ਪੰਜਾਬ ’ਚੋਂ ਪਰਵਾਸ ਦਾ ਵਗਦਾ ਦਰਿਆ

ਜਗਮੋਹਨ ਸਿੰਘ ਲੱਕੀ

ਪੰਜਾਬ ਵਿੱਚ ਹਰ ਨਵਜੰਮਿਆ ਬੱਚਾ ਜਦ ਕੁਝ ਸਮਝਣ/ਜਾਨਣ ਜੋਗਾ ਹੁੰਦਾ ਹੈ, ਤਾਂ ਉਹ ਆਪਣੇ ਬਾਲਪਣ ਵਿੱਚ ਹੀ ਦੁਨੀਆਂ ਦਾ ਨਕਸ਼ਾ ਜਾਂ ਧਰਤੀ ਦੇ ਨਕਸ਼ੇ ਦਾ ਗੋਲ ਮਾਡਲ ਆਪਣੇ ਅੱਗੇ ਰੱਖ ਕੇ ਵੱਖ- ਵੱਖ ਮੁਲਕਾਂ ਦੀ ਘੋਖ ਕਰਦਾ ਹੋਇਆ ਆਪਣੇ ਮਨਪਸੰਦ ਮੁਲਕ ਦੀ ਚੋਣ ਕਰਨ ਦਾ ਯਤਨ ਕਰਦਾ ਹੈ। ਉਸ ਮੁਲਕ ਦੀ ਜਿਥੇ ਜਾ ਕੇ ਉਸ ਨੇ ਆਪਣੀ ਪੜ੍ਹਾਈ ਬਹਾਨੇ ਪੱਕਾ ਰੈਣ ਬਸੇਰਾ ਬਣਾ ਕੇ ਆਪਣੀ ਅਗਲੀ ਜ਼ਿੰਦਗੀ ਬਤੀਤ ਕਰਨੀ ਹੁੰਦੀ ਹੈ। ਇਸ ਤਰ੍ਹਾਂ ਸੱਤ ਸਮੁੰਦਰ ਪਾਰ ਦੀ ਵਿਦੇਸ਼ੀ ਅਤੇ ਬੇਗਾਨੀ ਧਰਤੀ ਅਤੇ ਡਾਲਰਾਂ-ਪੌਂਡਾਂ ਦੀ ਚਮਕ ਪੰਜਾਬ ਦੇ ਹਰ ਬੱਚੇ ਨੂੰ ਆਪਣੇ ਵੱਲ ਖਿੱਚਣ ਲੱਗਦੀ ਹੈ। ਇੰਨਾ ਹੀ ਨਹੀਂ, ਹੁਣ ਤਾਂ ਹਾਲਤ ਇਹ ਹੋ ਗਈ ਹੈ ਕਿ ਪੰਜਾਬ ਵਿਚ ਜਦੋਂ ਬੱਚਾ ਅਜੇ ਮਾਂ ਦੇ ਗਰਭ ਵਿਚ ਹੀ ਹੁੰਦਾ ਹੈ, ਤਾਂ ਉਦੋਂ ਹੀ ਉਸ ਦੇ ਮਾਪੇ ਦੁਨੀਆਂ ਦੇ ਨਕਸ਼ੇ ਵਿਚੋਂ ਉਸ ਦੇ ਵੱਸਣ ਲਈ ਕੋਈ ਬਾਹਰਲਾ ਮੁਲਕ ਲੱਭਣ ਲੱਗਦੇ ਹਨ। ਇਹੋ ਅੱਜ ਦੇ ਪੰਜਾਬ ਅਤੇ ਪੰਜਾਬੀਆਂ ਦੀ ਸੱਚਾਈ ਹੈ।

ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿੱਚ ਨਸ਼ਿਆਂ ਦੇ ਛੇਵੇਂ ਦਰਿਆ ਤੋਂ ਬਾਅਦ ਪਰਵਾਸ ਦਾ ਸੱਤਵਾਂ ਦਰਿਆ ਪੂਰੇ ਵੇਗ ਵਿੱਚ ਉਛਲਦਾ ਹੋਇਆ ਵਹਿ ਰਿਹਾ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਅਤੇ ਬੱਚੇ ਪੰਜਾਬ ਵਿਚ ਰਹਿ ਕੇ ਰਾਜ਼ੀ ਨਹੀਂ, ਹਰ ਕੋਈ ਜਹਾਜ਼ ਚੜ੍ਹ ਕੇ ਕਿਸੇ ਨਾ ਕਿਸੇ ਤਰੀਕੇ ਸੱਤ ਸਮੁੰਦਰ ਪਾਰ ਜਾਣਾ ਹੀ ਲੋਚਦਾ ਹੈ ਅਤੇ ਵਿਦੇਸ਼ ਜਾਣ ਲਈ ਦਿਨ ਰਾਤ ਗੋਂਦਾ ਗੁੰਦਦਾ ਰਹਿੰਦਾ ਹੈ ਤੇ ਨਵੀਆਂ ਸਕੀਮਾਂ ਘੜਦਾ ਰਹਿੰਦਾ ਹੈ ਤਾਂ ਕਿ ਉਹ ਵਿਦੇਸ਼ ਜਾ ਕੇ ਡਾਲਰ ਅਤੇ ਪੌਂਡ ਕਮਾ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜੂਨ ਸੁਧਾਰ ਸਕੇ।

ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ ਜਾਣ ਦੀ ਸਿੱਕ ਅਤੇ ਲਾਲਚ ਦਾ ਫਾਇਦਾ ਟ੍ਰੈਵਲ ਏਜੰਟ ਚੁੱਕਦੇ ਹਨ। ਕਈ ਨੌਜਵਾਨ ਤਾਂ ਜਾਇਜ਼ ਤਰੀਕੇ ਨਾਲ ਵਿਦੇਸ਼ ਵਿਚ ਆਪਣੇ ਟਿਕਾਣੇ ਪਹੁੰਚ ਜਾਂਦੇ ਹਨ ਪਰ ਹੋਰ ਬਹੁਤ ਸਾਰੇ ਨੌਜਵਾਨ ਧੋਖੇਬਾਜ਼ ਏਜੰਟਾਂ ਦੇ ਜਾਲ ਵਿੱਚ ਫਸ ਕੇ ਅਮਰੀਕਾ, ਕੈਨੇਡਾ ਜਾਂ ਆਸਟਰੇਲੀਆ ਜਾਣ ਦੀ ਥਾਂ ਕਿਸੇ ਅਜਿਹੇ ਬੇਗਾਨੇ ਮੁਲਕ ਵਿਚ ਜਾ ਫਸਦੇ ਹਨ, ਜਿਥੇ ਉਹ ਪੈਸੇ ਦੀ ਅਣਹੋਂਦ ਅਤੇ ਭਾਸ਼ਾ ਦੀ ਜਾਣਕਾਰੀ ਦੀ ਘਾਟ ਕਾਰਨ ਆਪਣੀ ਰਿਹਾਈ ਲਈ ਕੋਈ ਚਾਰਾਜੋਈ ਵੀ ਨਹੀਂ ਕਰ ਸਕਦੇ। ਅਜਿਹੇ ਨੌਜਵਾਨਾਂ ਦੇ ਪਾਸਪੋਰਟ ਅਤੇ ਹੋਰ ਸਮਾਨ ਖੁਦਗਰਜ਼ ਏਜੰਟਾਂ ਨੇ ਪਹਿਲਾਂ ਹੀ ਖੁਦ ਸਾਂਭ ਲਿਆ ਹੁੰਦਾ ਹੈ। ਖੁਦਗਰਜ਼ ਏਜੰਟ ਕਈ ਵਾਰ ਤਾਂ ਅਜਿਹੇ ਨੌਜਵਾਨਾਂ ਸਣੇ ਜਹਾਜ਼ ਹੀ ਡੂੰਘੇ ਸਮੁੰਦਰਾਂ ਵਿੱਚ ਡੋਬ ਦਿੰਦੇ ਹਨ। ਮਾਲਟਾ ਵਰਗੇ ਭਿਆਨਕ ਕਾਂਡ ਇਸ ਗੱਲ ਦੇ ਗਵਾਹ ਹਨ।

ਵੱਡੀ ਗਿਣਤੀ ਐਨਆਰਆਈ ਪੰਜਾਬੀਆਂ ਦੀਆਂ ਪੰਜਾਬ ਵਿੱਚ ਉਸਾਰੀਆਂ ਆਲੀਸ਼ਾਨ ਮਹਿਲਾਂ ਵਰਗੀਆਂ ਕੋਠੀਆਂ, ਉਨ੍ਹਾਂ ਉਪਰ ਬਣੇ ਹਵਾਈ ਜਹਾਜ਼, ਹੈਲੀਕਾਪਟਰ, ਟੈਂਕ, ਬਲਦਾਂ ਦੀਆਂ ਜੋੜੀਆਂ, ਐਨਆਰਆਈਜ਼ ਦੀ ਅਮੀਰੀ, ਸ਼ਾਹੀ ਠਾਠ ਅਤੇ ਦੂਜੇ ਪਾਸੇ ਪੰਜਾਬ ਵਿਚ ਫੈਲੀ ਬੇਰੁਜ਼ਗਾਰੀ, ਨਸ਼ੇ ਦੀ ਦਲਦਲ, ਪਿਛਲੇ ਸਮੇਂ ਦੌਰਾਨ ਫੈਲੇ ਅਤਿਵਾਦ, ਫੇਰ ਪੁਲੀਸ ਦੇ ਦਮਨ ਚੱਕਰ, ਹਰ ਪਾਸੇ ਫੈਲੇ ਪ੍ਰਦੂਸ਼ਣ, ਸੜਕ ਹਾਦਸਿਆਂ, ਲੋਕਾਂ ਵਿਚ ਇਕ ਦੂਜੇ ਨੂੰ ਵੇਖ ਕੇ ਪੈਦਾ ਹੁੰਦੇ ਸਾੜੇ, ਹਰ ਪਾਸੇ ਹੁੰਦੀ ਕਤਲੋਗਾਰਤ, ਸਰਕਾਰਾਂ ਦੀਆਂ ਗਲਤ ਨੀਤੀਆਂ, ਚੰਗੇਰੀ ਪੜ੍ਹਾਈ ਦੀ ਪੰਜਾਬ ਵਿਚ ਅਣਹੋਂਦ, ਭ੍ਰਿਸ਼ਟਾਚਾਰ, ਭਾਈ ਭਤੀਜਾਵਾਦ, ਸਿਆਸੀ ਖ਼ਲਾਅ, ਆਪੋਧਾਪੀ ਦੇ ਮਾਹੌਲ ਵਿੱਚ ਸਾਰੇ ਹੀ ਮਾਪੇ ਇਹ ਸੋਚਦੇ ਹਨ ਕਿ ਜੋ ਸੰਤਾਪ ਉਨ੍ਹਾਂ ਨੇ ਭੋਗਿਆ ਹੈ, ਉਹ ਉਨ੍ਹਾਂ ਦੇ ਬੱਚੇ ਨਾ ਭੋਗਣ। ਇਸ ਲਈ ਹੁਣ ਮਾਪੇ ਖੁਦ ਹੀ ਆਪਣੇ ਬੱਚਿਆਂ ਨੂੰ ਹਰ ਹੀਲੇ ਵਿਦੇਸ਼ ਭੇਜਣ ਲਈ ਜੁਗਾੜ ਲਗਾਉਣ ਲੱਗਦੇ ਹਨ। ਪਰ ਜਿਸ ਤਰੀਕੇ ਨਾਲ ਪੰਜਾਬ ਵਿਚੋਂ ਜਵਾਨੀ ਅਤੇ ਪੈਸੇ ਦਾ ਵਿਦੇਸ਼ ਨੂੰ ਪਰਵਾਸ ਹੋ ਰਿਹਾ ਹੈ, ਉਹ ਚਿੰਤਾ ਦਾ ਵਿਸ਼ਾ ਹੈ। ਜੇ ਪਰਵਾਸ ਦਾ ਸੱਤਵਾਂ ਦਰਿਆ ਇਸੇ ਤਰ੍ਹਾਂ ਉਛਲ ਉਛਲ ਕੇ ਵਹਿੰਦਾ ਰਿਹਾ ਤਾਂ ਪੰਜਾਬ ਦੇ ਪਿੰਡਾਂ-ਸ਼ਹਿਰਾਂ ਅਤੇ ਕਸਬਿਆਂ ਵਿੱਚ ਪੰਜਾਬੀ ਬੱਚੇ ਅਤੇ ਨੌਜਵਾਨ ਭਾਲਿਆਂ ਨਹੀਂ ਲੱਭਣੇ ਅਤੇ ਪੰਜਾਬ ਵਿਚ ਪਿਛੇ ਸਿਰਫ ਅੱਧਖੜ ਵਿਅਕਤੀ ਅਤੇ ਬਜ਼ੁਰਗ ਮਾਪੇ ਹੀ ਰਹਿ ਜਾਣਗੇ।

ਸਮੇਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਕਾਰਨਾਂ ਦੀ ਘੋਖ ਕਰਨ ਜਿਨ੍ਹਾਂ ਕਰ ਕੇ ਅੱਜ ਪੰਜਾਬੀਆਂ ਦੀ ਸੋਚ ਅਜਿਹੀ ਬਣੀ ਹੈ ਕਿ ਉਹ ਛੇਤੀ ਤੋਂ ਛੇਤੀ ਵਿਦੇਸ਼ ਉਡਾਰੀ ਮਾਰ ਜਾਣ ਲਈ ਕਾਹਲੇ ਹਨ। ਸਰਕਾਰ ਨੂੰ ਹਰ ਘਰ ਰੁਜ਼ਗਾਰ, ਕਿੱਤਾਮੁੱਖੀ ਸਿਖਿਆ ਦੇ ਕੇ ਕਿੱਤੇ ਅਤੇ ਕੰਮ ਧੰਦੇ ਖੋਲ੍ਹਣ ਲਈ ਸਹਾਇਤਾ ਕਰਨ, ਸਰਕਾਰੀ ਨੀਤੀਆਂ ਦਾ ਲੋਕ ਭਲਾਈ ਰੁਖ ਬਣਾਉਣ, ਹਰ ਵਿਅਕਤੀ ਤਕ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ, ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਆਦਿ ਵਰਗੇ ਉਪਰਾਲੇ ਕਰਨੇ ਚਾਹੀਦੇ ਹਨ।

Leave a Reply

Your email address will not be published. Required fields are marked *