ਡਾ. ਨਰਿੰਦਰ ਸਿੰਘ ਕਪਾਨੀ: ਖੋਜ ਤੇ ਉੱਦਮ ਦੇ ਸੁਮੇਲ ਦੀ ਕਹਾਣੀ (-ਰੂਪਿੰਦਰ ਸਿੰਘ)

ਇਸ ਸਦੀ ਦੇ ਸ਼ੁਰੂ ’ਚ ਜਦੋਂ ਮੈਂ ਡਾ. ਨਰਿੰਦਰ ਸਿੰਘ ਕਪਾਨੀ ਨੂੰ ਇਹ ਪੁੱਛਿਆ ਕਿ ਉਨ੍ਹਾਂ ਦੇ ਨਾਮ ਕਿੰਨੇ ਕੁ ਪੇਟੈਂਟ ਹਨ ਤਾਂ ਉਨ੍ਹਾਂ ਜਵਾਬ ਦਿੱਤਾ, ‘‘ਸੌ ਤੋਂ ਬਾਅਦ ਮੈਂ ਗਿਣਤੀ ਕਰਨੀ ਬੰਦ ਕਰ ਦਿੱਤੀ ਸੀ।’’ ਉਨ੍ਹਾਂ ‘ਫਾਈਬਰ ਔਪਟਿਕਸ’ ਦੀ ਸ਼ਬਦਾਵਲੀ ਈਜਾਦ ਕੀਤੀ ਸੀ ਤੇ ਬਹੁਤ ਸਾਰੇ ਪੇਟੈਂਟ ਹਾਸਲ ਕੀਤੇ ਅਤੇ ‘ਕਾਢਾਂ ਦੀ ਮਸ਼ੀਨ’ ਬਣ ਕੇ ਦਵਾਈਆਂ ਤੇ ਸੰਚਾਰ ਸਮੇਤ ਵੱਖੋ-ਵੱਖਰੇ ਖੇਤਰਾਂ ਵਿਚ ਆਪਣੇ ਵਿਗਿਆਨਕ ਗਿਆਨ ਦੀ ਵਰਤੋਂ ਕੀਤੀ।

ਉਹ ਵੱਡੇ ਕੱਦ ਦੇ ਮਾਲਕ ਸਨ, ਪਰ ਆਪਣੇ ਗਿਆਨ ਨੂੰ ਓਨਾ ਹੀ ਹਲਕੇ ਫੁਲਕੇ ਢੰਗ ਨਾਲ ਲੈਂਦੇ ਸਨ। ਫਿਰ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਉਹ ਇਕ ਖੋਜੀ, ਉੱਦਮੀ, ਇੰਜਨੀਅਰ, ਕਿਸਾਨ, ਦਾਨੀ ਅਤੇ ਕਲਾ ਸੰਗ੍ਰਹਿਕਾਰ ਭਾਵ ਬਹੁਪੱਖੀ ਸ਼ਖ਼ਸੀਅਤ ਸਨ। ਉਹ ਆਪਣੀ ਹਯਾਤੀ ਨੂੰ ਭਾਰਤ, ਬਰਤਾਨੀਆ ਤੇ ਅਮਰੀਕਾ ਦਰਮਿਆਨ ਵੰਡ ਕੇ ਦੇਖਦੇ ਸਨ ਅਤੇ ਦੁਨੀਆ ਭਰ ’ਚ ਮਿੱਤਰਤਾਈ ਅਤੇ ਜਸ ਖੱਟਣਾ ਹੀ ਉਨ੍ਹਾਂ ਦਾ ਕਰਮ ਸੀ।

ਉਨ੍ਹਾਂ ਦੀ ਸਵੈ-ਜੀਵਨੀ ‘ਦਿ ਮੈਨ ਹੂ ਬੈਂਟ ਲਾਈਟ: ਫਾਦਰ ਆਫ ਫਾਈਬਰ ਔਪਟਿਕਸ’ (ਪ੍ਰਕਾਸ਼ ਨੂੰ ਮੋੜਨ ਵਾਲਾ ਬੰਦਾ: ਫਾਈਬਰ ਔਪਟਿਕਸ ਦਾ ਪਿਤਾਮਾ) ਪਾਠਕ ਦੀ ਲੈਅ ਟੁੱਟਣ ਨਹੀਂ ਦਿੰਦੀ। ਇਹ ਬਹੁਤ ਹੀ ਜਾਣਕਾਰੀ ਭਰਪੂਰ ਕਿਤਾਬ ਹੈ ਅਤੇ ਜੀਅ ਭਰ ਕੇ ਜ਼ਿੰਦਗੀ ਜਿਊਣ ਵਾਲੇ ਕਿਸੇ ਬੰਦੇ ਦੀ ਕੋਲ ਬੈਠ ਕੇ ਸੁਣਾਈ ਜਾ ਰਹੀ ਕਹਾਣੀ ਪ੍ਰਤੀਤ ਹੁੰਦੀ ਹੈ। ਕਪਾਨੀ ਇਕ ਬੇਮਿਸਾਲ ਸ਼ਖ਼ਸ ਸਨ। ਜਦੋਂ ਉਨ੍ਹਾਂ ਨੇ ਇਹ ਕਿਤਾਬ ਲਿਖੀ ਸੀ ਤਾਂ ਉਹ ਆਪਣੀ ਜ਼ਿੰਦਗੀ ਦੇ ਨੌਂ ਦਹਾਕੇ ਜਿਊਂ ਚੁੱਕੇ ਸਨ। ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪੁੱਤਰ ਰਾਜ ਅਤੇ ਧੀ ਕਿਕੀ ਨੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਯਾਦਗਾਰ ਪਲ ਅਤੇ ਮੰਜ਼ਰ ਸੰਜੋਣ ਲਈ ਪ੍ਰੇਰਿਤ ਕੀਤਾ। ਉਹ ਇਹ ਗੱਲ ਮੰਨਦੇ ਹਨ ਕਿ ਕੁਝ ਯਾਦਾਂ ਦੇ ਵੇਰਵੇ ਗੁਆਚ ਗਏ ਹੋਣਗੇ ਜਾਂ ਕੁਝ ਰਲਾਅ ਵੀ ਹੋ ਗਿਆ ਹੋਵੇਗਾ, ਪਰ ਇਹ ਹਮੇਸ਼ਾ ਸੱਚਾਈ ਦੀ ਤਲਾਸ਼ ਦੇ ਵੇਰਵੇ ਰਹੇ ਹਨ।

ਮੋਗਾ ਵਿਖੇ ਆਪਣੇ ਨਾਨਕੇ ਘਰ ਜਨਮੇ ਕਪਾਨੀ ਨੇ ਪੰਜਾਬ ਵਿਚ ਆਪਣੇ ਬਾਲਪਣ ਦੇ ਕੁਝ ਕੁ ਸਾਲ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀ ਯਾਤਰਾ ਕਰਦਿਆਂ ਅਤੇ ਪਟਿਆਲਾ ’ਚ ਆਪਣੇ ਜੱਜ ਦਾਦਾ ਜੀ ਦੇ ਘਰ ਵਿਚ ਰਹਿੰਦਿਆਂ ਬਿਤਾਏ ਸਨ। ਉਨ੍ਹਾਂ ਦਿਨਾਂ ਦੀ ਦਿਲਚਸਪ ਘਟਨਾ ਸੁਣਾਉਂਦਿਆਂ ਦੱਸਦੇ ਹਨ ਕਿ ਕਿਵੇਂ ਉਹ ਤਫ਼ਰੀਹ ਦੌਰਾਨ ਸ਼ਾਹੀ ਬਾਗ਼ ’ਚੋਂ ਸੰਤਰੇ ਤੋੜਦੇ ਸਨ ਤੇ ਮਹਾਰਾਜਾ ਭੁਪਿੰਦਰ ਸਿੰਘ ਦਾ ਕਾਫ਼ਲਾ ਤੱਕਿਆ ਕਰਦੇ ਸਨ।

ਉਹ ਆਪਣੀ ਦਾਦੀ ‘ਮਨ ਜੀ’ ਕੋਲੋਂ ਜਨਮਸਾਖੀਆਂ ਸੁਣਿਆ ਕਰਦੇ ਜਿਨ੍ਹਾਂ ਦਾ ਉਨ੍ਹਾਂ ਦੀ ਸ਼ਖ਼ਸੀਅਤ ’ਤੇ ਗਹਿਰਾ ਅਸਰ ਪਿਆ ਸੀ। ਇਸੇ ਤਰ੍ਹਾਂ ਦਾ ਅਸਰ ਉਨ੍ਹਾਂ ਦੇ ਪੁਰਖੇ, ਜੋ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਨ, ਵੱਲੋਂ ਲਿਖਵਾਏ ਗਏ 200 ਸਾਲ ਪੁਰਾਣੇ ਹੱਥਖਰੜਿਆਂ ਨੂੰ ਪੜ੍ਹਨ ਨਾਲ ਪਿਆ ਸੀ। ਕਪਾਨੀ ਵੱਲੋਂ ਕੀਤੇ ਗਏ ਸੰਗ੍ਰਹਿ ਦਾ ਕੇਂਦਰੀ ਧੁਰਾ ਇਹ ਹੱਥਖਰੜੇ ਹੀ ਸਨ। ਉਨ੍ਹਾਂ ਦਾ ਪਰਿਵਾਰ ਡੇਹਰਾਦੂਨ ਵਿਚ ਰਹਿੰਦਾ ਸੀ ਤੇ ਦੇਸ਼ ਦੀ ਵੰਡ ਵੇਲੇ ਉਨ੍ਹਾਂ ਜਵਾਨੀ ਪਹਿਰੇ ਦੰਗਈਆਂ ਦਾ ਮੁਕਾਬਲਾ ਕੀਤਾ ਅਤੇ ਆਪਣੇ ਪਰਿਵਾਰ ਦੇ ਮੁਸਲਿਮ ਨੌਕਰਾਂ ਨੂੰ ਬਚਾਇਆ। ਉਦੋਂ ਉਨ੍ਹਾਂ ਬਹੁਤ ਕਤਲੇਆਮ ਦੇਖਿਆ, ਖ਼ਾਸਕਰ 15 ਸਕੂਲੀ ਬੱਚੀਆਂ ਦੀਆਂ ਲਾਸ਼ਾਂ ਦੇਖੀਆਂ ਸਨ ਜੋ ਉਨ੍ਹਾਂ ਦੇ ਸਕੂਲ ਦੇ ਬਾਹਰ ਪਈਆਂ ਸਨ। ਇਸ ਘਟਨਾ ਨਾਲ ਉਨ੍ਹਾਂ ਦਾ ਦਿਲ ਤਾਰ-ਤਾਰ ਹੋ ਗਿਆ।

ਇਕ ਅਧਿਆਪਕ ਦੀ ਇਸ ਧਾਰਨਾ ਕਿ ‘‘ਰੌਸ਼ਨੀ ਕੇਵਲ ਸਿੱਧੀ ਰੇਖਾ ਵਿਚ ਹੀ ਸਫ਼ਰ ਕਰਦੀ ਹੈ’’ ਨੇ ਇਕ ਸਾਧਾਰਨ ਜਿਹੇ ਵਿਦਿਆਰਥੀ ਨੂੰ ਗਿਆਨ ਦਾ ਜਗਿਆਸੂ ਬਣਾ ਦਿੱਤਾ ਸੀ। ਗ੍ਰੈਜੂਏਸ਼ਨ ਤੋਂ ਬਾਅਦ ਉਨ੍ਹਾਂ ਰਾਏਪੁਰ ਵਿਚ ਇਕ ਅਸਲਾ ਫੈਕਟਰੀ ਵਿਚ ਅਪਰੈਂਟਿਸ ਦੇ ਤੌਰ ’ਤੇ ਕੰਮ ਸ਼ੁਰੂ ਕੀਤਾ। ਉੱਥੇ ਵੱਖ ਵੱਖ ਕਿਸਮ ਦੇ ਔਪਟੀਕਲ ਉਪਕਰਨ ਬਣਾਉਣ ਦੀ ਮੁੱਢਲੀ ਸਿਖਲਾਈ ਦਿੱਤੀ ਜਾਂਦੀ ਸੀ, ਪਰ ਕਪਾਨੀ ਦਾ ਮਨ ਹੋਰ ਜ਼ਿਆਦਾ ਸਿੱਖਣ ਲਈ ਉਤਸੁਕ ਸੀ।

ਉਨ੍ਹਾਂ ਦਾ ਅਗਲਾ ਮੁਕਾਮ ਲੰਡਨ ਹੋਣ ਵਾਲਾ ਸੀ। 1951 ਤੋਂ 1955 ਤੱਕ ਦੇ ਵਰ੍ਹੇ ਉਨ੍ਹਾਂ ਦਾ ਬੀਬਾ ਸਤਿੰਦਰ ਕੌਰ ਨਾਲ ਪਿਆਰ ਪੈਣ ਅਤੇ ਥੋੜ੍ਹੇ ਹੀ ਵਕਫ਼ੇ ਵਿਚ ਵਿਆਹ ਹੋਣ ਦੇ ਸਨ। ਕਪਾਨੀ ਨੇ ਇੰਪੀਰੀਅਲ ਕਾਲਜ ਤੋਂ ਗ੍ਰੈਜੂਏਸ਼ਨ ਅਤੇ ਫਿਰ ਪੀਐੱਚ.ਡੀ. ਕੀਤੀ। ਉਨ੍ਹਾਂ ਬਾਕਾਇਦਾ ਆਪਣਾ ਵਿਗਿਆਨਕ ਕਾਰਜ ਉੱਥੇ ਹੀ ਕੀਤਾ। ਸਤੰਬਰ 1955 ਵਿਚ ‘ਪੌਪੂਲਰ ਮਕੈਨਿਕਸ’ ਬਾਰੇ ਇਕ ਲੇਖ ਵਿਚ ਡਾ. ਐਚ.ਐਚ. ਹੌਪਕਿਨਜ਼ ਅਤੇ 27 ਸਾਲਾ ਡਾ. ਨਰਿੰਦਰ ਸਿੰਘ ਕਪਾਨੀ ਵੱਲੋਂ ਵਿਕਸਤ ਕੀਤੇ ਗਏ ਫਾਈਬਰਸਕੋਪ ਦਾ ਜ਼ਿਕਰ ਕੀਤਾ ਗਿਆ ਸੀ।

ਵਿਆਨਾ ਵਿਚ ਰੌਚੈਸਟਰ ਯੂਨੀਵਰਸਿਟੀ ਵਿਚ ਪੜ੍ਹਾਉਣ ਦਾ ਸੱਦਾ ਮਿਲਣ ਤੋਂ ਬਾਅਦ ਉਨ੍ਹਾਂ ਅਮਰੀਕਾ ਵਿਚ ਵੱਸਣ ਦਾ ਫ਼ੈਸਲਾ ਕਰ ਲਿਆ। ਉਹ ਇਲੀਨੌਏ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਔਪਟਿਕਸ ਵਿਭਾਗ ਨਾਲ ਜੁੜ ਗਏ। ਆਪਣੀ ਸਵੈਜੀਵਨੀ ਵਿਚ ਉਹ ਲਿਖਦੇ ਹਨ: ‘‘ਸ਼ਿਕਾਗੋ ਵਿਚ ਬਿਤਾਏ ਚਾਰ ਸਾਲ ਮੇਰੀ ਜ਼ਿੰਦਗੀ ਦੇ ਸਭ ਤੋਂ ਵੱਧ ਫ਼ਲਦਾਇਕ ਸਾਲ ਸਨ ਜਿਸ ਦੌਰਾਨ ਬਹੁਤ ਸਾਰੀਆਂ ਪ੍ਰਕਾਸ਼ਨਾਵਾਂ ਤੇ ਦਰਜਨਾਂ ਪੇਟੈਂਟ ਮੇਰੇ ਨਾਂ ਹੋ ਗਏ। ਇਕ ਤਰ੍ਹਾਂ ਉਦੋਂ ਮੈਂ ‘ਕਾਢਾਂ ਵਾਲੀ ਮਸ਼ੀਨ’ ਹੀ ਬਣ ਗਿਆ ਸਾਂ।’’

ਉਹ ਭਾਰਤ ਪਰਤਣਾ ਚਾਹੁੰਦੇ ਸਨ, ਪਰ ਅਜਿਹਾ ਹੋ ਨਾ ਸਕਿਆ। ਰੌਚੈਸਟਰ ਯੂਨੀਵਰਸਿਟੀ ਵਿਚ ਪੜ੍ਹਾਉਣ ਵੇਲੇ ਵੀ ਉਨ੍ਹਾਂ ਵਤਨ ਪਰਤਣ ਬਾਰੇ ਸੋਚਿਆ ਸੀਠ ਪਰ ਫਿਰ ਸ਼ਿਕਾਗੋ ਦਾ ਸਬੱਬ ਬਣ ਗਿਆ। ਬਾਅਦ ਵਿਚ ਰੱਖਿਆ ਮੰਤਰੀ ਵੀ.ਕੇ. ਕ੍ਰਿਸ਼ਨਾ ਮੈਨਨ ਅਤੇ ਪ੍ਰਧਾਨ ਮੰਤਰੀ ਨਹਿਰੂ ਨਾਲ ਮੁਲਾਕਾਤਾਂ ਵਿਚ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਹ ਰੱਖਿਆ ਮੰਤਰੀ ਦੇ ਵਿਗਿਆਨਕ ਸਲਾਹਕਾਰ ਬਣਾਏ ਜਾਣਗੇ, ਪਰ ਨਾਲ ਹੀ ਦੱਸ ਦਿੱਤਾ ਗਿਆ ਕਿ ਕਾਗ਼ਜ਼ੀ ਕਾਰਵਾਈ ਨੂੰ ਕੁਝ ਵਕਤ ਲੱਗ ਸਕਦਾ ਹੈ। ਕਈ ਮਹੀਨੇ ਉਡੀਕਣ ਤੋਂ ਬਾਅਦ ਕਪਾਨੀ ਨੇ ਸਿਲੀਕੌਨ ਵੈਲੀ ਕੈਲੀਫੋਰਨੀਆ ਦਾ ਰੁਖ਼ ਕੀਤਾ। ਆਖ਼ਰ ਇਕ ਮਹੀਨੇ ਬਾਅਦ ਯੂਪੀਐੱਸਸੀ ਤੋਂ ਪੇਸ਼ਕਸ਼ ਦੀ ਚਿੱਠੀ ਆਈ, ਪਰ ਤਦ ਤੀਕ ਬਹੁਤ ਦੇਰ ਹੋ ਚੁੱਕੀ ਸੀ।

ਕਪਾਨੀ ਨੇ ਕਾਢਾਂ ਰਾਹੀਂ ਆਪਣਾ ਮੁਕਾਮ ਬਣਾਇਆ ਸੀ। ਐਂਡੋਸਕੋਪਸ ਨੇ ਮਨੁੱਖੀ ਸਰੀਰ ਅੰਦਰਲੀਆਂ ਤਹਿਆਂ ਫਰੋਲਣ ਅਤੇ ਨਾਲ ਹੀ ਪ੍ਰਮਾਣੂ ਤਾਪ ਘਰਾਂ ਦੀ ਜਾਂਚ ਪਰਖ ਦਾ ਰਾਹ ਪੱਧਰਾ ਕੀਤਾ। ਉਖੜੇ ਹੋਏ ਰੈਟੀਨਿਆਂ ਨੂੰ ਜੋੜਨ ਲਈ ਲੇਜ਼ਰ ਵਿਕਸਤ ਕੀਤੇ ਗਏ। ਹਾਲਾਂਕਿ ਉਨ੍ਹਾਂ ਨੂੰ ਕਰੋੜਾਂ ਡਾਲਰਾਂ ਦੀ ਕਮਾਈ ਆਪਣੀ ਉੱਦਮਸ਼ੀਲਤਾ ਤੋਂ ਹੋਈ। ਇਸ ਕਿਤਾਬ ਦੇ ਪੰਨੇ ਪਲਟਦਿਆਂ ਅਸੀਂ ਮਹਿਸੂਸ ਕਰਦੇ ਹਾਂ ਕਿ ਕਿਵੇਂ ਉਨ੍ਹਾਂ ਦੀ ਕਾਰੋਬਾਰੀ ਸੂਝ ਨੇ ਉਨ੍ਹਾਂ ਨੂੰ ਸ਼ੁਰੂਆਤੀ ਲਾਭ ਕਮਾਉਣ ਵਿਚ ਮਦਦ ਕੀਤੀ। ਉਨ੍ਹਾਂ ਦੀ ਔਪਟਿਕਸ ਤਕਨਾਲੋਜੀ 1967 ਵਿਚ ਜੱਗ ਜ਼ਾਹਰ ਹੋਈ ਸੀ ਅਤੇ ਉਨ੍ਹਾਂ 1973 ਵਿਚ ਇਸ ਦੇ ਸ਼ੇਅਰ ਵੇਚੇ ਸਨ। ਉਨ੍ਹਾਂ ਦੀ ਕੰਪਨੀ ‘ਕੈਪਟਰੌਨ’ ਦਰਜਨਾਂ ਉਤਪਾਦਾਂ ਦਾ ਪੰਘੂੜਾ ਬਣ ਗਈ ਸੀ ਅਤੇ ਇਹ ਕੰਪਨੀ ਉਨ੍ਹਾਂ ਦੋ ਵਾਰ ਵੇਚੀ ਸੀ। 1972 ਵਿਚ ਸਾਂ ਫਰਾਂਸਿਸਕੋ ਐਕਸਪਲੋਰੇਟੋਰੀਅਮ ਵਿਚ ਉਨ੍ਹਾਂ ਦੇ ‘ਡਾਇਨੌਪਟਿਕ ਸਕੱਲਪਚਰਜ਼’ ਦੀ ਨੁਮਾਇਸ਼ ਲਾਈ ਗਈ ਸੀ। ਜ਼ਿਆਦਾਤਰ ਅਮਰੀਕੀ ਰਾਸ਼ਟਰਪਤੀਆਂ ਨੂੰ ਉਹ ਮਿਲ ਕੇ ਉਨ੍ਹਾਂ ਨਾਲ ਵਿਚਾਰ ਚਰਚਾ ਕਰ ਚੁੱਕੇ ਸਨ।

ਉਨ੍ਹਾਂ ਦੀ ਕਿਤਾਬ ਵਿਚਲੇ ‘ਮੈਸੇਕਰ’ ਨਾਂ ਦੇ ਅਧਿਆਏ ਵਿਚ 1984 ਵਿਚ ਹੋਏ ਕਤਲੇਆਮ ਦਾ ਬਿਰਤਾਂਤ ਦਿੱਤਾ ਗਿਆ ਹੈ। 31 ਅਕਤੂਬਰ 1984 ਨੂੰ ਜਿਸ ਦਿਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋਇਆ, ਉਸੇ ਦਿਨ ਉਨ੍ਹਾਂ ਦੀ ਮਾਂ ਦੀ ਮੌਤ ਹੋਈ ਸੀ। ਉਨ੍ਹਾਂ ਲਿਖਿਆ ਕਿ ਕਰਫਿਊ ਲਾ ਦਿੱਤਾ ਗਿਆ ਤੇ ਉਨ੍ਹਾਂ ਨੂੰ ਵਤਨ ਆਉਣ ਦੀ ਆਗਿਆ ਨਾ ਦਿੱਤੀ ਗਈ। ਉਸ ਕਰਫਿਊ ਕਰਕੇ ਉਨ੍ਹਾਂ ਦੀ ਮਾਤਾ ਦਾ ਅੰਤਿਮ ਸੰਸਕਾਰ ਵੀ ਪੂਰੇ ਰਸਮੋ ਰਿਵਾਜ ਨਾਲ ਨਾ ਕੀਤਾ ਜਾ ਸਕਿਆ।’’

ਕਪਾਨੀ ਦੀ ਚਿਰਕਾਲੀ ਵਿਰਾਸਤ ਸਿੱਖ ਫਾਊਂਡੇਸ਼ਨ ਨਾਲ ਜੁੜੀ ਹੈ ਜਿਸ ਦਾ ਫੋਕਸ ਸਿੱਖ ਕਲਾ ਸੰਗ੍ਰਹਿ ਰਿਹਾ ਹੈ। ਉਨ੍ਹਾਂ ਦੇ ਨਾਂ ’ਤੇ ਯੂਨੀਵਰਸਿਟੀ ਕਾਲਜ, ਸੈਂਟਾ ਕਰੂਜ਼ ਵਿਖੇ ਦੋ ਚੇਅਰਾਂ ਕਾਇਮ ਕੀਤੀਆਂ ਗਈਆਂ ਹਨ ਜਿਨ੍ਹਾਂ ਦਾ ਮੰਤਵ ਔਪਟੋਇਲੈਕਟ੍ਰਾਨਿਕਸ ਅਤੇ ਉੱਦਮਸ਼ੀਲਤਾ ਨੂੰ ਹੱਲਾਸ਼ੇਰੀ ਦੇਣਾ ਹੈ ਅਤੇ ਇਕ ਚੇਅਰ ਸੈਂਟਾ ਬਾਰਬਰਾ ਵਿਖੇ ਸਿੱਖ ਧਰਮ ਲਈ ਸਮਰਪਿਤ ਹੈ। ਇਸ ਸਭ ਕੁਝ ਵਿਚ ਉਨ੍ਹਾਂ ਦੀ ਜੀਵਨ ਸਾਥਣ ਸਤਿੰਦਰ ਕੌਰ ਭਾਈਵਾਲ ਰਹੇ ਸਨ। ਸਤਿੰਦਰ ਦੀ ਬਿਮਾਰੀ ਤੇ ਵਿਛੋੜੇ ਦਾ ਉਨ੍ਹਾਂ ’ਤੇ ਬਹੁਤ ਗਹਿਰਾ ਅਸਰ ਪਿਆ। ਮਾਰਚ 2020 ਵਿਚ ਉਨ੍ਹਾਂ ਆਪਣੀ ਕਿਤਾਬ ਪੂਰੀ ਕਰ ਲਈ ਅਤੇ 4 ਦਸੰਬਰ ਨੂੰ 94 ਸਾਲ ਦੀ ਉਮਰ ਵਿਚ ਆਪ ਵੀ ਚੱਲ ਵੱਸੇ। ਉਨ੍ਹਾਂ ਦੀਆਂ ਯਾਦਾਂ ਅਤੇ ਤਜਰਬਿਆਂ ਦੀ ਕਮਾਈ ਉਨ੍ਹਾਂ ਨੂੰ ਅਮਰ ਕਰ ਦੇਵੇਗੀ।

Leave a Reply

Your email address will not be published. Required fields are marked *