ਜਿੱਤ ਲਈ ਜਨੂੰਨੀ ਬਣੋ

ਬਲਜਿੰਦਰ ਜੌੜਕੀਆਂ

ਬੱਚੇ ਤੋਂ ਬਾਲਗ ਤੇ ਬਾਲਗ ਤੋਂ ਪਰਿਪੱਕ ਉਮਰ ਤੱਕ ਦੇ ਸਫ਼ਰ ਦੌਰਾਨ ਵਿਅਕਤੀ ਦੇ ਜੀਵਨ ਵਿੱਚ ਬੜੇ ਉਤਰਾਅ-ਚੜ੍ਹਾਅ ਆਉਂਦੇ ਹਨ। ਬੰਦਾ ਸੋਚਦਾ ਕੁਝ ਹੋਰ ਹੁੰਦਾ ਹੈ, ਪਰ ਬਣ ਕੁਝ ਹੋਰ ਜਾਂਦਾ ਹੈ। ਕੁਝ ਕੰਮ ਭਾਵੇਂ ਕਿੰਨੇ ਵੀ ਔਖੇ ਕਿਉਂ ਨਾ ਹੋਣ, ਪਰ ਮਲੋ-ਮੱਲੀ ਕਰਨ ਨੂੰ ਜੀ ਕਰਦਾ ਹੈ, ਅਜਿਹੇ ਸ਼ੌਕੀਆ ਕੰਮ ਸਾਡਾ ਜਨੂੰਨ ਹੁੰਦੇ ਹਨ। ਜਨੂੰਨ ਜ਼ਮੀਨੀ ਹੁੰਦਾ ਹੈ। ਅੱਜਕੱਲ੍ਹ ਦੀਆਂ ਡਿਜੀਟਲ ਚਮਕਦਾਰ ਮਸ਼ਹੂਰੀਆਂ ਵਾਂਗ ਨਕਲੀ ਨਹੀਂ ਹੁੰਦਾ। ਜਨੂੰਨ ਤੇ ਡਰਾਮੇਬਾਜ਼ੀ ਵਿੱਚ ਜ਼ਮੀਨ ਆਸਮਾਨ ਦਾ ਫ਼ਰਕ ਹੈ, ਪਰ ਅੱਜਕੱਲ੍ਹ ਚਾਰੇ ਪਾਸੇ ਡਰਾਮੇਬਾਜ਼ੀ ਦੀ ਭਰਮਾਰ ਹੈ। ਡਰਾਮੇ ਵਿੱਚ ਗਰਜ਼ਾਂ ਤੇ ਬੇ-ਵਿਸ਼ਵਾਸੀਆਂ ਹੁੰਦੀਆਂ ਹਨ, ਪਰ ਜਨੂੰਨ ਵਿੱਚ ਡੂੰਘਾ ਪਿਆਰ ਤੇ ਵਫ਼ਾਦਾਰੀ ਹੁੰਦੀ ਹੈ। ਅਜਿਹੀਆਂ ਖੂਬੀਆਂ ਵਾਲਾ ਬੰਦਾ ਕੁਦਰਤ ਦੀ ਨਿਗ੍ਹਾ ਵਿੱਚ ਵਿਸ਼ੇਸ਼ ਬਣ ਜਾਂਦਾ ਹੈ।

ਹੱਠੀ ਹੋਣਾ ਖ਼ਤਰਨਾਕ ਨਹੀਂ ਹੁੰਦਾ ਬਲਕਿ ਜ਼ਿੱਦ ਜ਼ਿੰਦਗੀ ਨੂੰ ਉਤੇਜਨਾ ਦਿੰਦੀ ਹੈ। ਜਿਨ੍ਹਾਂ ਦੀਆਂ ਜ਼ਿੱਦਾਂ ਪੁੱਗਦੀਆਂ ਹੋਣ, ਉਨ੍ਹਾਂ ਲਈ ਜ਼ਿੰਦਗੀ ਖੂਬਸੂਰਤ ਹੋ ਜਾਂਦੀ ਹੈ। ਜਿਨ੍ਹਾਂ ਦਾ ਜਨੂੰਨ ਪ੍ਰਵਾਨ ਚੜ੍ਹਦਾ ਹੈ, ਉਹ ਕਲਾਕਾਰ ਬਣ ਜਾਂਦੇ ਹਨ ਤੇ ਦੁਨੀਆ ਉਨ੍ਹਾਂ ਵੱਲ ਉਲਟ ਜਾਂਦੀ ਹੈ। ਲੋਕ ਮਗਰ ਹੋ ਤੁਰਦੇ ਹਨ, ਜਿੱਥੇ ਵੀ ਜਾਂਦੇ ਹਨ, ਭੀੜਾਂ ਜੁੜ ਜਾਂਦੀਆਂ ਹਨ। ਜਜ਼ਬਾਤੀ ਸਾਝਾਂ ਵਿੱਚੋਂ ਨਿਕਲੀ ਸ਼ਾਬਾਸ਼ੇ ਨਾਲ ਕਲਾ ਹੋਰ ਨਿੱਖਰਦੀ ਹੈ। ਸਾਰੇ ਜੱਗ ਜੇਤੂ ਇਨ੍ਹਾਂ ਰਾਹਾਂ ਵਿੱਚੋਂ ਗੁਜ਼ਰਦੇ ਹਨ। ਜਨੂੰਨ ਨੂੰ ਰਾਹ ਨਾ ਮਿਲਣ ਦੇ ਨਤੀਜੇ ਮਾਰੂ ਹੁੰਦੇ ਹਨ। ਰਿਸ਼ਤਿਆਂ ਵਿੱਚ ਝੂਠੇ ਲਾਰੇ, ਛਲ-ਕਪਟ, ਧੋਖੇ, ਤਿੜਕਦੇ ਵਿਸ਼ਵਾਸਾਂ ਤੇ ਤਕੜਿਆਂ ਵੱਲੋਂ ਧੱਕਿਆਂ ਨਾਲ ਜਨੂੰਨ ਝਗੜਿਆਂ ਵਿੱਚ ਬਦਲ ਜਾਂਦੇ ਹਨ। ਜੋ ਅਸੀਂ ਕਰ ਰਹੇ ਹਾਂ, ਉਹ ਦੂਸਰਿਆਂ ਨੂੰ ਵੀ ਕਰਨ ਦਾ ਪੂਰਾ-ਪੂਰਾ ਹੱਕ ਹੈ। ਜੀਓ ਤੇ ਜਿਊਣ ਦਿਓ। ਪਰ ਜ਼ੋਰਵਾਰਾਂ ਨੇ ਦੂਜਿਆਂ ਲਈ ਜ਼ਿੰਦਗੀ ਦੇ ਰਾਹ ਤੰਗ ਕਰ ਦਿੱਤੇ ਹਨ। ਉਹ ਸੋਚਦੇ ਹਨ ਕਿ ਸਾਰੀਆਂ ਖੁਸ਼ੀਆਂ ਕੇਵਲ ਉਨ੍ਹਾਂ ਲਈ ਹੀ ਬਣੀਆਂ ਹਨ। ਕਿਸੇ ਦੇ ਜਨੂੰਨ ਦੇ ਰਾਹ ਵਿੱਚ ਰੁਕਾਵਟਾਂ ਖੜ੍ਹੀਆਂ ਕਰਨ ਨਾਲ ਬਖੇੜੇ ਖੜ੍ਹੇ ਹੋ ਜਾਂਦੇ ਹਨ। ਆਖਿਰ ਵਿਖਾਵਾ ਇਸ ਕਦਰ ਭਾਰੂ ਹੈ ਕਿ ਬੰਦੇ ਦੀ ਅਸਲ ਪਛਾਣ ਹੀ ਖ਼ਤਮ ਹੋ ਚੁੱਕੀ ਹੈ।

ਜ਼ਿੰਦਗੀ ਇੰਨੀ ਛੋਟੀ ਹੈ ਕਿ ਇਸ ਦਾ ਆਨੰਦ ਲਓ। ਗੱਡੀਆਂ ਦਾ ਸਫ਼ਰ ਵੀ ਕਰੋ, ਕਿਤੇ ਸਾਰੀ ਉਮਰ ਸਟੇਸ਼ਨ ’ਤੇ ਬੈਠ ਆਉਂਦੀਆਂ-ਜਾਂਦੀਆਂ ਗੱਡੀਆਂ ਵੇਖਣ ਵਿੱਚ ਹੀ ਨਾ ਲੰਘਾ ਦਿਓ। ਇਹ ਨਾ ਹੋਵੇ ਕਿ ਸਾਡੀ ਉਮਰ ਝਮੇਲਿਆਂ ਵਿੱਚ ਹੀ ਲੰਘ ਜਾਵੇ। ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲਣ ਲਈ ਇੱਕ ਚੀਜ਼ ਕਰ ਸਕਦੇ ਹੋ ਤਾਂ ਮੈਂ ਕਹਾਂਗਾ ਕਿ ਤੁਸੀਂ ਉਹ ਚੀਜ਼ ਲੱਭੋ ਜਿਸ ਬਾਰੇ ਤੁਸੀਂ ਬਹੁਤ ਭਾਵੁਕ ਹੋ। ਫਿਰ ਇਸ ਨੂੰ ਹਾਸਲ ਕਰਨ ਲਈ ਤਾਣ ਲਾ ਦਿਓ। ਆਪਣੇ ਜਨੂੰਨ ਨੂੰ ਕਿਵੇਂ ਲੱਭਣਾ ਹੈ, ਇਹ ਸਿੱਖਣਾ ਇੰਨਾ ਸੌਖਾ ਨਹੀਂ ਹੋ ਸਕਦਾ ਜਿੰਨਾ ਇਹ ਲੱਗਦਾ ਹੈ, ਪਰ ਕੋਸ਼ਿਸ਼ਾਂ ਅੱਗੇ ਰੁਕਾਵਟਾਂ ਆਖਿਰ ਝੁਕ ਹੀ ਜਾਂਦੀਆਂ ਹਨ ਭਾਵ ਜਨੂੰਨ ਲੱਭਿਆ ਜਾ ਸਕਦਾ ਹੈ। ਲੰਬੇ ਰੂਟਾਂ ਵਾਲੀਆਂ ਬੱਸਾਂ ਦੇ ਛੋਟੇ ਅੱਡਿਆਂ ’ਤੇ ਨਾ ਰੁਕਣ ਵਾਂਗ ਜਨੂੰਨੀ ਬੰਦੇ ਆਪਣਾ ਸਮਾਂ ਤੇ ਊਰਜਾ ਵੱਡੇ ਨਿਸ਼ਾਨਿਆਂ ’ਤੇ ਹੀ ਖ਼ਰਚ ਕਰਦੇ ਹਨ।

ਜੇ ਤੁਸੀਂ ਨਵੇਂ ਕੰਮਾਂ ਨੂੰ ਹੱਥ ਪਾਉਣ ਤੋਂ ਡਰਦੇ ਹੋ ਤਾਂ ਤੁਹਾਡੇ ਅੰਦਰ ਇੱਛਾ ਸ਼ਕਤੀ ਦੀ ਘਾਟ ਹੈ। ਇਸ ਕਮੀ ਦੀ ਜੜ੍ਹ ਲੱਭਣੀ ਹੋਵੇਗੀ। ਸੁਸਤੀ ਨੂੰ ਚੁਸਤੀ ਤੇ ਖੁਸ਼ਕੀਆਂ ਨੂੰ ਚਮਕਾਂ ਵਿੱਚ ਬਦਲਣ ਲਈ ਯਤਨ ਕਿਸੇ ਦੂਜੇ ਨੇ ਨਹੀਂ ਸਗੋਂ ਤੁਸੀਂ ਹੀ ਕਰਨੇ ਹੁੰਦੇ ਹਨ। ਹੌਸਲਿਆਂ ਵਿੱਚ ਖੁਰਾਕਾਂ ਨਾਲੋਂ ਜ਼ਿਆਦਾ ਤਾਕਤ ਹੁੰਦੀ ਹੈ। ਨਸ਼ੇ ਤੋਂ ਮੁਕਤੀ ਅੰਦਰਲੇ ਜਨੂੰਨ ਨੇ ਦਿਵਾਉਣੀ ਹੁੰਦੀ ਹੈ, ਵਰਨਾ ਜਾਨਵਰਾਂ ਨਾਲੋਂ ਮਾੜਾ ਸਲੂਕ ਕਰਨ ਵਾਲੇ ਨਸ਼ਾ ਛਡਾਊ ਕੇਂਦਰ ਤਾਂ ਬੇਰੁਜ਼ਗਾਰੀਆਂ ਵਿੱਚੋਂ ਪੈਦਾ ਹੋਈਆਂ ਲੁੱਟ ਦੀਆਂ ਦੁਕਾਨਾਂ ਹਨ।

ਜੇਕਰ ਮੌਜੂਦਾ ਹਾਲਾਤ ਵਿੱਚ ਫਸੇ-ਫਸੇ ਮਹਿਸੂਸ ਕਰਦੇ ਹੋ ਤਾਂ ਪਤੇ-ਟਿਕਾਣੇ ਬਦਲ ਕੇ ਨਵੀਂ ਜ਼ਿੰਦਗੀ ਸ਼ੁਰੂ ਕਰੋ ਤੇ ਫਿਰ ਵੇਖਣਾ ਤੁਹਾਡੀ ਸਮਰੱਥਾ ਵਿੱਚੋਂ ਕਿਵੇਂ ਨਵੀਆਂ ਫੁਟਾਰਾਂ ਫੁੱਟਦੀਆਂ ਹਨ। ਬੀਤਿਆ ਸਮਾਂ ਕੂੜਾ ਹੈ ਤੇ ਵਰਤਮਾਨ ਸੋਨਾ ਹੈ। ਇਸ ਨੂੰ ਤਿਆਗ ਅਤੇ ਯਤਨਾਂ ਦੀ ਕੁਠਾਲੀ ਵਿੱਚ ਪਾ ਕੇ ਸਮੇਂ ਦੇ ਅਹਿਮ ਹਸਤਾਖਰ ਬਣ ਜਾਵੋ। ਕੇਵਲ ਆਸ਼ੀਰਵਾਦਾਂ ਨੇ ਕੁਝ ਨਹੀਂ ਕਰਨਾ ਸਗੋਂ ਜੀਵਨ ਵਿੱਚ ਕੁਝ ਬਦਲਾਅ ਵੀ ਕਰਨੇ ਹੋਣਗੇ। ਜਲਦੀ ਉੱਠੋ, ਮੰਜੇ ਤੋਂ ਛਾਲ ਮਾਰੋ, ਕੰਮ ’ਤੇ ਜਾਣ ਲਈ ਉਤਸ਼ਾਹਿਤ ਹੋਵੋ। ਰੋਜ਼ਾਨਾ ਦੀ ਕਾਰਜ ਯੋਜਨਾ ਚਾਹੀਦੀ ਹੈ। ਜੇਕਰ ਅਸੀਂ ਹਰ ਵਕਤ ਆਪਣੀ ਤੁਲਨਾ ਜੇਤੂਆਂ ਨਾਲ ਕਰਦੇ ਰਹਾਂਗੇ ਤਾਂ ਅੱਗੇ ਨਹੀਂ ਵਧ ਸਕਾਂਗੇ। ਖੁਦ ਚੈਂਪੀਅਨ ਬਣੋ। ਹਰ ਵਿਅਕਤੀ ਕੋਲ ਕਰਤਾਰੀ ਕਲਾ ਹੈ। ਮੰਜ਼ਿਲ ਹੁਨਰ ਦੀਆਂ ਪੌੜੀਆਂ ਰਾਹੀਂ ਹੀ ਮਿਲਦੀ ਹੈ।

ਭੁੱਲ ਜਾਓ ਕਿ ਤੁਸੀਂ ਕਿਸੇ ਨਾਲੋਂ ਘੱਟ ਹੋ। ਨੌਕਰੀਆਂ ਸ਼ੌਕ ਦੀ ਥਾਂ ਕਿੱਤਾ ਹੋਣ ਕਰਕੇ ਸਾਰੇ ਕੰਮਾਂ ਵਿੱਚ ਖੜੋਤ ਹੈ। ਕੰਮ ਨੂੰ ਕੇਵਲ ਨੌਕਰੀ ਨਹੀਂ ਬਲਕਿ ਇੱਕ ਜਨੂੰਨ ਸਮਝ ਕੇ ਕਰਨਾ ਹੈ ਜੋ ਸਾਨੂੰ ਸੰਪੂਰਨ ਜੀਵਨ ਵੱਲ ਲੈ ਜਾਂਦਾ ਹੈ। ਆਪਣੀ ਯੋਗਤਾ ਨੂੰ ਕਦੇ ਵੀ ਸੀਮਤ ਨਾ ਕਰੋ। ਜਦੋਂ ਲੋਕਾਂ ਵੱਲੋਂ ਤੁਹਾਡੇ ਕੰਮਾਂ ਨੂੰ ਸਲਾਹਿਆ ਜਾਂਦਾ ਹੈ ਤਾਂ ਤੁਹਾਡੀਆਂ ਜ਼ਿੰਮੇਵਾਰੀਆਂ ਵਧ ਜਾਂਦੀਆਂ ਹਨ। ਕੰਮਾਂ ਨਾਲ ਭਾਵਕੁਤਾ ਹੋਣਾ ਅਤੀ ਜ਼ਰੂਰੀ ਹੈ। ਅਸੀਂ ਕੇਵਲ ਧਨ ਨਹੀਂ ਸਗੋਂ ਚੰਗੇ ਬੰਦੇ ਵੀ ਕਮਾਉਣੇ ਹੁੰਦੇ ਹਨ। ਇਹ ਲੋਕ ਸਾਡੀ ਅਸਲ ਜੀਵਨ ਸੰਪਤੀ ਹੁੰਦੇ ਹਨ। ਸਾਡੇ ਦੁੱਖਾਂ-ਸੁੱਖਾਂ ਵਿੱਚ ਸਾਡੇ ਨਾਲ ਖੜ੍ਹਦੇ ਹਨ। ਸਾਡੇ ਜ਼ਿੰਦਗੀ ਜਿਊਣ ਦੇ ਜਨੂੰਨ ਨੂੰ ਬਰਕਰਾਰ ਰੱਖਦੇ ਹਨ। ਜਦੋਂ ਸਾਡਾ ਜਨੂੰਨ ਸਾਡੇ ਡਰਾਂ ਤੇ ਬਹਾਨਿਆਂ ਤੋਂ ਉੱਚਾ ਹੋ ਜਾਂਦਾ ਹੈ ਤਾਂ ਤਰੱਕੀ ਦੇ ਦੁਆਰ ਖੁੱਲ੍ਹ ਜਾਂਦੇ ਹਨ। ਮਾਪਿਆਂ, ਅਧਿਆਪਕਾਂ ਤੇ ਆਲੇ-ਦੁਆਲੇ ਦੀ ਸਿੱਖਿਆ ਸਹਾਇਕ ਸਾਧਨ ਹੈ, ਪਰ ਅੱਗੇ ਵਧਣ ਲਈ ਆਪਣੇ ਤੌਰ ਤਰੀਕੇ ਰੱਖੋ ਤੇ ਕਿਸੇ ਨੂੰ ਕਦੇ ਵੀ ਆਪਣਾ ਜਨੂੰਨ ਮੱਠਾ ਪਾਉਣ ਦੀ ਆਗਿਆ ਨਾ ਦੇਵੋ। ਅਸੀਂ ਵਿਖਾਵਾ ਕੁਝ ਵੀ ਕਰੀਏ, ਪਰ ਸਾਡੇ ਜਨਮ-ਜਾਤ ਲੱਛਣ ਗਾਹੇ-ਬਹਾਹੇ ਆਪਣਾ ਰੰਗ ਵਿਖਾਉਂਦੇ ਰਹਿੰਦੇ ਹਨ। ਇਹ ਲੱਛਣ ਸਾਡੇ ਜਨੂੰਨ ਵਿੱਚੋਂ ਨਿਕਲਦੇ ਹਨ। ਇਨ੍ਹਾਂ ਦੇ ਪ੍ਰਦਰਸ਼ਨ ਲਈ ਸਾਨੂੰ ਕੋਈ ਖਾਸ ਤਿਆਰੀ ਨਹੀਂ ਕਰਨੀ ਪੈਂਦੀ ਕਿਉਂਕਿ ਇਹ ਚੌਵੀ ਘੰਟੇ ਸਾਡੇ ਮਨ ’ਤੇ ਛਾਏ ਰਹਿੰਦੇ ਹਨ।

ਆਮ ਤੌਰ ’ਤੇ ਜਨੂੰਨੀ ਬੰਦਿਆਂ ਦਾ ਸਮਾਜ ਨਾਲ ਤਾਲਮੇਲ ਘੱਟ ਹੀ ਬੈਠਦਾ ਹੈ ਤੇ ਉਨ੍ਹਾਂ ਦੇ ਆਲੇ-ਦੁਆਲੇ ਨਾਲ ਸ਼ਿਕਵੇ ਹਮੇਸ਼ਾਂ ਰਹਿੰਦੇ ਹਨ, ਪਰ ਫਿਰ ਵੀ ਸਾਈਕਲ ਚਲਾਉਣ ਵਾਂਗ ਜਨੂੰਨ ਅਤੇ ਜ਼ਿੰਦਗੀ ਦਾ ਸਹੀ ਸੰਤੁਲਨ ਰੱਖਣ ਨਾਲ ਹੀ ਅੱਗੇ ਵਧਿਆ ਜਾ ਸਕਦਾ ਹੈ। ਜਦੋਂ ਜਾਗੇ ਉਦੋਂ ਸਵੇਰਾ। ਆਓ! ਜਿੱਤਾਂ ਦੇ ਮੋੜ੍ਹੀ ਗੱਡ ਬਣੀਏ।

Leave a Reply

Your email address will not be published. Required fields are marked *