ਬਾਬਾ ਮਰਦਾਨਾ ਦੇ ਵੰਸ਼ਜ ਨੂੰ ਲੱਭਦਿਆਂ

2008 ਵਿਚ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਦਰਸ਼ਨਾਂ ਲਈ ਆਏ ਬਾਬਾ ਮਰਦਾਨਾ ਦੇ ਵੰਸ਼ਜ ਭਾਈ ਗੁਲਾਮ ਮੁਹੰਮਦ। ‘ਐਨਕ ਵਾਲਾ ਉਨ੍ਹਾਂ ਦਾ ਭਤੀਜਾ ਅਮਜਦ ਏ; ਵੱਡੇ ਭਾਈ ਕਾਲੇ ਚੰਦ ਦਾ ਬੇਟਾ। … ਕੇਸਰੀ ਸਾਫ਼ੇ ਵਾਲਾ ਨਦੀਮ ਉਨ੍ਹਾਂ ਦਾ ਭਾਣਜ-ਜਵਾਈ ਏ।’

ਹਾਰੂਨ ਖ਼ਾਲਿਦ

ਮੈਂ ਬਹੁਤ ਦੇਰ ਤੋਂ ਗੁਲਾਮ ਹੁਸੈਨ ਹੋਰਾਂ ਨੂੰ ਲੱਭ ਰਿਹਾ ਸਾਂ। ਮੈਂ ਉਨ੍ਹਾਂ ਨੂੰ ਪੁੱਛਿਆ, ‘‘ਸਿੱਖ ਧਰਮ ਵਿਚ ਮੁਸਲਮਾਨ ਰਬਾਬੀਆਂ ਦਾ ਐਡਾ ਉੱਚਾ ਦਰਜਾ ਹੈ। ਫਿਰ ਕਿਉਂ ਉਨ੍ਹਾਂ ਦੀ ਰਾਖੀ ਨਹੀਂ ਕੀਤੀ ਗਈ? ਵੰਡ ਵੇਲੇ ਉਨ੍ਹਾਂ ਨੂੰ ਚੜ੍ਹਦੇ ਪੰਜਾਬ ਨੂੰ ਕਿਉਂ ਛੱਡਣਾ ਪਿਆ?’’

ਮੈਂ ਗ਼ੁਲਾਮ ਹੁਸੈਨ ਹੋਰਾਂ ਦੇ ਘਰ ਪਹੁੰਚਿਆ ਸਾਂ ਜੋ ਪੁਰਾਣੇ ਲਾਹੌਰ ਸ਼ਹਿਰ ਦੇ ਧੁਰ ਅੰਦਰ ਸਥਿਤ ਸ਼ਹਿਰ ਦੇ ਮੋਢੀ ਫ਼ਕੀਰ ਦਾਤਾ ਦਰਬਾਰ ਦੀ ਮਜ਼ਾਰ ਨੇੜੇ ਹੈ। ਉਨ੍ਹਾਂ ਚਿੱਟੀ ਸਲਵਾਰ ਕਮੀਜ਼ ਤੇ ਉੱਤੇ ਉਨਾਬੀ ਵਾਸਕਟ ਪਹਿਨੀ ਹੋਈ ਸੀ ਤੇ ਗ਼ਲ ਵਿਚ ਚਿੱਟਾ ਪਰਨਾ ਪਾਇਆ ਹੋਇਆ ਸੀ। ਅੱਸੀ ਸਾਲਾਂ ਦੀ ਉਮਰ ਨੂੰ ਢੁਕੇ ਹੁਸੈਨ ਬਿਮਾਰੀ ਦੇ ਹੱਲੇ ਤੋਂ ਉੱਭਰ ਰਹੇ ਸਨ। ਫਿਰ ਵੀ ਉਨ੍ਹਾਂ ਮੇਰੀ ਮੁਲਾਕਾਤ ਦੀ ਬੇਨਤੀ ਪ੍ਰਵਾਨ ਕਰ ਲਈ।

ਉਨ੍ਹਾਂ ਦੇ ਕਮਰੇ ਦੀ ਪਿਛਲੀ ਕੰਧ ਅਤੇ ਅਲਮਾਰੀ ਉੱਪਰ ਕਿਰਪਾਨ, ਸ੍ਰੀ ਹਰਿਮੰਦਿਰ ਸਾਹਿਬ ਦੀਆਂ ਤਸਵੀਰਾਂ ਸਨ ਅਤੇ ਪਿਛਲੇ ਸਾਲਾਂ ਦੌਰਾਨ ਸਿੱਖ ਸੰਸਥਾਵਾਂ ਵੱਲੋਂ ਮਿਲੇ ਸਨਮਾਨ ਚਿੰਨ੍ਹ ਸਜਾ ਕੇ ਰੱਖੇ ਹੋਏ ਸਨ। ਨਾਲ ਹੀ ਕੁਝ ਇਸਲਾਮੀ ਚਿੰਨ੍ਹ ਵੀ ਮੌਜੂਦ ਸਨ ਜਿਨ੍ਹਾਂ ਵਿਚ ਇਕ ਪੋਸਟਰ ’ਤੇ ਲਿਖੀ ਕੁਰਾਨ ਦੀ ਆਇਤ ਸ਼ਾਮਿਲ ਸੀ। ਫਰਵਰੀ 2014 ਵਿਚ ਮੈਂ ਗ਼ੁਲਾਮ ਹੁਸੈਨ ਹੁਰਾਂ ਨੂੰ ਮਿਲਿਆ ਸਾਂ। ਅਗਲੇ ਸਾਲ ਅਪਰੈਲ ਵਿਚ ਉਹ ਫ਼ੌਤ ਹੋ ਗਏ ਅਤੇ ਮੇਰਾ ਖਿਆਲ ਹੈ ਕਿ ਇਹ ਉਨ੍ਹਾਂ ਦੀ ਆਖ਼ਰੀ ਇੰਟਰਵਿਊ ਸੀ।

ਗ਼ੁਲਾਮ ਹੁਸੈਨ ਬਾਰੇ ਮੈਂ ਪਿਛਲੇ ਕੁਝ ਸਾਲਾਂ ਤੋਂ ਖੋਜ ਕਰ ਰਿਹਾ ਸੀ ਤੇ ਇਹ ਸੁਣ ਰੱਖਿਆ ਸੀ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਸਾਥੀ ਮੁਸਲਿਮ ਰਬਾਬੀ ਭਾਈ ਮਰਦਾਨੇ ਦੇ ਵੰਸ਼ਜ ਹਨ। ਸਿੱਖ ਧਰਮ ਦੇ ਵਿਗਾਸ ਵਿਚ ਭਾਈ ਮਰਦਾਨੇ ਦੀ ਅਹਿਮ ਭੂਮਿਕਾ ਰਹੀ। ਉਹ ਨਾ ਸਿਰਫ਼ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਵੇਲੇ ਉਨ੍ਹਾਂ ਦੇ ਸੰਗ ਚੱਲਦੇ ਸਨ ਸਗੋਂ ਗੁਰੂ ਸਾਹਿਬ ਜਿੱਥੇ ਵੀ ਕਿਤੇ ਸਤਿਸੰਗ ਕਰਦੇ ਜਾਂ ਰੱਬੀ ਬਾਣੀ ਗਾਉਂਦੇ ਤਾਂ ਉਹ ਉਨ੍ਹਾਂ ਨਾਲ ਰਬਾਬ ਵਜਾਇਆ ਕਰਦੇ ਸਨ। ਉਦੋਂ ਤੋਂ ਹੀ ਗੁਰਦੁਆਰਿਆਂ ਅੰਦਰ ਕੀਰਤਨ ਸਮੇਂ ਰਬਾਬ ਦੀ ਜ਼ਿੰਮੇਵਾਰੀ ਮੁਸਲਮਾਨ ਰਬਾਬੀਆਂ ਨੂੰ ਦਿੱਤੀ ਜਾਂਦੀ ਰਹੀ ਸੀ। … ਤੇ ਫਿਰ ਦੇਸ਼ ਦੀ ਵੰਡ ਵੇਲੇ ਇਹ ਰਵਾਇਤ ਯਕਦਮ ਬੰਦ ਹੋ ਗਈ।

ਕੀਰਤਨ ਤੋਂ ਕੱਵਾਲੀ

ਗ਼ੁਲਾਮ ਹੁਸੈਨ ਨੇ ਚੇਤੇ ਕਰਦਿਆਂ ਦੱਸਿਆ, ‘‘ਉਸ ਵੰਡ ਵੇਲੇ ਹਰ ਕਿਸੇ ਨੂੰ ਆਪੋ ਆਪਣੀ ਪਈ ਹੋਈ ਸੀ। ਸਾਨੂੰ ਮੁਸਲਮਾਨ ਹੋਣ ਕਰਕੇ ਉੱਧਰੋਂ ਆਉਣਾ ਪੈਣਾ ਸੀ। ਉਦੋਂ ਸਾਡੀ ਮੁਸਲਿਮ ਪਛਾਣ ਹੀ ਸਭ ਕੁਝ ਸੀ ਤੇ ਉਹੀ ਇਕਮਾਤਰ ਪਛਾਣ ਬਣ ਕੇ ਰਹਿ ਗਈ। ਦਰਅਸਲ, ਦੰਗਿਆਂ ’ਚ ਸਾਡੇ ਕੁਝ ਰਬਾਬੀਆਂ ਨੂੰ ਜਾਨਾਂ ਵੀ ਗੁਆਉਣੀਆਂ ਪਈਆਂ। ਮੇਰੇ ਸਹੁਰਾ ਸਾਹਿਬ ਭਾਈ ਮੋਤੀ ਉਨ੍ਹਾਂ ’ਚੋਂ ਇਕ ਸਨ। ਉਹ ਪਟਿਆਲੇ ਦੇ ਗੁਰਦੁਆਰੇ ਵਿਚ ਰਬਾਬ ਵਜਾਇਆ ਕਰਦੇ ਸਨ। ਇਕ ਹੋਰ ਰਬਾਬੀ ਗੋਇੰਦਵਾਲ ਸਾਹਿਬ ਦੇ ਗੁਰੂਘਰ ਵਿਚ ਰਬਾਬ ਵਜਾਉਂਦੇ ਹੁੰਦੇ ਸਨ ਜਿਨ੍ਹਾਂ ਨੂੰ ਕਤਲ ਕੀਤਾ ਗਿਆ ਸੀ।’’

ਉਨ੍ਹਾਂ ਅੱਗੇ ਦੱਸਿਆ, ‘‘ਮੇਰੇ ਚਾਚਾ ਭਾਈ ਚੰਦ ਦਰਬਾਰ ਸਾਹਿਬ ਵਿਖੇ ਰਬਾਬ ਵਜਾਉਂਦੇ ਸਨ। ਅੰਮ੍ਰਿਤਸਰ ਵਿਚ ਉਨ੍ਹਾਂ ਦੇ ਤਿੰਨ-ਤਿੰਨ ਮੰਜ਼ਿਲੇ ਤਿੰਨ ਘਰ ਸਨ। ਉਹ ਉਸ ਸਮੇਂ ਕਰੋੜਾਂ ਦੇ ਮਾਲਕ ਸਨ। ਉਹ ‘ਭਾਈਆਂ ਦੀ ਗਲੀ’ ਵਿਚ ਰਹਿੰਦੇ ਸਨ ਜਿਸ ਦਾ ਨਾਂ ਰਬਾਬੀ ਪਰਿਵਾਰ ਕਰਕੇ ਰੱਖਿਆ ਗਿਆ ਸੀ। ਵੰਡ ਤੋਂ ਬਾਅਦ ਪਾਕਿਸਤਾਨ ਆ ਕੇ ਉਹ ਦਾਣੇ ਦਾਣੇ ਨੂੰ ਮੁਹਤਾਜ ਹੋ ਗਏ ਸਨ।’’

ਆਪਣੀ ਸਿੱਖ ਵਿਰਾਸਤ ਦਾ ਖੁਲਾਸਾ ਕਰਦਿਆਂ ਹੁਸੈਨ ਹੁਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਸਿਆਚਲ ਦੇ ਪੁਰਾਤਨ ਗੁਰਦੁਆਰੇ ਨਾਲ ਸੰਬੰਧਿਤ ਸੀ ਜੋ ਲਾਹੌਰ ਤੇ ਅੰਮ੍ਰਿਤਸਰ ਵਿਚਕਾਰ ਪੈਂਦਾ ਹੈ। ਉਨ੍ਹਾਂ ਦੇ ਪਿਤਾ ਜੀ ਗਿਆਨੀ ਸਨ ਜੋ ਗੁਰਦੁਆਰੇ ਵਿਚ ਅਰਦਾਸ ਦੀ ਸੇਵਾ ਨਿਭਾਉਂਦੇ ਸਨ ਅਤੇ ਸਿੱਖੀ ਦਾ ਪ੍ਰਚਾਰ ਵੀ ਕਰਿਆ ਕਰਦੇ ਸਨ। ਉਨ੍ਹਾਂ ਦੱਸਿਆ, ‘‘ਮੇਰੇ ਪਿਤਾ ਉੱਥੇ ਰਬਾਬੀ ਭਾਈ ਦੇ ਗੱਦੀਨਸ਼ੀਨ ਸਨ ਜਿਸ ਦਾ ਮਤਲਬ ਸੀ ਕਿ ਉਨ੍ਹਾਂ ਨੂੰ ਇਹ ਸੇਵਾ ਉਨ੍ਹਾਂ ਦੇ ਪੁਰਖਿਆਂ ਕੋਲੋਂ ਮਿਲੀ ਸੀ।’’ ਪਰ ਫਿਰ ਵੰਡ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ।

ਹੁਸੈਨ ਹੁਰਾਂ ਆਖਿਆ, ‘‘ਅਸੀਂ ਆਪਣਾ ਸਾਰਾ ਪੈਸਾ ਲੱਤਾ ਹੀ ਨਹੀਂ ਗੁਆਇਆ ਸਗੋਂ ਆਪਣੇ ਕਿੱਤੇ ਨਾਲੋਂ ਵੀ ਟੁੱਟ ਗਏ ਸਾਂ। ਮਨੋਂ ਅਸੀਂ ਗੁਰਬਾਣੀ ਨਾਲ ਜੁੜੇ ਹੋਏ ਸਾਂ ਜਦੋਂਕਿ ਮੁਸਲਮਾਨ ਹੋਣ ਨਾਤੇ ਕਲਮੇ ਤੋਂ ਬਿਨਾਂ ਹੋਰ ਕੁਝ ਨਹੀਂ ਜਾਣਦੇ ਸਾਂ। ਮੁਸਲਮਾਨਾਂ ਨੂੰ ਸਾਡੇ ਕਿੱਤੇ ਵਿਚ ਕੋਈ ਰੁਚੀ ਨਹੀਂ ਸੀ। ਇਸ ਕਰਕੇ ਸਾਨੂੰ ਰੋਜ਼ੀ ਰੋਟੀ ਲਈ ਸਮੋਸੇ, ਖੀਰ ਤੇ ਮੀਟ ਆਦਿ ਵੇਚਣ ਦੇ ਛੋਟੇ ਮੋਟੇ ਧੰਦੇ ਅਪਣਾਉਣੇ ਪਏ।’’ ਬਹਰਹਾਲ, ਥੋੜ੍ਹੀ ਦੇਰ ਬਾਅਦ ਜਦੋਂ ਨਿਜ਼ਾਮੀ ਆਰਟ ਸੁਸਾਇਟੀ ਨਾਂ ਦੀ ਇਕ ਸੰਸਥਾ ਵੱਲੋਂ ਉਨ੍ਹਾਂ ਨੂੰ ਪ੍ਰੋਗਰਾਮ ਪੇਸ਼ ਕਰਨ ਦਾ ਸੱਦਾ ਮਿਲਿਆ ਤਾਂ ਉਨ੍ਹਾਂ ਕੱਵਾਲੀ ਮੁੜ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ, ‘‘ਵੰਡ ਤੋਂ ਕੁਝ ਸਾਲਾਂ ਬਾਅਦ ਮੈਨੂੰ ਕੱਵਾਲੀ ਦਾ ਇਕ ਪ੍ਰੋਗਰਾਮ ਪੇਸ਼ ਕਰਨ ਦਾ ਮੌਕਾ ਮਿਲਿਆ। ਸ਼ੁਰੂਆਤੀ ਦਿਨਾਂ ਵਿਚ ਮੇਰਾ ਉਰਦੂ ਲਹਿਜ਼ਾ ਕਮਜ਼ੋਰ ਹੋਣ ਕਰਕੇ ਦਿੱਕਤਾਂ ਆਈਆਂ ਸਨ। ਗੁਰਮੁਖੀ ਦੀ ਸਿਖਲਾਈ ਹੋਣ ਕਰਕੇ ਮੈਂ ਫ਼ਾਰਸੀ ਲਿਖਤ ਵੀ ਪੜ੍ਹਨਾ ਨਹੀਂ ਜਾਣਦਾ ਸਾਂ। ਉਂਝ, ਮੈਂ ਅਭਿਆਸ ਕੀਤਾ ਅਤੇ ਹੌਲੀ ਹੌਲੀ ਉਰਦੂ ਗਾਇਕੀ ਵਿਚ ਮਾਹਿਰ ਬਣ ਗਿਆ। ਇਸ ਨਾਲ ਮੇਰੀ ਮਾਲੀ ਸਥਿਤੀ ਵੀ ਬਿਹਤਰ ਹੋਣ ਲੱਗ ਪਈ।’’

ਮੈਂ ਉਨ੍ਹਾਂ ਤੋਂ ਕੀਰਤਨ ਅਤੇ ਕੱਵਾਲੀ ਦੀਆਂ ਪ੍ਰੰਪਰਾਵਾਂ ਵਿਚਕਾਰ ਫ਼ਰਕ ਬਾਰੇ ਪੁੱਛਿਆ ਤਾਂ ਉਨ੍ਹਾਂ ਜਵਾਬ ਵਿਚ ਇਕ ਪੰਜਾਬੀ ਅਖਾਣ ਦੁਹਰਾਇਆ, ‘‘ਸੌ ਸਿਆਣੇ ਇਕੋ ਮਤ, ਮੂਰਖ ਆਪੋ ਆਪਣੀ। ਬੁੱਲੇ ਸ਼ਾਹ ਨੇ ਉਹੀ ਗੱਲ ਦ੍ਰਿੜ੍ਹਾਈ ਜੋ ਗੁਰੂ ਨਾਨਕ ਦੇਵ ਜੀ ਨੇ ਰਚੀ ਸੀ। ਗੁਰੂ ਅਰਜਨ ਅਤੇ ਸੁਲਤਾਨ ਬਾਹੂ ਜਾਂ ਸ਼ਾਹ ਹੁਸੈਨ ਦੇ ਸੰਦੇਸ਼ ਵਿਚ ਕੋਈ ਫ਼ਰਕ ਨਹੀਂ ਹੈ।’’

ਸਾਂਝ ਦੀ ਅਜ਼ਮਾਇਸ਼

ਉਂਝ, ਇਸ ਇਕਸਾਰਤਾ ਬਾਰੇ ਹੁਣ ਕੁਝ ਸਵਾਲ ਵੀ ਉੱਠ ਰਹੇ ਹਨ। ਹੁਸੈਨ ਦਾ ਪੁੱਤਰ ਸਾਡੇ ਕੋਲ ਬੈਠਾ ਚੁੱਪ-ਚਾਪ ਇੰਟਰਵਿਊ ਸੁਣਦਾ ਹੋਇਆ ਅਚਨਚੇਤ ਗੱਲਬਾਤ ਵਿਚ ਸ਼ਾਮਲ ਹੋ ਗਿਆ। ਉਸ ਨੇ ਆਖਿਆ, ‘‘ਕੁਝ ਸਿੱਖ ਕਹਿੰਦੇ ਹਨ ਕਿ ਮਰਦਾਨਾ ਗੁਰੂ ਨਾਨਕ ਦੀਆਂ ਜਨਮਸਾਖੀਆਂ ਦਾ ਇਕ ਹਸਾਉਣ ਵਾਲਾ ਕਿਰਦਾਰ ਸੀ ਜੋ ਹਮੇਸ਼ਾ ਭੁੱਖਾ ਪਿਆਸਾ ਹੀ ਰਹਿੰਦਾ ਸੀ। ਮੇਰਾ ਖਿਆਲ ਵੱਖਰਾ ਹੈ। ਮਰਦਾਨੇ ਦੀ ਖ਼ਾਤਰ ਹੀ ਬਾਬਾ ਨਾਨਕ ਜੀ ਨੇ ਇਕ ਕਿੱਕਰ ਦੇ ਦਰੱਖ਼ਤ ਦੇ ਤੁੱਕੇ ਮਿੱਠੇ ਕੀਤੇ ਸਨ।’’

ਗ਼ੁਲਾਮ ਹੁਸੈਨ ਨੇ ਸਿੱਖੀ ਦੇ ਇਤਿਹਾਸ ਵਿਚ ਭਾਈ ਮਰਦਾਨੇ ਬਾਬਤ ਇਕ ਹੋਰ ਕਹਾਣੀ ਦੱਸੀ। ਉਨ੍ਹਾਂ ਕਿਹਾ, ‘‘ਵੰਡ ਤੋਂ ਪਹਿਲਾਂ ਇਕ ਵਾਰ ਮੇਰੇ ਪਿਤਾ ਹਸਨ ਅਬਦਾਲ ਵਿਚ ਗੁਰਦੁਆਰਾ ਪੰਜਾ ਸਾਹਿਬ ਵਿਚ ਮੌਜੂਦ ਸਨ। ਉਹ ਸਰੋਵਰ ਵਿਚ ਇਸ਼ਨਾਨ ਕਰ ਰਹੇ ਸਨ ਅਤੇ ਕਿਸੇ ਸਿੱਖ ਨੇ ਗੁਰਦੁਆਰੇ ਦੇ ਦਫ਼ਤਰ ਵਿਚ ਜਾ ਕੇ ਸ਼ਿਕਾਇਤ ਕੀਤੀ ਕਿ ਮੇਰੇ ਪਿਤਾ ਸਰੋਵਰ ਨੂੰ ਪਲੀਤ ਕਰ ਰਹੇ ਹਨ। ਜਦੋਂ ਇਕ ਸੇਵਾਦਾਰ ਨੇ ਮੇਰੇ ਪਿਤਾ ਨੂੰ ਬੁਲਾ ਕੇ ਪੁੱਛਿਆ ਕਿ ਉਨ੍ਹਾਂ ਸਰੋਵਰ ਵਿਚ ਇਸ਼ਨਾਨ ਕਿਉਂ ਕੀਤਾ ਤਾਂ ਉਨ੍ਹਾਂ ਆਖਿਆ ‘ਬਾਬਾ ਨਾਨਕ ਜੀ ਨੇ ਇਹ ਸਰੋਵਰ ਕਿਨ੍ਹਾਂ ਲਈ ਬਣਾਇਆ ਸੀ? ਮਰਦਾਨੇ ਦੀ ਪਿਆਸ ਬੁਝਾਉਣ ਲਈ। ਇਸ ਲਈ ਇਹ ਮਰਦਾਨੇ ਦਾ ਸਰੋਵਰ ਹੈ ਅਤੇ ਉਨ੍ਹਾਂ ਦਾ ਵੰਸ਼ਜ ਹੋਣ ਨਾਤੇ ਇਹ ਮੇਰਾ ਵੀ ਸਰੋਵਰ ਹੈ। ਹੁਣ ਮੈਂ ਤੁਹਾਥੋਂ ਪੁੱਛਦਾ ਹਾਂ ਕਿ ਤੁਸੀਂ ਇਸ ਸਰੋਵਰ ’ਤੇ ਹੱਕ ਜਤਾਉਣ ਵਾਲੇ ਕੌਣ ਹੁੰਦੇ ਹੋ’?’’

ਉਨ੍ਹਾਂ ਅੱਗੇ ਆਖਿਆ ਸੀ, ‘‘ਸੱਤ ਪੁਸ਼ਤਾਂ ਤੋਂ ਸਾਡਾ ਪਰਿਵਾਰ ਇਹ ਸੇਵਾ ਨਿਭਾਉਂਦਾ ਆ ਰਿਹਾ ਹੈ। ਅਸੀਂ ਭਾਈ ਸਾਧਾ ਤੇ ਮਾਧਾ ਦੇ ਵੰਸ਼ਜ ਹਾਂ ਜਿਨ੍ਹਾਂ ਨੂੰ ਗੁਰੂ ਤੇਗ਼ ਬਹਾਦਰ ਜੀ ਨੇ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਸੇਵਾ ਬਖ਼ਸ਼ੀ ਸੀ। ਇਸ ਦਾ ਮਰਤਬਾ ਇੰਨਾ ਉੱਚਾ ਸੀ ਕਿ ਉਦੋਂ ਦਰਬਾਰ ਸਾਹਿਬ ਦੀ ਗੋਲਕ ’ਚੋਂ ਉਨ੍ਹਾਂ ਨੂੰ ਮਾਇਆ ਭੇਟ ਕੀਤੀ ਜਾਂਦੀ ਸੀ ਜੋ ਸਾਰੇ ਰਬਾਬੀ ਪਰਿਵਾਰਾਂ ਵਿਚ ਬਰਾਬਰ ਵੰਡੀ ਜਾਂਦੀ ਸੀ। ਪੂਰੇ ਸਿੱਖ ਇਤਿਹਾਸ ਵਿਚ ਰਬਾਬੀਆਂ ਨੇ ਗੁਰੂ ਸਾਹਿਬਾਨ ਨਾਲ ਅੰਤਲੇ ਸਾਹਾਂ ਤੱਕ ਵਫ਼ਾ ਨਿਭਾਈ ਹੈ।’’

ਉਂਝ, ਗੁਰਦੁਆਰੇ ਅੰਦਰ ਰਬਾਬ ਵਜਾਉਣ ਦੀ ਗ਼ੁਲਾਮ ਹੁਸੈਨ ਦੀ ਇੱਛਾ ਪੂਰੀ ਨਾ ਹੋ ਸਕੀ। ਉਨ੍ਹਾਂ ਦੱਸਿਆ, ‘‘ਸ੍ਰੀ ਹਰਿਮੰਦਿਰ ਸਾਹਿਬ ਨਾਲ ਸਾਡੇ ਖ਼ਾਨਦਾਨ ਦਾ ਗਹਿਰਾ ਸੰਬੰਧ ਹੈ ਪਰ ਹੁਣ ਉੱਥੇ ਸਾਡੇ ਲਈ ਕੀਰਤਨ ਕਰ ਸਕਣਾ ਬਹੁਤ ਔਖਾ ਹੋ ਗਿਆ ਹੈ। ਉੱਥੋਂ ਦੇ ਪ੍ਰਬੰਧਕਾਂ ਨੇ ਮੈਨੂੰ ਦੱਸਿਆ ਕਿ ਸਿਰਫ਼ ਅੰਮ੍ਰਿਤਧਾਰੀ ਸਿੱਖ ਹੀ ਉੱਥੇ ਕੀਰਤਨ ਕਰ ਸਕਦੇ ਹਨ।’’ ਫਿਰ ਉਨ੍ਹਾਂ ਮੈਨੂੰ ਅੰਮ੍ਰਿਤ ਦਾ ਭਾਵ ਸਮਝਾਇਆ।

Leave a Reply

Your email address will not be published. Required fields are marked *