਸੀਂ ਨਹੀਂ ਹੋਵੋਗੇ, ਤੁਹਾਡੀ ਉੱਤਰ ਕਾਪੀ ਹੋਵੇਗੀ ਜਿਸ ਵਿਚ ਲਿਖੇ ਦੇ ਆਧਾਰ ’ਤੇ ਤੁਹਾਡਾ ਮੁਲਾਂਕਣ ਹੋਵੇਗਾ। ਹਰੇਕ ਵਿਸ਼ੇ ਅਤੇ ਵਿਸ਼ੇਸ਼ ਕਰਕੇ ਭਾਸ਼ਾ ਸਿੱਖਣ ਦੇ ਚਾਰ ਪੜਾਅ ਹੁੰਦੇ ਹਨ: ਸਮਝ ਸਕਣਾ, ਪ੍ਰਗਟਾ ਸਕਣਾ, ਪੜ੍ਹ ਸਕਣਾ ਅਤੇ ਉਸ ਨੂੰ ਲਿਖ ਸਕਣਾ। ਜੇ ਤੁਸੀਂ ਕੋਈ ਭਾਸ਼ਾ ਲਿਖ ਨਹੀਂ ਸਕਦੇ ਤਾਂ ਤੁਸੀਂ ਉਸ ਭਾਸ਼ਾ ਦੇ ਮਾਹਿਰ ਨਹੀਂ ਹੋ ਸਕਦੇ। ਤੁਹਾਡਾ ਰੁਜ਼ਗਾਰ ਕੋਈ ਵੀ ਹੋਵੇ, ਉਸ ਵਿਚ ਲਿਖਣ ਦੀ ਮੁਹਾਰਤ ਜ਼ਰੂਰੀ ਹੋਵੇਗੀ।

ਹਰ ਵਿਸ਼ੇ ਦੀ ਲਗਪਗ ਦੋ ਸੌ ਸ਼ਬਦਾਂ ਦੀ ਤਕਨੀਕੀ ਸ਼ਬਦਾਵਲੀ ਹੁੰਦੀ ਹੈ। ਇਹ ਤਕਨੀਕੀ ਸ਼ਬਦ ਉਸ ਵਿਸ਼ੇ ਦੇ ਸੰਕਲਪ ਹੁੰਦੇ ਹਨ ਜਿਨ੍ਹਾਂ ਦੀ ਸਮਝ ਨਾਲ ਉਸ ਵਿਸ਼ੇ ਦੀ ਮੁਹਾਰਤ ਉਸਰਦੀ ਹੈ। ਹਰੇਕ ਵਿਸ਼ੇ ਦਾ ਸਿਲੇਬਸ ਇਕ ਤਰਤੀਬ ਵਿਚ ਬੱਝਾ ਹੁੰਦਾ ਹੈ। ਸਾਰਾ ਸਿਲੇਬਸ ਪੜ੍ਹਨਾ ਚਾਹੀਦਾ ਹੈ ਕਿਉਂਕਿ ਇਉਂ ਕਰਨ ਨਾਲ ਉਸ ਵਿਸ਼ੇ ’ਤੇ ਤੁਹਾਡੀ ਪਕੜ ਪੱਕੀ ਹੋ ਜਾਂਦੀ ਹੈ। ਪ੍ਰੀਖਿਆ ਲਈ ਤਿਆਰੀ ਦਾ ਇਕ ਪਰਖਿਆ ਹੋਇਆ ਢੰਗ ਇਹ ਹੈ ਕਿ ਪ੍ਰੀਖਿਆ ਤੋਂ ਚਾਲੀ-ਪੰਜਾਹ ਦਿਨ ਪਹਿਲਾਂ ਹਰ ਰੋਜ਼ ਤਿੰਨ ਘੰਟੇ ਲਿਖਣ ਦਾ ਅਭਿਆਸ ਕੀਤਾ ਜਾਵੇ। ਇਸ ਨਾਲ ਆਤਮ-ਵਿਸ਼ਵਾਸ ਉਪਜੇਗਾ, ਪ੍ਰੀਖਿਆ ਤੋਂ ਡਰ ਨਹੀਂ ਲੱਗੇਗਾ, ਨਾ ਹੀ ਪ੍ਰੀਖਿਆ ਔਖੀ ਲੱਗੇਗੀ। ਇਕ ਹੋਰ ਗ਼ਲਤੀ ਜਿਹੜੀ ਵਿਦਿਆਰਥੀ ਆਮ ਕਰਦੇ ਹਨ, ਉਹ ਇਹ ਹੁੰਦੀ ਹੈ ਕਿ ਉਹ ਮੁਢਲੇ ਦੋ-ਤਿੰਨ ਪ੍ਰਸ਼ਨਾਂ ਦੇ ਬੜੇ ਲੰਮੇ ਉੱਤਰ ਲਿਖਦੇ ਹਨ ਜਦੋਂਕਿ ਮਗਰਲੇ ਪ੍ਰਸ਼ਨਾਂ ਦੇ ਉੱਤਰ ਬਹੁਤ ਛੋਟੇ ਰਹਿ ਜਾਂਦੇ ਹਨ। ਚੰਗੀ ਕਾਰਗੁਜ਼ਾਰੀ ਲਈ ਜੇ ਤੁਸੀਂ ਪੰਜ ਪ੍ਰਸ਼ਨ ਕਰਨੇ ਹਨ ਤਾਂ ਜੇ ਤੀਹ ਪੰਨੇ ਲਿਖਣੇ ਹਨ ਤਾਂ ਹਰੇਕ ਉੱਤਰ ਲਗਪਗ ਛੇ ਪੰਨਿਆਂ ਦਾ ਹੋਣਾ ਚਾਹੀਦਾ ਹੈ। ਸਪਸ਼ਟ ਹੈ ਕਿ ਲਿਖਣ ਦੀ ਲੋੜ ਹਰੇਕ ਕਾਰਜ ਵਿਚ ਪੈਂਦੀ ਹੈ। ਲਿਖਣ ਨਾਲ ਲਿਖਤ ਸੁਧਰਦੀ ਅਤੇ ਨਿਖਰਦੀ ਹੈ, ਤੁਹਾਡੀ ਵਿਸ਼ੇ ਪ੍ਰਤੀ ਪਹੁੰਚ ਅਤੇ ਲਿਖਤ ਸਪਸ਼ਟ ਹੁੰਦੀ ਹੈ ਅਤੇ ਤੁਹਾਡਾ ਉਸ ਵਿਸ਼ੇ ਜਾਂ ਪ੍ਰਾਜੈਕਟ ਸਬੰਧੀ ਗਿਆਨ ਸਰਬਪੱਖੀ ਹੋ ਜਾਂਦਾ ਹੈ ਅਤੇ ਉਸ ਨਾਲ ਪ੍ਰੀਖਿਆ ਪਾਸ ਕਰਨ ਦਾ ਰਾਹ ਪੱਧਰਾ ਹੋ ਜਾਂਦਾ ਹੈ। ਹੁਣ ਉਚੇਰੇ ਅਹੁਦਿਆਂ ਲਈ ਇੰਟਰਵਿਊ ਵੀ ਹੁੰਦੀ ਹੈ, ਸੋ ਪੜ੍ਹਨ ਅਤੇ ਲਿਖਣ ਦੇ ਅਭਿਆਸ ਨਾਲ ਤੁਹਾਡੀ ਇੰਟਰਵਿਊ ਲਈ ਵੀ ਤਿਆਰੀ ਹੋ ਜਾਂਦੀ ਹੈ।

ਜਿਨ੍ਹਾਂ ਨੇ ਪੜ੍ਹਾਈ ਛੱਡੀ ਹੋਈ ਹੈ ਜਾਂ ਜਿਨ੍ਹਾਂ ਦੀ ਪੜ੍ਹਾਈ ਜਾਰੀ ਨਹੀਂ ਰਹਿ ਸਕੀ, ਉਨ੍ਹਾਂ ਨੂੰ ਮੇਰਾ ਸੁਝਾਅ ਹੈ ਕਿ ਉਹ ਜੇ ਲਿਖ ਕੇ ਪ੍ਰੀਖਿਆ ਦੀ ਤਿਆਰੀ ਕਰਨ, ਉਹ ਅਵੱਸ਼ ਸਫ਼ਲ ਹੋਣਗੇ। ਯੂਨੀਵਰਸਿਟੀ ਵਿਚ ਪ੍ਰੋਫੈਸਰ ਹੋਣ ਨਾਤੇ ਮੈਂ ਦਰਜਨਾਂ ਨੂੰ ਇਸ ਢੰਗ ਨਾਲ ਇਮਤਿਹਾਨ ਦੁਆ ਕੇ ਡਿਗਰੀਆਂ ਦਿਵਾਈਆਂ ਹਨ। ਯਾਦ ਰੱਖਣਾ ਕਿ ਸਿੱਖਿਆ ਤੋਂ ਬਿਨਾਂ ਕੋਈ ਪਰਿਵਰਤਨ ਨਹੀਂ ਵਾਪਰੇਗਾ, ਜਿਹੜਾ ਵਾਪਰੇਗਾ ਉਹ ਪਰਿਵਰਤਨ ਹੰਢਣਸਾਰ ਨਹੀਂ ਹੋਵੇਗਾ। ਪ੍ਰੀਖਿਆ ਵਿਚ ਸਫ਼ਲ ਹੋਣਾ ਮੁਸ਼ਕਿਲ ਨਹੀਂ ਹੈ,

ਠੀਕ ਅਤੇ ਉਪਯੋਗੀ ਢੰਗ ਅਪਨਾਉਣ ਦੀ ਲੋੜ ਹੁੰਦੀ ਹੈ। ਵਿਉਂਤਬੰਦੀ ਹਰੇਕ ਸਫ਼ਲਤਾ ਦਾ ਆਧਾਰ ਹੁੰਦੀ ਹੈ। ਜਿਹੜੇ ਆਪਣੇ ਜੀਵਨ ਵਿਚ ਤੁਹਾਨੂੰ ਸਫ਼ਲ ਹੋਏ ਪ੍ਰਤੀਤ ਹੁੰਦੇ ਹਨ, ਉਹ ਆਪਣੀ ਚੰਗੇਰੀ ਵਿਉਂਤਬੰਦੀ ਕਾਰਨ ਸਫ਼ਲ ਹੁੰਦੇ ਹਨ। ਉਨ੍ਹਾਂ ਦਾ ਮਿਹਨਤ ਕਰਨ ਦਾ ਢੰਗ ਵਿਗਿਆਨਕ ਹੋਵੇਗਾ। ਕੰਮ ਅਤੇ ਮਿਹਨਤ ਵਿਚ ਅੰਤਰ ਹੁੰਦਾ ਹੈ। ਕੰਮ, ਅਸੀਂ ਕੰਮ ਕਰਵਾਉਣ ਵਾਲੇ ਦੀ ਲੋੜ ਅਤੇ ਉਸ ਦੇ ਚਾਹੇ ਅਨੁਸਾਰ ਕਰਦੇ ਹਾਂ ਜਦੋਂਕਿ ਮਿਹਨਤ ਅਸੀਂ ਆਪਣੇ ਵਿਕਾਸ ਲਈ ਆਪਣੀ ਵਿਉਂਤਬੰਦੀ ਅਨੁਸਾਰ ਕਰਦੇ ਹਾਂ। ਮਨੁੱਖ ਮਸ਼ੀਨ ਨਹੀਂ ਹੈ, ਉਸ ਨੂੰ ਭੋਜਨ ਅਤੇ ਆਰਾਮ ਦੀ ਲੋੜ ਪੈਂਦੀ ਹੈ, ਸੋ ਵਿਉਂਤਬੰਦੀ ਕਰਦਿਆਂ ਆਪਣੀ ਸਮਰੱਥਾ, ਭੋਜਨ ਅਤੇ ਆਰਾਮ ਦੀ ਲੋੜ ਨੂੰ ਧਿਆਨ ਵਿਚ ਰੱਖੋ। ਜਦੋਂ ਨਿਤਨੇਮ ਜਾਂ ਟਾਈਮ ਟੇਬਲ ਬਣਾਇਆ ਜਾਂਦਾ ਹੈ ਤਾਂ ਸਭ ਕੁਝ ਟਾਈਮ ਟੇਬਲ ਅਨੁਸਾਰ ਨਹੀਂ ਵਾਪਰੇਗਾ, ਪਰ ਸਾਰਾ ਕਾਰਜ ਉਸ ਟਾਈਮ ਟੇਬਲ ਦੇ ਨੇੜੇ-ਤੇੜੇ ਰਹੇਗਾ। ਇਸ ਲਈ ਟਾਈਮ ਟੇਬਲ ਦਾ ਮਹੱਤਵ ਬਣਿਆ ਰਹਿੰਦਾ ਹੈ। ਵਿਉਂਤਬੰਦੀ ਤੋਂ ਬਿਨਾਂ ਮਿਹਨਤ ਮਜ਼ਦੂਰੀ ਬਣ ਕੇ ਰਹਿ ਜਾਂਦੀ ਹੈ ਜਦੋਂਕਿ ਵਿਉਂਤਬੰਦੀ ਨਾਲ ਕਾਰਜ ਕਰਾਮਾਤ ਹੋ ਨਿਬੜਦਾ ਹੈ।

ਵਿਸ਼ਾਲ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਤਾਂ ਪੱਛੜੇ ਦੇਸ਼ਾਂ ਵਿਚ ਪ੍ਰੀਖਿਆ ਪ੍ਰਣਾਲੀ ਦੰਡ ਪ੍ਰਣਾਲੀ ਦਾ ਭਾਗ ਬਣਾ ਦਿੱਤੀ ਗਈ ਹੈ। ਦੰਡ ਪ੍ਰਣਾਲੀ ਉਨ੍ਹਾਂ ’ਤੇ ਲਾਗੂ ਹੁੰਦੀ ਹੈ ਜਿਹੜੇ ਸਮਾਜ ਦੀ ਮਰਿਆਦਾ ਅਤੇ ਕਾਰਜ ਦੇ ਨੇਮ ਨਹੀਂ ਪਾਲਦੇ। ਇਹ ਪ੍ਰਣਾਲੀ ਲਾਲ ਬੱਤੀ ਅਤੇ ਹਰੀ ਬੱਤੀ ਦਾ ਅੰਤਰ ਦਰਸਾਉਂਦੀ ਹੈ। ਹਰੀ ਬੱਤੀ ਵਾਲੇ ਲੰਘਾਏ ਜਾਂਦੇ ਹਨ ਜਦੋਂਕਿ ਲਾਲ ਬੱਤੀ ਵਾਲੇ ਰੋਕੇ ਜਾਂਦੇ ਹਨ। ਕਈ ਲਾਲ ਬੱਤੀ ਦੇ ਬਾਵਜੂਦ ਹਰੀ ਬੱਤੀ ਵਾਲਾ ਵਿਹਾਰ ਕਰਦੇ ਹਨ। ਪ੍ਰੀਖਿਆ ਵਿਚ ਯੋਗ ਤਿਆਰੀ ਕਰਨ ਵਾਲੇ ਸੌਖਿਆਂ ਹੀ ਲੰਘ ਜਾਂਦੇ ਹਨ, ਪਰ ਕਈ ਆਪਣੇ ਖੋਟੇ ਸਿੱਕੇ ਵੀ ਚਲਾਉਣੇ ਚਾਹੁੰਦੇ ਹਨ ਅਤੇ ਇਹ ਕਿਧਰੇ ਨਾ ਕਿਧਰੇ ਰੋਕ ਲਏ ਜਾਂਦੇ ਹਨ। ਨਿਰਸੰਦੇਹ ਕਈ ਬੜੇ ਚਾਲਾਕ ਅਤੇ ਮੌਕਾਪ੍ਰਸਤ ਵੀ ਹੁੰਦੇ ਹਨ। ਇਹ ਘੋੜੇ ਹੁੰਦੇ ਨਹੀਂ, ਪਰ ਘੋੜਿਆਂ ਵਾਲੇ ਖੁਰ ਲਵਾ ਕੇ ਲੰਘ ਹੀ ਨਹੀਂ ਜਾਂਦੇ ਸਗੋਂ ਆਗੂ ਅਤੇ ਮੰਤਰੀ ਵੀ ਬਣ ਜਾਂਦੇ ਹਨ। ਇਹ ਸਿੱਖਿਆ ਦੇ ਮਹੱਤਵ ਨੂੰ ਤਾਂ ਸਮਝਦੇ ਹਨ, ਪਰ ਸਿੱਖਿਆ ਦੇ ਨੇਮ ਨਹੀਂ ਪਾਲਦੇ। ਇਨ੍ਹਾਂ ਕੋਲ ਡਿਗਰੀਆਂ ਹੁੰਦੀਆਂ ਹਨ, ਪਰ ਸੂਝ-ਸਮਝ ਦੀ ਥਾਂ ਇਹ ਚੁਸਤੀਆਂ-ਚਲਾਕੀਆਂ ਨਾਲ ਕੰਮ ਚਲਾਉਂਦੇ ਹਨ। ਸੰਸਕ੍ਰਿਤ, ਅਰਬੀ, ਚੀਨੀ, ਲਾਤੀਨੀ ਆਦਿ ਪੁਰਾਤਨ ਭਾਸ਼ਾਵਾਂ ਵਿਚ ਗਿਆਨ ਪ੍ਰਾਪਤੀ ਦਾ ਢੰਗ ਰੱਟਾ ਲਾਉਣ ਵਾਲਾ ਹੈ। ਪ੍ਰੀਖਿਆ ਪ੍ਰਣਾਲੀ ਇਨ੍ਹਾਂ ਭਾਸ਼ਾਵਾਂ ਦੀ ਸਮਝ ਨਹੀਂ ਪਰਖਦੀ, ਰੱਟਾ ਲਾਉਣ ਦੀ ਯੋਗਤਾ ਨੂੰ ਮਾਪਦੀ-ਤੋਲਦੀ ਹੈ।

ਅਜੋਕੇ ਸੰਸਾਰ ਦੀਆਂ ਵੱਡੀਆਂ ਯੂਨੀਵਰਸਿਟੀਆਂ ਵਿਚ ਪ੍ਰੀਖਿਆਵਾਂ ਖ਼ਤਮ ਕੀਤੀਆਂ ਜਾ ਰਹੀਆਂ ਹਨ। ਇੱਥੇ ਨਿਰਧਾਰਤ ਅਰਸਾ ਰਹਿਣ ਵਾਲੇ ਨੂੰ ਡਿਗਰੀ ਦੇ ਦਿੱਤੀ ਜਾਂਦੀ ਹੈ। ਕਈ ਸੰਸਥਾਵਾਂ ਵਿਚ ਪ੍ਰੀਖਿਆ ਨਹੀਂ ਲਈ ਜਾਂਦੀ, ਪ੍ਰੋਜੈਕਟ ਮੁਕੰਮਲ ਕਰਨ ਲਈ ਦਿੱਤੇ ਜਾਂਦੇ ਹਨ। ਵਾਸਤਵ ਵਿਚ ਇੱਥੇ ਗਿਆਨ ਪ੍ਰਾਪਤੀ ਲਈ ਵਿਸ਼ਵ ਭਰ ਦੇ ਵਿਦਿਆਰਥੀ ਤਰਲੇ ਲੈਂਦੇ ਹਨ। ਇਨ੍ਹਾਂ ਸੰਸਥਾਵਾਂ ਵਿਚ ਵਿਦਿਆਰਥੀਆਂ ਦੇ ਦਾਖ਼ਲਿਆਂ ਅਤੇ ਅਧਿਆਪਕਾਂ ਦੀ ਨਿਯੁਕਤੀ ਲਈ ਬੜੇ ਉੱਚੇ ਮਿਆਰ ਵਰਤੇ ਜਾਂਦੇ ਹਨ। ਇਨ੍ਹਾਂ ਅਦਾਰਿਆਂ ਨੂੰ ਅਧਿਆਪਕ ਅਤੇ ਵਿਦਿਆਰਥੀ ਪ੍ਰਸਿੱਧ ਕਰਦੇ ਹਨ। ਇੱਥੇ ਵਿਦਿਆਰਥੀ ਅਧਿਆਪਕਾਂ ਤੋਂ ਅਤੇ ਅਧਿਆਪਕ ਵਿਦਿਆਰਥੀਆਂ ਤੋਂ ਸਿੱਖਦੇ ਹਨ। ਇੱਥੇ ਤਨਖਾਹਾਂ ਦੇ ਗਰੇਡ ਨਹੀਂ ਹੁੰਦੇ, ਹਰੇਕ ਅਧਿਆਪਕ ਨੂੰ ਉਸ ਦੀ ਯੋਗਤਾ ਅਤੇ ਵਿਸ਼ੇਸ਼ੱਗਤਾ ਅਨੁਸਾਰ ਮੁਆਵਜ਼ਾ ਮਿਲਦਾ ਹੈ। ਇੱਥੇ ਵਿਦਿਆਰਥੀ ਵਿਸ਼ੇਸ਼ ਅਧਿਆਪਕਾਂ ਤੋਂ ਪੜ੍ਹੇ ਹੋਣ ਦਾ ਮਾਣ ਹੀ ਨਹੀਂ, ਘੁਮੰਡ ਵੀ ਕਰਦੇ ਹਨ। ਉੱਚ ਅਹੁਦਿਆਂ ਲਈ ਇਨ੍ਹਾਂ ਵਿਦਿਆਰਥੀਆਂ ਦੀ ਨਿਯੁਕਤੀ ਵਿਸ਼ੇਸ਼ ਅਧਿਆਪਕਾਂ ਤੋਂ ਪੜ੍ਹੇ ਹੋਣ ਦੇ ਆਧਾਰ ’ਤੇ ਹੀ ਹੋ ਜਾਂਦੀ ਹੈ। ਸਾਡੇ ਦੇਸ਼ ਵਿਚ ਪਰੰਪਰਾ ਦਾ ਬੋਲਬਾਲਾ ਹੈ, ਆਧੁਨਿਕਤਾ ਨੂੰ ਅਸੀਂ ਟੀਰੀ ਅੱਖ ਨਾਲ ਵੇਖਦੇ ਹਾਂ। ਅਸੀਂ ਗਿਆਨ ਲਈ ਵਿੱਦਿਆ ਪ੍ਰਾਪਤ ਨਹੀਂ ਕਰਦੇ, ਨੌਕਰੀ ਲਈ ਡਿਗਰੀ ਹਾਸਲ ਕਰਦੇ ਹਾਂ। ਇਸੇ ਲਈ ਅਸੀਂ ਪਾਸ ਹੋਣ ਲਈ ਨਕਲ ਦੀ ਵਿਧੀ ਵਰਤਦੇ ਹਾਂ। ਦਾਖ਼ਲਿਆਂ ਅਤੇ ਨਿਯੁਕਤੀਆਂ ਸਮੇਂ ਕਣਕ ਅਤੇ ਤੂੜੀ ਵੱਖ ਕਰਨ ਦੀ ਥਾਂ ਅਸੀਂ ਰਾਖਵੇਂਕਰਨ ਅਧੀਨ ਭਾਂਤ-ਭਾਂਤ ਦੀ ਤੂੜੀ ਮਿਲਾਉਂਦੇ ਹਾਂ ਅਤੇ ਅਕਸਰ ਤੂੜੀ ਦੀ ਮਾਤਰਾ ਕਣਕ ਨਾਲੋਂ ਵਧ ਜਾਂਦੀ ਹੈ।

Leave a Reply

Your email address will not be published. Required fields are marked *