ਵਿਅੰਗ: ਖ਼ਤਰੇ ’ਚ ਖੋਤਾ

ਦਵਿੰਦਰ ਸਿੰਘ ਗਿੱਲ

ਖੋਤੇ ਨਾਲ ਮਨੁੱਖ ਦੀ ਯਾਰੀ ਪੰਜ ਹਜ਼ਾਰ ਸਾਲ ਪੁਰਾਣੀ ਹੈ। ਗ਼ਰੀਬ ਮੁਲਕਾਂ ਵਿਚ ਖੋਤੇ ਦੀ ਔਸਤ ਉਮਰ ਬਾਰਾਂ ਤੋਂ ਲੈ ਕੇ ਪੰਦਰ੍ਹਾਂ ਸਾਲ ਤੱਕ ਹੁੁੰਦੀ ਹੈ ਜਦੋਂਕਿ ਅਮੀਰ ਮੁਲਕਾਂ ਵਿਚ ਇਹ ਤੀਹ ਤੋਂ ਪੰਜਾਹ ਸਾਲ ਵੀ ਹੋ ਸਕਦੀ ਹੈ। ‘ਸਪੈਸ਼ਲ ਦਿਮਾਗ਼’ ਵਾਲੇ ਬੰਦਿਆਂ ਨੂੰ ਆਮ ਤੌਰ ’ਤੇ ਖੋਤਾ ਕਿਹਾ ਜਾਂਦਾ ਹੈ ਜਦੋਂਕਿ ਅਜਿਹੇ ਬੰਦੇ ਕਿਸੇ ਵੀ ਸੰਸਥਾ ਦੀ ਜਿੰਦ ਜਾਨ ਹੁੰਦੇ ਹਨ। ਸੰਸਥਾ ਵਿਚ ਹੋਣ ਵਾਲੇ ਕੁੱਲ ਮਾੜੇ ਕੰਮ ਇਨ੍ਹਾਂ ਦੇੇ ਸਿਰ ਮੜ੍ਹੇ ਜਾਂਦੇ ਹਨ। ਹੁਣ ਤੁਸੀਂ ਆਪ ਸੋਚੋ ਕਿ ਜੇ ਇਹ ਬੰਦੇ ਨਾ ਹੋਣ ਤਾਂ ਕਿਸੇ ਸੰਸਥਾ ਦਾ ਕੀ ਬਣੇ?

ਸੱਭਿਆਚਾਰ ਅਤੇ ਮਨੁੱਖੀ ਇਤਿਹਾਸ ਵਿਚ ਜਿੰਨੀ ਸ਼ੋਹਰਤ ਕੁੱਤੇ ਅਤੇ ਹੋਰ ਜਾਨਵਰਾਂ ਨੂੰ ਮਿਲੀ ਹੈ, ਓਨੀ ਖੋਤੇ ਨੂੰ ਨਹੀਂ ਮਿਲੀ। ਹੋਰ ਤਾਂ ਹੋਰ, ਅਸੀਂ ਤਾਂ ਸੋਹਣੀ ਮਹੀਂਵਾਲ ਦੀ ਪ੍ਰੇਮ ਕਹਾਣੀ ਵਿਚ ਖੋਤੇ ਦੀ ਭੂਮਿਕਾ ਵੀ ਹਾਲੇ ਤੱਕ ਨਿਸ਼ਚਿਤ ਨਹੀਂ ਕਰ ਸਕੇ ਜਦੋਂਕਿ ਸੋਹਣੀ ਦਾ ਸਾਰਾ ਬਿਜ਼ਨਸ ਨਿਰਭਰ ਹੀ ਖੋਤੇ ’ਤੇ ਕਰਦਾ ਸੀ। ਖੋਤਾ ਸੋਹਣੀ ਮਹੀਂਵਾਲ ਦੀਆਂ ਕਿੰਨੀਆਂ ਹੀ ਮੁਲਾਕਾਤਾਂ ਦਾ ਗਵਾਹ ਰਿਹਾ ਹੋਵੇਗਾ। ਸੋਭਾ ਸਿੰਘ ਜੀ ਵੀ ਸੋਹਣੀ-ਮਹੀਂਵਾਲ ਦਾ ਚਿੱਤਰ ਬਣਾਉਣ ਸਮੇਂ ਪਤਾ ਨਹੀਂ ਕਿਉਂ ਖੋਤੇ ਨੂੰ ਵਿਚ ਵਿਖਾਉਣਾ ਹੀ ਭੁੱਲ ਗਏ। ਪੰਜਾਬੀ ਦੇ ਵਿਦਵਾਨ ਮਿਰਜ਼ੇ ਦੀ ਘੋੜੀ ਬੱਕੀ ਬਾਰੇ ਤਾਂ ਬਹੁਤ ਕੁਝ ਲਿਖ ਗਏ ਪਰ ਸੋਹਣੀ ਦੇ ਖੋਤੇ ਬਾਰੇ ਕਿਸੇ ਨੇ ਹਾਲੇ ਤੱਕ ਦੋ ਅੱਖਰ ਨਹੀਂ ਲਿਖੇ। ਇਹ ਵਿਦਵਾਨਾਂ ਵੱਲੋਂ ਖੋਤੇ-ਘੋੜੇ ਵਿਚ ਵਿਤਕਰੇ ਦੀ ਸਪਸ਼ਟ ਉਦਾਹਰਣ ਹੈ। ‘ਸੋਹਣੀ-ਮਹੀਂਵਾਲ ਦੀ ਪ੍ਰੇਮ ਕਹਾਣੀ ਵਿਚ ਖੋਤੇ ਦਾ ਸਥਾਨ’ ਵਿਸ਼ੇ ’ਤੇ ਘੱਟੋ ਘੱਟ ਇਕ ਪੀਐੱਚ.ਡੀ. ਤਾਂ ਬਣਦੀ ਹੈ। ਸੋਹਣੀ ਨੂੰ ਭੁੱਖ ਲੱਗਣ ’ਤੇ ਮਹੀਂਵਾਲ ਵੱਲੋਂ ਆਪਣੇ ਪੱਟ ਦਾ ਮਾਸ ਭੁੰਨ ਕੇ ਖਵਾ ਦੇਣ ਵਾਲੀ ਸਕੀਮ ਲਾਜ਼ਮੀ ਤੌਰ ’ਤੇ ਕਿਸੇ ਖੋਤੇ ਨੇ ਹੀ ਦਿੱਤੀ ਹੋਵੇਗੀ। ਘੜੇ ਦੀ ਅਸਲੀਅਤ ਜਾਣਦਿਆਂ ਵੀ ਜੇ ਸੋਹਣੀ ਦਰਿਆ ਵਿਚ ਠਿੱਲ ਪਈ ਸੀ ਤਾਂ ਸਿੱਧ ਹੁੰਦਾ ਹੈ ਕਿ ਉਹ ਵੀ ਖੋਤੇ ਤੋਂ ਕਾਫ਼ੀ ਪ੍ਰਭਾਵਿਤ ਸੀ। ਹੁਣ ਜੇ ਸੋਹਣੀ ਮਹੀਂਵਾਲ ਖੋਤੇ ਤੋਂ ਪ੍ਰਭਾਵਿਤ ਸਨ ਤਾਂ ਇਸ ਵਿਚ ਖੋਤੇ ਦਾ ਕੀ ਕਸੂਰ?

ਖੋਤੇ ਦੀ ਸਾਡੇ ਗੁਆਂਢੀ ਮੁਲਕ ਵਿਚ ਬਹੁਤ ਚੜ੍ਹਾਈ ਹੈ। ਪਿੱਛੇ ਜਿਹੇ ਪਾਕਿਸਤਾਨ ਨੇ ਖੋਤਿਆਂ ਦੇ ਵਿਕਾਸ ਲਈ ਚੀਨ ਨਾਲ ਕਰੋੜਾਂ ਰੁਪਏ ਦਾ ਸਮਝੌਤਾ ਕੀਤਾ ਹੈ। ਚੀਨ ਇਹ ਪੈਸਾ ਪਾਕਿਸਤਾਨ ਨੂੰ ਖੋਤਿਆਂ ਦੀ ਭਲਾਈ ਲਈ ਦੇਵੇਗਾ। ਪਾਲ ਪੋਸ ਕੇ ਜਵਾਨ ਖੋਤੇ ਚੀਨ ਨੂੰ ਦਿੱਤੇ ਜਾਣਗੇ। ਦਰਅਸਲ, ਖੋਤੇ ਦੀ ਚਮੜੀ ਵਿਚੋਂ ਜਿਲੇਟਿਨ ਨਾਮ ਦਾ ਤੱਤ ਮਿਲਦਾ ਹੈ ਜੋ ਚੀਨ ਵਿਚ ਕੁਝ ਜਾਨ ਬਚਾਊ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਚੀਨੀ ਵੈਦ ਕਹਿੰਦੇ ਹਨ ਕਿ ਇਹ ਮਰਦਾਨਾ ਤਾਕਤ ਵਧਾਉਣ ਵਾਲੀਆਂ ਦਵਾਈਆਂ ਵਿਚ ਵੀ ਵਰਤਿਆ ਜਾਂਦਾ ਹੈ। ਸਾਡੇ ਇੱਥੇ ਕਹਿੰਦੇ ਹਨ ਕਿ ਫਲਾਣੀ ਦਵਾਈ ਨਾਲ ਘੋੜੇ ਵਰਗੀ ਤਾਕਤ ਪਾਓ, ਚੀਨ ਵਾਲੇ ਕਹਿੰਦੇ ਹਨ ਖੋਤੇ ਵਰਗੀ ਤਾਕਤ ਪਾਓ।

ਹੁਣ ਪਾਕਿਸਤਾਨੀ ਖੋਤਿਆਂ ਦੀ ਭਲਾਈ ਲਈ ਚੀਨ ਵੱਲੋਂ ਕਰੋੜਾਂ ਦਿੱਤੇ ਜਾਣ ਕਾਰਨ ਸਾਡੇ ਮੁਲਕ ਦੇ ਖੋਤਿਆਂ ਦਾ ਗੁੱਸਾ ਕਰਨਾ ਸੁਭਾਵਿਕ ਹੈ। ਸਾਡੇ ਦੇਸੀ ਖੋਤਿਆਂ ਦਾ ਰੋਸ ਆਸਮਾਨ ਛੂਹ ਰਿਹਾ ਹੈ। ਖੋਤਿਆਂ ਦਾ ਦੋਸ਼ ਹੈ ਕਿ ਦੋਵੇਂ ਦੇਸ਼ ਰਲ ਕੇ ਅੱਗੇ ਤਾਂ ਸਾਡੇ ਇਨਸਾਨਾਂ ਨੂੰ ਹੀ ਤੰਗ ਕਰਦੇ ਸਨ, ਹੁਣ ਸਾਨੂੰ ਖੋਤਿਆਂ ਨੂੰ ਵੀ ਵਿੱਚੇ ਘੜੀਸ ਲਿਆ ਹੈ।

ਇਕ ਖੋਤਾ ਕਾਫ਼ੀ ਸਮਾਂ ਇਕ ਪ੍ਰਾਈਵੇਟ ਨਿਊਜ਼ ਚੈਨਲ ਦਾ ਸਾਮਾਨ ਢੋਣ ਦਾ ਕੰਮ ਕਰਦਾ ਰਿਹਾ ਹੈ। ਉਸ ਨੇ ਭਰੋਸੇਯੋਗ ਸੂਤਰਾਂ ਤੋਂ ਪਤਾ ਲਾਇਆ ਹੈ ਕਿ ਪਾਕਿਸਤਾਨ ਵੱਲੋਂ ਚੀਨ ਨੂੰ ਸਪਲਾਈ ਕੀਤੇ ਜਾਂਦੇ ਖੋਤਿਆਂ ਨਾਲ ਚੀਨ ਗ਼ੈਰ-ਜਾਨਵਰਾਂ ਵਾਲਾ ਵਿਹਾਰ ਕਰਦਾ ਹੈ। ਉਸ ਨੇ ਪਤਾ ਲਾਇਆ ਹੈ ਕਿ ਖੋਤਿਆਂ ਤੋਂ ਜਿਲੇਟਿਨ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਕੋਹ ਕੋਹ ਕੇ ਮਾਰਿਆ ਜਾਂਦਾ ਹੈ। ਖੋਤਿਆਂ ਨੇ ਪੂਰੀ ਰਿਪੋਰਟ ਅਮਰੀਕਾ ਦੇ ਖੋਤਿਆਂ ਨੂੰ ਈ-ਮੇਲ ਕਰ ਦਿੱਤੀ ਹੈ ਤਾਂ ਜੋ ਸਮੇਂ ਸਿਰ ਚੀਨ ’ਤੇ ਢੁਕਵੀਂ ਕਾਰਵਾਈ ਕੀਤੀ ਜਾ ਸਕੇ।

ਖੋਤਿਆਂ ਨਾਲ ਮੁੱਢ ਕਦੀਮ ਤੋਂ ਧੱਕਾ ਹੁੰਦਾ ਆਇਆ ਹੈ। ਖੋਤੇ ਦੀ ਸੰਸਾਰ ਜੰਗ ਵਿਚ ਭੂਮਿਕਾ ਵੀ ਹਾਲੇ ਤੱਕ ਲੋਕਾਂ ਸਾਹਮਣੇ ਉਵੇਂ ਨਹੀਂ ਆਈ ਜਿਵੇਂ ਆਉਣੀ ਚਾਹੀਦੀ ਸੀ। ਖੋਤਾ ਅਸਲਾ ਢੋਣ ਦੇ ਨਾਲ ਨਾਲ ਜ਼ਖ਼ਮੀ ਸਿਪਾਹੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਲੈ ਜਾਣ ਲਈ ਵਰ੍ਹਦੀਆਂ ਗੋਲੀਆਂ ਵਿਚ ਭੂਮਿਕਾ ਨਿਭਾਉਂਦਾ ਰਿਹਾ ਹੈ। ਅਮਰੀਕਾ ਵੱਲੋਂ ਅਫ਼ਗਾਨਿਸਤਾਨ ’ਤੇ ਹਮਲੇ ਵੇਲੇ ਵੀ ਖੋਤੇ ਰਸਦ ਅਤੇ ਅਸਲਾ ਪੁਚਾਉਂਦੇ ਰਹੇ। ਪਤਾ ਨਹੀਂ ਕਿਉਂ ਹਾਲੇ ਤੱਕ ਕਿਸੇ ਬੌਲੀਵੁੱਡ ਡਾਇਰੈਕਟਰ ਨੇ ਕਿਸੇ ਖੋਤੇ ਦੀ ਬਹਾਦਰੀ ’ਤੇ ਫਿਲਮ ਨਹੀਂ ਬਣਾਈ?

ਖੋਤਾ ਵੀਹ ਸਕਿੰਟ ਤੱਕ ਦੀ ਲੰਮੀ ਸੁਰੀਲੀ ਹੇਕ ਲਾ ਸਕਦਾ ਹੈ। ਬਹੁਤੇ ਪੰਜਾਬੀ ਗਾਇਕ ਜ਼ੋਰ ਲਾ ਕੇ ਵੀ ਹੇਕ ਦੇ ਮਾਮਲੇ ਵਿਚ ਖੋਤੇ ਦੇ ਨੇੜੇ ਤੇੜੇ ਨਹੀਂ ਢੁੱਕਦੇ। ਖੋਤੇ ਇਕ ਦੂਜੇ ਦੀ ਆਵਾਜ਼ ਤਿੰਨ ਕਿਲੋਮੀਟਰ ਤੋਂ ਸੁਣ ਸਕਦੇ ਹਨ। ਇਸ ਕਾਰਨ ਉਨ੍ਹਾਂ ਦਾ ਆਪਸੀ ਸੰਚਾਰ ਬੜਾ ਕਮਾਲ ਦਾ ਹੈ। ਉਹ ਕਦੇ ਵੀ ਉੱਚੀ ਆਵਾਜ਼ ਵਿਚ ਇਕ ਦੂਜੇ ਦੀਆਂ ਚੁਗਲੀਆਂ ਨਹੀਂ ਕਰਦੇ। ਧਿਆਨ ਨਾਲ ਵੇਖਿ , ਖੋਤਾ-ਖੋਤੀ ਇਨਸਾਨਾਂ ਵਾਂਗ ਚੀਕ ਚੀਕ ਕੇ ਕਦੇ ਨਹੀਂ ਲੜਦੇ। ਖੋਤੇ ਦੀ ਦੁਲੱਤੀ ਸੰਸਾਰ ਪ੍ਰਸਿੱਧ ਹੈ। ਸਿਰਫ਼ ਖੋਤਾ ਹੀ ਅਜਿਹਾ ਜੀਵ ਹੈ ਜੋ ਤੁਰੇ ਆਉਂਦੇ ਰੇਲ ਇੰਜਣ ਨੂੰ ਵੀ ਦੁਲੱਤੀ ਮਾਰ ਦਿੰਦਾ ਹੈ। ਇਸ ਕੰਮ ਵਿਚ ਭਾਵੇਂ ਉਸ ਨੂੰ ਆਪਣੀ ਜਾਨ ਤੋਂ ਹੱਥ ਹੀ ਕਿਉਂ ਨਾ ਧੋਣੇ ਪੈਣ।

ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿਚ ਖੋਤਿਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਯੂਰਪ ਵਿਚ ਹੀ ਪਿਛਲੇ ਅੱਸੀ ਸਾਲਾਂ ਵਿਚ ਇਨ੍ਹਾਂ ਦੀ ਗਿਣਤੀ ਤੀਹ ਲੱਖ ਤੋਂ ਘਟ ਕੇ ਦਸ ਲੱਖ ਰਹਿ ਗਈ ਹੈ। ਹੁਣ ਚਿੰਤਾ ਵਾਲੀ ਗੱਲ ਇਹ ਹੈ ਕਿ ਖੋਤਾ ‘ਲੋਪ ਹੋਣ ਕੰਢੇ’ ਚਲੇ ਜਾਣ ਵਾਲੇ ਪ੍ਰਾਣੀਆਂ ਵਾਲੀ ਸੂਚੀ ਵਿਚ ਸ਼ੁਮਾਰ ਹੋਣ ਵਾਲਾ ਹੈ। ਤਾਜ਼ਾ ਅੰਕੜਿਆਂ ਮੁਤਾਬਿਕ ਪੰਜਾਬ ਵਿਚ ਚਾਰ ਕੁ ਸੌ ਖੋਤੇ ਹੀ ਬਚੇ ਹਨ। ਵੈਸੇ ਲੱਗਦਾ ਹੈ ਕਿ ਇਹ ਸਰਵੇਖਣ ਕਰਨ ਵਾਲਿਆਂ ਨੇ ਸਾਵਧਾਨੀ ਤੋਂ ਕੰਮ ਨਹੀਂ ਲਿਆ। ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਹਨ, ਲੱਗਦਾ ਨਹੀਂ ਕਿ ਇੱਥੇ ਸਿਰਫ਼ ਚਾਰ ਸੌ ਖੋਤੇ ਹੀ ਬਚੇ ਹਨ। ਖੋਤਿਆਂ ਦੀ ਗਿਣਤੀ ਚਾਰ ਸੌ ਤੋਂ ਕਿਤੇ ਵਧੀਕ ਹੋਣ ਦੀ ਸੰਭਾਵਨਾ ਹੈ।

ਸਰਵੇਖਣ ਵਾਲਿਆਂ ਸ਼ਾਇਦ ਸਾਡੇ ਅੰਦਰ ਵਸੇ ਖੋਤੇ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ। ਟਰੈਫਿਕ ਦੇ ਨਿਯਮ ਤੋੜਨੇ, ਫਾਟਕਾਂ ’ਤੇ ਆਹਮੋ ਸਾਹਮਣੇ ਲਾਈਨਾਂ ਬਣਾ ਲੈਣੀਆਂ, ਹਰ ਬਣਦੇ ਕੰਮ ਵਿਚ ਜਾ ਫਾਨਾ ਠੋਕਣਾ ਆਦਿ ਗੁਣ ਮਨੁੱਖ ਨੇ ਖੋਤੇ ਤੋਂ ਹੀ ਗ੍ਰਹਿਣ ਕੀਤੇ ਜਾਪਦੇ ਹਨ। ਹਰ ਮਨੁੱਖ ਅੰਦਰ ਇਕ ਖੋਤੇ ਦਾ ਵਾਸ ਹੈ, ਇਹ ਗੱਲ ਖੋਤਾ ਤਾਂ ਮੰਨਦਾ ਹੈ ਪਰ ਮਨੁੱਖ ਮੰਨ ਕੇ ਰਾਜ਼ੀ ਨਹੀਂ। ਹਾਲਾਂਕਿ ਸੰਸਾਰ ਦੇ ਬਹੁਗਿਣਤੀ ਬੁੱਧੀਜੀਵੀ ਇਸ ਸਿਧਾਂਤ ਨਾਲ ਸਹਿਮਤ ਹਨ ਕਿ ਵਿਆਹਿਆ ਮਨੁੱਖ, ਖ਼ਾਸਕਰ ਮਰਦ ਖੋਤੇ ਦੀ ਜੂਨ ਹੀ ਹੰਢਾਉਂਦਾ ਹੈ।

ਖ਼ੈਰ ਜੋ ਵੀ ਹੈ, ਆਓ ਵਾਅਦਾ ਕਰੀਏ ਕਿ ਕੱਲ੍ਹ ਨੂੰ ਜੇ ਖੋਤਾ ਸਰੀਰਕ ਤੌਰ ’ਤੇ ਸਾਡੇ ਵਿਚ ਨਾ ਵੀ ਰਿਹਾ ਤਾਂ ਵੀ ਅਸੀਂ ਆਪਣੇ ਅੰਦਰਲੇ ਖੋਤੇ ਨੂੰ ਮਰਨ ਨਹੀਂ ਦਿਆਂਗੇ। ਤੇ ਇਹ ਮਰੇਗਾ ਵੀ ਨਹੀਂ। ਜਦੋਂ ਹੀ ਕਦੇ ਖੋਤਾ ਸਵਰਗਾਂ ਵਿਚੋਂ ਫਾਟਕਾਂ ’ਤੇ ਬਣਾਈਆਂ ਸਾਡੀਆਂ ਲਾਈਨਾਂ ਵੇਖੇਗਾ, ਜਾਂ ਹੋਰ ਮਹਾਨ ਕੰਮ ਵੇਖੇਗਾ ਜਿਹੜੇ ਸਿਰਫ਼ ਅਸੀਂ ਹੀ ਕਰ ਸਕਦੇ ਹਾਂ ਤਾਂ ਉਹ ਲਾਜ਼ਮੀ ਤੌਰ ’ਤੇ ਖ਼ੁਸ਼ ਹੋਵੇਗਾ।

Leave a Reply

Your email address will not be published. Required fields are marked *