ਭਗਤ ਦੀ ਗਤ (-ਹਰੀਸ਼ੰਕਰ ਪਰਸਾਈ)

ਉਸ ਦਿਨ ਜਦੋਂ ਭਗਤ ਜੀ ਦੀ ਮੌਤ ਹੋਈ, ਉਦੋਂ ਅਸੀਂ ਕਿਹਾ ਸੀ ਕਿ ਭਗਤ ਜੀ ਸਵਰਗਵਾਸੀ ਹੋ ਗਏ ਹਨ। ਪਰ ਹੁਣ ਮੈਨੂੰ ਪਤਾ ਲੱਗਿਆ ਹੈ ਕਿ ਭਗਤ ਜੀ ਸਵਰਗਵਾਸੀ ਨਹੀਂ, ਨਰਕਵਾਸੀ ਹੋਏ ਹਨ। ਮੈਂ ਕਹਾਂ ਤਾਂ ਕਿਸੇ ਨੂੰ ਇਸ ’ਤੇ ਭਰੋਸਾ ਨਹੀਂ ਹੋਵੇਗਾ, ਪਰ ਇਹ ਸਹੀ ਹੈ ਕਿ ਉਨ੍ਹਾਂ ਨੂੰ ਨਰਕ ਵਿੱਚ ਸੁੱਟ ਦਿੱਤਾ ਗਿਆ ਹੈ ਅਤੇ ਉਨ੍ਹਾਂ ’ਤੇ ਅਜਿਹੇ ਖ਼ਤਰਨਾਕ ਪਾਪਾਂ ਦੇ ਦੋਸ਼ ਲਾਏ ਗਏ ਹਨ ਕਿ ਨੇੜੇ ਭਵਿੱਖ ਵਿੱਚ ਉਨ੍ਹਾਂ ਦੇ ਨਰਕ ਤੋਂ ਛੁੱਟਣ ਦੀ ਕੋਈ ਉਮੀਦ ਨਹੀਂ ਹੈ। ਜੇ ਹੁਣ ਅਸੀਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਦੀ ਪ੍ਰਾਰਥਨਾ ਕਰੀਏ ਤਾਂ ਵੀ ਕੁਝ ਨਹੀਂ ਹੋਵੇਗਾ। ਵੱਡੀ ਤੋਂ ਵੱਡੀ ਸ਼ੋਕ-ਸਭਾ ਵੀ ਉਨ੍ਹਾਂ ਨੂੰ ਨਰਕ ’ਚੋਂ ਨਹੀਂ ਕੱਢ ਸਕਦੀ।

ਸਾਰਾ ਮੁਹੱਲਾ ਹੁਣ ਤੱਕ ਯਾਦ ਕਰਦਾ ਹੈ ਕਿ ਭਗਤ ਜੀ ਮੰਦਿਰ ਵਿੱਚ ਅੱਧੀ ਰਾਤ ਤੱਕ ਭਜਨ ਕਰਦੇ ਸਨ। ਹਰ ਦੋ-ਤਿੰਨ ਦਿਨਾਂ ਵਿੱਚ ਉਹ ਕਿਸੇ ਸਮਰੱਥ ਸ਼ਰਧਾਲੂ ਤੋਂ ਲਾਊਡ ਸਪੀਕਰ ਲਗਵਾ ਦਿੰਦੇ ਅਤੇ ਉਸ ’ਤੇ ਆਪਣੀ ਮੰਡਲੀ ਸਮੇਤ ਭਜਨ ਕਰਦੇ। ਤਿਉਹਾਰਾਂ ’ਤੇ ਤਾਂ ਚੌਵੀ ਘੰਟੇ ਲਾਊਡ ਸਪੀਕਰ ’ਤੇ ਅਖੰਡ ਕੀਰਤਨ ਹੁੰਦਾ। ਇੱਕ-ਦੋ ਵਾਰ ਮੁਹੱਲੇ ਵਾਲਿਆਂ ਨੇ ਇਸ ਅਖੰਡ ਕੀਰਤਨ ਦਾ ਵਿਰੋਧ ਕੀਤਾ ਤਾਂ ਭਗਤ ਜੀ ਨੇ ਭਗਤਾਂ ਦੀ ਭੀੜ ਇਕੱਠੀ ਕਰ ਲਈ ਅਤੇ ਦੰਗਾ ਕਰਵਾਉਣ ’ਤੇ ਉਤਰ ਆਏ। ਉਹ ਭਗਵਾਨ ਦੇ ਲਾਊਡ ਸਪੀਕਰ ਦੇ ਮਸਲੇ ’ਤੇ ਮਰਨ ਅਤੇ ਮਾਰਨ ’ਤੇ ਉਤਰ ਆਏ ਸਨ।

ਅਜਿਹੇ ਈਸ਼ਵਰ ਭਗਤ, ਜਿਨ੍ਹਾਂ ਨੇ ਅਰਬਾਂ ਵਾਰੀ ਭਗਵਾਨ ਦਾ ਨਾਂ ਲਿਆ, ਨਰਕ ਵਿੱਚ ਭੇਜੇ ਗਏ ਅਤੇ ਅਜਾਮਲ, ਜਿਸ ਨੇ ਇੱਕ ਵਾਰ ਗ਼ਲਤੀ ਨਾਲ ਭਗਵਾਨ ਦਾ ਨਾਮ ਲੈ ਲਿਆ ਸੀ, ਅਜੇ ਵੀ ਸਵਰਗ ਦੇ ਮਜ਼ੇ ਲੁੱਟ ਰਿਹਾ ਹੈ। ਹਨੇਰ ਕਿੱਥੇ ਨਹੀਂ ਹੈ!

ਭਗਤ ਜੀ ਬੜੇ ਵਿਸ਼ਵਾਸ ਨਾਲ ਪ੍ਰਲੋਕ ਵਿੱਚ ਪਹੁੰਚੇ। ਬੜੀ ਦੇਰ ਤੱਕ ਇਧਰ-ਉਧਰ ਘੁੰਮ ਕੇ ਵੇਖਦੇ ਰਹੇ। ਫਿਰ ਇੱਕ ਫਾਟਕ ’ਤੇ ਪਹੁੰਚ ਕੇ ਚੌਕੀਦਾਰ ਨੂੰ ਪੁੱਛਿਆ- ਸਵਰਗ ਦਾ ਗੇਟ ਇਹੋ ਹੈ ਨਾ!

ਚੌਕੀਦਾਰ ਨੇ ਕਿਹਾ- ਹਾਂ, ਇਹੀ ਹੈ।

ਉਹ ਅੱਗੇ ਵਧਣ ਲੱਗੇ ਤਾਂ ਚੌਕੀਦਾਰ ਨੇ ਰੋਕਿਆ- ਦਾਖਲਾ ਪਾਸ, ਯਾਨੀ ਟਿਕਟ ਦਿਖਾਓ ਪਹਿਲਾਂ!

ਭਗਤ ਜੀ ਨੂੰ ਗੁੱਸਾ ਆ ਗਿਆ। ਬੋਲੇ- ਮੈਨੂੰ ਵੀ ਟਿਕਟ ਲੱਗੇਗੀ ਇੱਥੇ? ਮੈਂ ਕਦੇ ਟਿਕਟ ਨਹੀਂ ਲਈ। ਸਿਨਮਾ ਵੀ ਮੈਂ ਬਿਨਾਂ ਟਿਕਟ ਵੇਖਦਾ ਸੀ ਅਤੇ ਰੇਲ ਵਿੱਚ ਵੀ ਬਿਨਾਂ ਟਿਕਟ ਬੈਠਦਾ ਸਾਂ। ਕੋਈ ਮੈਥੋਂ ਟਿਕਟ ਨਹੀਂ ਸੀ ਮੰਗਦਾ। ਹੁਣ ਇੱਥੇ ਸਵਰਗ ਵਿੱਚ ਟਿਕਟ ਮੰਗਦੇ ਹੋ? ਮੈਨੂੰ ਜਾਣਦੇ ਹੋ? ਮੈਂ ਭਗਤ ਜੀ ਹਾਂ।

ਚੌਕੀਦਾਰ ਨੇ ਸ਼ਾਂਤੀ ਨਾਲ ਕਿਹਾ- ਹੋਵੋਗੇ। ਪਰ ਮੈਂ ਬਿਨਾਂ ਟਿਕਟ ਅੰਦਰ ਨਹੀਂ ਜਾਣ ਦਿਆਂਗਾ। ਤੁਸੀਂ ਪਹਿਲਾਂ ਉਸ ਦਫ਼ਤਰ ਵਿੱਚ ਜਾਓ। ਉੱਥੇ ਤੁਹਾਡੇ ਪਾਪ-ਪੁੰਨ ਦਾ ਹਿਸਾਬ ਹੋਵੇਗਾ ਅਤੇ ਫਿਰ ਤੁਹਾਨੂੰ ਟਿਕਟ ਮਿਲੇਗੀ।

ਭਗਤ ਜੀ ਉਹਨੂੰ ਪਰ੍ਹੇ ਧੱਕ ਕੇ ਅੱਗੇ ਵਧਣ ਲੱਗੇ। ਉਦੋਂ ਹੀ ਚੌਕੀਦਾਰ ਇਕਦਮ ਪਹਾੜ ਵਰਗਾ ਹੋ ਗਿਆ ਅਤੇ ਉਸ ਨੇ ਉਨ੍ਹਾਂ ਨੂੰ ਚੁੱਕ ਕੇ ਦਫ਼ਤਰ ਦੀ ਪੌੜੀ ’ਤੇ ਖੜ੍ਹਾ ਦਿੱਤਾ।

ਭਗਤ ਜੀ ਦਫ਼ਤਰ ਵਿੱਚ ਪਹੁੰਚੇ। ਉੱਥੇ ਕੋਈ ਵੱਡਾ ਦੇਵਤਾ ਫਾਈਲਾਂ ਲਈ ਬੈਠਾ ਸੀ। ਭਗਤ ਜੀ ਨੇ ਹੱਥ ਜੋੜ ਕੇ ਕਿਹਾ- ਆਹਾ! ਮੈਂ ਪਛਾਣ ਲਿਆ, ਭਗਤ ਕਾਰਤੀਕੇਯ ਜੀ ਬਿਰਾਜੇ ਹੋਏ ਹਨ।

ਫਾਈਲ ਤੋਂ ਸਿਰ ਚੁੱਕ ਕੇ ਉਨ੍ਹਾਂ ਨੇ ਕਿਹਾ- ਮੈਂ ਕਾਰਤੀਕੇਯ ਨਹੀਂ ਹਾਂ। ਝੂਠੀ ਖ਼ੁਸ਼ਾਮਦ ਨਾ ਕਰ। ਜੀਵਨ ਭਰ ਉੱਥੇ ਤਾਂ ਕੁਕਰਮ ਕਰਦਾ ਰਿਹਾ ਅਤੇ ਇੱਥੇ ਆ ਕੇ ਹੀਂ-ਹੀਂ ਕਰਦਾ ਹੈਂ! ਨਾਂ ਦੱਸ ਆਪਣਾ!

ਭਗਤ ਜੀ ਨੇ ਨਾਂ ਦੱਸਿਆ, ਥਾਂ ਦੱਸਿਆ।

ਉਸ ਅਧਿਕਾਰੀ ਮੈਂ ਕਿਹਾ- ਤੇਰਾ ਮਾਮਲਾ ਬੜਾ ਟੇਢਾ ਹੈ। ਅਸੀਂ ਅਜੇ ਤੱਕ ਤੈਅ ਨਹੀਂ ਕਰ ਸਕੇ ਕਿ ਤੈਨੂੰ ਸਵਰਗ ਦੇਈਏ ਜਾਂ ਨਰਕ। ਤੇਰਾ ਫ਼ੈਸਲਾ ਖ਼ੁਦ ਭਗਵਾਨ ਕਰਨਗੇ।

ਭਗਤ ਜੀ ਨੇ ਕਿਹਾ- ਮੇਰਾ ਮਾਮਲਾ ਤਾਂ ਬਿਲਕੁਲ ਸਿੱਧਾ ਹੈ। ਮੈਂ ਸੋਲ੍ਹਾਂ ਆਨੇ ਧਾਰਮਿਕ ਬੰਦਾ ਹਾਂ। ਮੈਂ ਨੇਮ ਨਾਲ ਰੋਜ਼ ਭਗਵਾਨ ਦਾ ਭਜਨ ਕਰਦਾ ਰਿਹਾ ਹਾਂ। ਕਦੇ ਝੂਠ ਨਹੀਂ ਬੋਲਿਆ ਅਤੇ ਕਦੇ ਚੋਰੀ ਨਹੀਂ ਕੀਤੀ। ਮੰਦਿਰ ਵਿੱਚ ਇੰਨੀਆਂ ਔਰਤਾਂ ਆਉਂਦੀਆਂ ਸਨ, ਪਰ ਮੈਂ ਸਭ ਨੂੰ ਮਾਤਾ ਸਮਝਦਾ ਸਾਂ। ਮੈਂ ਕਦੇ ਕੋਈ ਪਾਪ ਨਹੀਂ ਕੀਤਾ। ਮੈਨੂੰ ਤਾਂ ਤੁਸੀਂ ਅੱਖਾਂ ਮੀਚ ਕੇ ਸਵਰਗ ਭੇਜ ਸਕਦੇ ਹੋ।

ਅਧਿਕਾਰੀ ਨੇ ਕਿਹਾ- ਭਗਤ ਜੀ, ਤੁਹਾਡਾ ਮਾਮਲਾ ਓਨਾ ਸਿੱਧਾ ਨਹੀਂ ਹੈ, ਜਿੰਨਾ ਤੁਸੀਂ ਸਮਝ ਰਹੇ ਹੋ। ਪਰਮਾਤਮਾ ਆਪ ਉਸ ਵਿੱਚ ਦਿਲਚਸਪੀ ਲੈ ਰਹੇ ਹਨ। ਮੈਂ ਤੁਹਾਨੂੰ ਉਨ੍ਹਾਂ ਦੇ ਸਾਹਮਣੇ ਹਾਜ਼ਰ ਕਰ ਦਿੰਦਾ ਹਾਂ।

ਇੱਕ ਚਪੜਾਸੀ ਭਗਤ ਜੀ ਨੂੰ ਭਗਵਾਨ ਦੇ ਦਰਬਾਰ ਵਿੱਚ ਲੈ ਗਿਆ। ਭਗਤ ਜੀ ਨੇ ਰਾਹ ਵਿੱਚ ਹੀ ਉਸਤਤ ਸ਼ੁਰੂ ਕਰ ਦਿੱਤੀ। ਜਦੋਂ ਉਹ ਭਗਵਾਨ ਦੇ ਸਾਹਮਣੇ ਪਹੁੰਚੇ ਤਾਂ ਬੜੇ ਜ਼ੋਰ-ਸ਼ੋਰ ਨਾਲ ਭਜਨ ਗਾਉਣ ਲੱਗੇ:

ਹਮ ਭਗਤਨ ਕੇ ਭਗਤ ਹਮਾਰੇ,

ਸੁਨ ਅਰਜਨ ਪ੍ਰਤਿੱਗਿਆ ਮੇਰੀ,

ਯਹ ਵ੍ਰਤ ਟਰੈ ਨਾ ਟਾਰੇ।

ਭਜਨ ਪੂਰਾ ਕਰ ਕੇ ਗਦਗਦ ਆਵਾਜ਼ ਵਿੱਚ ਬੋਲੇ- ਆਹਾ! ਜਨਮ-ਜਨਮਾਂਤਰ ਦੀ ਮਨੋਕਾਮਨਾ ਅੱਜ ਪੂਰੀ ਹੋ ਗਈ ਹੈ। ਪ੍ਰਭੂ, ਅਦੁੱਤੀ ਰੂਪ ਹੈ ਤੁਹਾਡਾ! ਜਿੰਨੀਆਂ ਫੋਟੋਆਂ ਤੁਹਾਡੀਆਂ ਸੰਸਾਰ ਵਿੱਚ ਚੱਲ ਰਹੀਆਂ ਨੇ, ਉਨ੍ਹਾਂ ਵਿੱਚੋਂ ਕਿਸੇ ਨਾਲ਼ ਨਹੀਂ ਮਿਲਦਾ।

ਭਗਵਾਨ ਉਸਤਤ ਤੋਂ ‘ਬੋਰ’ ਹੋ ਰਹੇ ਸਨ। ਰੁੱਖੀ ਜਿਹੀ ਆਵਾਜ਼ ਵਿੱਚ ਬੋਲੇ- ਅੱਛਾ-ਅੱਛਾ ਠੀਕ ਐ। ਹੁਣ ਕੀ ਚਾਹੁੰਦਾ ਹੈਂ, ਉਹ ਦੱਸ?

ਭਗਤ ਜੀ ਨੇ ਬੇਨਤੀ ਕੀਤੀ- ਭਗਵਾਨ, ਤੁਹਾਥੋਂ ਕੀ ਛੁਪਿਆ ਹੈ! ਤੁਸੀਂ ਤਾਂ ਸਭ ਦੀਆਂ ਮਨੋਕਾਮਨਾਵਾਂ ਜਾਣਦੇ ਹੋ! ਕਿਹਾ ਹੈ-

ਰਾਮ, ਝਰੋਖਾ ਬੈਠ ਕੇ ਸਬਕਾ ਮੁਜਰਾ ਲੇ,

ਜਾ ਕੀ ਜੈਸੀ ਚਾਕਰੀ ਤਾ ਕੋ ਤੈਸਾ ਦੇ!

ਪ੍ਰਭੂ, ਮੈਨੂੰ ਸਵਰਗ ਵਿੱਚ ਕੋਈ ਚੰਗੀ ਜਿਹੀ ਥਾਂ ਦਿਵਾ ਦਿਓ!

ਪ੍ਰਭੂ ਨੇ ਕਿਹਾ- ਤੂੰ ਅਜਿਹਾ ਕੀ ਕੀਤਾ ਹੈ ਜੋ ਤੈਨੂੰ ਸਵਰਗ ਮਿਲੇ!

ਭਗਤ ਜੀ ਨੂੰ ਇਸ ਪ੍ਰਸ਼ਨ ਤੋਂ ਸੱਟ ਵੱਜੀ। ਜਿਸ ਲਈ ਇੰਨਾ ਕੀਤਾ, ਉਹੀ ਪੁੱਛਦਾ ਹੈ ਕਿ ਤੂੰ ਅਜਿਹਾ ਕੀ ਕੀਤਾ! ਭਗਵਾਨ ’ਤੇ ਗੁੱਸਾ ਕਰਨ ਨਾਲ ਕੀ ਫ਼ਾਇਦਾ? ਇਹ ਸੋਚ ਕੇ ਭਗਤ ਜੀ ਗੁੱਸਾ ਪੀ ਗਏ। ਦੀਨਤਾ ਭਰੀ ਆਵਾਜ਼ ਵਿੱਚ ਬੋਲੇ- ਮੈਂ ਰੋਜ਼ ਤੁਹਾਡਾ ਭਜਨ ਕਰਦਾ ਰਿਹਾ।

ਭਗਵਾਨ ਨੇ ਪੁੱਛਿਆ- ਪਰ ਲਾਊਡ ਸਪੀਕਰ ਕਿਉਂ ਲਾਉਂਦਾ ਸੀ?

ਭਗਤ ਜੀ ਸਹਿਜ ਨਾਲ ਬੋਲੇ- ਉੱਧਰ ਸਾਰੇ ਲਾਊਡ ਸਪੀਕਰ ਲਾਉਂਦੇ ਨੇ। ਸਿਨਮਾ ਵਾਲੇ, ਮਿਠਾਈ ਵਾਲੇ, ਸੁਰਮਾ ਵੇਚਣ ਵਾਲੇ- ਸਾਰੇ ਉਹਦੀ ਵਰਤੋਂ ਕਰਦੇ ਹਨ, ਤੇ ਮੈਂ ਵੀ ਕਰ ਲਈ।

ਭਗਵਾਨ ਨੇ ਕਿਹਾ- ਉਹ ਤਾਂ ਆਪਣੀ ਚੀਜ਼ ਦੀ ਇਸ਼ਤਿਹਾਰਬਾਜ਼ੀ ਕਰਦੇ ਹਨ। ਤੂੰ ਕੀ ਮੇਰੀ ਇਸ਼ਤਿਹਾਰਬਾਜ਼ੀ ਕਰਦਾ ਸੀ? ਮੈਂ ਕੋਈ ਵਿਕਾਊ ਮਾਲ ਹਾਂ?

ਭਗਤ ਜੀ ਸੁੰਨ ਰਹਿ ਗਏ। ਸੋਚਿਆ, ਭਗਵਾਨ ਹੋ ਕੇ ਕਿਹੋ ਜਿਹੀਆਂ ਗੱਲਾਂ ਕਰਦੇ ਨੇ!

ਭਗਵਾਨ ਨੇ ਪੁੱਛਿਆ- ਮੈਨੂੰ ਤੂੰ ਅੰਤਰਜਾਮੀ ਮੰਨਦਾ ਹੈ ਨਾ!

ਭਗਤ ਜੀ ਬੋਲੇ- ਹਾਂ ਜੀ।

ਭਗਵਾਨ ਨੇ ਕਿਹਾ- ਫਿਰ ਅੰਤਰਜਾਮੀ ਨੂੰ ਸੁਣਾਉਣ ਲਈ ਲਾਊਡ ਸਪੀਕਰ ਕਿਉਂ ਲਾਉਂਦਾ ਸੀ? ਕੀ ਮੈਂ ਬੋਲ਼ਾ ਹਾਂ? ਇੱਥੇ ਸਾਰੇ ਦੇਵਤੇ ਮੇਰਾ ਮਜ਼ਾਕ ਉਡਾਉਂਦੇ ਨੇ। ਮੇਰੀ ਪਤਨੀ ਮਜ਼ਾਕ ਕਰਦੀ ਹੈ ਕਿ ਇਹ ਭਗਤ ਤੈਨੂੰ ਬੋਲ਼ਾ ਸਮਝਦਾ ਹੈ।

ਭਗਤ ਜੀ ਜੁਆਬ ਨਾ ਦੇ ਸਕੇ।

ਭਗਵਾਨ ਨੂੰ ਹੋਰ ਗੁੱਸਾ ਆ ਗਿਆ। ਉਹ ਕਹਿਣ ਲੱਗੇ- ਤੂੰ ਕਈ ਸਾਲਾਂ ਤੱਕ ਸਾਰੇ ਮੁਹੱਲੇ ਦੇ ਲੋਕਾਂ ਨੂੰ ਤੰਗ ਕੀਤਾ ਹੈ। ਤੇਰੇ ਚੀਕ-ਚਿਹਾੜੇ ਕਰਕੇ ਉਹ ਨਾ ਕੰਮ ਕਰ ਸਕਦੇ ਸਨ, ਨਾ ਚੈਨ ਨਾਲ ਬੈਠ ਸਕਦੇ ਸਨ ਅਤੇ ਨਾ ਸੌਂ ਸਕਦੇ ਸਨ। ਉਨ੍ਹਾਂ ਵਿੱਚੋਂ ਅੱਧੇ ਤਾਂ ਮੈਨੂੰ ਘਿਰਣਾ ਕਰਨ ਲੱਗ ਪਏ ਹਨ। ਸੋਚਦੇ ਨੇ, ਜੇ ਭਗਵਾਨ ਨਾ ਹੁੰਦਾ ਤਾਂ ਇਹ ਭਗਤ ਇੰਨਾ ਰੌਲ਼ਾ ਨਾ ਪਾਉਂਦਾ। ਤੂੰ ਮੈਨੂੰ ਕਿੰਨਾ ਬਦਨਾਮ ਕੀਤਾ ਹੈ!

ਭਗਤ ਨੇ ਹੌਸਲਾ ਕਰ ਕੇ ਕਿਹਾ- ਭਗਵਾਨ, ਤੁਹਾਡਾ ਨਾਂ ਲੋਕਾਂ ਦੇ ਕੰਨਾਂ ਵਿੱਚ ਜਾਂਦਾ ਸੀ, ਇਹ ਤਾਂ ਉਨ੍ਹਾਂ ਲਈ ਚੰਗਾ ਹੀ ਸੀ ਨਾ! ਉਨ੍ਹਾਂ ਨੂੰ ਅਚਾਨਕ ਪੁੰਨ ਮਿਲ ਜਾਂਦਾ ਸੀ।

ਭਗਵਾਨ ਨੂੰ ਭਗਤ ਦੀ ਮੂਰਖਤਾ ’ਤੇ ਤਰਸ ਆਇਆ। ਬੋਲੇ- ਪਤਾ ਨਹੀਂ ਇਹ ਪਰੰਪਰਾ ਕਿਵੇਂ ਚੱਲੀ ਕਿ ਭਗਤ ਦਾ ਮੂਰਖ ਹੋਣਾ ਜ਼ਰੂਰੀ ਹੈ। ਅਤੇ ਤੈਨੂੰ ਕੀਹਨੇ ਕਿਹਾ ਕਿ ਮੈਂ ਚਾਪਲੂਸੀ ਪਸੰਦ ਕਰਦਾ ਹਾਂ? ਤੂੰ ਕੀ ਇਹ ਸਮਝਦਾ ਹੈਂ ਕਿ ਤੂੰ ਮੇਰੀ ਉਸਤਤ ਕਰੇਂਗਾ ਤਾਂ ਮੈਂ ਕਿਸੇ ਬੇਵਕੂਫ਼ ਅਫ਼ਸਰ ਵਾਂਗ ਖ਼ੁਸ਼ ਹੋ ਜਾਵਾਂਗਾ? ਮੈਂ ਇੰਨਾ ਬੇਵਕੂਫ਼ ਨਹੀਂ ਹਾਂ ਭਗਤ ਜੀ, ਕਿ ਤੇਰੇ ਵਰਗੇ ਮੂਰਖ ਮੈਨੂੰ ਚਲਾ ਲੈਣ। ਮੈਂ ਖ਼ੁਸ਼ਾਮਦ ਨਾਲ ਖ਼ੁਸ਼ ਨਹੀਂ ਹੁੰਦਾ, ਕਰਮ ਵੇਖਦਾ ਹਾਂ।

ਭਗਤ ਜੀ ਨੇ ਕਿਹਾ- ਭਗਵਾਨ, ਮੈਂ ਕਦੇ ਕੋਈ ਕੁਕਰਮ ਨਹੀਂ ਕੀਤਾ।

ਭਗਵਾਨ ਹੱਸੇ। ਕਹਿਣ ਲੱਗੇ- ਭਗਤ, ਤੂੰ ਆਦਮੀਆਂ ਦੀ ਹੱਤਿਆ ਕੀਤੀ ਹੈ। ਉਧਰ ਦੀ ਅਦਾਲਤ ਤੋਂ ਤਾਂ ਤੂੰ ਬਚ ਗਿਆ, ਪਰ ਇੱਥੇ ਨਹੀਂ ਬਚ ਸਕਦਾ।

ਭਗਤ ਜੀ ਦਾ ਹੌਸਲਾ ਹੁਣ ਖ਼ਤਮ ਹੋਣ ਲੱਗਿਆ। ਉਹ ਆਪਣੇ ਭਗਵਾਨ ਦੀ ਨੀਅਤ ਬਾਰੇ ਸ਼ੰਕਾ ਕਰ ਬੈਠੇ। ਸੋਚਣ ਲੱਗੇ ਕਿ ਇਹ ਭਗਵਾਨ ਹੋ ਕੇ ਝੂਠ ਬੋਲਦਾ ਹੈ। ਜ਼ਰਾ ਤੈਸ਼ ਵਿੱਚ ਆ ਕੇ ਕਿਹਾ- ਤੁਹਾਨੂੰ ਝੂਠ ਬੋਲਣਾ ਸ਼ੋਭਾ ਨਹੀਂ ਦਿੰਦਾ! ਮੈਂ ਕਿਸੇ ਆਦਮੀ ਦੀ ਜਾਨ ਨਹੀਂ ਲਈ। ਹੁਣ ਤੱਕ ਮੈਂ ਸਹਿੰਦਾ ਗਿਆ, ਪਰ ਇਸ ਝੂਠੇ ਦੋਸ਼ ਨੂੰ ਮੈਂ ਸਹਿ ਨਹੀਂ ਸਕਦਾ। ਤੁਸੀਂ ਸਿੱਧ ਕਰ ਕੇ ਵਿਖਾਓ ਕਿ ਮੈਂ ਹੱਤਿਆ ਕੀਤੀ ਹੈ।

ਭਗਵਾਨ ਨੇ ਕਿਹਾ- ਮੈਂ ਫੇਰ ਕਹਿੰਦਾ ਹਾਂ ਕਿ ਤੂੰ ਹਤਿਆਰਾ ਹੈਂ, ਹੁਣੇ ਪ੍ਰਮਾਣ ਦਿੰਦਾ ਹਾਂ।

ਭਗਵਾਨ ਨੇ ਇੱਕ ਅੱਧਖੜ ਉਮਰ ਦੇ ਆਦਮੀ ਨੂੰ ਸੱਦਿਆ। ਭਗਤ ਨੂੰ ਪੁੱਛਿਆ- ਇਹਨੂੰ ਪਛਾਣਦਾ ਹੈਂ?

ਹਾਂ, ਇਹ ਮੇਰੇ ਮੁਹੱਲੇ ਦਾ ਰਾਮਨਾਥ ਮਾਸਟਰ ਹੈ। ਪਿਛਲੇ ਸਾਲ ਬਿਮਾਰੀ ਨਾਲ ਮਰ ਗਿਆ ਸੀ- ਭਗਤ ਜੀ ਨੇ ਯਕੀਨ ਨਾਲ ਕਿਹਾ।

ਭਗਵਾਨ ਬੋਲੇ- ਬਿਮਾਰੀ ਨਾਲ ਨਹੀਂ, ਤੇਰੇ ਭਜਨ ਨਾਲ ਮਰਿਆ ਹੈ। ਤੇਰੇ ਲਾਊਡ ਸਪੀਕਰ ਨਾਲ ਮਰਿਆ ਹੈ। ਰਾਮਨਾਥ, ਤੇਰੀ ਮੌਤ ਕਿਉਂ ਹੋਈ?

ਰਾਮਨਾਥ ਨੇ ਕਿਹਾ- ਪ੍ਰਭੂ, ਮੈਂ ਬਿਮਾਰ ਸਾਂ। ਡਾਕਟਰ ਨੇ ਕਿਹਾ ਕਿ ਤੈਨੂੰ ਪੂਰੀ ਨੀਂਦ ਅਤੇ ਆਰਾਮ ਮਿਲਣਾ ਚਾਹੀਦਾ ਹੈ। ਪਰ ਭਗਤ ਜੀ ਦੇ ਲਾਊਡ ਸਪੀਕਰ ’ਤੇ ਅਖੰਡ ਕੀਰਤਨ ਕਾਰਨ ਮੈਂ ਸੌਂ ਨਾ ਸਕਿਆ, ਨਾ ਆਰਾਮ ਕਰ ਸਕਿਆ। ਅਗਲੇ ਦਿਨ ਮੇਰੀ ਹਾਲਤ ਹੋਰ ਵਿਗੜ ਗਈ ਅਤੇ ਚੌਥੇ ਦਿਨ ਮੈਂ ਮਰ ਗਿਆ।

ਭਗਤ ਸੁਣ ਕੇ ਘਬਰਾ ਗਿਆ।

ਉਦੋਂ ਹੀ ਇੱਕ ਵੀਹ-ਇੱਕੀ ਸਾਲਾਂ ਦਾ ਮੁੰਡਾ ਸੱਦਿਆ ਗਿਆ। ਉਸ ਤੋਂ ਪੁੱਛਿਆ- ਸੁਰਿੰਦਰ, ਤੂੰ ਕਿਵੇਂ ਮਰਿਆ?

ਮੈਂ ਖ਼ੁਦਕੁਸ਼ੀ ਕਰ ਲਈ ਸੀ- ਉਸ ਨੇ ਜਵਾਬ ਦਿੱਤਾ।

ਖ਼ੁਦਕੁਸ਼ੀ ਕਿਉਂ ਕੀਤੀ ਸੀ? – ਭਗਵਾਨ ਨੇ ਪੁੱਛਿਆ।

ਸੁਰਿੰਦਰ ਨੇ ਕਿਹਾ- ਮੈਂ ਇਮਤਿਹਾਨਾਂ ਵਿੱਚੋਂ ਫੇਲ੍ਹ ਹੋ ਗਿਆ ਸਾਂ।

ਪ੍ਰੀਖਿਆ ਵਿੱਚੋਂ ਫੇਲ੍ਹ ਕਿਉਂ ਹੋ ਗਿਆ ਸੀ?

ਭਗਤ ਜੀ ਦੇ ਲਾਊਡ ਸਪੀਕਰ ਕਰਕੇ ਮੈਂ ਪੜ੍ਹ ਨਹੀਂ ਸਕਿਆ। ਮੇਰਾ ਘਰ ਧਾਰਮਿਕ ਅਸਥਾਨ ਦੇ ਕੋਲ ਹੀ ਹੈ ਨਾ!

ਭਗਤ ਜੀ ਨੂੰ ਯਾਦ ਆਇਆ ਕਿ ਇਸ ਮੁੰਡੇ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਘੱਟੋ-ਘੱਟ ਇਮਤਿਹਾਨ ਦੇ ਦਿਨਾਂ ਵਿਚ ਲਾਊਡ ਸਪੀਕਰ ਨਾ ਵਜਾਉਣਾ।

ਭਗਵਾਨ ਨੇ ਸਖ਼ਤੀ ਨਾਲ ਕਿਹਾ- ਤੇਰੇ ਪਾਪਾਂ ਨੂੰ ਵੇਖਦਿਆਂ ਮੈਂ ਤੈਨੂੰ ਨਰਕ ਵਿੱਚ ਸੁੱਟਣ ਦਾ ਆਦੇਸ਼ ਦਿੰਦਾ ਹਾਂ।

ਭਗਤ ਜੀ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਨਰਕ ਦੇ ਡਰਾਉਣੇ ਦੂਤਾਂ ਨੇ ਉਨ੍ਹਾਂ ਨੂੰ ਫੜ ਲਿਆ।

ਆਪਣੇ ਭਗਤ ਜੀ, ਜਿਨ੍ਹਾਂ ਨੂੰ ਅਸੀਂ ਧਰਮਾਤਮਾ ਸਮਝਦੇ ਸਾਂ, ਹੁਣ ਤੱਕ ਨਰਕ ਭੋਗ ਰਹੇ ਨੇ।

ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ

Leave a Reply

Your email address will not be published. Required fields are marked *