ਮਨ ਦੀ ਭਾਸ਼ਾ: ਆਪੋ ਆਪਣੀ ਬੋਲੀ (-ਮੁਹੰਮਦ ਦਾਊਦ ਬਲੋਚ)


ਮੈਂ ਇਕ ਛੋਟਾ ਜਿਹਾ ਕਿਸਾਨ ਹਾਂ।
ਸ਼ਹਿਰ ਤੋਂ ਦੂਰ ਇਕ ਨਿੱਕੇ ਜਿਹੇ ਪਿੰਡ ਵਿਚ ਮੇਰਾ ਛੋਟਾ ਜਿਹਾ ਘਰ ਹੈ।
ਮੇਰੇ ਕੋਲ ਸਿਰਫ਼ ਦੋ ਵਿੱਘੇ ਜ਼ਮੀਨ ਹੈ। ਇਸ ਜ਼ਮੀਨ ਦਾ ਮਾਲਕ ਵੀ ਤੇ ਹਾਲੀ ਵੀ ਮੈਂ ਹੀ ਹਾਂ। ਜੇ ਤਾਂ ਮੌਸਮ ਮੇਰੇ ਹੱਕ ਵਿਚ ਭੁਗਤ ਜਾਏ ਤਾਂ ਥੋੜ੍ਹੀ ਬਹੁਤ ਫ਼ਸਲ ਘਰ ਆ ਜਾਂਦੀ ਹੈ, ਨਹੀਂ ਤਾਂ ਫਾਕੇ ਹੀ ਕੱਟਣੇ ਪੈਂਦੇ ਹਨ।
ਖੇਤੀ ਕਰਨ ਲਈ ਮੇਰੇ ਪਾਸ ਬਲਦਾਂ ਦੀ ਇਕ ਜੋੜੀ ਹੈ। ਸਵੇਰ ਤੋਂ ਸ਼ਾਮ ਤੱਕ ਮੈਂ ਖੇਤਾਂ ਵਿਚ ਜਾਨ ਮਾਰ ਕੇ ਕੰਮ ਕਰਦਾ ਹਾਂ। ਮੇਰੀ ਜ਼ਮੀਨ ਦੇ ਇਰਦ ਗਿਰਦ ਵੀ ਪਹਿਲਾਂ ਸਭ ਸਿੰਧੀ ਕਿਸਾਨ ਹੀ ਹੁੰਦੇ ਸਨ, ਪਰ ਜਦੋਂ ਤੋਂ ਸੇਠ ਨੈਣ ਮੱਲ ਸਿੰਧ ਛੱਡ ਕੇ ਹਿੰਦੋਸਤਾਨ ਚਲਾ ਗਿਆ ਹੈ, ਤਦ ਤੋਂ ਉਹਦੀ ਜ਼ਮੀਨ ਹਿੰਦੋਸਤਾਨ ਤੋਂ ਆਏ ਪੰਜਾਬੀ ਸ਼ਰਨਾਰਥੀਆਂ ਵਿਚ ਵੰਡ ਦਿੱਤੀ ਗਈ ਹੈ।
ਅਸੀਂ, ਸਾਰੇ ਕਿਸਾਨ ਇਕ ਦੂਸਰੇ ਨਾਲ ਭਰਾਵਾਂ ਵਾਂਗ ਵਿਹਾਰ ਕਰਦੇ ਹਾਂ। ਕਦੀ ਮੇਰੇ ਕੋਲ ਆ ਕੇ ਕੋਈ ਪੰਜਾਬੀ ਕਿਸਾਨ ਬਹਿ ਜਾਂਦਾ ਹੈ ਤੇ ਕਦੀ ਮੈਂ ਉਨ੍ਹਾਂ ਵੱਲ ਚਲਾ ਜਾਂਦਾ ਹਾਂ। ਭਾਵੇਂ ਸਾਡੀ ਬੋਲੀ ਸਾਂਝੀ ਨਹੀਂ, ਪਰ ਅਸੀਂ ਇਸ਼ਾਰਿਆਂ ਨਾਲ ਹੀ ਖੇਤੀਬਾੜੀ ਦੀਆਂ ਗੱਲਾਂ ਸਾਂਝੀਆਂ ਕਰ ਲੈਂਦੇ ਹਾਂ।
ਅਸੀਂ ਆਮ ਤੌਰ ’ਤੇ ਜ਼ਮੀਨਾਂ, ਪਸ਼ੂਆਂ, ਫ਼ਸਲਾਂ ਤੇ ਮੌਸਮ ਆਦਿ ਬਾਰੇ ਤੇ ਕਦੀ ਵੱਡੇ ਜ਼ਿੰਮੀਦਾਰਾਂ ਵੱਲੋਂ ਕੀਤੇ ਜਾਂਦੇ ਅਨਿਆਂ ਦੀਆਂ ਹੀ ਗੱਲਾਂ ਕਰਦੇ ਹਾਂ। ਬਸ, ਸਾਡੀ ਦੁਨੀਆ ਏਨੀ ਕੁ ਹੀ ਹੈ।
ਮੈਂ ਆਪਣੇ ਪੰਜਾਬੀ ਗੁਆਂਢੀਆਂ ਨੂੰ ਕਹਿਨਾਂ, “ਮੈਨੂੰ ਪੰਜਾਬੀ, ਉਰਦੂ ਸਿਖਾ ਦਿਉ।’’ ਜਵਾਬ ਵਿਚ ਉਹ ਕਹਿੰਦੇ ਹਨ, “ਤੂੰ ਸਾਨੂੰ ਆਪਣੀ ਸਿੰਧੀ ਜ਼ੁਬਾਨ ਸਿਖਾ ਦੇ।’’
ਇਕ ਵਾਰੀ ਇੰਜ ਹੀ ਇਕ ਮਹਿਫ਼ਲ ਵਿਚ ਖੈਰਾਲ ਦੀਨ ਪੰਜਾਬੀ ਨੇ ਮੇਰੇ ਨਾਲ ਮੇਰੇ ਬਲਦਾਂ ਦਾ ਸੌਦਾ ਕਰ ਲਿਆ। ਮੇਰੇ ਬਲਦ ਤਕੜੇ ਤੇ ਸੁਡੌਲ ਸਨ। ਇਸ ਲਈ ਖੈਰਾਲ ਦੀਨ ਨੇ ਮੇਰੇ ਬਲਦਾਂ ਬਦਲੇ ਮੈਨੂੰ ਆਪਣੇ ਦੋਵੇਂ ਬਲਦ ਅਤੇ ਨਾਲ ਇਕ ਖੋਤਾ ਦੇਣ ਦੀ ਪੇਸ਼ਕਸ਼ ਕੀਤੀ। ਮੈਨੂੰ ਸੌਦਾ ਚੰਗਾ ਲੱਗਿਆ ਤੇ ਮੈਂ ਹਾਂ ਕਰ ਦਿੱਤੀ। ਮੈਂ ਖ਼ੁਸ਼ ਸਾਂ ਕਿ ਭਾਰ ਢੋਣ ਲਈ ਮੈਨੂੰ ਇਕ ਖੋਤਾ ਵਾਧੂ ਮਿਲ ਗਿਆ ਸੀ। ਖੈਰਾਲ ਦੀਨ ਆਪਣੇ ਥਾਂ ਖ਼ੁਸ਼ ਸੀ ਕਿ ਉਸ ਨੂੰ ਤਕੜੇ ਸੁਡੌਲ ਬਲਦ ਮਿਲ ਗਏ ਸਨ।
ਸ਼ਾਮੀਂ ਮੈਂ ਉਹਦੇ ਬਲਦ ਅਤੇ ਖੋਤਾ ਆਪਣੇ ਘਰ ਲੈ ਆਇਆ। ਸਵੇਰ ਹੁੰਦਿਆਂ ਹੀ ਰੋਜ਼ ਵਾਂਗ ਮੈਂ ਨਵੇਂ ਬਲਦਾਂ ’ਤੇ ਜੂਲ਼ਾ ਰੱਖਿਆ ਤੇ ਖੇਤ ਵੱਲ ਚੱਲ ਪਿਆ।
ਜਦੋਂ ਖੇਤ ਵਿਚ ਮੈਂ ਬਲਦਾਂ ਨੂੰ ਆਪਣੀ ਸਿੰਧੀ ਜ਼ੁਬਾਨ ’ਚ ਕਿਹਾ, “ਖਬਰੀ ਜਾਟ ਅਥੇਈ (ਖੱਬੂ! ਅੱਗੇ ਚਲ ਰਸਤਾ ਹੈ) ਤਾਂ ਦੋਵਾਂ ਬਲਦਾਂ ਨੇ ਮੇਰੀ ਗੱਲ ਦਾ ਕੋਈ ਅਸਰ ਨਾ ਕੀਤਾ ਸਗੋਂ ਇਕ ਦੂਜੇ ਨਾਲ ਖਹਿਣ ਲੱਗ ਪਏ ਅਤੇ ਖੇਤ ’ਚੋਂ ਬਾਹਰ ਨਿਕਲਣ ਦੀ ਖਿੱਚੋਤਾਣ ਕਰਨ ਲੱਗੇ। ਮੈਂ ਬਹੁਤ ਵਾਰੀ ਕਿਹਾ, “ਖਬਰੀ ਸਾਜ਼ਤਰੇ” ਪਰ ਉਨ੍ਹਾਂ ਨੇ ਜੇ ਕਦੇ ਸਿੰਧੀ ਬੋਲੀ ਸੁਣੀ ਹੁੰਦੀ ਫੇਰ ਹੀ ਮੇਰੀ ਗੱਲ ਸਮਝਦੇ।
ਮੈਂ ਉਨ੍ਹਾਂ ਨੂੰ ਆਪਣੀ ਬੋਲੀ ਮੁਤਾਬਿਕ ਤੋਰ ਨਾ ਸਕਿਆ। ਮੈਂ ਦੁਚਿੱਤੀ ਵਿਚ ਪੈ ਗਿਆ। ਮੇਰਾ ਮਨ ਮੈਨੂੰ ਕਹੇ ਕਿ ਖੈਰਾਲ ਦੀਨ ਨੇ ਤੇਰੇ ਨਾਲ ਧੋਖਾ ਕੀਤਾ ਹੈ। ਮੈਨੂੰ ਖੋਤੇ ਦੇ ਲਾਲਚ ਵਿਚ ਨਿਕੰਮੇ ਬਲਦ ਦੇ ਦਿੱਤੇ ਹਨ। ਪਰ ਹੁਣ ਤਾਂ ਸੌਦਾ ਹੋ ਚੁੱਕਾ ਸੀ, ਕੀ ਕਰ ਸਕਦਾ ਸਾਂ।
ਮੈਂ ਫ਼ੈਸਲਾ ਕਰ ਲਿਆ ਕਿ ਇਸ ਧੋਖੇ ਦਾ ਖੈਰਾਲ ਦੀਨ ਤੋਂ ਬਦਲਾ ਜ਼ਰੂਰ ਲਵਾਂਗਾ।
ਬਲਦਾਂ ਨੂੰ ਪਰਾਣੀਆਂ ਮਾਰਦਿਆਂ ਮਾਰਦਿਆਂ ਮੇਰਾ ਦੂਸਰਾ ਦਿਨ ਵੀ ਲੰਘ ਗਿਆ, ਪਰ ਉਨ੍ਹਾਂ ਨੂੰ ਮੇਰੀ ਬੋਲੀ ਦੀ ਸਮਝ ਨਾ ਪਈ। ਮੈਂ ਹਾਰ ਗਿਆ। ਉੱਪਰੋਂ ਵੱਤਰ ਦੇ ਦਿਨ ਸਨ। ਖੇਤ ਨੂੰ ਛੇਤੀ ਵਾਹੁਣਾ ਜ਼ਰੂਰੀ ਸੀ।
ਮੈਂ ਸੋਚ ਲਿਆ ਕਿ ਭਾਵੇਂ ਪੰਚਾਇਤ ਇਕੱਠੀ ਕਰ ਕੇ ਹੀ ਖੈਰਾਲ ਦੀਨ ਨਾਲ ਕੀਤਾ ਹੋਇਆ ਸੌਦਾ ਕਿਉਂ ਨਾ ਤੋੜਨਾ ਪਵੇ ਮੈਂ ਹੁਣ ਪਿੱਛੇ ਨਹੀਂ ਹਟਾਂਗਾ। ਪਰ ਇਸ ਤੋਂ ਪਹਿਲਾਂ ਮੈਂ ਇਕ ਵਾਰ ਖੈਰਾਲ ਦੀਨ ਨਾਲ ਗੱਲ ਕਰਨ ਬਾਰੇ ਸੋਚਿਆ ਤੇ ਮੈਂ ਉਹਦੇ ਬਲਦ ਅਤੇ ਖੋਤਾ ਲੈ ਕੇ ਉਹਦੇ ਘਰ ਵੱਲ ਚੱਲ ਪਿਆ।
ਹਾਲੇ ਮੈਂ ਥੋੜ੍ਹੀ ਦੂਰ ਹੀ ਗਿਆ ਸਾਂ ਕਿ ਮੈਨੂੰ ਖੈਰਾਲ ਦੀਨ ਮੇਰੇ ਬਲਦਾਂ ਸਮੇਤ ਆਉਂਦਾ ਦਿਸ ਪਿਆ। ਮੈਂ ਸਮਝਿਆ ਕਿ ਉਹ ਆਪਣੇ ਖੇਤ ਨੂੰ ਜਾ ਰਿਹਾ ਹੋਵੇਗਾ। ਜਦ ਉਹ ਮੇਰੇ ਨੇੜੇ ਆਇਆ ਤਾਂ ਕਹਿਣ ਲੱਗਾ, “ਬਈ ਤੇਰੇ ਬਲਦ ਤਾਂ ਮੇਰੀ ਪੰਜਾਬੀ ਦੀ ਇਕ ਗੱਲ ਨਹੀਂ ਸਮਝਦੇ। ਮੈਂ ਤਾਂ ਮਾਰ ਮਾਰ ਕੇ ਥੱਕ ਗਿਆ ਹਾਂ। ਹੁਣ ਇੰਜ ਕਰੀਏ ਕਿ ਤੂੰ ਆਪਣੇ ਬਲਦ ਵਾਪਸ ਲੈ ਲੈ ਤੇ ਮੇਰੇ ਮੈਨੂੰ ਦੇ ਦੇ।’’
ਸਾਡੇ ਦੋਵਾਂ ਦੇ ਬਲਦ ਇੰਜ ਆਪਣੇ ਆਪਣੇ ਮਾਲਕ ਵੱਲ ਦੌੜੇ ਜਿਵੇਂ ਛੋਟਾ ਬੱਚਾ ਮਾਂ ਵੱਲ ਦੌੜਦਾ ਹੈ।
ਮੇਰੇ ਬਲਦਾਂ ਦੀਆਂ ਨਿਰਾਸ਼ ਅੱਖਾਂ ਸਭ ਕੁਝ ਬਿਆਨ ਕਰ ਰਹੀਆਂ ਸਨ।
ਖੈਰਾਲ ਦੀਨ ਦਾ ਮਾਲ ਵਾਪਸ ਕਰ ਕੇ ਤੇ ਆਪਣੇ ਬਲਦ ਲੈ ਕੇ ਮੈਂ ਜਲਦੀ ਜਲਦੀ ਆਪਣੇ ਘਰ ਵੱਲ ਤੁਰ ਪਿਆ। ਅਚਾਨਕ ਮੇਰੀ ਨਜ਼ਰ ਆਪਣੇ ਬਲਦਾਂ ਦੀਆਂ ਪਿੱਠਾਂ ’ਤੇ ਪਈ। ਖੈਰਾਲ ਦੀਨ ਨੇ ਮਾਰ ਮਾਰ ਕੇ ਉਨ੍ਹਾਂ ਦੀ ਚਮੜੀ ਦੀਆਂ ਟਾਕੀਆਂ ਕੱਢ ਸੁੱਟੀਆਂ ਸਨ। ਮੇਰੀਆਂ ਅੱਖਾਂ ’ਚੋਂ ਹੰਝੂਆਂ ਦੀ ਧਾਰ ਵਹਿ ਤੁਰੀ। ਮੈਂ ਸੋਚਿਆ ਜੇ ਆਪਣੀ ਬੋਲੀ ਛੱਡਣ ਨਾਲ ਜਾਨਵਰਾਂ ਦੀ ਇਹ ਦਸ਼ਾ ਹੁੰਦੀ ਹੈ ਤਾਂ ਆਪਣੀ ਬੋਲੀ ਛੱਡਣ ਨਾਲ ਬੰਦੇ ਦੀ ਨਾ ਜਾਣੇ ਕੀ ਦੁਰਦਸ਼ਾ ਹੁੰਦੀ ਹੋਵੇਗੀ!
– ਪੇਸ਼ਕਸ਼: ਨਿਰਮਲ ਸਿੰਘ ਕੰਧਾਲਵੀ