ਕਿੱਕਰਾਂ ਲਾਈ ਬਹਾਰ …

ਸ਼ਵਿੰਦਰ ਕੌਰ

ਮਨੁੱਖ ਦਾ ਰੁੱਖਾਂ ਨਾਲ ਰਿਸ਼ਤਾ ਬਹੁਤ ਹੀ ਪੁਰਾਣਾ ਅਤੇ ਗੂੜ੍ਹਾ ਹੈ। ਸਭ ਤੋਂ ਪਹਿਲਾਂ ਮਨੁੱਖ ਨੇ ਆਪਣੀ ਭੁੱਖ ਮਿਟਾਉਣ ਲਈ, ਤਨ ਢੱਕਣ ਲਈ ਅਤੇ ਮੌਸਮ ਦੀ ਮਾਰ ਤੋਂ ਬਚਣ ਲਈ ਰੁੱਖਾਂ ਦਾ ਹੀ ਆਸਰਾ ਲਿਆ। ਮਨੁੱਖੀ ਜ਼ਿੰਦਗੀ ਦੇ ਵਿਕਾਸ ਲਈ ਇਸ ਨੂੰ ਸੁਖਾਲਾ ਬਣਾਉਣ ਲਈ ਰੁੱਖਾਂ ਨੇ ਮਹੱਤਵਪੂਰਨ ਹਿੱਸਾ ਪਾਇਆ ਹੈ। ਇਹੀ ਕਾਰਨ ਹੈ ਕਿ ਸਾਡੇ ਲੋਕ ਗੀਤਾਂ ਵਿੱਚ, ਰਸਮਾਂ ਰਿਵਾਜਾਂ ਵਿੱਚ ਰੁੱਖਾਂ ਨੂੰ ਵਿਸ਼ੇਸ਼ ਥਾਂ ਮਿਲਦੀ ਹੈ।

ਸਾਡੇ ਘਰਾਂ ਵਿੱਚ, ਖੇਤਾਂ ਵਿੱਚ, ਛੱਪੜਾਂ ਕੰਢੇ, ਖਾਲੀ ਥਾਵਾਂ ’ਤੇ ਪਹਿਲਾਂ ਪਿੱਪਲ, ਬੋਹੜ, ਟਾਹਲੀ ਆਦਿ ਨਾਲ ਕਿੱਕਰ ਦਾ ਰੁੱਖ ਆਮ ਹੀ ਹੁੰਦਾ ਸੀ। ਇਹ ਰੁੱਖ ਆਮ ਤੌਰ ’ਤੇ ਰੇਤਲੀ ਅਤੇ ਮੈਰਾ ਜ਼ਮੀਨ ਵਿੱਚ ਹੁੰਦਾ ਹੈ। ਕਿੱਕਰ ਇੱਕ ਅਕੇਸ਼ੀਆ ਪ੍ਰਜਾਤੀ ਦਾ ਰੁੱਖ ਹੈ। ਇਸ ਰੁੱਖ ਦਾ ਬਨਸਪਤੀ ਵਿਗਿਆਨਕ ਨਾਂ ਅਕੇਸ਼ੀਆ ਅਰੇਬਿਕਾ ਹੈ। ਇਹ ਰੁੱਖ ਪੰਜਾਬ, ਰਾਜਸਥਾਨ, ਬਿਹਾਰ, ਪੱਛਮੀ ਭਾਰਤ, ਪਾਕਿਸਤਾਨ, ਲੰਕਾ ਅਤੇ ਬਰਮਾ ਦੇ ਜੰਗਲਾਂ ਵਿੱਚ ਮਿਲਦਾ ਹੈ। ਪੰਜਾਬ ਵਿੱਚ ਹੁਣ ਇਹ ਰੁੱਖ ਪਹਿਲਾਂ ਵਾਂਗ ਨਹੀਂ ਰਿਹਾ, ਪਰ ਰਾਜਸਥਾਨ ਵਿੱਚ ਇਹ ਵੱਡੀ ਮਾਤਰਾ ਵਿੱਚ ਮਿਲਦਾ ਹੈ। ਇਸ ਨੂੰ ਬਬੂਲ ਵੀ ਕਿਹਾ ਜਾਂਦਾ ਹੈ।

ਇਸ ਰੁੱਖ ਦਾ ਆਕਾਰ ਦਰਮਿਆਨਾ ਹੁੰਦਾ ਹੈ। ਇਸ ਦੀਆਂ ਛੋਟੀਆਂ ਟਾਹਣੀਆਂ ਪੱਧਰੀਆਂ ਅਤੇ ਸਲੇਟੀ ਰੰਗ ਦੀਆਂ ਹੁੰਦੀਆਂ ਹਨ। ਇਸ ਦੇ ਛੋਟੇ ਨੁਕੀਲੇ ਪੱਤਿਆਂ ਨੂੰ ਲੁੰਗ ਕਿਹਾ ਜਾਂਦਾ ਹੈ। ਜੁਲਾਈ ਤੋਂ ਨਵੰਬਰ ਤੱਕ ਇਸ ਨੂੰ ਛੋਟੇ ਸੁਨਹਿਰੀ, ਪੀਲੇ ਫੁੱਲ ਲੱਗਦੇ ਹਨ। ਜਦੋਂ ਇਹ ਰੇਸ਼ਮੀ ਸ਼ਨੀਲ ਵਰਗੇ ਪੀਲੇ ਬਸੰਤੀ ਗੋਲ ਫੁੱਲਾਂ ਨਾਲ ਲੱਦਿਆ ਹੁੰਦਾ ਹੈ ਤਾਂ ਇਸ ਦੀ ਸੁੰਦਰਤਾ ਤੇ ਬਹਾਰ ਦੇਖਣ ਵਾਲੀ ਹੁੰਦੀ ਹੈ। ਇਹ ਫੁੱਲ ਨਾ ਤਾਂ ਗੁਲਦਸਤਿਆਂ ਵਿੱਚ ਸਜਾਏ ਜਾਂਦੇ ਹਨ, ਨਾ ਇਨ੍ਹਾਂ ਦੇ ਹਾਰ ਪਰੋਏ ਜਾਂਦੇ ਹਨ। ਇਹ ਬਸ ਇੱਕ ਦਿਨ ਧਰਤੀ ’ਤੇ ਝੜ ਜਾਂਦੇ ਹਨ। ਸ਼ਾਇਦ ਇਨ੍ਹਾਂ ਦੀ ਬੇਕਦਰੀ ਤੱਕ ਕੇ ਹੀ ਸ਼ਿਵ ਕੁਮਾਰ ਬਟਾਲਵੀ ਨੇ ਲਿਖਿਆ:

ਕਿੱਕਰਾਂ ਦੇ ਫੁੱਲਾਂ ਦੀ ਅੜਿਆ ਕੌਣ ਕਰੇਂਦਾ ਰਾਖੀ ਵੇ।

ਕਦ ਕੋਈ ਮਾਲੀ ਮਲ੍ਹਿਆਂ ਉੱਤੋਂ ਹਰੀਅਲ ਆਣ ਉਡਾਏ ਵੇ।

ਪਰ ਇਨ੍ਹਾਂ ਫੁੱਲਾਂ ’ਤੇ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦਾ ਗਾਇਆ ਖੂਬਸੂਰਤ ਗੀਤ ਜ਼ਰੂਰ ਸਾਡੀ ਫਿਜ਼ਾ ਵਿੱਚ ਗੂੰਜਦਾ ਰਹੇਗਾ:

ਸੂਹੇ ਵੇ ਚੀਰੇ ਵਾਲਿਆ ਫੁੱਲ ਕਿੱਕਰਾਂ ਦੇ

ਕਿੱਕਰਾਂ ਲਾਈ ਬਹਾਰ ਮੇਲੇ ਮਿੱਤਰਾਂ ਦੇ।

ਕਿੱਕਰ ਦਾ ਰੁੱਖ ਕੰਡਿਆਲਾ ਹੁੰਦਾ ਹੈ। ਇਸ ਦੀ ਛਾਂ ਸੰਘਣੀ ਹੁੰਦੀ ਹੈ। ਜਦੋਂ ਸਵੇਰ ਤੋਂ ਖੇਤਾਂ ਵਿੱਚ ਕੰਮ ਕਰਦੀ ਕਿਰਤੀ ਔਰਤ ਦੁਪਹਿਰ ਸਮੇਂ ਇਸ ਦੀ ਛਾਂ ਵਿੱਚ ਬੈਠ ਕੇ ਰੋਟੀ ਖਾਂਦੀ ਹੈ ਤਾਂ ਆਪਣੀ ਮਾੜੀ ਹਾਲਤ ਦਾ ਗਿਲਾ ਕਿੱਕਰ ਨਾਲ ਸਾਂਝਾ ਕਰਦੀ ਹੋਈ ਉਸ ਤੋਂ ਪੁੱਛਦੀ ਹੈ:

ਕਿੱਕਰੇ ਨੀਂ ਕੰਡਿਆਲੀਏ ਕਿੱਕਰੇ ਇੱਕ ਗੱਲ ਮੈਨੂੰ ਸਮਝਾ

ਕਿਰਤੀ ਇੱਥੇ ਭੁੱਖੇ ਮਰਦੇ ਵਿਹਲੜ ਹੁੰਦੇ ਸ਼ਾਹ

ਦੱਸ ਅੜੀਏ ਕਿਉਂ ਵਿਹਲੜ ਹੁੰਦੇ ਸ਼ਾਹ?

ਇਸ ਰੁੱਖ ਨੂੰ ਚਮੜੇ ਵਰਗੀਆਂ ਫਲੀਆਂ ਲੱਗਦੀਆਂ ਹਨ। ਜਿਨ੍ਹਾਂ ਵਿੱਚ ਬੀਜ ਹੁੰਦੇ ਹਨ। ਇਨ੍ਹਾਂ ਬੀਜਾਂ ਦੇ ਵਿਚਕਾਰ ਫਲੀ ਚਿਪਕੀ ਹੁੰਦੀ ਹੈ। ਇਨ੍ਹਾਂ ਨੂੰ ਤੁੱਕੇ ਕਿਹਾ ਜਾਂਦਾ ਹੈ। ਕੱਚੇ ਤੁੱਕਿਆਂ ਦਾ ਅਚਾਰ ਪਾਇਆ ਜਾਂਦਾ ਹੈ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੀਆਂ ਫਲੀਆਂ ਨੂੰ ਪੀਸ ਕੇ ਬਹੁਤ ਸਾਰੀਆਂ ਦੇਸੀ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ। ਇਸ ਦੀਆਂ ਫਲੀਆਂ, ਬੀਜ ਅਤੇ ਛੋਟੀਆਂ ਟਾਹਣੀਆਂ ਊਠਾਂ ਅਤੇ ਬੱਕਰੀਆਂ ਨੂੰ ਚਾਰੀਆਂ ਜਾਂਦੀਆਂ ਹਨ। ਇਸ ਦੀਆਂ ਪਤਲੀਆਂ ਟਾਹਣੀਆਂ ਦਾਤਣ ਲਈ ਵਰਤੀਆਂ ਜਾਂਦੀਆਂ ਹਨ। ਕਿੱਕਰ ਦੀ ਦਾਤਣ ਕਰਨ ਨਾਲ ਦੰਦ, ਜਾੜ੍ਹਾਂ ਅਤੇ ਮਸੂੜੇ ਮਜ਼ਬੂਤ ਹੁੰਦੇ ਹਨ।

ਇਸ ਦੀ ਛਿੱਲ ਵਿੱਚ ਤੇਜ਼ਾਬ ਹੁੰਦਾ ਹੈ। ਇਹ ਚਮੜਾ ਰੰਗਣ ਜਾਂ ਰੰਗਾਈ ਦੇ ਹੋਰ ਕੰਮਾਂ ਲਈ ਵਰਤਿਆ ਜਾਂਦਾ ਹੈ। ਸਾਡੀਆਂ ਮਾਵਾਂ, ਤਾਈਆਂ ਚਾਚੀਆਂ ਘਰੇ ਸੂਤ ਰੰਗਣ ਸਮੇਂ ਵੀ ਪਾਣੀ ਨੂੰ ਉਬਾਲਣ ਸਮੇਂ ਉਸ ਵਿੱਚ ਕਿੱਕਰ ਦੇ ਸੱਕ ਨੂੰ ਪਾ ਦਿੰਦੀਆਂ ਸਨ ਤਾਂ ਜੋ ਰੰਗ ਧੋਣ ਸਮੇਂ ਨਿਕਲੇ ਨਾ। ਇਸ ਦੀ ਛਿੱਲ ਵਿੱਚ ਜ਼ਖ਼ਮ ਠੀਕ ਕਰਨ ਦੇ ਗੁਣ ਵੀ ਹੁੰਦੇ ਹਨ। ਇਸ ਰੁੱਖ ’ਤੇ ਲੱਗੀ ਗੂੰਦ ਨੂੰ ਅਰੇਬਿਕ ਗੂੰਦ ਦੀ ਥਾਂ ਵਰਤਿਆ ਜਾਂਦਾ ਹੈ। ਗੂੰਦ ਦੀ ਵਰਤੋਂ ਮਰੋੜ, ਉਲਟੀ ਅਤੇ ਸ਼ੱਕਰ ਆਦਿ ਰੋਗਾਂ ਵਿੱਚ ਲਾਹੇਵੰਦ ਹੁੰਦੀ ਹੈ। ਪਿੰਨੀਆਂ ਤਿਆਰ ਕਰਨ ਸਮੇਂ ਵੀ ਕੁਝ ਲੋਕ ਉਸ ਵਿੱਚ ਗੂੰਦ ਰਲਾ ਕੇ ਖਾਂਦੇ ਹਨ।

ਕਿੱਕਰ ਦਾ ਮੁੱਢ ਮਜ਼ਬੂਤ ਅਤੇ ਇਸ ਦਾ ਰੰਗ ਕਾਲਾ ਸਲੇਟੀ ਹੁੰਦਾ ਹੈ। ਇਸ ਦੇ ਰੰਗ ਨੂੰ ਲੈ ਕੇ ਮੁਟਿਆਰਾਂ ਨੇ ਆਪਣੇ ਕਾਲੇ ਮਾਹੀ ਸਬੰਧੀ ਆਪਣੇ ਮਨ ਦੇ ਵਲਵਲੇ ਇਸ ਤਰ੍ਹਾਂ ਪ੍ਰਗਟ ਕੀਤੇ ਹਨ:

ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ

ਬਾਪੂ ਦੇ ਪਸੰਦ ਆ ਗਿਆ।

ਮੁੰਡਾ ਰੋਹੀ ਦੀ ਕਿੱਕਰ ਦਾ ਜਾਤੂ

ਵਿਆਹ ਕੇ ਲੈ ਗਿਆ ਤੂਤ ਦੀ ਛਿਟੀ।

ਇਸ ਦੇ ਮੁੱਢ ਤੋਂ ਫੱਟ ਦਰਵਾਜ਼ੇ, ਖਿੜਕੀਆਂ ਦੇ ਪਰਦੇ, ਅਲਮਾਰੀਆਂ ਆਦਿ ਬਣਦੇ ਹਨ। ਮੋਟੇ ਟਾਹਣੇ ਛੱਤ ਪਾਉਣ ਸਮੇਂ ਸ਼ਤੀਰਾਂ ਦੇ ਅਤੇ ਪਤਲੇ ਟਾਹਣੇ ਕੜੀਆਂ ਦੇ ਕੰਮ ਆਉਂਦੇ ਹਨ। ਇਸ ਤੋਂ ਬਿਨਾਂ ਮੰਜੇ ਦੀਆਂ ਬਾਹੀਆਂ, ਸੇਰਵੇ, ਤਖਤਪੋਸ਼, ਹਲ, ਸੁਹਾਗਾ, ਗੱਡੇ ਦਾ ਲਾਰੀਆ, ਠੋਡ, ਨਾਭ ਅਤੇ ਪਹੀਏ ਬਣਦੇ ਹਨ। ਇਸ ਦੀ ਲੱਕੜ ਦੇ ਚਰਖੇ ਵੀ ਬਣਾਏ ਜਾਂਦੇ ਸਨ। ਇਸ ਤੋਂ ਹੀ ਇਹ ਲੋਕ ਗੀਤ ਬਣਿਆ ਹੈ:

ਛੇਤੀ ਛੇਤੀ ਵਧ ਕਿੱਕਰੇ ਅਸੀਂ ਸੱਸ ਦਾ ਸੰਦੂਕ ਬਣਾਉਣਾ।

ਮੁਕਦੀ ਗੱਲ ਕਿੱਕਰ ਦੇ ਰੁੱਖ ਦਾ ਪੰਜਾਬ ਦੇ ਸੱਭਿਆਚਾਰ ਨਾਲ ਬਹੁਤ ਗੂੜ੍ਹਾ ਸਬੰਧ ਰਿਹਾ ਹੈ। ਕਿੱਕਰ ਦੀ ਲੱਕੜ ਨੇ ਪੰਜਾਬੀਆਂ ਦੇ ਰਹਿਣ -ਸਹਿਣ ,ਘਰ ਬਣਾਉਣ, ਕਿਰਸਾਨੀ ਸੰਦ -ਸੰਦੇੜਾਂ ਬਣਾਉਣ ਵਿੱਚ ਵੱਡਾ ਯੋਗਦਾਨ ਪਾ ਕੇ ਪੰਜਾਬੀਆਂ ਦੇ ਆਰਥਿਕ ਢਾਂਚੇ ਨੂੰ ਆਪਣੀ ਵਰਤੋਂ ਨਾਲ ਮਜ਼ਬੂਤ ਕੀਤਾ ਹੈ। ਅਜਿਹੇ ਲਾਭਦਾਇਕ ਰੁੱਖਾਂ ਨੂੰ ਖ਼ਤਮ ਕਰਨ ਦੀ ਥਾਂ ਵੱਧ ਤੋਂ ਵੱਧ ਮਾਤਰਾ ਵਿੱਚ ਪੈਦਾ ਕਰਨ ਦੀ ਲੋੜ ਹੈ। ਵੱਧ ਤੋਂ ਵੱਧ ਰੁੱਖਾਂ ਦੇ ਪੌਦੇ ਲਗਾ ਕੇ ਧਰਤੀ ਨੂੰ ਹਰੀ ਭਰੀ ਬਣਾਈਏ। ਇਨ੍ਹਾਂ ’ਤੇ ਚਹਿਕਦੇ ਅਤੇ ਉਡਾਰੀਆਂ ਮਾਰਦੇ ਪੰਛੀ ਤੱਕ ਕੇ ਕਾਦਰ ਦੀ ਬਣਾਈ ਕੁਦਰਤ ਹੋਰ ਵੀ ਹੁਸੀਨ ਲੱਗੇਗੀ। ਇਸ ਨਾਲ ਵਾਤਾਵਰਨ ਵਿੱਚ ਆ ਰਹੇ ਵਿਗਾੜ ਨੂੰ ਵੀ ਠੱਲ੍ਹ ਪਵੇਗੀ।

ਰੁੱਖ ਹੈ ਤਾਂ ਮਨੁੱਖ ਹੈ

ਇਸ ਅਟੱਲ ਸਚਾਈ ’ਤੇ ਕਰੋ ਵਿਚਾਰ।

ਰੁੱਖਾਂ ਬਿਨਾਂ ਨਾ ਰਹਿਣੀ

ਧਰਤ ਸੁਹਾਵਣੀ ਸਮੇਂ ਦੀ ਇਹੋ ਪੁਕਾਰ।

Leave a Reply

Your email address will not be published. Required fields are marked *