ਕੋਈ ਔਖਾ ਨਹੀਂ ਹੈ ਸਿਹਤਮੰਦ ਬਣੇ ਰਹਿਣਾ

ਡਾ. ਸ਼ਿਆਮ ਸੁੰਦਰ ਦੀਪਤੀ

ਸਾਡੀ ਜ਼ਿੰਦਗੀ ਵਿੱਚ ਸਿਹਤ ਇਕ ਅਜਿਹਾ ਪਹਿਲੂ ਹੈ, ਜਿਸ ਪ੍ਰਤੀ ਹਰ ਕੋਈ ਫ਼ਿਕਰਮੰਦ ਹੈ। ਕੋਈ ਨਹੀਂ ਚਾਹੁੰਦਾ ਕਿ ਬਿਮਾਰੀ ਉਸ ਦੇ ਆਪਣੇ ਜਾਂ ਪਰਿਵਾਰ ਦੇ ਕਿਸੇ ਜੀਅ ਦੇ ਨੇੜੇ ਵੀ ਫੜਕੇ। ਬਿਮਾਰੀ ਆਪਣੇ ਸੁਭਾਅ ਕਰਕੇ ਹੀ ਸਭ ਨੂੰ ਡਰਾਉਂਦੀ ਹੈ ਪਰ ਹੁਣ ਬਿਮਾਰੀ ਦੇ ਕੀਤੇ ਜਾ ਰਹੇ ਇਲਾਜ ਵੀ ਡਰਾਉਂਦੇ ਹਨ। ਵੈਸੇ ਤਾਂ ਬਹੁਤ ਪੁਰਾਣਾ ਅਖਾਣ ਹੈ ਕਿ ਕੋਈ ਵੀ ਡਾਕਟਰ ਅਤੇ ਵਕੀਲ ਦੇ ਵਸ ਨਾ ਪਵੇ। ਅੱਜ ਦੇ ਸੰਦਰਭ ਨੂੰ ਇਕ ਮਿੰਟ ਪਾਸੇ ਰੱਖ ਦੇਈਏ ਤਾਂ ਇਸ ਦੁਆ ਵਿਚ ਸ਼ਾਮਲ ਹੈ ਕਿ ਕੋਈ ਵੀ ਬਿਮਾਰ ਨਾ ਹੋਵੇ ਤੇ ਲੜਾਈ ਝਗੜੇ ਤੋਂ ਦੂਰ ਰਹੇ। ਭਾਵ ਦੋਵੇਂ ਹੀ ਪਹਿਲੂ ਵਿਅਕਤੀ ਦੀ ਜ਼ਿੰਦਗੀ ਨੂੰ ਡਾਵਾਂਡੋਲ ਕਰਨ ਵਾਲੇ ਹਨ। ਇਸੇ ਤਰ੍ਹਾਂ ਇਸ ਅਖਾਣ ਰਾਹੀਂ ਦਿੱਤੀ ਗਈ ਦੂਆ, ਜ਼ਿੰਦਗੀ ਨੂੰ ਸੁਖਾਵਾਂ-ਸੁਖਾਲਾ ਦੇਖਣ ਦੀ ਚਾਹਤ ਵਾਲੀ ਹੈ।

ਬਿਮਾਰੀ ਦੇ ਸੰਦਰਭ ਵਿੱਚ, ਅੱਜ ਇਹ ਇਨਾ ਜ਼ਿਆਦਾ ਭੈਅ-ਭੀਤ ਕਰਨ ਵਾਲੀ ਸਥਿਤੀ ਹੈ ਕਿ ਜਿਸ ਵਿਅਕਤੀ ਨੇ ਬਿਮਾਰ ਹੋਣ ਤੋਂ ਬਚਣ ਲਈ ਗੁਰ ਦੱਸਣੇ ਹਨ ਜਾਂ ਬਿਮਾਰ ਹੋ ਜਾਣ ’ਤੇ ਇਲਾਜ ਕਰਕੇ ਸਿਹਤ ਦੀ ਮੁੜ ਬਹਾਲੀ ਕਰਨੀ ਹੈ, ਦੋਵੇਂ ਹੀ ਡਰਾਉਣੇ ਹੋ ਗਏ ਹਨ ਕਿ ਡਾਕਟਰ ਦਾ ਨਾਂ ਦਿਲ ਨੂੰ ਹੌਂਸਲਾ ਦੇਣ ਦੀ ਥਾਂ, ਦਿਲ ਕੰਬਾਉ ਹੋ ਗਿਆ ਹੈ ਤੇ ਬਿਮਾਰ ਵਿਅਕਤੀ ਕਿਸੇ ਡਾਕਟਰ ਤੱਕ ਪਹੁੰਚ ਕਰਨ ਤੋਂ ਪਹਿਲਾਂ ਕਈ ਵਾਰ ਸੋਚਦਾ ਹੈ। ਇੰਜ ਦਾ ਅਹਿਸਾਸ ਬਣ ਗਿਆ ਹੈ ਕਿ ਬਿਮਾਰ ਵਿਅਕਤੀ, ਇਲਾਜ ਕਰਵਾਉਣ ਲਈ ਨਹੀਂ, ਡਾਕਟਰ ਦੇ ਚੁੰਗਲ ਵਿਚ ਫਸਣ ਜਾ ਰਿਹਾ ਹੈ। ਇਹ ਮਾਨਸਿਕਤਾ ਜਾਂ ਸੋਚ ਭਾਵੇਂ ਬਹੁਗਿਣਤੀ ਨਾ ਹੋਵੇ, ਡਾਕਟਰ ਇਸ ਤੋਂ ਇਨਕਾਰੀ ਹੋਣ ਭਾਵੇਂ ਪਰ ਜੇ ਇਹ ਕੁਝ ਕੁ ਲੋਕਾਂ ਵਿਚ ਵੀ ਪੈਦਾ ਹੋਈ ਹੈ ਤਾਂ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ।

ਸਿਹਤ ਨੂੰ ਲੈ ਕੇ ਗੱਲ ਕਰੀਏ ਤਾਂ ਇਸ ਦੇ ਦੋ ਪਹਿਲੂ ਹਨ ਕਿ ਬਿਮਾਰ ਨਾ ਹੀ ਹੋਇਆ ਜਾਵੇ ਜਾਂ ਬਿਮਾਰੀ ਨੂੰ ਸ਼ੁਰੂਆਤੀ ਦੌਰ ਵਿਚ ਹੀ ਫੜ ਲਿਆ ਜਾਵੇ ਤਾਂ ਜੋ ਬਿਮਾਰੀ ਤੋਂ ਹੋਣ ਵਾਲੀ ਤਕਲੀਫ਼ ਤੋਂ ਬਚਿਆ ਜਾ ਸਕੇ।

ਸਿਹਤਮੰਦ ਬਣੇ ਰਹਿਣ ਲਈ ਕਈ ਪ੍ਰਮੁੱਖ ਪਹਿਲੂ ਹਨ ਪਰ ਦੋ ਪੱਖ ਬਹੁਤ ਅਹਿਮ ਹਨ। ਖੁਰਾਕ ਅਤੇ ਸਰਗਰਮੀ। ਸਿਹਤ ਪ੍ਰਤੀ ਚਿੰਤਾ ਨੂੰ ਲੈ ਕੇ, ਬਾਜ਼ਾਰ ਨੇ ਇਸ ਵਿਚ ਘੁਸਪੈਠ ਕੀਤੀ ਹੈ। ਬਾਜ਼ਾਰ ਵਿਚ ਹਰ ਖੁਰਾਕੀ ਪਦਾਰਥ, ਸਿਹਤਮੰਦ (ਹੈਲਦੀ) ਜਾਂ ਪ੍ਰੀਮੀਅਮ ਹੋ ਗਿਆ ਹੈ। ਉਹ ਚਾਹੇ ਸ਼ਰਬਤ ਹੋਵੇ, ਭੁਜੀਆ ਹੋਵੇ, ਦੁੱਧ, ਦਹੀ, ਲੱਸੀ ਜਾਂ ਕੁਝ ਹੋਰ। ਲੋਕਾਂ ਦੇ ਬਾਹਰ ਜਾ ਕੇ ਖਾਣ ਦੀ ਆਦਤ ਨੂੰ ਦੇਖਦੇ ਹੋਏ, ਖੁਰਾਕ ਦੇ ਅੱਡੇ, ਮੈਕਡੋਨਲਡ, ਕੇਐੱਫਸੀ, ਸਬ ਵੇਅ ਸਾਰੇ ਹੀ ਆਪਣੇ ਖਾਣਿਆਂ ਨੂੰ ਸਿਹਤਮੰਦ ਦਾ ਲੈਬਲ ਲਾ ਕੇ, ਇਸ਼ਤਿਹਾਰਬਾਜ਼ੀ ਕਰਦੇ ਹਨ ਤੇ ਵੇਚਦੇ ਹਨ।

ਸਰਗਰਮੀ ਤਹਿਤ ਆਉਂਦਾ ਹੱਥੀਂ ਕੰਮ ਕਰਨ ਦੀ ਆਦਤ ਵਾਲਾ ਵੱਖਰਾ ਪੱਖ, ਕਸਰਤ ਕਰਨ ਜਾਂ ਸੈਰ ਕਰਨ ਨੂੰ ਆਪਣੀਆਂ ਆਦਤਾਂ ਵਿੱਚ ਸ਼ਾਮਲ ਕਰਨ ਦੀ ਥਾਂ ਜਿਮ ਕਲਚਰ ਥਾਂ-ਥਾਂ ਉਸਰ ਗਏ ਹਨ। ਔਰਤ, ਮਰਦ ਬੱਚੇ ਇਨ੍ਹਾਂ ਅੱਡਿਆਂ ਵਲ ਦੌੜਦੇ ਮਿਲਣਗੇ। ਉਨ੍ਹਾਂ ਨੇ ਸਰੀਰਕ ਹਰਕਤਾਂ ਦੇ ਨਾਲ ਖੁਰਾਕ ਵੀ ਜੋੜ ਲਈ ਹੈ। ਉਹ ਸਿਹਤਮੰਦ ਹੋਣ ਨੂੰ ਡੋਲਿਆਂ ਅਤੇ ਛੇ ਪੈਕ ਨਾਲ ਹੀ ਜੋੜਦੇ ਹਨ।

ਇਸੇ ਲੜੀ ਵਿਚ ਦੂਸਰਾ ਪਹਿਲੂ ਹੈ, ਬਿਮਾਰੀ ਨੂੰ ਛੇਤੀ ਫੜਣਾ, ਜੋ ਸਮੇਂ ਸਿਰ ਬਿਨਾਂ ਕਿਸੇ ਨੁਕਸਾਨ ਤੋਂ ਹੀ ਠੀਕ ਠਾਕ ਕੀਤਾ ਜਾ ਸਕੇ। ਇਹ ਇਕ ਵਧੀਆ ਭਾਵ ਹੈ। ਇਸ ਦੀ ਵਿਗਿਆਨਕ ਤਰਤੀਬ ਹੈ ਕਿ ਪਹਿਲਾਂ ਵਿਅਕਤੀ ਖੁਦ ਮਹਿਸੂਸ ਕਰੇ ਕਿ ਉਸ ਦੇ ਅੰਦਰ ਕੋਈ ਗੜਬੜ ਹੈ। ਇਸ ਦਾ ਤਰੀਕਾ ਹੈ, ਰੋਜ਼ਾਨਾ ਦੀ ਰੁਟੀਨ ਤੋਂ ਕੁਝ ਅਲਗ ਮਹਿਸੂਸ ਕਰਨਾ। ਫਿਰ ਵਿਅਕਤੀ ਛੇਤੀ ਤੋਂ ਛੇਤੀ ਡਾਕਟਰ ਤੱਕ ਪਹੁੰਚ ਕਰੇ ਤੇ ਡਾਕਟਰ ਆਪਣੀ ਸਿਖਲਾਈ ਦੇ ਮੱਦੇਨਜ਼ਰ ਉਸ ਦੀ ਜਾਂਚ ਕਰੇ ਤੇ ਲੋੜ ਪੈਣ ’ਤੇ ਕੋਈ ਟੈਸਟ ਕਰਵਾ ਲੈਣ।

ਇਸ ਸੋਝੀ ਦੇ ਤਹਿਤ ਕਿ ਬਿਮਾਰੀ ਛੇਤੀ ਫੜਣੀ ਹੈ, ਲੈਬਾਰਟਰੀ ਵਾਲਾ ਮਹਿਕਮਾ ਅੱਗੇ ਆਇਆ ਹੈ ਤੇ ਉਸ ਨੂੰ ਡਾਕਟਰ ਤੋਂ ਸਲਾਹ ਲੈਣ ਦੀ ਅਹਿਮੀਅਤ ਨੂੰ ਘੱਟ ਕੀਤਾ ਜਾਂ ਰੱਦ ਹੀ ਕੀਤਾ ਹੈ ਤੇ ਸਿੱਧੇ ਹੀ ਟੈਸਟ ਕਰਵਾਉਣ ਨੂੰ ਪਹਿਲ ਦਿੱਤੀ ਹੈ। ਹੁਣ ਇਸ਼ਤਿਹਾਰਾਂ ਰਾਹੀਂ ਉਹ ਕਈ ਤਰ੍ਹਾਂ ਦੇ ਪੈਕਜ ਬਣਾ ਕੇ, ਆਵਾਜ਼ ਮਾਰਦਾ ਹੈ। ਸਾਰੇ ਸਰੀਰ ਦੇ ਟੈਸਟ, ਬੁਢਾਪੇ ਦੇ ਟੈਸਟ, ਔਰਤਾਂ ਸਬੰਧੀ ਵਿਸ਼ੇਸ਼ ਪੈਕਜ, ਸ਼ੂਗਰ ਰੋਗ, ਦਿਲ ਦੀਆਂ ਬਿਮਾਰੀਆਂ ਲਈ ਟੈਸਟ ਪੈਕਜ।

ਡਾਕਟਰ ਮਰੀਜ਼ ਵਿੱਚ ਘੱਟ ਰਹੇ ਭਰੋਸੇ ਨੇ ਵੀ ਇਸ ਦਿਸ਼ਾ ਨੂੰ ਉਤਸ਼ਾਹਿਤ ਕੀਤਾ ਹੈ। ਲੋਕ ਹੁਣ ਖੁਦਬਖੁਦ ਲੈਬਾਰਟਰੀ ਚਲੇ ਜਾਂਦੇ ਹਨ ਤੇ ਉਨ੍ਹਾਂ ਨੇ ਵੀ ਹੋਮ ਸਰਵਿਸ ਸ਼ੁਰੂ ਕੀਤੀ ਹੋਈ ਹੈ।

ਰਿਪੋਰਟ ’ਤੇ ਨਜ਼ਰ ਡਾਕਟਰ/ਮਾਹਿਰ ਨੇ ਮਾਰਨੀ ਸੀ ਤੇ ਵਿਅਕਤੀ ਦੀ ਆਪਣੀ ਹਾਲਤ ਦੇ ਮੱਦੇਨਜ਼ਰ (ਦੋਵਾਂ ਗੱਲਾਂ ਨੂੰ ਮਿਲਾ ਕੇ) ਸਿੱਟਾ ਕੱਢਣਾ ਸੀ। ਬਹੁਤੀ ਵਾਰੀ ਤਾਂ ਟੈਸਟ ਕਰਨ ਵਾਲਾ ਟੈਕਨੀਸ਼ੀਅਨ ਜਾਂ ਟੈਸਟ ਕਰਨ ਵਾਲਾ ਮਾਹਿਰ ਡਾਕਟਰ ਹੀ ਆਪਣੀ ਟਿੱਪਣੀ ਕਰਕੇ ਛੱਡ ਦਿੰਦਾ ਹੈ। ਉਂਜ ਟੈਸਟਾਂ ਦੀ ਗੂੜੀ ਰਿਪੋਰਟ ਖੁਦ ਹੀ ਡਰ ਦਾ ਭਾਵ ਪੈਦਾ ਕਰ ਹੀ ਦਿੰਦੀ ਹੈ।

ਇਥੇ ਮਾਹਿਰ ਦਾ ਰਿਪੋਰਟ ਪੜ੍ਹ ਕੇ ਸਿੱਟਾ ਕੱਢਣ ਤੋਂ ਭਾਵ ਹੈ ਕਿ ਉਹ ਮਾਹਿਰ ਕਿਸੇ ਵਿਸ਼ੇ ਦਾ ਮਾਹਿਰ ਤਾਂ ਹੈ ਹੀ, ਨਾਲੇ ਉਹ ਮਸ਼ੀਨ ਤੋਂ ਅਲਗ ਇਹ ਵੀ ਜਾਣਦਾ ਹੈ ਕਿ ਟੈਸਟ ਕਰਵਾ ਰਿਹਾ ਵਿਅਕਤੀ ਜ਼ਿੰਦਗੀ ਦੇ ਕਿਸ ਪੜਾਅ ਵਿਚੋਂ ਲੰਘ ਰਿਹਾ ਹੈ। ਇਹ ਗੱਲ ਤਾਂ ਹਰ ਕੋਈ ਤਸਦੀਕ ਕਰੇਗਾ ਕਿ ਸੱਠ ਸੱਤਰ ਸਾਲ ਦੇ ਵਿਅਕਤੀ ਦੇ ਸਰੀਰ ਦੀ ਬਣਤਾ ਅਤੇ ਕਾਰਗੁਜਾਰੀ ਕਿਸੇ ਵੀ ਪੱਚੀ ਤੀਹ ਸਾਲ ਦੇ ਨੌਜਵਾਨ ਦੇ ਸਰੀਰ ਤੋਂ ਅਲੱਗ ਹੋਵੇਗੀ। ਸਰੀਰ ਵਿਗਿਆਨ ਮੁਤਾਬਕ, ਚਾਲੀ ਸਾਲ ਦੀ ਉਮਰ ਤੋਂ ਬਾਅਦ, ਸਰੀਰ ਢਲਾਣ-ਨਿਵਾਣ ਵੱਲ ਹੁੰਦਾ ਹੈ।

ਡਾਕਟਰ ਮਰੀਜ਼ ਦੇ ਰਿਸ਼ਤੇ ਵਿਚ ਆਈ ਬੇਭਰੋਸਗੀ ਦੇ ਮੱਦੇਨਜ਼ਰ, ਵਿਅਕਤੀ ਡਾਕਟਰ ਕੋਲ ਨਹੀਂ ਜਾਂਦਾ ਹੈ। ਡਾਕਟਰ ਵੀ ਉਸ ਸਥਿਤੀ ਨੂੰ ਸਾਵਾਂ ਕਰਨ ਦੀ ਥਾਂ, ਮਰੀਜ਼ ਨੂੰ ਡਰਾਉਣ (ਸਹੀ ਅਰਥਾਂ ਵਿਚ ਫਸਾਉਣ) ਦੀ ਕੋਸ਼ਿਸ਼ ਕਰਦਾ ਹੈ। ਇਹ ਗੱਲ ਵੱਖਰੀ ਹੈ ਕਿ ਇਸ ਬੇਯਕੀਨੀ ਦੇ ਮਾਹੌਲ ਵਿਚ ਮਰੀਜ਼ ਭਟਕਦਾ ਹੈ, ਇਧਰ-ਉਧਰ ਸਲਾਹ ਕਰਦਾ ਹੈ, ਗੈਰ ਵਿਗਿਆਨਕ ਕਿਸਮ ਦੀ ਸਲਾਹ ਲੈਂਦਾ ਹੈ ਤੇ ਜਿਸ ਮਕਸਦ ਨੂੰ ਲੈ ਕੇ ਟੈਸਟ ਕਰਵਾਏ ਸੀ ਕਿ ਬਿਮਾਰੀ ਛੇਤੀ ਫੜੀ ਜਾਵੇ, ਸਗੋਂ ਦੇਰੀ ਕਰ ਲੈਂਦਾ ਹੈ।

ਬੇਭਰੋਸਗੀ ਦੇ ਪਿੱਛੇ ਹੋਰ ਵੀ ਕਾਰਨ ਹਨ, ਜੋ ਸੁਚੇਤ ਲੋਕ ਦੇਖਦੇ ਸੋਚਦੇ ਹਨ, ਕਿਸੇ ਵੇਲੇ ਨਾਰਮਲ ਕੋਲੈਸਟਰੋਲ ਦੀ ਸੀਮਾ 250 ਸੀ, ਫਿਰ ਹੌਲੀ ਹੌਲੀ 200 ਤੇ ਫਿਰ 150 ਤੱਕ ਲੈ ਆਂਦੀ ਹੈ ਤੇ ਹੁਣ 125 ਤੱਕ ਆ ਗਈ ਹੈ। ਇਸੇ ਤਰ੍ਹਾਂ ਬਲੱਡ ਸ਼ੂਗਰ ਦੀ ਗੱਲ ਹੈ। ਮੰਨ ਲੈਂਦੇ ਹਾਂ ਕਿ ਨਵੀਆਂ ਖੋਜਾਂ ਅਤੇ ਨਵੇਂ ਮਾਹਿਰਾਂ ਸੁਪਰ ਮਾਹਿਰਾਂ ਦੀ ਰਾਏ ਲਈ ਗਈ ਹੋਵੇਗੀ, ਵਿਸ਼ਵ ਸਿਹਤ ਸੰਸਥਾ ਨੇ ਕੋਈ ਮਾਹਿਰ ਕਮੇਟੀ ਦਾ ਗਠਨ ਕੀਤਾ ਹੋਵੇਗਾ ਪਰ ਵਿਸ਼ਵ ਸਿਹਤ ਸੰਸਥਾ ਉਪਰ ਵੱਧ ਰਿਹਾ ਦਬਾਅ ਕੰਪਨੀਆਂ ਦਾ ਗਲਬਾ ਅਤੇ ਦਾਬਾ ਮੁਕਾਬਲਾ ਤਾਂ ਪੈਦਾ ਕਰਦਾ ਹੀ ਹੈ।

ਇਸ ਸਾਰੀ ਸਥਿਤੀ ਦੇ ਮੱਦੇਨਜ਼ਰ ਹਰ ਕੋਈ ਬਿਮਾਰੀਆਂ ਨਾਲ ਘਿਰਿਆ ਮਹਿਸੂਸ ਕਰਦਾ ਹੈ। ਲੱਗਦਾ ਹੈ ਜਿਵੇਂ ਡਾਕਟਰਾਂ, ਸੁਪਰ ਮਾਹਿਰਾਂ ਲੈਬਾਰਟਰੀ, ਸਕੈਨਾਂ, ਈਸੀਜੀ, ਦਵਾਈਆਂ ਦਾ ਇਕ ਚੱਕਰਵਿਊ ਹੋਵੇ। ਲੱਗਦਾ ਹੈ ਬਹੁਤ ਹੀ ਔਖਾ ਹੈ ਇਸ ਵਿਚੋਂ ਬਾਹਰ ਨਿਕਲਣਾ। ਔਖਾ ਹੈ ਸਿਹਤਮੰਦ ਸਥਿਤੀ ਬਾਰੇ ਸੋਚਣਾ, ਬਣਾ ਕੇ ਰੱਖਣਾ ਤਾਂ ਦੂਰ ਦੀ ਗੱਲ ਹੈ।

ਸਥਿਤੀ ਨੂੰ ਸਹਿਜ ਕਰਨ ਦੀ ਥਾਂ ’ਤੇ ਗੁੰਝਲਦਾਰ ਕੀਤਾ ਜਾ ਰਿਹਾ ਹੈ। ‘ਮੋਟਾਪਾ ਘਟਾਉ’ ਦੀਆਂ ਦੁਕਾਨਾਂ ਵੱਧ ਰਹੀਆਂ ਹਨ। ਜ਼ਰੂਰੀ ਵੀ ਹੈ ਕਿਉਂਕਿ ਸਮੱਸਿਆ ਗੰਭੀਰ ਹੋ ਰਹੀ ਹੈ ਪਰ ਇਸ ਨੂੰ ਲੈ ਕੇ ਸਿਹਤਮੰਦ ਪਹੁੰਚ ਵੀ ਹੋ ਸਕਦੀ ਹੈ। ‘ਭਾਰ ਕਾਬੂ ਹੇਠ ਰੱਖੋ’ ਦਾ ਸਲਾਹਖਾਣਾ। ਗੱਲ ਇਹ ਹੈ ਕਿ ਵਿਅਕਤੀ ਦੀ ਮਾਨਸਿਕਤਾ ਵਿਚ ਸਿਹਤ ਦਾਖਲ ਹੀ ਨਹੀਂ ਕੀਤੀ, ਬਿਮਾਰੀ ਹੀ ਭਾਰੂ ਹੈ ਤੇ ਵਿਅਕਤੀ ਇਸ ਦੀ ਤਲਾਸ਼ ਕਰਦਾ ਹੈ।

ਪਿਛਲੇ ਦਿਨੀਂ ਅੱਸੀ ਸਾਲ ਤੋਂ ਵੱਧ ਸਮਾਂ ਲੰਘਾ ਚੁੱਕੇ ਲੋਕਾਂ ਨਾਲ ਗੁਫ਼ਤਗੂ ਕਰਨ ਦਾ ਸਬੱਬ ਬਣਾਇਆ। 81 ਸਾਲ ਤੋਂ ਲੈ ਕੇ 99 ਸਾਲ ਦੇ ਬਜ਼ੁਰਗ ਮਿਲੇ। ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ।

ਸਰੀਰਕ ਤੌਰ ’ਤੇ ਤੰਦਰੁਸਤੀ ਲਈ, ਕਈਆਂ ਪਹਿਲੂਆਂ ਵਿਚੋਂ ਦੋ ਪ੍ਰਮੁੱਖ ਹਨ, ਖੁਰਾਕ ਅਤੇ ਸਰਗਰਮ ਜੀਵਨ ਸ਼ੈਲੀ, ਖੁਰਾਕ ਵਿਚ ਸਿਹਤਮੰਦ ਖੁਰਾਕ ਕੋਈ ਦਿਸ਼ਾ ਨਹੀਂ ਦਿੰਦੀ ਪਰ ਜੋ ਸਮਝੀਏ ਤਾਂ ਮਤਲਬ ਹੈ ਘਰ ਦੀ ਰਸੋਈ ਵਿਚ ਬਣੇ ਭੋਜਨ ’ਤੇ ਭਰੋਸਾ। ਮਤਲਬ ਬਾਹਰ ਦਾ, ਬਾਜ਼ਾਰੀ ਸਜਾਵਟ ਵਾਲਾ, ਸਵਾਦ ਨੂੰ ਪਹਿਲ ਦੇਣ ਵਾਲਾ ਖਾਣਾ ਨਾ ਖਾਣਾ ਤੇ ਦੂਸਰਾ ਹੈ ਐਕਟਿਵ ਲਾਈਫ ਜੋ ਹੱਥੀਂ ਕੰਮ ਹੋ ਸਕਦਾ ਹੈ ਤਾਂ ਵਧੀਆ ਜਿਵੇਂ ਗੋਡੀ ਕਰਨਾ, ਘਰ ਦੀ ਝਾੜ ਪੂਝ, ਸਾਈਕਲ ਚਲਾਉਣਾ, ਨਹੀਂ ਤਾਂ ਸੈਰ, ਯੋਗਾ ਪੋੜੀਆਂ ਚੜ੍ਹਨਾ ਉਤਰਨਾ ਵੀ ਸ਼ਾਮਲ ਹੈ। ਰੁਟੀਨ ਵਿੱਚ ਜਾਂ ਉਵੇੇੇ ਵੀ। ਸਿਹਤ ਦਾ ਇਕ ਹੋਰ ਅਹਿਮ ਪਹਿਲੂ ਹੈ ਸਮਾਜਿਕ ਸਿਹਤ। ਸਾਧਾਰਨ ਸ਼ਬਦਾਂ ਵਿਚ ਆਪਸੀ ਮੇਲ ਮਿਲਾਪ। ਇਹ ਮਦਦ ਸਰੀਰਕ ਤੌਰ ’ਤੇ ਨਾ ਸਹੀ, ਵੈਸੇ ਵੀ ਆਰਥਿਕ ਤੌਰ ’ਤੇ ਵੀ ਹੋ ਸਕਦੀ ਹੈ। ਗਰੀਬ ਬੱਚੇ ਨੂੰ ‘ਗੋਦ’ ਲੈ ਕੇ ਪੜ੍ਹਾਉਣਾ ਜਾਂ ਖੁਦ ਵੀ ਪੜ੍ਹਾ ਦੇਣਾ ਆਦਿ ਕੰਮ ਉਲੀਕੇ ਜਾ ਸਕਦੇ ਹਨ।

ਖੁਰਾਕ, ਸੈਰ, ਮੇਲ ਮਿਲਾਪ ਤੋਂ ਵੀ ਜ਼ਰੂਰੀ ਹੈ, ਮਾਨਸਿਕ ਤੌਰ ’ਤੇ ਸੰਤੁਸ਼ਟੀ ਦਾ ਅਹਿਸਾਸ। ਸੰਤੁਸ਼ਟੀ ਦੀ ਸੀਮਾ ਕੌਣ ਤੈਅ ਕਰੇਗਾ? ਇਹ ਇਕ ਉਲਝਾਇਆ ਜਾ ਰਿਹਾ ਸਵਾਲ ਹੈ ਪਰ ਸੁਚੇਤ ਹੋ ਕੇ ਇਸ ਨੂੰ ਮਨਨ ਕਰਨ ਦੀ ਲੋੜ ਹੈ। ਖੁਸ਼ੀ ਅਸੀਂ ਸਭ ਚਾਹੁੰਦੇ ਹਾਂ ਪਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਖੁਸੀ ਮਿਲਦੀ ਕਿਥੋਂ ਹੈ? ਜਦੋਂ ਪਤਾ ਨਹੀਂ ਹੁੰਦਾ ਤਾਂ ਅਸੀਂ ਖਾਣ ਪੀਣ ਵਿੱਚ, ਸੋਹਣੇ ਕੱਪੜੇ ਪਾਉਣ ਵਿਚ, ਮਸਤੀ ਕਰਨ ਵਿਚ ਸ਼ਰਾਬ ਦੇ ਪੈੱਗ ਵਿਚ, ਇਸ ਨੂੰ ਲੱਭਦੇ ਹਾਂ ਜਾਂ ਸੋਸ਼ਲ ਮੀਡੀਆ ਦੇ ਸਮਾਂ ਬਰਬਾਦ ਕਰਕੇ ਖੁਸ਼ ਹੁੰਦੇ ਹਾਂ। ਖੁਸ਼ੀ ਦੇ ਸੋਮੇ ਹਨ, ਲੋਕਾਂ ਦੀ ਮਦਦ ਕਰਨਾ, ਆਪਸੀ ਸਹਿਯੋਗ।

ਕਿੰਨੇ ਕੁ ਔਖੇ ਹਨ, ਸਿਹਤਮੰਦ ਰਹਿਣ ਦੇ ਤਰੀਕੇ, ਸਿਰਫ਼ ਸ਼ੁਰੂਆਤ ਕਰਨ ਦੀ ਲੋੜ ਹੈ। ਇਕ ਗੱਲ ਜੋ ਅਹਿਮ ਹੈ ਕਿ ਖੁਰਾਕ ’ਤੇ ਵੀ ਧਿਆਨ ਦੇਣ ਦੀ ਲੋੜ ਹੈ, ਹੱਥੀ ਕੰਮ ਕਰਨ ’ਤੇ ਵੀ, ਲੋਕਾਂ ਨਾਲ ਮਿਲ ਕੇ, ਦੂਸਰਿਆਂ ਬਾਰੇ ਫ਼ਿਕਰਮੰਦੀ ਵੀ ਸਿਹਤਮੰਦ ਰਹਿਣ ਦਾ ਸਲੀਕਾ ਹੈ। ਇਹ ਸਾਰੇ ਹੀ ਲੋੜੀਂਦੇ ਹਨ। ਇਕ ਪੱਖ ’ਤੇ ਜ਼ੋਰ ਦੂਸਰਿਆਂ ਪ੍ਰਤੀ ਅਣਗਹਿਲੀ ਸਿੱਟੇ ਨਹੀਂ ਦੇ ਸਕਦੀ।

Leave a Reply

Your email address will not be published. Required fields are marked *