ਪਾਣੀ, ਪ੍ਰਦੂਸ਼ਣ ਅਤੇ ਪੰਜਾਬ

ਐਡਵੋਕੇਟ ਦਰਸ਼ਨ ਸਿੰਘ ਰਿਆੜ

ਪਾਣੀ ਜੀਵਨ ਦਾ ਮਹੱਤਵਪੂਰਨ ਸੋਮਾ ਹੈ। ਜੇ ਇਹ ਕਹਿ ਲਈਏ ਕਿ ਜਲ ਹੀ ਜੀਵਨ ਹੈ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਬਹੁਤ ਅਹਿਮੀਅਤ ਦਿੱਤੀ ਹੈ। ਉਨ੍ਹਾਂ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’ ਕਹਿ ਕੇ ਧਰਤੀ ਨੂੰ ਮਾਂ ਅਤੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ; ਭਾਵ, ਇਹ ਦੋਵੇਂ ਮਨੁੱਖਤਾ ਅਤੇ ਬਾਕੀ ਜਨ ਜੀਵਾਂ ਦੇ ਜਨਮ ਦਾਤੇ ਤੇ ਪਾਲਣਹਾਰ ਹਨ। ਹਵਾ ਜੋ ਸਾਨੂੰ ਸਾਹ ਲੈਣ ਵਿਚ ਮਦਦ ਕਰਦੀ ਹੈ ਅਤੇ ਚੌਗਿਰਦਾ ਸਾਫ ਰੱਖ ਕੇ ਰਹਿਣ ਯੋਗ ਬਣਾਉਂਦੀ ਹੈ, ਨੂੰ ਗੁਰੂ ਕਿਹਾ ਹੈ। ਮਨੁੱਖ ਜਿਸ ਨੂੰ ਪੰਜ ਤੱਤਾਂ ਦਾ ਪੁਤਲਾ ਕਹਿੰਦੇ ਹਨ, ਦੇ ਤਿੰਨ ਮੁੱਖ ਤੱਤ ਤਾਂ ਇਹੀ ਹਨ; ਬਾਕੀ ਦੋ ਤੱਤ ਅਗਨੀ, ਭਾਵ ਸੂਰਜ ਦੀ ਤਪਸ਼ ਅਤੇ ਅਕਾਸ਼ ਹਨ। ਕੁਦਰਤ ਨੇ ਇਨ੍ਹਾਂ ਤੱਤਾਂ ਦੀ ਮਾਤਰਾ ਸਾਡੀ ਲੋੜ ਅਨੂਸਾਰ ਤੈਅ ਕੀਤੀ ਹੋਈ ਹੈ। ਵਿਗਿਆਨ ਵੀ ਇਸ ਸਚਾਈ ’ਤੇ ਮੋਹਰ ਲਗਾਉਂਦਾ ਹੈ। ਜਦੋਂ ਵੀ ਇਨ੍ਹਾਂ ਤੱਤਾਂ ਦੀ ਮਾਤਰਾ ਸਾਡੀ ਲੋੜ ਤੋਂ ਵਧਦੀ ਘਟਦੀ ਹੈ ਤਾਂ ਸਾਡੀ ਸਿਹਤ ਵਿਗੜਨ ਲੱਗ ਜਾਂਦੀ ਹੈ। ਅਣਗਹਿਲੀ ਵਧ ਜਾਵੇ ਤਾਂ ਕਰੋਨਾ ਵਰਗੀ ਵਬਾ ਫੈਲ ਜਾਂਦੀ ਹੈ। ਫਿਰ ਕੀ ਸਾਡਾ ਫਰਜ਼ ਨਹੀਂ ਬਣਦਾ ਕਿ ਅਸੀਂ ਆਪਣੀ ਕੀਮਤੀ ਜਿ਼ੰਦਗੀ ਦੇ ਸੀਮਤ ਪਲਾਂ ਨੂੰ ਮਹਿਫੂਜ਼ ਰੱਖਣ ਦਾ ਭਰਪੂਰ ਯਤਨ ਕਰੀਏ?

ਕਦੇ ਗਿਣਤੀ ਮਿਣਤੀ ਦੇ ਘੇਰੇ ਤੋਂ ਬਾਹਰ ਰਹੀ ਇਹ ਧਰਤੀ ਹੁਣ ਵਿਗਿਆਨ ਦੇ ਵਿਕਸਤ ਹੋਣ ਨਾਲ 200 ਤੋਂ ਵੀ ਵੱਧ ਦੇਸ਼ਾਂ ਵੰਡ ਕੇ ਵੀ ਛੋਟਾ ਜਿਹਾ ਗਲੋਬਲ ਪਿੰਡ ਬਣ ਗਈ ਹੈ। ਦਿਨ-ਰਾਤ ਅਤੇ ਮੌਸਮਾਂ ਦੇ ਵਖਰੇਂਵਿਆਂ ਕਾਰਨ ਵੀ ਹੁਣ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਵਾਪਰੀ ਘਟਨਾ ਦੀ ਸੂਚਨਾ ਝੱਟ ਦੂਜੇ ਹਿੱਸਿਆਂ ਤੱਕ ਪਹੁੰਚ ਜਾਂਦੀ ਹੈ। ਮਨੁੱਖ ਨੇ ਆਪਣੇ ਦਿਮਾਗ ਅਤੇ ਵਿਗਿਆਨ ਦੀਆਂ ਤਰਕੀਬਾਂ ਨਾਲ ਪਰਮਾਣੂ ਤਾਕਤ ਦੀ ਖੋਜ ਕਰਕੇ ਉਸ ਨਾਲ ਘਾਤਕ ਹਥਿਆਰ ਵੀ ਬਣਾ ਲਏ ਹਨ ਅਤੇ ਉਸ ਨੂੰ ਉਪਜਾਊ ਕੰਮਾਂ ਲਈ ਵੀ ਵਰਤਣਾ ਸ਼ੁਰੂ ਕਰ ਦਿੱਤਾ ਹੈ। ਇੰਜ ਮੌਸਮਾਂ ਨੂੰ ਅਨੁਕੂਲ ਬਣਾਉਣ ਵਾਲੇ ਯੰਤਰਾਂ ਦੇ ਕੰਮ ਕਰਨ ਅਤੇ ਪਰਮਾਣੂ ਤਜਰਬਿਆਂ ਕਾਰਨ ਹੋਏ ਵਿਸਫੋਟਾਂ ਅਤੇ ਉਨ੍ਹਾਂ ਦੇ ਮਲ-ਮੂਤਰ ਨਾਲ ਉਪਜੀਆਂ ਭਿਆਨਕ ਗੈਸਾਂ ਨਾਲ ਸਾਡੀ ਧਰਤੀ ਦਾ ਚੌਗਿਰਦਾ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਸਦੀਆਂ ਤੋਂ ਧਰੁਵਾਂ ਉੱਪਰ ਜੰਮੀ ਬਰਫ ਦੇ ਗਲੇਸ਼ੀਅਰ ਵਧਦੇ ਤਾਪਮਾਨ ਕਾਰਨ ਪਿਘਲਣ ਲੱਗ ਪਏ ਹਨ ਅਤੇ ਗਰਮੀ ਦਾ ਕਹਿਰ ਵੀ ਵਧ ਰਿਹਾ ਹੈ। ਮਨੁੱਖੀ ਹੰਕਾਰ ਕਾਰਨ ਪਹਿਲਾਂ ਦੋ ਸੰਸਾਰ ਯੁੱਧ ਭਿਆਨਕ ਤਬਾਹੀ ਮਚਾ ਚੁੱਕੇ ਹਨ। ਹੁਣ ਰੂਸ ਅਤੇ ਯੂਕਰੇਨ ਦੀ ਲੜਾਈ ਵੀ ਲੰਮੀ ਹੋ ਰਹੀ ਹੈ। ਸਭ ਤਮਾਸ਼ਬੀਨ ਬਣ ਕੇ ਦੇਖ ਰਹੇ ਹਨ ਤੇ ਸੰਜੀਦਗੀ ਨਾਲ ਮਸਲਾ ਹੱਲ ਕਰਾਉਣ ਵੱਲ ਅੱਗੇ ਨਹੀਂ ਆ ਰਹੇ। ਹਰ ਕੋਈ ਜਾਣਦਾ ਹੈ ਕਿ ਯੁੱਧ ਮਸਲੇ ਹੱਲ ਨਹੀਂ, ਕਰਦੇ ਕੇਵਲ ਤਬਾਹੀ ਮਚਾਉਂਦੇ ਹਨ।

ਸਾਡੇ ਦੇਸ਼ ਦਾ ਤਾਪਮਾਨ ਪੱਛਮੀ ਦੇਸ਼ਾਂ ਨਾਲੋਂ ਕਾਫੀ ਭਿੰਨ ਹੈ ਪਰ ਇਹ ਸੰਸਾਰ ਦੇ ਕਿਸੇ ਹਿੱਸੇ ਵਿਚ ਵੀ ਵਧੇ ਜਾਂ ਘਟੇ, ਇਸ ਦਾ ਅਸਰ ਇਥੇ ਜ਼ਰੂਰ ਪੈਂਦਾ ਹੈ। ਇੱਥੇ ਹਾੜ੍ਹੀ ਦੀ ਫਸਲ ਦੀ ਕਟਾਈ ਅਪਰੈਲ ਵਿਚ ਹੁੰਦੀ ਹੈ। ਅਕਸਰ ਇਸੇ ਮਹੀਨੇ ਮੌਸਮ ਵਿਚ ਤਬਦੀਲੀ ਆਉਂਦੀ ਹੈ ਅਤੇ ਮਈ ਮਹੀਨੇ ਗਰਮੀ ਜ਼ੋਰ ਫੜਦੀ ਸੀ ਪਰ ਇਸ ਵਾਰ ਮਾਰਚ ਦੇ ਦੂਜੇ ਪੰਦਰਵਾੜੇ ਵਿਚ ਹੀ ਮੌਸਮ ਦਾ ਮਿਜ਼ਾਜ ਬਦਲ ਗਿਆ ਜਿਸ ਨੇ ਹਾੜ੍ਹੀ ਦੀ ਮੁੱਖ ਫਸਲ ਕਣਕ ਦੇ ਝਾੜ ਵਿਚ ਗਿਰਾਵਟ ਦਰਜ ਕਰਾਈ ਹੈ। ਜਿਵੇਂ ਇਥੇ ਤੇਜ਼ੀ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਤੇਜ਼ੀ ਨਾਲ ਉੱਪਰ ਵੱਲ ਜਾ ਰਹੀਆਂ ਹਨ, ਉਸੇ ਢੰਗ ਨਾਲ ਸੂਰਜੀ ਤਪਸ਼ ਵੀ ਅੰਗਾਰ ਬਣ ਕੇ ਤਾਪਮਾਨ ਨੂੰ ਤੇਜ਼ੀ ਨਾਲ 50 ਡਿਗਰੀ ਸੈਲਸੀਅਸ ਵੱਲ ਲਿਜਾ ਰਹੀ ਹੈ। ਧਰਤੀ ਹੇਠਲਾ ਪਾਣੀ ਸਾਡੀ ਖੇਤੀਬਾੜੀ ਨੇ ਅਨਾਜ ਉਤਪਾਦਨ ਵਿਚ ਵਾਧਾ ਕਰਨ ਲਈ ਝੋਨੇ ਦੀ ਪੈਦਾਵਾਰ ਵਧਾਉਣ ਦੇ ਲੇਖੇ ਲਗਾ ਦਿੱਤਾ ਹੈ। ਪੰਜਾਬ ਦੀ ਜ਼ਰਖੇਜ਼ ਧਰਤੀ ਅਤੇ ਉੱਦਮੀ ਕਿਸਾਨਾਂ ਨੇ ਦੇਸ਼ ਦੇ ਭੰਡਾਰ ਤਾਂ ਭਰ ਦਿੱਤੇ ਹਨ ਪਰ ਆਪਣਾ ਅਨਮੋਲ ਖਜ਼ਾਨਾ ਲੁਟਾ ਦਿੱਤਾ। ਇਸ ਉੱਦਮ ਲਈ ਪੰਜਾਬ ਨੂੰ ਵਿਸ਼ੇਸ਼ ਪੈਕੇਜ ਮਿਲਣਾ ਚਾਹੀਦਾ ਸੀ ਪਰ ਸਰਕਾਰਾਂ ਦੇ ਨਿਕੰਮੇਪਣ ਨੇ ਵੇਲੇ ਸਿਰ ਆਮ ਸਹੂਲਤਾਂ ਤੋਂ ਵੀ ਵਿਰਵੇ ਹੀ ਰੱਖਿਆ ਹੈ। ਇਸ ਸਮੇਂ ਪੰਜਾਬ ਕੋਲ 1947 ਤੋਂ ਪਹਿਲਾਂ ਵਾਲੇ ਪੰਜਾਬ ਦੇ ਚੌਥੇ ਹਿੱਸੇ ਦੇ ਬਰਾਬਰ ਵੀ ਰਕਬਾ ਨਹੀਂ ਰਿਹਾ। ਦਰਿਆਈ ਪਾਣੀ ਵੀ ਤੇਜ਼ੀ ਨਾਲ ਸੁੱਕ ਰਹੇ ਹਨ। ਪੰਜਾਬ ਨੂੰ ਘੱਟ ਪਾਣੀ ਦੀ ਲੋੜ ਵਾਲੀਆਂ ਫਸਲਾਂ ਅਪਣਾਉਣੀਆਂ ਪੈਣਗੀਆਂ।

ਪੰਜਾਬ ਨੇ ਮੁਗਲਾਂ ਦੇ ਹੱਲਿਆਂ ਵੇਲੇ ਵੀ ਸੰਤਾਪ ਭੋਗਿਆ। ਅੰਗਰੇਜ਼ ਵੀ ਜਾਂਦੇ ਹੋਏ ਪੰਜਾਬ ਨੂੰ ਵੰਡ ਗਏ। ਮਹਿੰਗਾਈ, ਨਸ਼ੇ, ਖੁਦਕੁਸ਼ੀਆਂ ਅਤੇ ਭ੍ਰਿਸ਼ਟਾਚਾਰ ਨੇ ਵੀ ਪੰਜਾਬ ਨੂੰ ਝੰਬਿਆ ਹੈ। ਬੇਰੁਜ਼ਗਾਰੀ ਦਾ ਸਤਾਇਆ ਪੰਜਾਬ ਦਾ ਨੌਜਵਾਨ ਬੜੀ ਤੇਜ਼ੀ ਨਾਲ ਵਿਦੇਸ਼ਾਂ ਵੱਲ ਪਰਵਾਸ ਕਰ ਰਿਹਾ ਹੈ। ਕੇਂਦਰ ਸਰਕਾਰ ਨੂੰ ਪਾਰਟੀ ਪੱਧਰ ਵਾਲੀ ਸੌੜੀ ਸੋਚ ਤੋਂ ਉੱਪਰ ਉੱਠ ਕੇ ਪੰਜਾਬ ਦੀ ਖੇਤੀਬਾੜੀ ਨੂੰ ਪੈਰਾਂ ਸਿਰ ਕਰਨ ਲਈ ਵੱਡੀਆਂ ਗਰਾਂਟਾਂ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਕਿਸਾਨ ਝੋਨੇ ਦੇ ਉਤਪਾਦਨ ਤੋਂ ਟਾਲਾ ਵੱਟ ਕੇ ਦੂਜੀਆਂ ਫਸਲਾਂ ਜਿਵੇਂ ਦਾਲਾਂ, ਤੇਲ ਬੀਜ, ਮੱਕੀ ਬਾਜਰੇ ਵੱਲ ਮੁਹਾਰਾਂ ਮੋੜਨ। ਗੰਨੇ ਦਾ ਵੱਧ ਉਤਪਾਦਨ ਕਰਕੇ ਇਸ ਤੋਂ ਗੁੜ, ਸੱਕਰ ਅਤੇ ਰਸ ਦੀਆਂ ਵੰਨਗੀਆਂ ਵਿਕਸਤ ਕਰਕੇ ਸੰਸਾਰ ਦੇ ਦੂਜੇ ਹਿੱਸਿਆਂ ਵਿਚ ਸਪਲਾਈ ਕਰਕੇ ਲਾਭ ਕਮਾਇਆ ਜਾ ਸਕਦਾ ਹੈ ਪਰ ਇਸ ਸਭ ਕਾਸੇ ਦੇ ਮੰਡੀਕਰਨ ਲਈ ਸਰਕਾਰ ਦਾ ਰਵੱਈਆ ਮਦਦਗਾਰ ਅਤੇ ਰਾਹ ਦਸੇਰਾ ਹੋਵੇ ਤਾਂ ਹੀ ਮਿਹਨਤ ਨੂੰ ਫਲ ਲੱਗ ਸਕਦਾ ਹੈ। ਕਿਸਾਨ ਨੂੰ ਵੀ ਚਾਹੀਦਾ ਹੈ ਕਿ ਉਹ ਲਕੀਰ ਦਾ ਫਕੀਰ ਬਣਨ ਦੀ ਥਾਂ ਉੱਦਮੀ ਬਣੇ। ਪੰਜਾਬ ਸਰਕਾਰ ਨੇ ਇਸ ਵਾਰ ਝੋਨਾ ਕੱਦੂ ਰਾਹੀਂ ਲਗਾਉਣ ਦੀ ਥਾਂ ਸਿੱਧੇ ਤਰੀਕੇ ਨਾਲ ਬੀਜਣ ਲਈ ਪ੍ਰਤੀ ਏਕੜ 1500 ਰੁਪਏ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ। ਪ੍ਰਗਤੀਸ਼ੀਲ ਕਿਸਾਨਾਂ ਦੁਆਰਾ ਸਿੱਧੀ ਬਿਜਾਈ ਕਰਕੇ ਪਾਣੀ ਦੀ 80% ਬਚਤ ਕੀਤੀ ਹੈ ਅਤੇ ਝਾੜ ਵੀ ਓਨਾ ਹੀ ਪ੍ਰਾਪਤ ਕੀਤਾ ਹੈ। ਇਸ ਵਿਧੀ ਰਾਹੀਂ ਝੋਨੇ ਦੀ ਸਹੀ ਪੈਦਾਵਾਰ ਲੈਣ ਲਈ ਕਈ ਕਿਸਾਨਾਂ ਨੇ ਸ਼ੁੱਧ ਨਦੀਨ ਨਾਸ਼ਕ ਦਵਾਈਆਂ ਦੀ ਸਪਲਾਈ ਯਕੀਨੀ ਬਣਾਉਣ ਲਈ ਵੀ ਕਿਹਾ ਹੈ।

ਪੰਜਾਬ ਦੀ ਧਰਤੀ ਨੇ ਬਹੁਤ ਜਿ਼ਆਦਾ ਪੈਦਾਵਾਰ ਕੀਤੀ ਹੈ। ਧਰਤੀ ਦੀ ਉਪਜਾਊ ਸ਼ਕਤੀ ਕਾਇਮ ਰੱਖਣ ਲਈ ਕਣਕ ਝੋਨੇ ਦੇ ਫਸਲੀ ਚੱਕਰ ਵਿਚ ਤਬਦੀਲੀ ਦੀ ਜ਼ਰੂਰਤ ਹੈ। ਵਕਤੀ ਤੌਰ ਤੇ ਝੋਨੇ ਦੀ ਸਿੱਧੀ ਬਿਜਾਈ ਮਦਦਗਾਰ ਹੋ ਸਕਦੀ ਹੈ। ਫਿਰ ਵੀ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੂੰ ਰਸਾਇਣਕ ਖਾਦਾਂ ਦੀ ਵਰਤੋਂ ਤੋਂ ਪ੍ਰਹੇਜ ਵਾਲੀਆਂ ਤੇ ਮੁਨਾਸਬ ਝਾੜ ਵਾਲੀਆਂ ਫਸਲਾਂ ਵਿਕਸਤ ਕਰਨ ਦੀ ਲੋੜ ਹੈ। ਅਜਿਹਾ ਹੋਣ ਨਾਲ ਵਧ ਰਹੀਆਂ ਬਿਮਾਰੀਆਂ ਅਤੇ ਮਿਲਾਵਟ ਦੇ ਬੋਲਬਾਲੇ ਤੋਂ ਵੀ ਰਾਹਤ ਮਿਲ ਸਕਦੀ ਹੈ। ਪ੍ਰਦੂਸ਼ਣ ਅਤੇ ਬਿਮਾਰੀਆਂ ਤੋਂ ਬਚਣ ਲਈ ਸਿਹਤ ਵਰਧਕ ਖੁਰਾਕ ਸਮੇਂ ਦੀ ਮੁੱਖ ਲੋੜ ਹੈ। ਪਿਛਲੇ ਅਰਸੇ ਦੌਰਾਨ ਕਰੋਨਾ ਕਾਲ ਨੇ ਮਨੁੱਖਤਾ ਨੂੰ ਮਨੁੱਖੀ ਜਿ਼ੰਦਗੀ ਦੀ ਅਸਲ ਕੀਮਤ ਸਮਝਾਈ ਹੈ। ਇਸ ਲਈ ਵਧੇਰੇ ਉਤਪਾਦਨ ਜਾਂ ਝਾੜ ਬਦਲੇ ਸਿਹਤ ਨਾਲ ਸਮਝੌਤਾ ਕਰਨਾ ਸਿਆਣਪ ਨਹੀਂ ਤੇ ਧਰਤੀ ਹੇਠਲੇ ਪਾਣੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਮਹਿਫੂਜ਼ ਰੱਖਣਾ ਜ਼ਰੂਰੀ ਹੈ।

ਪਾਣੀ ਜਿ਼ੰਦਗੀ ਦਾ ਮਹੱਤਵਪੂਰਨ ਸੋਮਾ ਤੇ ਸਿੰਜਾਈ ਦਾ ਮੁੱਖ ਸਾਧਨ ਹੋਣ ਨਾਤੇ ਇਸ ਦੀ ਸੁਚੱਜੀ ਵਰਤੋਂ ਤੇ ਸੰਭਾਲ ਜ਼ਰੂਰੀ ਹੈ। ਨਾਲ ਹੀ ਦੂਜੇ ਰਾਜਾਂ ਨਾਲ ਝਗੜੇ ਪੈਦਾ ਕਰਨ ਦੀ ਥਾਂ ਵਰਖਾ ਰੁੱਤ ਤੋਂ ਪਹਿਲਾਂ ਮੀਂਹ ਦਾ ਵਾਧੂ ਪਾਣੀ ਸਾਂਭਣ ਦੀਆਂ ਵਿਓਂਤਾਂ ਬਣਾਈਆਂ ਜਾਣ ਜਿਸ ਨਾਲ ਹੜ੍ਹਾਂ ਦੀ ਰੋਕਥਾਮ ਵੀ ਹੋਵੇ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉੱਪਰ ਉੱਠੇ। ਗੰਦੇ ਨਾਲਿਆਂ ਦਾ ਪਾਣੀ ਸੋਧ ਕੇ ਸਿੰਜਾਈ ਲਈ ਵਰਤਿਆ ਜਾਵੇ ਅਤੇ ਉਦਯੋਗਾਂ ਦੀ ਤੇਜ਼ਾਬੀ ਨਿਕਾਸੀ ਧਰਤੀ ਵਿਚ ਛੱਡਣ ਦੀ ਥਾਂ ਉਸ ਦਾ ਕੋਈ ਸਥਾਈ ਹੱਲ ਕੱਢਿਆ ਜਾਵੇ। ਪ੍ਰਦੂਸ਼ਣ ਤੋਂ ਬਚਣਾ ਅਤੇ ਪਾਣੀ ਬਚਾਉਣਾ ਨਿਹਾਇਤ ਜ਼ਰੂਰੀ ਹੈ। ਕਿਸਾਨ ਇਸ ਸਮੇਂ ਝੋਨੇ ਦੀ ਫਸਲ ਸਹਿਜੇ ਛੱਡਣਾ ਨਹੀਂ ਚਾਹੁੰਦਾ। ਉਸ ਨੂੰ ਬਦਲਵੇਂ ਪ੍ਰਬੰਧ ਦੀ ਲੋੜ ਹੈ ਜੋ ਕੇਵਲ ਸਰਕਾਰ ਹੀ ਮੁਹੱਈਆ ਕਰਵਾ ਸਕਦੀ ਹੈ ਪਰ ਜਦੋਂ ਮਾਹਿਰ ਇਹ ਕੌੜਾ ਸੱਚ ਦੱਸਦੇ ਹਨ ਕਿ ਇੱਕ ਕਿਲੋਗ੍ਰਾਮ ਚੌਲ ਪੈਦਾ ਕਰਨ ਲਈ 3500 ਤੋਂ 4000 ਲਿਟਰ ਤੱਕ ਪਾਣੀ ਦੀ ਖਪਤ ਹੋ ਜਾਂਦੀ ਹੈ ਤਾਂ ਸਮਝਣਾ ਚਾਹੀਦਾ ਹੈ ਕਿ ਪੰਜਾਬ ਲਈ ਝੋਨੇ ਤੋਂ ਕਿਨਾਰਾ ਕਰਨਾ ਬਹੁਤ ਜ਼ਰੂਰੀ ਹੈ। ਜੇ ਅਸੀਂ ਅਜੇ ਵੀ ਨਾ ਸਮਝੇ ਤਾਂ ਬਹੁਤ ਦੇਰ ਹੋ ਜਾਵੇਗੀ ਤੇ ਫਿਰ ਪੰਜ ਆਬਾਂ ਦੇ ਆਧਾਰ ’ਤੇ ਬਣੇ ਪੰਜਾਬ ਦੇ ਨਾਮ ਦਾ ਕੀ ਬਣੇਗਾ? ਖੁਸ਼ਹਾਲ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਰੇਗਿਸਤਾਨ ਬਣਨ ਤੋਂ ਰੋਕਣ ਲਈ ਹਰ ਸੰਭਵ ਯਤਨ ਕਰਨ ਦੀ ਲੋੜ ਹੈ।

Leave a Reply

Your email address will not be published. Required fields are marked *