ਨਵੀਂ ਸ਼ੁਰੂਆਤ (-ਜਿੰਦਰ)

ਹਫ਼ਤੇ ਵਿੱਚ ਇੱਕ-ਦੋ ਵਾਰ ਰਵਿਦਾਸ ਚੌਕ ਵੱਲ ਜਾਂਦਿਆਂ-ਆਉਂਦਿਆਂ ਬਾਬਾ ਦਿਸ ਪੈਂਦਾ। ਮੈਨੂੰ ਦੇਖ ਕੇ ਦੂਰੋਂ ਹੀ ਫ਼ਤਹਿ ਬੁਲਾਉਂਦਾ। ਪੁੱਛਦਾ, ‘‘ਬਾਬੂ ਜੀ, ਕੀ ਹਾਲ ਨੇ? ਘਰ-ਪਰਿਵਾਰ ’ਚ ਸਾਰੇ ਠੀਕ-ਠਾਕ ਨੇ?’’ ਮੈਂ ਦੇਖ ਲੈਂਦਾ ਤਾਂ ਹੱਥ ਹਿਲਾਉਂਦਾ। ਉਹ ਹਮੇਸ਼ਾ ਚਿਹਰੇ ’ਤੇ ਮੁਸਕਰਾਹਟ ਲਿਆ ਕੇ ਮਿਲਦਾ।

ਮੇਰੀ ਉਸ ਨਾਲ ਪਹਿਲੀ ਮੁਲਾਕਾਤ ਮੇਰੇ ਘਰ ਦੇ ਬਾਹਰ ਹੋਈ ਸੀ। ਉਹ ਆਪਣੀ ਸਾਈਕਲ-ਬੱਘੀ ’ਤੇ ਬੈਠਾ ਸੀ। ਮੈਂ ਉਸ ਨੂੰ ਪੁੱਛਿਆ ਕਿ ਕਿਸ ਨੂੰ ਮਿਲਣਾ ਹੈ। ਉਸ ਦੱਸਿਆ, ‘‘ਫਲੈਕਸਾਂ ਵਾਲੇ ਬਾਬੂ ਜੀ ਨੂੰ।’’ ਮੇਰਾ ਬੇਟਾ ਸੈਫੀ ਕਿਤੇ ਬਾਹਰ ਗਿਆ ਹੋਇਆ ਸੀ। ਉਸ ਦਾ ਨੌਕਰ ਨੰਦੂ ਵੀ ਕਿਸੇ ਦਾ ਬੋਰਡ ਲਾਉਣ ਗਿਆ ਸੀ। ਮੈਂ ਪੁੱਛਿਆ, ‘‘ਕੋਈ ਬੋਰਡ ਬਣਾਉਣੈ?’’ ਉਸ ਕਿਹਾ, ‘‘ਆਹ ਬੱਘੀ ’ਤੇ ਚਾਦਰ ਲਵਾਉਣੀ ਸੀ। ਬਾਬੂ ਜੀ ਨੇ ਕਿਹਾ ਸੀ ਕਿ ਜਦੋਂ ਮਰਜ਼ੀ ਆ ਜਾਵੀਂ।’’ ਮੈਂ ਉਸ ਨੂੰ ਦੱਸਿਆ, ‘‘ਪਤਾ ਨ੍ਹੀਂ ਕਦੋਂ ਆਉਣ। ਠੰਢ ਵਧ ਰਹੀ ਆ। ਤੂੰ ਕੱਲ੍ਹ ਨੂੰ ਆ ਜਾਵੀਂ।’’ ਉਸ ਨੇ ਕਿਹਾ, ‘‘ਕੋਈ ਨਾ। ਮੈਂ ਉਡੀਕ ਲੈਨਾਂ। ਮੈਨੂੰ ਕੋਈ ਕਾਹਲ ਨ੍ਹੀਂ।’’ ਉਸ ਨੂੰ ਨੰਦੂ ਦੀ ਘੰਟਾ ਭਰ ਉਡੀਕ ਕਰਨੀ ਪਈ। ਮੈਂ ਚਾਹ ਦਾ ਪੁੱਛਿਆ ਤਾਂ ਉਸ ਨਾਂਹ ਵਿੱਚ ਸਿਰ ਹਿਲਾਇਆ। ਨੰਦੂ ਆਇਆ ਤਾਂ ਮੈਂ ਉਸ ਨੂੰ ਕਿਹਾ ਕਿ ਪਹਿਲਾਂ ਧਿਆਨ ਨਾਲ ਬਾਬੇ ਦੀ ਗੱਲ ਸੁਣ। ਉਸ ਦਾ ਕੰਮ ਕਰ। ਨੰਦੂ ਨੇ ਸਾਈਕਲ-ਬੱਘੀ ਦੇ ਤਿੰਨ ਪਾਸਿਆਂ ’ਤੇ ਪੁਰਾਣੀ ਫਲੈਕਸ ਲਾ ਦਿੱਤੀ। ਮੂਹਰਲੇ ਪਾਸੇ ਵੀ ਐਦਾਂ ਲਾਈ ਕਿ ਜਦੋਂ ਲੋੜ ਪਵੇ ਤਾਂ ਉਹ ਪਲੜਾ ਹੇਠਾਂ ਸੁੱਟ ਸਕਦਾ ਸੀ। ਇਸ ਨਾਲ ਮੀਂਹ-ਕਣੀ ਤੋਂ ਬਚਾਅ ਹੋ ਸਕਦਾ ਸੀ। ਉਸ ਨੇ ਪੂਰੀ ਰੀਝ ਨਾਲ ਬਾਬੇ ਦਾ ਕੰਮ ਕੀਤਾ। ਬਾਬਾ ਖ਼ੁਸ਼ ਹੋ ਗਿਆ। ਸੈਫੀ ਨੇ ਪੈਸੇ ਨਾ ਲਏ। ਉਸ ਨੇ ਸੱਜੇ ਹੱਥ ਨਾਲ ਸਾਈਕਲ-ਬੱਘੀ ਦਾ ਹੈਂਡਲ ਸੰਭਾਲਿਆ। ਖੱਬੇ ਹੱਥ ਨਾਲ ਗੇੜਾ ਦਿੰਦਾ ਹੋਇਆ ਚੱਲਾ ਗਿਆ।

ਮੈਂ ਕਦੇ ਉਸ ਦਾ ਨਾਂ ਨਹੀਂ ਪੁੱਛਿਆ। ਦੂਜਿਆਂ ਦੀ ਰੀਸੇ ਬਾਬਾ ਕਹਿ ਕੇ ਬੁਲਾਉਣ ਲੱਗਾ।

ਉਸ ਦਾ ਰੈਣ-ਬਸੇਰਾ ਨਗਰ ਨਿਗਮ ਵੱਲੋਂ ਬਣਾਇਆ ਸੁਲਭ ਸੋਚਾਲਿਆ ਕੰਪਲੈਕਸ ਸੀ ਜਿੱਥੇ ਉਸ ਦਾ ਵਿਚਕਾਰਲਾ ਮੁੰਡਾ ਬੈਠਦਾ। ਉਸ ਨੂੰ ਨਗਰ ਨਿਗਮ ਦੇ ਦਫ਼ਤਰ ਵੱਲੋਂ ਦੋ ਹਜ਼ਾਰ ਮਹੀਨੇ ਦੇ ਮਿਲਦੇ। ਰਹਿਣ ਲਈ 10×8 ਫੁੱਟ ਦਾ ਖੱਬੇ ਪਾਸੇ ਪੈਂਦਾ ਕਮਰਾ ਜਿਹੜਾ ਉਨ੍ਹਾਂ ਪਿਉ-ਪੁੱਤਰਾਂ ਲਈ ਬੈੱਡ-ਰੂਮ, ਰਸੋਈ ਤੇ ਸਟੋਰ ਦਾ ਕੰਮ ਦਿੰਦਾ। ਉਂਝ ਇਸ ਕਮਰੇ ਦੇ ਬਾਹਰ ਅੰਗਰੇਜ਼ੀ ਵਿੱਚ ‘ਸਟਾਫ-ਰੂਮ’ ਲਿਖਿਆ ਹੋਇਆ ਸੀ। ਸੜਕ ਤੋਂ ਚਾਰ ਕੁ ਫੁੱਟ ਉੱਚਾ ਇਹ ਕੰਪਲੈਕਸ ਆਮ ਲੋਕਾਂ ਦੀ ਵਰਤੋਂ ਲਈ ਸੀ। ਜਿੱਥੇ ਲੋਕ ਘੱਟ-ਵੱਧ ਹੀ ਆਉਂਦੇ। ਬਹੁਤੇ ਪਿਸ਼ਾਬ ਕਰਨ ਲਈ ਆਉਂਦੇ ਜਾਂ ਮੁਫ਼ਤਖੋਰ। ਗਰਮੀ ਜ਼ਿਆਦਾ ਹੁੰਦੀ ਤਾਂ ਉਹ ਸੌਣ ਲੱਗੇ ਅੱਧਾ ਸ਼ਟਰ ਸੁੱਟ ਲੈਂਦੇ। ਸਿਆਲਾਂ ਨੂੰ ਪੂਰਾ ਬੰਦ ਕਰਨਾ ਪੈਂਦਾ। ਸਾਈਕਲ-ਬੱਘੀ ਨੂੰ ਪੌੜੀਆਂ ਦੀ ਰੇਲਿੰਗ ਨਾਲ ਸੰਗਲ ਲਾ ਕੇ ਜਿੰਦਰਾ ਲਾ ਦਿੰਦੇ। ਉਨ੍ਹਾਂ ਨੇ ਕਮਰੇ ਨੂੰ ਸੁੱਘੜ ਸੁਆਣੀ ਵਾਂਗੂੰ ਸੰਵਾਰ ਰੱਖਿਆ ਸੀ। ਕੰਧ ’ਤੇ ਠੋਕੀਆਂ ਕਿੱਲੀਆਂ ’ਤੇ ਲਿਫ਼ਾਫ਼ਿਆਂ, ਥੈਲਿਆਂ ਵਿੱਚ ਸਾਮਾਨ ਪਾ ਕੇ ਸੰਭਾਲਿਆ ਹੋਇਆ ਸੀ। ਇੱਕ ਫੋਲਡਿੰਗ ਮੰਜਾ ਸੀ ਜਿਸ ਹੇਠਾਂ ਵੀ ਕਾਫ਼ੀ ਸਾਮਾਨ ਪਿਆ ਰਹਿੰਦਾ। ਬਹੁਤੇ ਲੋਕਾਂ ਨੂੰ ਇਹ ਸਭ ਕੁਝ ਅਜੀਬ-ਅਜੀਬ ਲੱਗਦਾ ਕਿਉਂ ਜੁ ਪੰਜ ਫੁੱਟ ਦੂਰ ਤਿੰਨ ਪਖਾਨੇ ਤੇ ਇੱਕ ਬਾਥਰੂਮ ਸੀ। ਚਾਰ ਪਿਸ਼ਾਬ ਕਰਨ ਵਾਲੇ ਪੌਟ ਲੱਗੇ ਹੋਏ ਸਨ। ਪਰ ਮੈਨੂੰ ਕਦੇ ਨਹੀਂ ਲੱਗਾ। ਮੈਂ ਇੰਗਲੈਂਡ ਵਿੱਚ ਕਈ ਘਰਾਂ ਵਿੱਚ ਦੇਖਿਆ ਸੀ ਕਿ ਰਸੋਈ ਵਿਚਦੀ ਲੰਘ ਕੇ ਵਾਸ਼-ਰੂਮ ਜਾਣਾ ਪੈਂਦਾ ਸੀ।

ਉਹ ਸਵੇਰ ਨੂੰ ਹੀਟਰ ’ਤੇ ਚਾਹ ਬਣਾਉਂਦਾ। ਰਾਤ ਦਾ ਬਚਿਆ-ਖੁਚਿਆ ਹੋਇਆ ਖਾ ਕੇ ਆਪਣੀ ਸਾਈਕਲ-ਬੱਘੀ ਨੂੰ ਗੀਤਾ ਮੰਦਰ, ਵੈਸ਼ਨੋ ਦੇਵੀ ਮੰਦਰ, ਝੰਡੇ ਵਾਲੇ ਪੀਰ ਦੀ ਮਜ਼ਾਰ, ਗੁਰੂ ਤੇਗ ਬਹਾਦਰ ਨਗਰ ਦੇ ਗੁਰਦੁਆਰੇ ਜਾਂ ਮਾਡਲ ਟਾਊਨ ਦੀ ਮਾਰਕੀਟ ਵਿੱਚ ਲਿਆ ਖਲ੍ਹਾਰਦਾ। ਬਹੁਤੀ ਵਾਰ ਉਸ ਨੂੰ ਮੰਗਣ ਦੀ ਲੋੜ ਹੀ ਨਾ ਪੈਂਦੀ। ਉਸ ਦੀ ਸਰੀਰਕ ਦਸ਼ਾ ਦੇਖ ਕੇ ਕੋਈ ਨਾ ਕੋਈ ਦੋ, ਪੰਜ ਜਾਂ ਦਸ ਦਾ ਨੋਟ ਸੁੱਟ ਜਾਂਦਾ। ਕਿਸੇ ਦਿਨ-ਤਿਉਹਾਰ ’ਤੇ ਕੋਈ ਦਾਨੀ-ਪੁਰਸ਼ ਕੰਬਲ ਜਾਂ ਕੱਪੜੇ ਦੇ ਦਿੰਦਾ। ਇੱਕ ਦਿਨ ਦੇ ਦੋ-ਚਾਰ ਸੌ ਬਣ ਜਾਂਦੇ। ਕਦੇ ਸੌ ਵੀ ਨਾ ਬਣਦਾ। ਕਈ ਔਰਤਾਂ ਪੈਰੀਂ ਹੱਥ ਲਾ ਜਾਂਦੀਆਂ।

ਉਨ੍ਹੀਂ ਦਿਨੀਂ ਸਾਡੇ ਘਰ ਦਾ ਸੀਵਰੇਜ ਬਲੌਕ ਹੋ ਗਿਆ ਸੀ। ਜਿਹੜਾ ਮੁੰਡਾ ਪਹਿਲਾਂ ਆਉਂਦਾ ਹੁੰਦਾ ਸੀ। ਉਹ ਉਸ ਦਿਨ ਆਪਣੇ ਕਿਸੇ ਰਿਸ਼ਤੇਦਾਰ ਦੇ ਗਿਆ ਹੋਇਆ ਸੀ। ਸੈਫੀ ਨੇ ਇੱਕ ਹੋਰ ਮੁੰਡੇ ਨੂੰ ਬੁਲਾਇਆ। ਪਰ ਉਸ ਕੋਲੋਂ ਬਲੌਕੇਜ਼ ਨਾ ਖੁੱਲ੍ਹੀ। ਮੈਂ ਖਿੱਝ ਕੇ ਉਸ ਨੂੰ ਕਿਹਾ, ‘‘ਕਾਕਾ, ਤੂੰ ਜਾ। ਤੈਥੋਂ ਨ੍ਹੀਂ ਇਹ ਖੁੱਲ੍ਹਣਾ।’’ ਉਸ ਦੱਸਿਆ, ‘‘ਮੈਂ ਆਪਣੇ ਪਾਪੇ ਨੂੰ ਫੋਨ ਮਾਰਿਐ। ਹੁਣੇ ਆਇਆ ਲਉ।’’ ਦਸਾਂ ਕੁ ਮਿੰਟਾਂ ਵਿੱਚ ਹੀ ਬਾਬਾ ਆ ਗਿਆ। ਉਸ ਨੂੰ ਆਇਆਂ ਦੇਖ ਕੇ ਮੈਂ ਪੁੱਛਿਆ, ‘‘ਬਾਬਾ, ਅੱਜ ਕਿੱਦਾਂ ਦਰਸ਼ਨ ਦਿੱਤੇ?’’ ਉਸ ਦੱਸਿਆ, ‘‘ਮੁੰਡੇ ਦਾ ਫੋਨ ਆਇਆ ਸੀ ਕਿ ਬਾਬੂ ਜੀ ਦਾ ਸੀਵਰੇਜ ਖਰਾਬ ਹੋਇਆ। ਮੈਂ ਸਨਤੋੜ ਇੱਧਰ ਆ ਗਿਆਂ।’’ ਉਹ ਸਾਈਕਲ-ਬੱਘੀ ਤੋਂ ਛੜੱਪਾ ਮਾਰ ਕੇ ਹੇਠਾਂ ਉਤਰਿਆ। ਬਾਂਸ ਦੀ ਬਣਾਈ ਸੋਟੀ ਨੂੰ ਪਾਈਪ ਵਿੱਚ ਘੁੰਮਾਇਆ, ਪਰ ਪਾਣੀ ਨਾ ਤੁਰਿਆ। ਉਸ ਨੇ ਆਪਣੇ ਮੁੰਡੇ ਨੂੰ ਕਿਹਾ ਕਿ ਉਹ ਸੜਕ ਵਿਚਲੇ ਮੈਨਹੋਲ ਦਾ ਢੱਕਣ ਚੁੱਕੇ। ਮੁੰਡੇ ਨੇ ਸੱਬਲ ਨਾਲ ਢੱਕਣ ਚੁੱਕ ਦਿੱਤਾ। ਉਸ ਨੇ ਲੋਹੇ ਦੀ ਤਾਰ ਆਰ-ਪਾਰ ਕਰਨੀ ਸ਼ੁਰੂ ਕੀਤੀ। ਮੈਂ ਡਰ ਗਿਆ ਕਿ ਕਿਤੇ ਉਹ ਮੈਨ ਹੋਲ ਵਿੱਚ ਨਾ ਡਿੱਗ ਪਏ। ਜੇ ਡਿੱਗ ਪਿਆ ਤਾਂ ਉਸ ਨੂੰ ਬਾਹਰ ਕੱਢਣਾ ਔਖਾ ਹੋ ਜਾਵੇਗਾ। ਉਸ ਨੇ ਮੇਰੀ ਬੇਚੈਨੀ ਨੂੰ ਜਾਣ ਲਿਆ ਸੀ। ਬੋਲਿਆ, ‘‘ਤੁਸੀਂ ਦੂਰ ਜਾ ਕੇ ਖੜ੍ਹ ਜਾਓ।’’

ਉਸ ਨੇ ਤਾਰ ਘੁਮਾ ਕੇ ਮੁੰਡੇ ਨੂੰ ਕਿਹਾ, ‘‘ਇੱਥੇ ਠੀਕ ਆ। ਤੂੰ ਢੱਕਣ ਰੱਖ ਦੇ। ਅੰਦਰ ਹੀ ਗੜਬੜ ਲੱਗਦੀ ਏ।’’ ਉਹ ਕੰਧ ਕੋਲ ਦੀ ਹੌਦੀ ਕੋਲ ਆ ਗਿਆ। ਕੁਝ ਪਲ ਸੋਚਣ ਮਗਰੋਂ ਬੋਲਿਆ, ‘‘ਬਾਬੂ ਜੀ, ਇਸ ਹੌਦੀ ਦਾ ਢੱਕਣ ਪੁੱਟਣਾ ਪੈਣਾ।’’ ਮੈਂ ਹਾਂ ਵਿੱਚ ਸਿਰ ਹਿਲਾਇਆ। ਉਸ ਨੇ ਛੈਣੀ ਤੇ ਹਥੌੜਾ ਲਿਆ। ਢੱਕਣ ਦੇ ਆਲੇ-ਦੁਆਲੇਉਂ ਸੀਮਿੰਟ ਦੀ ਪਰਤ ਨੂੰ ਤੋੜਿਆ। ਲੋਹੇ ਦੀ ਤਾਰ ਅੰਦਰਲੀ ਹੌਦੀ ਵਿੱਚ ਘੁਮਾਈ। ਵਾਲ ਤੇ ਬਾਂਸ ਦੀ ਬੁਹਾਰੀ ਦੇ ਡੱਕੇ ਨਿਕਲੇ। ਹੌਦੀ ਸਾਫ਼ ਹੋ ਗਈ। ਘੜਪ-ਘੜਪ ਕਰਦਾ ਪਾਣੀ ਵਗ ਤੁਰਿਆ। ਉਸ ਨੇ ਨੰਦੂ ਕੋਲੋਂ ਸੀਮਿੰਟ ਮੰਗਵਾ ਕੇ ਹੌਦੀ ਦੇ ਚਾਰ ਚੁਫ਼ੇਰੇ ਖਾਲੀ ਹੋਈ ਥਾਂ ਨੂੰ ਭਰਿਆ। ਉਸ ਨੇ ਪੂਰੀ ਰੂਹ ਲਾ ਕੇ ਕੰਮ ਨਿਬੇੜਿਆ ਸੀ। ਪਹਿਲਾਂ ਆਉਂਦਾ ਮੁੰਡਾ ਚੜੜ-ਘੜੜ ਕਰ ਕੇ ਤੁਰਦਾ ਬਣਦਾ ਸੀ। ਮੈਂ ਪੰਜ ਸੌ ਦਾ ਨੋਟ ਉਸ ਵੱਲ ਨੂੰ ਕਰ ਕੇ ਕਿਹਾ, ‘‘ਬਾਬਾ, ਜਿੰਨੇ ਮਰਜ਼ੀ ਰੱਖ ਲੈ।’’ ਅੱਗੋਂ ਉਸ ਹੱਥ ਜੋੜ ਦਿੱਤੇ, ‘‘ਤੁਸੀਂ ਮੇਰਾ ਐਨਾ ਲਿਹਾਜ ਕਰਦੇ ਓਂ- ਮੈਂ ਤੁਹਾਡੇ ਕੋਲੋਂ ਪੈਸੇ ਲੈਂਦਾ ਚੰਗਾ ਲੱਗਦਾਂ।’’ ਮੈਂ ਬਹੁਤ ਜ਼ੋਰ ਲਾਇਆ, ਪਰ ਉਸ ਨੇ ਨੋਟ ਨਾ ਫੜਿਆ।

‘‘ਮੈਨੂੰ ਤਾਂ ਅੱਜ ਪਤਾ ਲੱਗਾ- ਤੂੰ ਆਹ ਕੰਮ ਵੀ ਕਰ ਲੈਂਦਾ ਏਂ।’’ ਮੈਂ ਉਸ ਨੂੰ ਚਾਹ ਦਾ ਗਲਾਸ ਫੜਾਇਆ। ਆਪਣਾ ਕੱਪ ਲੈ ਕੇ ਉਸ ਕੋਲ ਆ ਖੜਿਆ।

‘‘ਜਦੋਂ ਮੁੰਡੇ ਦੇ ਗੇੜ ’ਚ ਨਾ ਆਵੇ, ਉਦੋਂ ਹੀ ਮਦਦ ਲਈ ਆਉਣਾ ਪੈਂਦਾ। ਅਜੇ ਨਿਆਣਾ ਹੈ ਨਾ।’’

‘‘ਤੇਰਾ ਕੋਈ ਬੱਚਾ ਪੜ੍ਹਦਾ ਆ?’’ ਮੈਂ ਪੁੱਛਿਆ।

‘‘ਮੁੰਡੇ ਤਾਂ ਅੱਠਵੀਂ-ਦਸਵੀਂ ’ਚੋਂ ਹੀ ਹਟ ਗਏ। ਸਾਰਿਆਂ ਨਾਲੋਂ ਛੋਟੀ ਗੁੱਡੀ ਸੇਂਟ ਜੋਸਫ ਸਕੂਲ ’ਚ ਪੜ੍ਹਦੀ ਏ ਜੀ।’’ ਉਸ ਨੇ ਬੜੇ ਮਾਣ ਨਾਲ ਦੱਸਿਆ।

ਸੇਂਟ ਜੋਸਫ ਸਕੂਲ ਬਾਰੇ ਸੁਣ ਕੇ ਮੈਂ ਹੈਰਾਨ ਹੋ ਗਿਆ। ਇਹ ਸਕੂਲ ਆਮ ਸਕੂਲਾਂ ਨਾਲੋਂ ਕਾਫ਼ੀ ਮਹਿੰਗਾ ਹੈ। ਦਾਖ਼ਲੇ ਦਾ ਮਿਆਰ ਬਹੁਤ ਉੱਚਾ ਹੈ। ਅਨੇਕਾਂ ਵਾਰ ਦਾਖ਼ਲੇ ਲਈ ਮੰਤਰੀਆਂ ਤੱਕ ਦੀਆਂ ਸਿਫ਼ਾਰਿਸ਼ਾਂ ਚੱਲਦੀਆਂ ਹਨ।

‘‘ਮੁੰਡੇ ਕੀ ਕਰਦੇ ਨੇ?’’ ਮੈਂ ਆਪਣੀ ਹੈਰਾਨੀ ਜ਼ਾਹਿਰ ਨਹੀਂ ਹੋਣ ਦਿੱਤੀ ਸੀ।

‘‘ਵੱਡਾ ਮੋਟਰਸਾਈਕਲਾਂ ਦਾ ਕੰਮ ਸਿੱਖਦਾ। ਛੋਟੇ ਨੇ ਸੁਲਭ ਸ਼ੌਚਾਲਿਆ ਸੰਭਾਲਿਆ। ਤੀਜਾ ਅਜੇ ਵਿਹਲਿਆਂ ਵਰਗਾ। ਉਸ ਨੂੰ ਮੋਟਰਸਾਈਕਲਾਂ ਦਾ ਕੰਮ ਸਿੱਖਣ ਲਾਇਆ ਸੀ ਸਰਦਾਰ ਕੋਲ। ਸਰਦਾਰ ਨੇ ਮੁੰਡੇ ਨੂੰ ਕੰਮ ਤਾਂ ਕੀ ਸਿਖਾਉਣਾ ਸੀ, ਲੱਤਾਂ ਘੁੱਟਣ ਲਾਈ ਛੱਡਿਆ। ਆਪ ਘੁਰਾੜੇ ਮਾਰਨ ਲੱਗ ਜਾਂਦਾ- ਮੁੰਡਾ ਲੱਤਾਂ ਘੁੱਟਦਾ ਰਹਿੰਦਾ… ਕੁਦਰਤ ਦੀ ਮਿਹਰ ਆ। ਢਿੱਡ ਭਰ ਕੇ ਰੋਟੀ ਖਾਣ ਨੂੰ ਮਿਲੀ ਜਾਂਦੀ।’’

‘‘ਮੈਂ ਤਾਂ ਸੋਚਿਆ ਸੀ ਕਿ ਤੇਰੇ ਕਿਸੇ ਮੁੰਡੇ ਦੀ ਪੜ੍ਹਾਈ ਦਾ ਖਰਚਾ ਚੁੱਕ ਲੈਂਦਾ।’’

‘‘ਕੋਈ ਨਾ ਬਾਬੂ ਜੀ, ਰਾਜ਼ੀ-ਬਾਜ਼ੀ ਰਹੋ। ਜਦੋਂ ਲੋੜ ਪਈ ਤਾਂ ਤੁਹਾਨੂੰ ਹੀ ਯਾਦ ਕਰਨਾ,’’ ਕਹਿ ਕੇ ਉਸ ਨੇ ਆਪਣੀ ਸਾਈਕਲ-ਬੱਘੀ ਰੋੜ੍ਹ ਲਈ ਸੀ।

ਮੈਂ ਆਪਣੀ ਪੈਨਸ਼ਨ ਵਿੱਚੋਂ ਉਸ ਨੂੰ ਪੰਜ ਸੌ ਰੁਪਈਏ ਦੇਣੇ ਸ਼ੁਰੂ ਕਰ ਦਿੱਤੇ। ਨੋਟ ਫੜਣ ਵੇਲੇ ਉਹ ਢੇਰ ਸਾਰੀਆਂ ਅਸੀਸਾਂ ਦਿੰਦਾ। ਮੈਂ ਉਸ ਨੂੰ ਟੋਕਦਾ, ‘‘ਮੈਂ ਤਾਂ ਰੱਬ-ਰੁੱਬ ’ਚ ਵਿਸ਼ਵਾਸ ਹੀ ਨ੍ਹੀਂ ਕਰਦਾ।’’ ਉਸ ਦਾ ਜੁਆਬ ਹੁੰਦਾ, ‘‘ਚੱਲੋ ਬਾਬੂ ਜੀ, ਨੀਲੀ ਛੱਤਰੀ ਵਾਲਾ ਸਭ ਕੁਸ਼ ਦੇਖਦਾ। ਉਹ ਆਪੇ ਭਲੀ ਕਰੇਗਾ।’’

* * *

‘‘ਬਾਬੂ ਜੀ, ਗੁੱਡ ਈਵਨਿੰਗ,’’ ਮੈਂ ਆਪਣੇ ਧਿਆਨੀਂ ਸ਼ਾਮ ਦੀ ਸੈਰ ਕਰ ਕੇ ਵਾਪਸ ਆ ਰਿਹਾ ਸੀ ਜਦੋਂ ਉਸ ਨੇ ਮੇਰੇ ਬਰਾਬਰ ਆ ਕੇ ਕਿਹਾ। ਮੈਂ ਉਸ ਵੱਲ ਦੇਖਿਆ। ਪਹਿਲਾਂ ਵਾਂਗੂੰ ਉਸ ਦੇ ਚਿਹਰੇ ’ਤੇ ਮੁਸਕਰਾਹਟ ਫੈਲੀ ਹੋਈ ਸੀ, ਪਰ ਅੱਜ ਵਾਲੀ ਮੁਸਕਰਾਹਟ ਥੋੜ੍ਹੀ ਕੁ ਗਹਿਰੀ ਸੀ। ਕਿਸੇ ਕਾਮਯਾਬ ਬੰਦੇ ਦੀ ਮੁਸਕਰਾਹਟ ਵਰਗੀ। ਉਹ ਮੋਟਰਸਾਈਕਲ-ਰੇਹੜੀ ਦੀ ਸੀਟ ’ਤੇ ਬੈਠਾ ਸੀ। ਮੈਂ ਅਗਾਂਹ ਨੂੰ ਚਲਿਆ ਗਿਆ। ਮੈਨੂੰ ਉਸ ਦਾ ਇਹ ਰੂਪ ਚੰਗਾ ਲੱਗਾ। ਅਗਲੇ ਦਿਨਾਂ ਵਿੱਚ ਮੈਂ ਉਸ ਨੂੰ ਮਿੱਟੀ, ਰੋੜੇ, ਇੱਟਾਂ ਤੇ ਹੋਰ ਸਾਮਾਨ ਨੂੰ ਇੱਧਰ-ਉੱਧਰ ਲਿਜਾਂਦਿਆਂ ਦੇਖਿਆ। ਪਰ ਉਸ ਨੇ ਆਪਣਾ ਬਾਣਾ ਨਹੀਂ ਬਦਲਿਆ ਸੀ। ਉਹੀ ਗੇਰੂਏ ਰੰਗ ਦੀ ਫਤੂਹੀ, ਕਾਲੇ ਰੰਗ ਦਾ ਕੱਛਾ। ਪਜਾਮਾ ਪਾਉਣ ਜਾਂ ਸਾਫਾ ਬੰਨ੍ਹਣ ਦੀ ਉਸ ਨੂੰ ਕਦੇ ਲੋੜ ਹੀ ਨਹੀਂ ਪਈ। ਉਸ ਦਾ ਸਾਰਿਆਂ ਨਾਲੋਂ ਛੋਟਾ ਮੁੰਡਾ ਸਾਮਾਨ ਲੱਦਦਾ। ਉਹ ਉਪਰ ਬੈਠਾ ਸਾਮਾਨ ਨੂੰ ਸੈੱਟ ਕਰਦਾ। ਕਹੀ ਨਾਲ ਮਿੱਟੀ ਨੂੰ ਅਗਾਂਹ ਨੂੰ ਖਿੱਚਦਾ। ਬੈਠਾ-ਬੈਠਾ ਆਪਣੇ ਹਿੱਸੇ ਦਾ ਕੰਮ ਕਰੀ ਜਾਂਦਾ।

ਇੱਕ ਦਿਨ ਮੈਂ ਉਸ ਨੂੰ ਛੇੜਿਆ, ‘‘ਉਲਟੇ ਬਾਂਸ ਬਰੇਲੀ ਨੂੰ। ਬਾਬਾ ਮੋਟਰਸਾਈਕਲ ਦਾ ਸ਼ੌਕ ਕਿੱਥੋਂ ਜਾਗ ਪਿਆ? ਬਾਬਾਗਿਰੀ ਵਧੀਆ ਸੀ। ਸਾਡੇ ਮੁਲਕ ’ਚ ਇਸ ਤੋਂ ਵਧੀਆ ਤੇ ਸਸਤਾ ਕੋਈ ਦੂਜਾ ਕੰਮ ਨ੍ਹੀਂ।’’

‘‘ਦਾਤੇ ਦੀ ਮਿਹਰ ਆ ਜੀ।’’

‘‘ਇਹ ਹੋਇਆ ਕਿੱਦਾਂ?’’

‘‘ਮੇਰੀ ਬੇਟੀ ਦੇ ਸਕੂਲੋਂ ਸੁਨੇਹਾ ਮਿਲਿਆ। ਮੈਂ ਗਿਆ। ਵਾਪਸ ਗੇਟ ਵੱਲ ਆ ਰਿਹਾ ਸੀ ਕਿ ਬਾਹਰੋਂ ਆਉਂਦੀ ਕਾਰ ’ਚੋਂ ਕਿਸੇ ਨੇ ਆਵਾਜ਼ ਮਾਰੀ: ‘ਇੱਕ ਮਿੰਟ ਰੁਕੀਂ।’ ਮੈਂ ਰੁਕ ਗਿਆ। ਡਰਾਈਵਰ ਬੋਲਿਆ, ‘ਵਾਪਸ ਮੁੜ। ਸਰ ਜੀ ਦੇ ਕਮਰੇ ਵੱਲ।’ ਸੱਚੀ ਗੱਲ ਤਾਂ ਇਹ ਆ ਕਿ ਮੈਂ ਡਰ ਗਿਆ। ਇਨ੍ਹਾਂ ਵੱਡੇ ਲੋਕਾਂ ਦਾ ਕੀ ਪਤਾ ਕਿ ਕਦੋਂ ਲਾਹ-ਪਾਹ ਕਰ ਦੇਣ। ਮੈਂ ਜ਼ਿੰਦਗੀ ’ਚ ਬਥੇਰੀ ਵਾਰ ਬੇਇੱਜ਼ਤੀ ਕਰਵਾ ਚੁੱਕਾਂ। ਜਾਣਾ ਤਾਂ ਪੈਣਾ ਹੀ ਸੀ। ਗੇਟ ’ਤੇ ਖੜ੍ਹੇ ਸਕਿਉਰਟੀ ਗਾਰਡ ਨੇ ਵੀ ਦੇਖ ਲਿਆ ਸੀ। ਉਹ ਮੇਰੇ ਵੱਲ ਦੌੜਿਆ ਆਇਆ। ਬਾਬੂ ਦੇ ਕਮਰੇ ਕੋਲ ਲੈ ਗਿਆ। ਬਾਬੂ ਨੇ ਮੈਨੂੰ ਅੰਦਰ ਬੁਲਾ ਲਿਆ। ਮੈਂ ਡਰਦਾ-ਡਰਦਾ ਗਿਆ ਕਿ ਉਹ ਅਵੱਸ਼ ਹੀ ਮੇਰੀ ਕੁੱਤੇਖਾਣੀ ਕਰੇਗਾ ਕਿ ਮੈਨੂੰ ਕਿਸ … ਨੇ ਅੰਦਰ ਆਉਣ ਦਿੱਤਾ। ਉਨ੍ਹਾਂ ਨੇ ਮੈਨੂੰ ਕੁਰਸੀ ’ਤੇ ਬੈਠਣ ਦਾ ਇਸ਼ਾਰਾ ਕੀਤਾ। ਮੈਂ ਦੱਸਿਆ ਕਿ ਮੈਥੋਂ ਕੁਰਸੀ ’ਤੇ ਨ੍ਹੀਂ ਬੈਠਿਆ ਜਾਣਾ। ਉਨ੍ਹਾਂ ਨੇ ਘੰਟੀ ਵਜਾਈ। ਪੀਅਨ ਆਣ ਹਾਜ਼ਰ ਹੋਇਆ। ਮੈਨੂੰ ਇੱਕ ਪਾਸਿਉਂ ਉਨ੍ਹਾਂ ਨੇ ਚੁੱਕਿਆ। ਦੂਜੇ ਪਾਸੇ ਪੀਅਨ ਨੇ। ਕੁਰਸੀ ’ਤੇ ਬਿਠਾ ਦਿੱਤਾ। ਉਨ੍ਹਾਂ ਨੇ ਮੇਰਾ ਹਾਲ-ਚਾਲ ਪੁੱਛਿਆ। ਕੰਮਕਾਰ ਬਾਰੇ ਪੁੱਛਿਆ। ਮੈਂ ਕੋਈ ਲੁਕ-ਲੁਕੋਅ ਨਾ ਰੱਖਿਆ। ਸਿੱਧਾ ਹੀ ਦੱਸ ਦਿੱਤਾ ਕਿ ਮੈਂ ਤਾਂ ਮੰਗ-ਮੁੰਗ ਕੇ ਆਪਣਾ ਪਰਿਵਾਰ ਪਾਲਦਾਂ। ਮੇਰੀ ਮਾਂ ਨੂੰ ਅਧਰੰਗ ਹੋਇਆ। ਘਰ ਵਾਲੀ ਮਾਂ ਕੋਲ ਪਿੰਡ ’ਚ ਰਹਿੰਦੀ। ਉਸ ਦੀ ਸਾਂਭ-ਸੰਭਾਲ ਕਰਦੀ ਐ। ਮੈਂ ਤੇ ਮੇਰੇ ਚਾਰੇ ਬੱਚੇ ਇੱਥੇ ਰਹਿੰਦੇ ਹਾਂ। ਉਨ੍ਹਾਂ ਨੇ ਮੇਰੇ ਲਈ ਲਿਮਕਾ ਮੰਗਵਾਇਆ। ਪੀਅਨ ਛੋਟੇ ਜਿਹੇ ਗਲਾਸ ’ਚ ਲਿਆਇਆ। ਉਨ੍ਹਾਂ ਨੇ ਝਿੜਕਿਆ, ‘ਤੈਨੂੰ ਕਿੰਨੀ ਵਾਰੀ ਸਮਝਾਇਆ ਕਿ ਬੰਦੇ ਦੇ ਵਿੱਤ ਅਨੁਸਾਰ ਚੀਜ਼ ਲਿਆਇਆ ਕਰ। ਇਨ੍ਹਾਂ ਦਾ ਨਿੱਕੀ ਜਿਹੀ ਗਲਾਸੀ ਨਾਲ ਕੀ ਬਣਨਾ। ਵੱਡੇ ਗਲਾਸ ’ਚ ਹੋਰ ਲਿਆ।’ ਉਹ ਮੱਥੇ ’ਤੇ ਹੱਥ ਰੱਖ ਕੇ ਕੁਸ਼ ਚਿਰ ਸੋਚੀਂ ਪਏ ਰਹੇ। ਫੇਰ ਬੋਲੇ, ‘ਜੇ ਤੁਸੀਂ ਮੰਗਤੇ ਹੀ ਬਣੇ ਰਹੇ ਤਾਂ ਤੁਹਾਡੇ ਬੱਚੇ ਜ਼ਿੰਦਗੀ ’ਚ ਸੈੱਟ ਨ੍ਹੀਂ ਹੋਣੇ। ਨਾ ਹੀ ਉਨ੍ਹਾਂ ਦਾ ਮਾਨਸਿਕ ਵਿਕਾਸ ਹੋਣਾ। ਵਿਆਹ ਵੇਲੇ ਵੀ ਅੜਚਨ ਪੈਦਾ ਹੋਣੀ। ਲੋਕ ਕੀ ਕਹਿਣਗੇ- ਪਿਓ ਮੰਗਤਾ। ਇਹ ਗੱਲ ਠੀਕ ਨ੍ਹੀਂ। ਤੁਹਾਨੂੰ ਆਪਣੇ ਤੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚਣਾ ਚਾਹੀਦਾ ਏ। ਕੁੜੀ ਦੀ ਚਿੰਤਾ ਮੇਰੇ ’ਤੇ ਛੱਡ ਦਿਓ। ਉਸ ਦੀ ਜ਼ਿੰਮੇਵਾਰੀ ਹੁਣ ਮੇਰੀ ਆ।’ ਮੈਂ ਦੱਸਿਆ ਕਿ ਮੈਂ ਹੋਰ ਕਿਹੜਾ ਕੰਮ ਕਰ ਸਕਦਾਂ। ਲੱਤਾਂ ਨਕਾਰਾ ਨੇ। ਬਾਕੀ ਸਰੀਰ ਠੀਕ ਏ। ਉਨ੍ਹਾਂ ਪੁੱਛਿਆ, ‘ਜੇ ਮੈਂ ਤੁਹਾਨੂੰ ਕੰਮ ਦੱਸਾਂ ਤਾਂ ਕਰੋਗੇ?’ ਮੈਂ ਹਾਂ ਕਰ ਦਿੱਤੀ। ਉਨ੍ਹਾਂ ਨੇ ਘੰਟੀ ਵਜਾਈ। ਪੀਅਨ ਅੰਦਰ ਆਇਆ। ਉਨ੍ਹਾਂ ਨੇ ਕੁਲਵੰਤ ਸਿਹੁੰ ਨੂੰ ਬੁਲਾਉਣ ਲਈ ਕਿਹਾ। ਮੈਨੂੰ ਦੱਸਣ ਲੱਗੇ, ‘ਤੁਹਾਡੇ ਵਰਗੇ ਅਨੇਕਾਂ ਅੰਗਹੀਣਾਂ ਤੇ ਮੰਗਤਿਆਂ ਨੂੰ ਮੈਂ ਕੰਮ ਵੱਲ ਤੋਰਿਆ। ਕਿਸੇ ਨੂੰ ਸਾਈਕਲ-ਬੱਘੀ ’ਤੇ ਗੁਬਾਰੇ ਵੇਚਣ ਲਾਇਆ। ਕਿਸੇ ਨੂੰ ਰੇਹੜੀ ਪਾ ਕੇ ਦਿੱਤੀ। ਕਿਸੇ ਨੂੰ ਦੁਕਾਨ ’ਤੇ ਰਖਵਾਇਆ। ਆਹ ਕੁਲਵੰਤ ਸਿੰਘ ਨੂੰ ਕੈਸ਼ੀਅਰ ਬਣਾ ਕੇ ਆਪਣੇ ਸਕੂਲ ’ਚ ਰੱਖਿਆ। ਕਈਆਂ ਨੇ ਦੋ-ਚਾਰ ਮਹੀਨੇ ਕੰਮ ਕੀਤਾ। ਫੇਰ ਵੇਚ ਕੇ ਖਾ-ਪੀ ਗਏ। ਇੱਕ ਕੁਲਵੰਤ ਹੀ ਕਾਮਯਾਬ ਹੋਇਆ। ਮੈਂ ਤੁਹਾਨੂੰ ਮੋਟਰਸਾਈਕਲ-ਰੇਹੜੀ ਬਣਾ ਕੇ ਦਿੰਨਾਂ। ਆਪਣੇ ਨਾਲ ਮੁੰਡੇ ਨੂੰ ਲਾ ਲਿਓ।’ ਕੁਲਵੰਤ ਆ ਗਿਆ। ਉਨ੍ਹਾਂ ਨੇ ਕੁਲਵੰਤ ਨੂੰ ਕਿਹਾ, ‘ਸਰਦਾਰ ਜੀ, ਇਨ੍ਹਾਂ ਨੂੰ ਮੋਟਰਸਾਈਕਲ-ਰੇਹੜੀ ਬਣਾ ਕੇ ਦਿਓ। ਏਜੰਸੀ ਨੂੰ ਫੋਨ ਕਰੋ ਕਿ ਪਲਸਰ ਕਿੰਨੇ ਦਾ ਆਉਂਦਾ।’ ਕੁਲਵੰਤ ‘ਜੀ’ ਕਹਿ ਕੇ ਚਲਾ ਗਿਆ। ਉਹ ਮੈਨੂੰ ਜਾਣਦਾ ਸੀ। ਉਨ੍ਹਾਂ ਮੈਨੂੰ ਚਿਤਾਵਨੀ ਦੇਣ ਵਾਂਗੂ ਕਿਹਾ, ‘ਦੇਖ ਲਓ। ਸੋਚ ਲਓ। ਮੈਂ ਤੁਹਾਡੇ ’ਤੇ ਕੋਈ ਅਹਿਸਾਨ ਨ੍ਹੀਂ ਕਰ ਰਿਹਾ। ਤੁਹਾਨੂੰ ਕਾਮਯਾਬ ਦੇਖਣਾ ਚਾਹੁੰਦਾਂ। ਮਿਹਨਤ ਕਰਨੀ ਸਿਖਾਉਣਾ ਚਾਹੁੰਦਾਂ। ਅਗਲੇ ਹਫ਼ਤੇ ਤੁਹਾਨੂੰ ਮੋਟਰਸਾਈਕਲ-ਰੇਹੜੀ ਮਿਲ ਜਾਵੇਗੀ। ਫੇਰ ਮੈਂ ਤੁਹਾਡਾ ਕੋਈ ਲਿਹਾਜ਼ ਨ੍ਹੀਂ ਕਰਨਾ। ਜੇ ਮੈਂ ਤੁਹਾਨੂੰ ਮੁੜ ਕੇ ਮੰਗਦੇ ਦੇਖ ਲਿਆ ਤਾਂ ਰੇਹੜੀ ਵਾਪਸ ਲੈਂਦਿਆਂ ਦੋ ਮਿੰਟ ਨ੍ਹੀਂ ਲਾਉਣੇ। ਮੈਂ ਆਪਣੇ ਅਸੂਲਾਂ ਦਾ ਬੜਾ ਪੱਕਾ ਬੰਦਾ ਹਾਂ। ਜਦੋਂ ਵੀ ਇਹ ਰੇਹੜੀ ਖਰਾਬ ਹੋ ਗਈ-ਮੋਟਰਸਾਈਕਲ ਖਰਾਬ ਹੋ ਗਿਆ- ਤੁਸੀਂ ਕੁਲੰਵਤ ਜੀ ਨੂੰ ਫੋਨ ਕਰ ਦਿਆ ਕਰਨਾ। ਉਹ ਰੀਪੇਅਰ ਕਰਵਾ ਦਿਆ ਕਰਨਗੇ। ਹੁਣ ਤੁਸੀਂ ਜਾਓ। ਕ੍ਰਿਸ਼ਨ ਭਗਵਾਨ ਭਲੀ ਕਰਨਗੇ।’ ਉਨ੍ਹਾਂ ਨੇ ਮੱਲੋ-ਜ਼ੋਰੀ ਪੰਜ ਸੌ ਦਾ ਨੋਟ ਦਿੰਦਿਆਂ ਕਿਹਾ, ‘ਤੁਸੀਂ ਨਵੇਂ ਕੰਮ ਦੀ ਪਾਰਟੀ ਵੀ ਕਰਨੀ ਹੈ ਨਾ।’ ਉਨ੍ਹਾਂ ਨੇ ਆਪ ਮੈਨੂੰ ਬੱਘੀ ’ਤੇ ਬਿਠਾਇਆ।’’

‘‘ਉਸ ਬਾਬੂ ਦੀ ਉਮਰ ਕਿੰਨੀ ਕੁ ਆ?’’ ਮੈਂ ਜਗਿਆਸਾਵੱਸ ਪੁੱਛਿਆ।

‘‘ਇਹੀ ਕੋਈ ਅਠਾਈ-ਤੀਹਾਂ ਦੀ ਹੋਣੀ ਆ।’’

ਮੈਂ ਉਸ ਦੇ ਚਿਹਰੇ ਵੱਲ ਦੇਖਿਆ। ਉਹ ਮੈਨੂੰ ਪਹਿਲਾਂ ਨਾਲੋਂ ਜ਼ਿਆਦਾ ਨਿਖਰਿਆ ਲੱਗਾ।

ਫੇਰ ਉਸ ਦੱਸਿਆ, ‘‘ਬਾਬੂ ਜੀ ਮੰਗਣਾ ਬਹੁਤ ਔਖਾ। ਮੰਗ ਕੇ ਖਾਧਾ ਬਦਹਜ਼ਮੀ ਕਰਦੈ। ਇਨ੍ਹਾਂ ਗੱਲਾਂ ਦਾ ਮੈਨੂੰ ਹੁਣ ਪਤਾ ਲੱਗਣ ਲੱਗਾ। ਜਿੱਦਣ ਦਾ ਇਹ ਕੰਮ ਸ਼ੁਰੂ ਕੀਤਾ, ਉੱਦਣ ਦੀ ਰੱਜ ਕੇ ਨੀਂਦ ਆਉਂਦੀ ਆ। ਪਹਿਲਾਂ ਤਾਂ ਪਾਸੇ ਮਾਰ-ਮਾਰ ਕੇ ਮਸਾਂ ਰਾਤ ਬੀਤਦੀ ਸੀ। ਹੁਣ ਥੱਕੇ ਨੂੰ ਪਤਾ ਹੀ ਨ੍ਹੀਂ ਲੱਗਦਾ ਕਿ ਕਦੋਂ ਨੀਂਦ ਆ ਗਈ। ਤੁਸੀਂ ਗੁੱਸਾ ਨ੍ਹੀਂ ਕਰਨਾ- ਹੁਣ ਮੈਂ ਤੁਹਾਡੇ ਕੋਲੋਂ ਵੀ ਪੈਸੇ ਨ੍ਹੀਂ ਲਿਆ ਕਰਨੇ…।’’

Leave a Reply

Your email address will not be published. Required fields are marked *