ਸਿੱਖ ਰਿਆਸਤ ਰਹੇ ਫ਼ਰੀਦਕੋਟ ਦਾ ਇਤਿਹਾਸ

ਡਾ. ਸੁਭਾਸ਼ ਪਰਿਹਾਰ

ਸੂਫ਼ੀਵਾਦ ਦਾ ਅਮਰੀਕੀ ਇਤਿਹਾਸਕਾਰ ਰਿਚਰਡ ਐੱਮ. ਈਟਨ ਬਾਬਾ ਫ਼ਰੀਦ ਬਾਰੇ ਆਪਣੀ ਖੋਜ ਵਿਚ ਲਿਖਦਾ ਹੈ ਕਿ ਪੰਜਾਬ ਦੀ ਜੱਟ ਕਿਰਸਾਨੀ, ਭਾਵੇਂ ਸਿੱਖ ਸਨ ਜਾਂ ਮੁਸਲਮਾਨ, ਵਿਚ ਇਸ ਚਿਸ਼ਤੀ ਸੂਫ਼ੀ ਸੰਤ ਦੀ ਕਾਫ਼ੀ ਮਾਨਤਾ ਸੀ। ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦੇ ਕਲਾਮ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕੀਤਾ।

ਪੰਜਾਬ ਦਾ ਪ੍ਰਸਿੱਧ ਸ਼ਹਿਰ ਫ਼ਰੀਦਕੋਟ ਇਸੇ ਬਾਬਾ ਫ਼ਰੀਦ ਦੇ ਨਾਂ ’ਤੇ ਵਸਾਇਆ ਗਿਆ ਸੀ। ਇਸ ਸ਼ਹਿਰ ਵਿਚ ਬਾਬਾ ਫ਼ਰੀਦ ਦੇ ਨਾਂ ਦੀ ਇੰਨੀ ਮਾਨਤਾ ਹੈ ਕਿ ਭਾਵੇਂ ਕਿਸੇ ਨੇ ਕੋਈ ਮਾਮੂਲੀ ਕਾਰੋਬਾਰ ਸ਼ੁਰੂ ਕਰਨਾ ਹੋਵੇ ਜਾਂ ਸਰਕਾਰ ਨੇ ਯੂਨੀਵਰਸਿਟੀ ਸਥਾਪਿਤ ਕਰਨੀ ਹੋਵੇ, ਇਸ ਦੇ ਨਾਂ ਲਈ ਪਹਿਲੀ ਚੋਣ ਬਾਬਾ ਫ਼ਰੀਦ ਦੇ ਨਾਂ ਦੀ ਹੀ ਹੁੰਦੀ ਹੈ। 

ਬਾਬਾ ਫ਼ਰੀਦ (1173-1265) ਤੇਰ੍ਹਵੀਂ ਸਦੀ ਵਿਚ ਹੋਏ ਚਿਸ਼ਤੀ ਸੂਫ਼ੀ ਸਿਲਸਿਲੇ ਦੇ ਸੰਤ ਸਨ। ਉਨ੍ਹਾਂ ਦਾ ਮੁੱਖ ਕੇਂਦਰ ਅੱਜ ਵੀ ਵਰਤਮਾਨ ਪਾਕਿਸਤਾਨ ਦਾ ਸ਼ਹਿਰ ਪਾਕਪਟਨ (ਫ਼ਰੀਦਕੋਟ ਦੇ 140 ਕਿਲੋਮੀਟਰ ਦੇ ਪੱਛਮ ਵੱਲ; ਅਸਲ ਪੁਰਾਤਨ ਨਾਂ: ਅਜੋਧਨ)) ਹੈ ਜੋ ਤੇਰ੍ਹਵੀਂ-ਚੌਦ੍ਹਵੀਂ ਸਦੀ ਦੌਰਾਨ ਦਿੱਲੀ ਤੋਂ ਮੁਲਤਾਨ ਜਾਣ ਵਾਲੇ ਮੁੱਖ ਮਾਰਗ ਉੱਪਰ ਸਥਿਤ ਸੀ। ਉਨ੍ਹਾਂ ਸਮਿਆਂ ਵਿਚ ਹਿੰਦੋਸਤਾਨ ਦਾ ਬਾਹਰੀ ਦੁਨੀਆਂ ਨਾਲ ਜ਼ਮੀਨੀ ਸਬੰਧ ਇਸੇ ਰਸਤੇ ਰਾਹੀਂ ਹੀ ਸੀ। ਅਜੋਧਨ ਨਜ਼ਦੀਕ ਇਹ ਰਾਹ ਸਤਲੁਜ ਦਰਿਆ ਪਾਰ ਕਰਦਾ ਸੀ (ਹੁਣ ਇਹ ਦਰਿਆ ਪਾਕਪਟਨ ਦੇ ਦੱਖਣ ਵਿਚ 11 ਕਿਲੋਮੀਟਰ ਦੀ ਦੂਰੀ ’ਤੇ ਵਹਿੰਦਾ ਹੈ)।

ਫ਼ਰੀਦਕੋਟ ਸਟੇਟ ਦਾ ਆਖ਼ਰੀ ਹਾਕਮ- ਰਾਜਾ ਹਰ ਇੰਦਰ ਸਿੰਘ।

ਫ਼ਰੀਦਕੋਟ ਦੀ ਸਥਾਪਨਾ ਬਾਰੇ ਦੰਦਕਥਾ ਪ੍ਰਚਲਿਤ ਹੈ: ਜਦੋਂ ਇਸ ਥਾਂ ਰਾਜਾ ਮੋਕਲ਼ ਕਿਲ੍ਹੇ ਦੀ ਉਸਾਰੀ ਕਰਾ ਰਿਹਾ ਸੀ ਤਾਂ ਉਸ ਦੇ ਅਹਿਲਕਾਰ ਇੱਧਰ ਦੀ ਲੰਘ ਰਹੇ ਬਾਬਾ ਫ਼ਰੀਦ ਨੂੰ ਵਗਾਰ ਲਈ ਫੜ ਲਿਆਏ। ਪਰ ਉਨ੍ਹਾਂ ਨੇ ਵੇਖਿਆ ਕਿ ਬਾਬਾ ਫ਼ਰੀਦ ਵੱਲੋਂ ਚੁੱਕੀ ਹੋਈ ਟੋਕਰੀ ਬਿਨਾਂ ਕਿਸੇ ਸਹਾਰੇ ਦੇ ਉਨ੍ਹਾਂ ਦੇ ਸਿਰ ’ਤੋਂ ਗਿੱਠ ਉੱਚੀ ਉੱਡ ਰਹੀ ਹੈ। ਰਾਜੇ ਨੇ ਇਹ ਕਰਾਮਾਤ ਵੇਖ ਕੇ ਉਨ੍ਹਾਂ ਤੋਂ ਮੁਆਫ਼ੀ ਮੰਗੀ ਅਤੇ ਬਣ ਰਹੇ ਕਿਲ੍ਹੇ ਦਾ ਨਾਂ ਉਨ੍ਹਾਂ ਦੇ ਨਾਂ ’ਤੇ ‘ਫ਼ਰੀਦਕੋਟ’ ਰੱਖ ਦਿੱਤਾ।

ਇਹ ਦੰਦਕਥਾ ਟੋਕਰੀ ਉੱਡਣ ਵਾਲੇ ਕ੍ਰਿਸ਼ਮਈ ਤੱਤ ਕਾਰਨ ਵਿਸ਼ਵਾਸਯੋਗ ਨਹੀਂ ਹੈ ਅਤੇ ਇਸ ਵਿਚ ਹੋਰ ਵੀ ਅਨੇਕਾਂ ਊਣਤਾਈਆਂ ਹਨ। ਪਹਿਲੀ ਗੱਲ ਇਹ ਹੈ ਕਿ ਬਾਬਾ ਫ਼ਰੀਦ ਤੇਰ੍ਹਵੀਂ ਸਦੀ ਵਿਚ ਹੋਏ ਸਨ ਪਰ ਫ਼ਰੀਦਕੋਟ ਨਾਂ ਦਾ ਜ਼ਿਕਰ ਉੱਨੀਵੀ ਸਦੀ ਤੋਂ ਪਹਿਲਾਂ ਕਿਤੇ ਨਹੀਂ ਮਿਲਦਾ ਜਦੋਂਕਿ ਨੇੜਲੇ ਸ਼ਹਿਰ ਕੋਟਕਪੂਰੇ ਦਾ ਹਵਾਲਾ ਸਤਾਰ੍ਹਵੀਂ-ਅਠਾਰ੍ਹਵੀਂ ਸਦੀ ਦੌਰਾਨ ਹੀ ਮਿਲਣ ਲੱਗਦਾ ਹੈ। ਦੂਜਾ, ਤੇਰ੍ਹਵੀਂ-ਚੌਦ੍ਹਵੀਂ ਸਦੀ ਦੌਰਾਨ ਦਿੱਲੀ ਤੋਂ ਮੁਲਤਾਨ ਜਾਣ ਵਾਲਾ ਮੁੱਖ ਰਾਹ ਸਿਰਸਾ, ਅਬੋਹਰ, ਅਤੇ ਭਟਨੇਰ (ਵਰਤਮਾਨ ਹਨੂਮਾਨਗੜ੍ਹ) ਵਿਚਦੀ ਲੰਘਦਾ ਸੀ ਜੋ ਫ਼ਰੀਦਕੋਟ ਦੇ ਇਲਾਕੇ ਤੋਂ ਕਾਫ਼ੀ ਦੂਰੀ ’ਤੇ ਪੈਂਦਾ ਸੀ। ਮੱਧਕਾਲ ਦੌਰਾਨ ਇਹ ਇਲਾਕਾ ਨਿਰਾ ਰੇਗਿਸਤਾਨ ਸੀ ਅਤੇ ਇੱਥੇ ਮਾਮੂਲੀ ਵੱਸੋਂ ਭਾਵੇਂ ਹੋਵੇ, ਸ਼ਹਿਰ ਵਸਾਉਣ ਜੋਗੀ ਤਾਂ ਹਰਗਿਜ਼ ਨਹੀਂ ਸੀ। ਹਾਂ, ਇਸ ਇਲਾਕੇ ਦੇ ਆਸੇ-ਪਾਸੇ ਹੜੱਪਾ ਕਾਲ ਦੇ ਕੁਝ ਥੇਹ ਜ਼ਰੂਰ ਮਿਲੇ ਹਨ। ਉਨ੍ਹਾਂ ਸਮਿਆਂ ਵਿਚ ਇਸ ਨੂੰ ਸ਼ਾਇਦ ਸਤਲੁਜ ਦਾ ਪਾਣੀ ਸਿੰਜਦਾ ਸੀ। ਹੁਣ ਵੀ ਦਰਿਆ ਦੇ ਪੁਰਾਤਨ ਵਹਿਣ ਦੇ ਇਕ ਪਾਸੇ ਦੇ ਇਲਾਕੇ ਨੂੰ ਉਤਾੜ ਅਤੇ ਦੂਜੇ ਨੂੰ ਹਿਠਾੜ ਕਿਹਾ ਜਾਂਦਾ ਹੈ।

ਹੁਣ ਅਸੀਂ ਸਿੱਧੇ ਅਠਾਰ੍ਹਵੀਂ ਸਦੀ ਦੀ ਗੱਲ ਕਰੀਏ, ਜਦੋਂ ਹਮੀਰ ਸਿੰਘ (1763-82) ਫ਼ਰੀਦਕੋਟ ਦੇ ਕਿਲ੍ਹੇ ਦੀ ਉਸਾਰੀ ਲਈ ਇੱਟਾਂ ਇੱਥੋਂ 30 ਕਿਲੋਮੀਟਰ ਉੱਤਰ-ਪੱਛਮ ਵੱਲ ਸਥਿਤ ਪਿੰਡ ਕੋਟ ਕਰੋੜ ਦੇ ਕਿਲ੍ਹੇ ਨੂੰ ਡੇਗ ਕੇ ਲਿਆਇਆ ਸੀ। ਬਹੁਤੀ ਸੰਭਾਵਨਾ ਇਹੋ ਹੈ ਕਿ ਇਸ ਦਾ ਨਾਂ ਫ਼ਰੀਦਕੋਟ ਵੀ ਉਸੇ ਨੇ ਹੀ ਰੱਖਿਆ ਹੋਵੇਗਾ। 

ਅਠਾਰ੍ਹਵੀਂ ਸਦੀ ਦੇ ਅੰਤ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਉੱਪਰ ਕਬਜ਼ਾ ਕਰ ਕੇ ਆਪਣਾ ਇਲਾਕਾ ਫੈਲਾਉਣਾ ਸ਼ੁਰੂ ਕਰ ਦਿੱਤਾ ਤਾਂ ਸਤਲੁਜ-ਉਰਾਰ ਦੇ ਇਲਾਕੇ ’ਤੇ ਕਾਬਜ਼ ਸਰਦਾਰ ਘਬਰਾ ਗਏ। ਉਨ੍ਹਾਂ ਨੇ ਆਪਣੀ ਰੱਖਿਆ ਲਈ ਇਕੱਠਿਆਂ ਹੋ ਕੇ ਈਸਟ ਇੰਡੀਆ ਕੰਪਨੀ ਦੇ ਅੰਗਰੇਜ਼ ਹਾਕਮ ਨੂੰ ਜਾ ਅਰਜ਼ੋਈ ਕੀਤੀ। ਇਸ ਸਮੇਂ ਤੀਕ ਕੰਪਨੀ ਮਰਾਠਾ ਸ਼ਕਤੀ ਨੂੰ ਕੁਚਲ ਕੇ, ਸਿਵਾਏ ਪੰਜਾਬ ਅਤੇ ਸਿੰਧ ਦੇ, ਸਾਰੇ ਹਿੰਦੋਸਤਾਨ ’ਤੇ ਸਿੱਧੇ ਜਾਂ ਅਸਿੱਧੇ ਰੂਪ ਵਿਚ ਕਬਜ਼ਾ ਕਰ ਚੁੱਕੀ ਸੀ। ਭਾਵੇਂ ਮਾਲਵੇ ਦੇ ਹਾਕਮਾਂ ਨੂੰ ਪਤਾ ਸੀ ਕਿ ਕੰਪਨੀ ਅਤੇ ਰਣਜੀਤ ਸਿੰਘ ਦੋਵੇਂ ਹੀ ਇਨ੍ਹਾਂ ਨੂੰ ਨਿਗਲ ਜਾਣਾ ਚਾਹੁੰਦੇ ਹਨ, ਪਰ ਉਨ੍ਹਾਂ ਨੇ ਬ੍ਰਿਟਿਸ਼ ਕੰਪਨੀ ਦੀ ਸ਼ਰਨ ਵਿਚ ਜਾਣਾ ਬਿਹਤਰ ਸਮਝਿਆ। 1808 ਵਿਚ ਕੰਪਨੀ ਨੇ ਰਣਜੀਤ ਸਿੰਘ ਨਾਲ ਸੰਧੀ ਕੀਤੀ ਕਿ ਉਹ ਭਵਿੱਖ ਵਿਚ ਸਤਲੁਜ-ਉਰਾਰ ਦੇ ਇਲਾਕਿਆਂ ’ਤੇ ਹੱਕ ਨਹੀਂ ਜਤਾਵੇਗਾ।

ਮਹਾਰਾਜਾ ਰਣਜੀਤ ਸਿੰਘ ਦੇ 1839 ਵਿਚ ਦੇਹਾਂਤ ਮਗਰੋਂ ਲਾਹੌਰ ਦਰਬਾਰ ਸਾਜ਼ਿਸ਼ਾਂ ਦਾ ਅਖਾੜਾ ਬਣ ਗਿਆ ਤਾਂ ਬ੍ਰਿਟਿਸ਼ ਕੰਪਨੀ ਨੇ ਇਸ ’ਤੇ ਕਬਜ਼ਾ ਕਰਨ ਦੀ ਯੋਜਨਾ ਬਣਾ ਲਈ। ਜਦੋਂ 1845 ਵਿਚ ਲਾਹੌਰ ਅਤੇ ਕੰਪਨੀ ਦੀਆਂ ਫ਼ੌਜਾਂ ਵਿਚਕਾਰ ਜੰਗ ਛਿੜੀ ਤਾਂ ਸਤਲੁਜ-ਉਰਾਰ ਦੇ ਕਈ ਮੁਖੀਆਂ ਦੀ ਹਮਦਰਦੀ ਅੰਗਰੇਜ਼ਾਂ ਨਾਲ ਨਹੀਂ ਸੀ ਜਾਂ ਉਹ ਇਸ ਦੇ ਵਿਰੁੱਧ ਸਨ। ਅਜਿਹੇ ਸੰਕਟ ਮੌਕੇ ਫ਼ਰੀਦਕੋਟ ਦਾ ਤਤਕਾਲੀਨ ਹਾਕਮ ਪਹਾੜ ਸਿੰਘ ਅੰਗਰੇਜ਼ਾਂ ਦੀ ਮਦਦ ਕਰ ਕੇ ਉਨ੍ਹਾਂ ਦੀ ਕਿਰਪਾ ਦਾ ਪਾਤਰ ਬਣ ਗਿਆ। ਇਹ ਘਟਨਾ ਪੰਜਾਬੀ ਕਵੀ ਸ਼ਾਹ ਮੁਹੰਮਦ ਦੀ ਲਿਖਤ ‘ਜੰਗਨਾਮਾ’ ਦੀ ਪੰਕਤੀ ‘ਪਹਾੜਾ ਸਿੰਘ ਸੀ ਯਾਰ ਫ਼ਿਰੰਗੀਆਂ ਦਾ’ ਰਾਹੀਂ ਪੰਜਾਬੀ ਲੋਕ-ਮਨ ਵਿਚ ਡੂੰਘੀ ਬੈਠ ਗਈ। 

ਮੇਰਾ ਖ਼ਿਆਲ ਹੈ ਕਿ ਸਾਰਾ ਮਾਮਲਾ ਨਜ਼ਰਸਾਨੀ ਦੀ ਮੰਗ ਕਰਦਾ ਹੈ। ਦਰਅਸਲ, ਫ਼ਰੀਦਕੋਟ ਸਟੇਟ ਦੀ ਹੋਂਦ ਹੀ ਬ੍ਰਿਟਿਸ਼ ਕੰਪਨੀ ਦੀ ਕਿਰਪਾ ਨਾਲ ਬਚੀ ਸੀ, ਵਰਨਾ ਜੇਕਰ 1809 ਵਿਚ ਕੰਪਨੀ ਗੁਲਾਬ ਸਿੰਘ ਦਾ ਇਲਾਕਾ ਮੋੜਨ ਲਈ ਰਣਜੀਤ ਸਿੰਘ ’ਤੇ ਦਬਾਅ ਨਾ ਪਾਉਂਦੀ ਤਾਂ ਇਸ ਸਟੇਟ ਦੀ ਹੋਂਦ ਜਨਮ ਤੋਂ ਪਹਿਲਾਂ ਹੀ ਮੁੱਕ ਜਾਣੀ ਸੀ। ਪਹਾੜ ਸਿੰਘ ਦੀ ਥਾਂ ਕੋਈ  ਹੋਰ ਹਾਕਮ ਵੀ ਹੁੰਦਾ ਤਾਂ ਉਸ ਨੇ ਬ੍ਰਿਟਿਸ਼ ਕੰਪਨੀ ਦਾ ਵਿਰੋਧ ਕਰ ਕੇ ਖ਼ੁਦਕੁਸ਼ੀ ਨਹੀਂ ਸੀ ਕਰਨੀ। ਉਸ ਸਮੇਂ ਹਾਲਾਤ ਨੂੰ ਨਾ ਤਾਂ ਲਾਹੌਰ ਦਰਬਾਰ ਉਸ ਨਜ਼ਰੀਏ ਨਾਲ ਵੇਖਦਾ ਸੀ, ਨਾ ਪਹਾੜ ਸਿੰਘ, ਜਿਵੇਂ ਕਿ ਅੱਜ ਦੇ ਪੰਜਾਬੀ ਵੇਖਦੇ ਹਨ। ਅੱਜ ਸਿੱਖ ਜਗਤ ਰਣਜੀਤ ਸਿੰਘ ਨੂੰ ਪੰਜਾਬ ਦਾ ਮਹਾਨਤਮ ਸਿੱਖ ਹਾਕਮ ਗਿਣਦਾ ਹੈ ਅਤੇ ਉਸ ਦੇ ਨਾਂ ਨਾਲ ਸਤਿਕਾਰ ਵਜੋਂ ‘ਮਹਾਰਾਜਾ’ ਲਾਉਂਦਾ ਹੈ। ਪਰ ਉਸ ਸਮੇਂ ਰਣਜੀਤ ਸਿੰਘ ਸਤਲੁਜ-ਉਰਾਰ ਦੇ ਹਾਕਮਾਂ ਲਈ ਹਊਆ ਸੀ। ਸਿਰਫ਼ ਇਕੋ ਧਰਮ ਦੇ ਹੋਣ ਨਾਲ ਕਿਸੇ ਦੇ ਸਾਰੇ ਹਿੱਤ ਸਾਂਝੇ ਨਹੀਂ ਹੋ ਜਾਂਦੇ। ਸਾਰੇ ਇਤਿਹਾਸ ਵਿਚ ਕਿਸੇ ਵੀ ਤਾਕਤਵਰ ਹਾਕਮ ਨੇ ਕਿਸੇ ਹਮ-ਮਜ਼ਹਬ ਹਾਕਮ ’ਤੇ ਹਮਲਾ  ਕਰਨ ਤੋਂ ਗੁਰੇਜ਼ ਨਹੀਂ ਕੀਤਾ। ਕੁਦਰਤੀ ਤੌਰ ’ਤੇ ਪਹਾੜ ਸਿੰਘ ਨੇ ਉਹੋ ਕੁਝ ਕੀਤਾ ਜਿਸ ਵਿਚ ਉਸ ਨੂੰ ਆਪਣੇ ਵਿਅਕਤੀਗਤ ਹਿੱਤ ਸੁਰੱਖਿਅਤ ਜਾਪੇ। ਉਸ ਨੇ ਆਪਣੇ ਇਲਾਕੇ ਨੂੰ ਸਥਾਈ ਹਕੂਮਤ, ਸ਼ਾਂਤੀ ਅਤੇ ਉੱਨਤੀ ਦੀ ਇਕ ਪੂਰੀ ਸਦੀ ਦਿੱਤੀ।

ਪਹਾੜ ਸਿੰਘ ਦੀ ਮੌਤ ਅਪਰੈਲ 1849 ਵਿਚ ਹੋਈ ਅਤੇ ਉਸ ਦਾ ਇਕਲੌਤਾ ਪੁੱਤਰ ਵਜ਼ੀਰ ਸਿੰਘ ਗੱਦੀ ’ਤੇ ਬੈਠਾ। ਉਸ ਨੇ ਆਪਣਾ ਮਾਲੀਆ ਪ੍ਰਬੰਧ ਨਵਿਆਇਆ। ਕਈ ਪਿੰਡਾਂ ਵਿਚ ਮਾਲੀਆ ਫ਼ਸਲ ਵੰਡ ਦੀ ਬਜਾਏ ਨਕਦ ਲੈਣਾ ਸ਼ੁਰੂ ਕਰ ਦਿੱਤਾ। ਕੁਝ ਯੂਰਪੀ ਅਫ਼ਸਰਾਂ ਦੀ ਮਦਦ ਨਾਲ ਉਸ ਨੇ ਆਪਣੀ ਫ਼ੌਜ ਵੀ ਬ੍ਰਿਟਿਸ਼ ਤਰਜ਼ ’ਤੇ ਬਣਾ ਲਈ। 1857 ਦੇ ਸੈਨਿਕ ਵਿਦਰੋਹ ਦੌਰਾਨ ਹੋਰ ਸਥਾਨਕ ਰਾਜਿਆਂ ਵਾਂਙ ਵਜ਼ੀਰ ਸਿੰਘ ਨੇ ਵੀ ਬ੍ਰਿਟਿਸ਼ ਹਕੂਮਤ ਦਾ ਸਾਥ ਦਿੱਤਾ। ਚੌਥਾਈ ਸਦੀ ਹਕੂਮਤ ਕਰਨ ਤੋਂ ਬਾਅਦ ਉਹ ਹਰਿਦੁਆਰ, ਅਲਾਹਾਬਾਦ, ਬਨਾਰਸ, ਗਯਾ, ਜਗਨਨਾਥ ਅਤੇ ਕਲਕੱਤੇ ਦੀ ਤੀਰਥ ਯਾਤਰਾ ਤੋਂ ਮੁੜਦਿਆਂ 22 ਅਪਰੈਲ 1884 ਨੂੰ ਕੁਰੂਕਸ਼ੇਤਰ ਨੇੜੇ ਥਾਨੇਸਰ ਵਿਖੇ ਫ਼ੌਤ ਹੋ ਗਿਆ। ਉਸ ਥਾਂ ’ਤੇ ਅੱਜ ਵੀ ਉਸ ਦੀ ਖ਼ੂਬਸੂਰਤ ਸਮਾਧੀ ਮੌਜੂਦ ਹੈ।

ਵਜ਼ੀਰ ਸਿੰਘ ਦੀ ਮ੍ਰਿਤੂ ਤੋਂ ਬਾਅਦ ਉਸ ਦਾ ਬੇਟਾ ਬਿਕਰਮ ਸਿੰਘ 32 ਸਾਲ ਦੀ ਉਮਰ ਵਿਚ ਗੱਦੀ ’ਤੇ ਬੈਠਾ। ਉਸ ਦੇ ਚੌਥਾਈ ਸਦੀ ਦੇ ਰਾਜਕਾਲ ਦੌਰਾਨ ਫ਼ਰੀਦਕੋਟ ਸਟੇਟ ਨੇ ਨਵੀਆਂ ਪੁਲਾਂਘਾਂ ਪੁੱਟੀਆਂ। 1884 ਵਿਚ ਉੱਤਰ-ਪੱਛਮੀ ਰੇਲਵੇ ਨੇ ਮੀਟਰ-ਗੇਜ਼ ਲਾਈਨ ਵਿਛਾ ਕੇ ਫ਼ਰੀਦਕੋਟ ਨੂੰ ਇਕ ਪਾਸੇ ਲਾਹੌਰ ਅਤੇ ਦੂਜੇ ਪਾਸੇ ਬਠਿੰਡਾ-ਦਿੱਲੀ ਨਾਲ ਜੋੜ ਦਿੱਤਾ। ਕੋਟਕਪੂਰੇ ਤੋਂ ਇਕ ਰੇਲਵੇ ਲਾਈਨ ਮੁਕਤਸਰ ਅਤੇ ਫ਼ਾਜ਼ਿਲਕਾ ਵੱਲ ਕੱਢ ਦਿੱਤੀ। ਰੇਲਵੇ ਦੇ ਆਉਣ ਨਾਲ ਇਹ ਸਟੇਟ ਆਰਥਿਕ ਤੌਰ ’ਤੇ ਬਾਕੀ ਮੁਲਕ ਨਾਲ ਜੁੜ ਗਈ ਜਿਸ ਨਾਲ ਵਪਾਰ ਨੂੰ ਵੀ ਕਾਫ਼ੀ ਤਰੱਕੀ ਮਿਲੀ। ਇੰਨਾ ਹੀ ਮਹੱਤਵਪੂਰਨ ਕੰਮ 1885 ਵਿਚ ਸਰਹਿੰਦ ਨਹਿਰ ਦੀ ਅਬੋਹਰ ਬ੍ਰਾਂਚ ਦੀ ਉਸਾਰੀ ਸੀ ਜਿਸ ਦਾ                24 ਕਿਲੋਮੀਟਰ ਦਾ ਹਿੱਸਾ ਫ਼ਰੀਦਕੋਟ ਸਟੇਟ ਵਿਚਦੀ ਲੰਘਦਾ ਸੀ। ਇਹ ਖੇਤੀ ਲਈ ਬਹੁਤ ਲਾਭਦਾਇਕ ਸਿੱਧ ਹੋਇਆ। ਫ਼ਸਲ ਵਧੇਰੇ ਹੋਣ ਲੱਗੀ। ਨਵੀਂਆਂ ਫ਼ਸਲਾਂ ਬੀਜੀਆਂ ਜਾਣ ਲੱਗੀਆਂ। ਫ਼ਰੀਦਕੋਟ ਅਤੇ ਕੋਟਕਪੂਰੇ ਵਿਖੇ ਅਨਾਜ ਮੰਡੀਆਂ ਦੀ ਉਸਾਰੀ ਕੀਤੀ ਗਈ। ਰਾਜੇ ਨੇ ਸਟੇਟ ਤੋਂ ਬਾਹਰ ਦੇ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਇਨ੍ਹਾਂ ਮੰਡੀਆਂ ਵਿਚ ਵੱਸਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਨਿਗੂਣੀ ਕੀਮਤ ’ਤੇ ਜ਼ਮੀਨ ਦਿੱਤੀ। ਸਟੇਟ ਵਿਚ ਡਾਕ ਅਤੇ ਬੈਂਕ ਸੇਵਾ ਸ਼ੁਰੂ ਕੀਤੀ। ਬਿਕਰਮ ਸਿੰਘ ਨੇ ਕੁਝ ਲੋਕ ਭਲਾਈ ਦੇ ਕੰਮ ਵੀ ਕੀਤੇ। 1885 ਵਿਚ ਉਸ ਨੇ ਫ਼ਰੀਦਕੋਟ ਵਿਖੇ ਸਕੂਲ ਅਤੇ ਧਰਮ-ਅਰਥ ਹਸਪਤਾਲ ਖੋਲ੍ਹਿਆ। 1886 ਵਿਚ ਮੁਸਾਫ਼ਿਰਾਂ ਲਈ ਧਰਮਸ਼ਾਲਾ ਅਤੇ ਰੈਸਟ ਹਾਊਸ ਦੀ ਉਸਾਰੀ ਕਰਵਾਈ। ਸੰਸਕ੍ਰਿਤ ਪਾਠਸ਼ਾਲਾ ਵਿਚ ਵਿਦਿਆਰਥੀਆਂ ਲਈ ਮੁਫ਼ਤ ਪੜ੍ਹਾਈ ਅਤੇ ਭੋਜਨ ਦਾ ਪ੍ਰਬੰਧ ਕੀਤਾ। ਪੰਜਾਬ ਯੂਨੀਵਰਸਿਟੀ, ਲਾਹੌਰ ਦੀ ਚੋਖੀ ਆਰਥਿਕ ਮਦਦ ਕੀਤੀ ਜਿਸ ਕਰਕੇ ਉਸ ਨੂੰ ਯੂਨੀਵਰਸਿਟੀ ਦਾ ਫੈਲੋ ਨਿਯੁਕਤ ਕਰ ਦਿੱਤਾ ਗਿਆ।

ਬਿਕਰਮ ਸਿੰਘ ਨੇ ਸਿੱਖ ਧਰਮ ਲਈ ਵੀ ਕਾਫ਼ੀ ਜੋਸ਼ ਵਿਖਾਇਆ। ਉਹ ਅੰਮ੍ਰਿਤਸਰ ਸਿੰਘ ਸਭਾ ਦਾ ਪ੍ਰਮੁੱਖ ਸਰਪ੍ਰਸਤ ਸੀ। ਉਸ ਨੇ ਕਈ ਸੰਤਾਂ ਅਤੇ ਵਿਦਵਾਨਾਂ ਦੀ ਮਦਦ ਨਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਮਾਣਿਕ ਟੀਕਾ ਤਿਆਰ ਕਰਵਾਇਆ। ਫ਼ਰੀਦਕੋਟੀ ਟੀਕੇ ਦੇ ਨਾਂ ਨਾਲ ਪ੍ਰਸਿੱਧ ਇਹ ਇਸ ਦਿਸ਼ਾ ਵਿਚ ਪਹਿਲਾ ਯਤਨ ਸੀ। ਇਸ ਕੰਮ ਵਿਚ 20 ਸਾਲ ਲੱਗੇ ਅਤੇ ਸਟੇਟ ਦਾ ਲੱਖ ਰੁਪਇਆ ਖਰਚ ਆਇਆ। ਜਦ 1880ਵਿਆਂ ਵਿਚ ਮੁਲਕ ਵਿਚ ਬਿਜਲੀ ਆ ਗਈ ਤਾਂ ਉਸ ਨੇ 25000 ਰੁਪਏ ਖਰਚ ਕੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਬਿਜਲੀ ਫਿੱਟ ਕਰਵਾਈ। ਉਸ ਦਾ ਦੇਹਾਂਤ 8 ਅਗਸਤ 1898 ਨੂੰ ਹੋਇਆ।

ਬਿਕਰਮ ਸਿੰਘ ਦੀ ਮੌਤ ਮਗਰੋਂ ਉਸ ਦਾ ਪੁੱਤਰ ਬਲਬੀਰ ਸਿੰਘ ਗੱਦੀ ’ਤੇ ਬੈਠਾ। ਉਸ ਨੇ ਆਪਣੇ ਲਈ ਕਿਲ੍ਹੇ ਦੇ ਬਾਹਰ ਖ਼ੂਬਸੂਰਤ ਮਹਿਲ ਦੀ ਉਸਾਰੀ ਕਰਵਾਈ। ਜਦੋਂ 1901 ਵਿਚ ਮਹਾਰਾਣੀ ਵਿਕਟੋਰੀਆ ਦਾ ਦੇਹਾਂਤ ਹੋ ਗਿਆ ਤਾਂ ਉਸ ਨੇ ਸ਼ਾਨਦਾਰ ਘੰਟਾਘਰ ਦੀ ਉਸਾਰੀ ਕਰਵਾ ਕੇ ਉਸ ਦੀ ਯਾਦ ਨੂੰ ਪੱਕਾ ਕੀਤਾ। ਅਪਰੈਲ 1901 ਵਿਚ ਸਥਾਨਕ ਮਿਡਲ ਸਕੂਲ ਨੂੰ ਐਂਗਲੋ-ਵਰਨੈਕੁਲਰ ਹਾਈ ਸਕੂਲ ਬਣਾ ਦਿੱਤਾ।

ਫ਼ਰੀਦਕੋਟ ਦੇ ਰਾਜਿਆਂ ਵਿਚੋਂ ਸਿਰਫ਼ ਬਲਬੀਰ ਸਿੰਘ ਨੂੰ ਹੀ ਕੁਝ ਸਾਹਿਤਕ ਰੁਚੀਆਂ ਵੀ ਸਨ। ਉਸ ਦੀ ਕਿਤਾਬ ‘ਏਕ ਰਾਜਾ ਔਰ ਉਸਕਾ ਦੌਰਾ’ ਦੇ ਦੋ ਐਡੀਸ਼ਨ ਛਪੇ। ਇਹ ਕਿਤਾਬ ਲਿਖਣ ਦੀ ਪ੍ਰੇਰਣਾ ਉਸ ਨੂੰ ਸ਼ਾਇਦ ਕਪੂਰਥਲੇ ਦੇ ਰਾਜਾ ਜਗਜੀਤ ਸਿੰਘ ਦੀ 1893 ਵਿਚ ਛਪੀ ਕਿਤਾਬ My Travels in Europe and America ਤੋਂ ਮਿਲੀ ਸੀ ਜੋ ਉਸ ਨੇ ਬਲਬੀਰ ਸਿੰਘ ਨੂੰ 8 ਮਈ 1899 ਨੂੰ ਭੇਟ ਕੀਤੀ ਸੀ। ਬਲਬੀਰ ਸਿੰਘ ਨੇ ਦੋ ਕਿਤਾਬਾਂ – ‘ਮਹਾਰਾਜਾ ਕਪੂਰਥਲਾ ਦਾ ਸਫ਼ਰਨਾਮਾ’ ਅਤੇ ‘ਮਹਾਰਾਣੀ ਕਪੂਰਥਲਾ ਦੀ ਡਾਇਰੀ’ – ਦਾ ਸੰਪਾਦਨ ਵੀ ਕੀਤਾ। ਇਸ ਰਾਜਕਾਲ ਵਿਚ ਇਕ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਗਈ ਅਤੇ ਸਟੇਟ ਛਾਪਾਖਾਨਾ ਲਾਇਆ ਗਿਆ।

ਬਦਕਿਸਮਤੀ ਨਾਲ ਬਲਬੀਰ ਸਿੰਘ ਬਹੁਤਾ ਲੰਮਾ ਸਮਾਂ ਰਾਜ ਨਾ ਕਰ ਸਕਿਆ ਅਤੇ 15 ਫਰਵਰੀ 1906 ਨੂੰ ਉਸ ਦਾ ਦੇਹਾਂਤ ਹੋ ਗਿਆ। ਉਹ ਬੇਔਲਾਦ ਸੀ ਅਤੇ ਉਸ ਦਾ ਛੋਟਾ ਭਰਾ ਕੁੰਵਰ ਗਜ ਇੰਦਰ ਸਿੰਘ 1900 ਵਿਚ ਪਹਿਲਾਂ ਹੀ ਪੂਰਾ ਹੋ ਚੁੱਕਾ ਸੀ। ਰਾਜੇ ਨੇ ਆਪਣੇ ਭਤੀਜੇ ਬ੍ਰਿਜ ਇੰਦਰ ਸਿੰਘ (ਜਨਮ 26 ਅਕਤੂਬਰ 1896) ਨੂੰ ਆਪਣਾ ਵਾਰਿਸ ਐਲਾਨ ਦਿੱਤਾ ਸੀ। ਪਰ ਉਸ ਦੇ ਦੇਹਾਂਤ ਸਮੇਂ ਬ੍ਰਿਜ ਇੰਦਰ ਸਿੰਘ ਦੀ ਉਮਰ ਸਿਰਫ਼ ਦਸ ਸਾਲ ਹੋਣ ਕਾਰਨ ਰਾਜ ਪ੍ਰਬੰਧ ਚਲਾਉਣ ਲਈ ਕਾਉਂਸਿਲ ਆਫ਼ ਰੀਜੈਂਸੀ ਬਣਾਈ ਗਈ। ਇਸ ਰੀਜੈਂਸੀ ਦੇ ਕਾਰਜਕਾਲ ਦੌਰਾਨ ਅਨੇਕਾਂ ਇਮਾਰਤਾਂ ਦੀ ਉਸਾਰੀ ਕਰਵਾਈ ਗਈ। ਇਨ੍ਹਾਂ ਵਿਚ ਫ਼ਰੀਦਕੋਟ ਵਿਖੇ ਮਾਡਲ ਫਾਰਮ (1910), ਡੇਨ ਗ੍ਰੇਨਰੀਜ਼ (ਐਲੀਵੇਟਰ) (1911), ਲੇਡੀ ਡੇਨ ਰਾਣੀ ਸੂਰਜ ਕੌਰ ਜ਼ਨਾਨਾ ਹਸਪਤਾਲ (1911-12), ਸਟੇਟ ਅਸਤਬਲ (1912), ਨਵਾਂ ਗੈਸਟ ਹਾਊਸ (1912), ਬ੍ਰਿਜ ਇੰਦਰ ਹਾਈ ਸਕੂਲ ਅਤੇ ਬੋਰਡਿੰਗ (1913), ਡਿਸਟਿਲਰੀ, ਬੀੜ ਸਿੱਖਾਂਵਾਲਾ ਵਿਖੇ ਸਟੱਡ ਸਟੇਬਲ, ਅਤੇ ਕੋਟਕਪੂਰੇ ਵਿਖੇ ਸਕੂਲ (1911), ਪੁਲੀਸ ਸਟੇਸ਼ਨ ਅਤੇ ਆਦਰਸ਼ ਪਿੰਡ ਦੀ ਉਸਾਰੀ ਕਰਵਾਈ।

ਬ੍ਰਿਜ ਇੰਦਰ ਸਿੰਘ ਨੇ ਨਵੰਬਰ 1916 ਵਿਚ ਸੱਤਾ ਆਪਣੇ ਹੱਥਾਂ ਵਿਚ ਲੈ ਲਈ। ਉਹ ਵੀ ਬਹੁਤਾ ਲੰਮਾ ਸਮਾਂ ਰਾਜ ਨਾ ਕਰ ਸਕਿਆ ਅਤੇ 22 ਦਸੰਬਰ 1918 ਨੂੰ ਇਨਫਲੂਐਂਜ਼ਾ ਨਾਲ ਚੱਲ ਵੱਸਿਆ। ਉਸ ਦੀ ਮੌਤ ਸਮੇਂ ਉਸ ਦਾ ਵੱਡਾ ਬੇਟਾ ਹਰਇੰਦਰ ਸਿੰਘ ਅਜੇ ਪੂਰੇ ਤਿੰਨ ਸਾਲ ਦਾ ਵੀ ਨਹੀਂ ਸੀ ਹੋਇਆ। ਇਸ ਲਈ ਪ੍ਰਬੰਧਕੀ ਕੰਮਾਂ ਲਈ ਕਾਉਂਸਿਲ ਆਫ਼ ਐਡਮਿਨਿਸਟ੍ਰੇਸ਼ਨ ਦਾ ਗਠਨ ਕੀਤਾ ਗਿਆ। ਇਸ ਕਾਉਂਸਿਲ ਨੇ ਡੇਢ ਦਹਾਕੇ ਤੋਂ ਵੀ ਵੱਧ ਸਮਾਂ ਰਾਜ-ਕਾਜ ਚਲਾਇਆ। ਇਸੇ ਸਮੇਂ ਦੌਰਾਨ ਹਰਿੰਦਰਾ ਹਸਪਤਾਲ, ਚੀਫ਼ ਮੈਡੀਕਲ ਅਫਸਰ, ਅਤੇ ਲੇਡੀ ਡਾਕਟਰ ਲਈ ਕੋਠੀਆਂ, ਨਵੀਂ ਜੇਲ੍ਹ, ਕਿਲ੍ਹੇ ਅੰਦਰ ਗੁਰਦੁਆਰਾ, ਸਰਕਾਰੀ ਧਰਮਸ਼ਾਲਾ, ਅਤੇ ਸਕੱਤਰੇਤ ਵਰਗੀਆਂ ਨਵੀਆਂ ਇਮਾਰਤਾਂ ਦੀ ਉਸਾਰੀ ਕਰਵਾਈ ਗਈ।

ਰਾਜਾ ਹਰ ਇੰਦਰ ਸਿੰਘ ਨੇ 17 ਅਕਤੂਬਰ 1934 ਨੂੰ ਅਮਲੀ ਤੌਰ ’ਤੇ ਸੱਤਾ ਸੰਭਾਲ ਲਈ। ਉਸ ਦਾ ਮੁੱਖ ਯੋਗਦਾਨ ਵਿਦਿਆ ਦੇ ਖੇਤਰ ਵਿਚ ਸੀ। ਉਸ ਦੇ ਗੱਦੀ ’ਤੇ ਬੈਠਣ ਸਮੇਂ ਸਟੇਟ ਵਿਚ ਸਿਰਫ਼ ਇਕ ਹਾਈ ਸਕੂਲ ਫ਼ਰੀਦਕੋਟ ਅਤੇ ਇਕ ਮਿਡਲ ਸਕੂਲ ਕੋਟਕਪੂਰੇ ਵਿਖੇ ਸੀ। ਉਸ ਨੇ ਫ਼ਰੀਦਕੋਟ ਦੇ ਬ੍ਰਿਜ ਇੰਦਰ ਹਾਈ ਸਕੂਲ ਨੂੰ ਬ੍ਰਿਜ ਇੰਦਰ ਕਾਲਜ ਬਣਾ ਦਿੱਤਾ। ਪ੍ਰਾਇਮਰੀ ਅਤੇ ਗ੍ਰੈਜੁਏਟ ਅਧਿਆਪਕਾਂ ਦੀ ਸਿਖਲਾਈ ਲਈ ਜੂਨੀਅਰ ਬੇਸਿਕ ਟ੍ਰੇਨਿੰਗ ਸਕੂਲ ਅਤੇ ਬੀ.ਟੀ. (ਬੇਸਿਕ ਟ੍ਰੇਨਿੰਗ) ਕਾਲਜ ਖੋਲ੍ਹੇ। ਇਸ ਤੋਂ ਬਾਅਦ ਬਿਕਰਮ ਕਾਲਜ ਆਫ਼ ਕਾਮਰਸ, ਐਗਰੀਕਲਚਰ ਕਾਲਜ,  ਅਤੇ ਆਰਟ ਐਂਡ ਕ੍ਰਾਫਟ ਸਕੂਲ ਵੀ ਚਲਾਏ। ਉਸ ਸਮੇਂ ਪਿਸ਼ਾਵਰ ਤੋਂ ਦਿੱਲੀ ਤੀਕ ਹੋਰ ਕਾਮਰਸ ਅਤੇ ਬੀ.ਟੀ. ਕਾਲਜ ਸਿਰਫ਼ ਲਾਹੌਰ ਵਿਖੇ ਸਨ। ਇਨ੍ਹਾਂ ਤੋਂ ਇਲਾਵਾ ਉਸ ਦੀ ਇੰਜੀਨੀਅਰਿੰਗ ਅਤੇ ਮੈਡੀਕਲ ਕਾਲਜ ਖੋਲ੍ਹਣ ਦੀ ਯੋਜਨਾ ਵੀ ਸੀ ਜੋ ਸਿਰੇ ਨਾ ਲੱਗ ਸਕੀ। ਹੌਲੀ ਹੌਲੀ ਸਟੇਟ ਵਿਚ ਅੱਠ ਹਾਈ ਸਕੂਲ, ਅਨੇਕਾਂ ਮਿਡਲ ਸਕੂਲ ਅਤੇ ਹਰ ਪਿੰਡ ਵਿਚ ਇਕ ਪ੍ਰਾਇਮਰੀ ਸਕੂਲ ਬਣਾਏ। ਰਾਜਾ ਆਪ ਪੋਲੋ ਦਾ ਖਿਡਾਰੀ ਸੀ। ਇਸ ਲਈ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਉਸ ਨੇ ਵਿਸ਼ਾਲ ਸਟੇਡੀਅਮ ਬਣਵਾਇਆ ਜੋ ਹੁਣ ਤੀਕ ਵਰਤੋਂ ਵਿਚ ਆ ਰਿਹਾ ਹੈ ਅਤੇ ਹੁਣ ਤੀਕ ਵਿਸ਼ਵ ਪੱਧਰ ਦੇ ਖਿਡਾਰੀ ਤਿਆਰ ਕਰ ਰਿਹਾ ਹੈ।

ਉਸ ਵੱਲੋਂ ਬਣਵਾਈਆਂ ਇਮਾਰਤਾਂ ਵਿਚ ਕੋਟਕਪੂਰੇ ਦਾ ਕੁਈਨ ਮੈਰੀ ਹਸਪਤਾਲ, ਰੱਲੇਵਾਲਾ ਵੈਟਰਨਰੀ ਹਸਪਤਾਲ, ਅਤੇ ਫ਼ਰੀਦਕੋਟ ਵਿਖੇ ਪੂਅਰ ਹੋਮ ਅਤੇ ਜੁਬਲੀ ਸਿਨੇਮਾ ਸ਼ਾਮਿਲ ਹਨ।

ਰਾਜਾ ਹਰ ਇੰਦਰ ਸਿੰਘ ਦੇ ਲੋਕ ਭਲਾਈ ਦੇ ਕੰਮ ਤਾਂ ਵਧੀਆ ਸਨ ਪਰ ਸਮਾਂ ਕਰਵਟ ਲੈ ਰਿਹਾ ਸੀ। ਹਿੰਦੋਸਤਾਨੀ ਬਰੇ-ਸਗੀਰ ਦੀ ਰਾਜਨੀਤੀ ਵਿਚ ਮੂਲੋਂ ਬਦਲਾਅ ਆ ਰਿਹਾ ਸੀ ਜਿਸ ਨੂੰ ਹਰ ਇੰਦਰ ਸਿੰਘ ਦੀ ਚੰਗਿਆਈ ਵੀ ਠੱਲ੍ਹ ਨਹੀਂ ਸੀ ਪਾ ਸਕਦੀ। ਬ੍ਰਿਟਿਸ਼ ਹਕੂਮਤ ਦਾ ਸਾਰੇ ਮੁਲਕ ਵਿਚ ਵਿਰੋਧ ਹੋ ਰਿਹਾ ਸੀ। ਅਨੇਕਾਂ ਰਾਜਿਆਂ ਦੀਆਂ ਸਟੇਟਾਂ ਵਿਚ ਉਨ੍ਹਾਂ ਦੇ ਤਾਨਾਸ਼ਾਹੀ ਰਾਜ ਵਿਰੁੱਧ ਵੀ ਲੋਕ ਉੱਠ ਖਲੋਏ। ਲੋਕਾਂ ਦੇ ਅਧਿਕਾਰਾਂ ਲਈ ਲੜਨ ਲਈ ਆਲ ਇੰਡੀਆ ਸਟੇਟਸ ਪੀਪਲਜ਼ ਐਸੋਸ਼ੀਏਸ਼ਨ ਬਣ ਗਈ। ਇਸੇ ਲੜੀ ਵਿਚ ਫ਼ਰੀਦਕੋਟ ਸਮੇਤ ਪੂਰਬੀ ਪੰਜਾਬ ਦੀਆਂ ਸਟੇਟਾਂ ਵਿਚ ਪਰਜਾ ਮੰਡਲ ਲਹਿਰ ਉੱਠ ਖੜ੍ਹੀ ਹੋਈ। ਜਦ ਇਹ ਲਹਿਰ 1938 ਵਿਚ ਸ਼ੁਰੂ ਹੋਈ ਤਾਂ ਪਹਿਲੇ ਪੜਾਅ ਵਿਚ ਇਹ ਕਿਰਸਾਨੀ ਦੇ ਸ਼ਿਕਵੇ-ਸ਼ਿਕਾਇਤਾਂ ਦੂਰ ਕਰਨ ਲਈ ਸੀ। ਸਟੇਟ ਨੇ ਇਸ ਨੂੰ ਸਫ਼ਲਤਾਪੂਰਬਕ ਦਬਾ ਦਿੱਤਾ। ਇਸ ਲਹਿਰ ਦਾ ਦੂਜਾ ਪੜਾਅ ਅਪਰੈਲ 1946 ਵਿਚ ਸ਼ੁਰੂ ਹੋਇਆ ਜਿਸ ਵਿਚ ਰਾਜ ਵਿਚ ‘ਜ਼ਿੰਮੇਵਾਰ ਸਰਕਾਰ’ ਬਣਾਉਣ ਦੀ ਮੰਗ ਸੀ। ਆਖ਼ਰ ਇਸ ਲਹਿਰ ਦੀ ਜਿੱਤ ਹੋਈ। 15 ਜੁਲਾਈ 1948 ਨੂੰ ਆਜ਼ਾਦ ਭਾਰਤ ਦੀ ਸਟੇਟਸ ਮਿਨਿਸਟਰੀ ਨੇ ਫ਼ਰੀਦਕੋਟ ਸਟੇਟ ਅਤੇ ਪਟਿਆਲਾ, ਨਾਭਾ, ਮਾਲੇਰਕੋਟਲਾ, ਜੀਂਦ, ਕਪੂਰਥਲਾ, ਨਾਲਾਗੜ੍ਹ ਅਤੇ ਕਲਸੀਆਂ ਨੂੰ ਮਿਲਾ ਕੇ ਪੈਪਸੂ (Patiala and East Punjab States Union) ਨਾਂ ਦਾ ਨਵਾਂ ਸੂਬਾ ਬਣਾ ਦਿੱਤਾ।

ਇਸ ਤੋਂ ਪਹਿਲਾਂ ਹੀ ਹਿੰਦੋਸਤਾਨ ਦੀ ਵੰਡ ਹੋ ਚੁੱਕੀ ਸੀ ਅਤੇ ਪਾਕਿਸਤਾਨ ਬਣ ਗਿਆ ਸੀ। ਮੋਨਾਸ਼ ਯੂਨੀਵਰਸਿਟੀ (ਆਸਟਰੇਲੀਆ) ਦੇ ਵਿਦਵਾਨ ਇਆਨ ਕੋਪਲੈਂਡ ਨੇ ਪਤਾ ਨਹੀਂ ਕਿਸ ਆਧਾਰ ’ਤੇ ਰਾਜਾ ਹਰ ਇੰਦਰ ਸਿੰਘ ’ਤੇ ਮੁਸਲਮਾਨਾਂ ਦੇ ਕਤਲਾਂ ਦਾ ਦੋਸ਼ ਲਾਇਆ ਹੈ। ਖੁਸ਼ਕਿਸਮਤੀ ਨਾਲ ਹੁਣ ਤੀਕ ਅਨੇਕਾਂ ਅਜਿਹੇ ਲੋਕ ਜਿਉਂਦੇ ਹਨ ਜਿਨ੍ਹਾਂ ਨੇ ਵੰਡ ਆਪਣੀ ਅੱਖੀਂ ਵੇਖੀ ਸੀ। ਇਨ੍ਹਾਂ ਵਿਚੋਂ ਹਰੇਕ ਇਹੋ ਦੱਸਦਾ ਹੈ ਕਿ ਰਾਜੇ ਨੇ ਆਪਣੀ ਸਟੇਟ ਦੀ ਸਾਰੀ ਮੁਸਲਿਮ ਵੱਸੋਂ ਨੂੰ ਸੁਰੱਖਿਅਤ ਫਿਰੋਜ਼ਪੁਰ ਦਾ ਬਾਰਡਰ ਪਾਰ ਕਰਵਾਇਆ ਸੀ। ਇਸ ਤੋਂ ਇਲਾਵਾ ਸਾਡੇ ਕੋਲ ਪ੍ਰਸਿੱਧ ਉਰਦੂ ਵਿਦਵਾਨ ਆਇਨ ਅਲ-ਹੱਕ ਦੀ ਗਵਾਹੀ ਹੈ ਜਿਸ ਦੇ ਪਰਿਵਾਰ ਨੂੰ ਰਾਜਾ ਹਰ ਇੰਦਰ ਸਿੰਘ ਨੇ ਸੁਰੱਖਿਅਤ ਪਾਕਿਸਤਾਨ ਰਵਾਨਾ ਕੀਤਾ ਸੀ। 1972 ਵਿਚ ਇਸ ਲੇਖਕ ਨੇ ਉਰਦੂ ਭਾਸ਼ਾ ਦੇ ਇਤਿਹਾਸ ਬਾਰੇ ਆਪਣੀ ਕਿਤਾਬ- ‘ਉਰਦੂ ਜ਼ੁਬਾਨ ਕੀ ਕਦੀਮ ਤਾਰੀਖ਼’ – ਰਾਜਾ ਹਰ ਇੰਦਰ ਸਿੰਘ ਨੂੰ ਇਨ੍ਹਾਂ ਸ਼ਬਦਾਂ ਨਾਲ ਸਮਰਪਿਤ ਕੀਤੀ:

ਉਸ

ਇਨਸਾਨੀਅਤ ਕੇ ਨਾਮ

ਜੋ ਕਿ

ਆਜ਼ਾਦੀ ਕੇ ਜਲੌਅ ਮੇਂ ਚਲਨੇ ਵਾਲੀ ਖ਼ੂਨੀ ਆਂਧੀ ਕੇ ਦੌਰਾਨ

ਇੱਜ਼ਤ ਮਅਬ

ਕਾਬਿਲੇ ਸਦ ਇਹਤਰਾਮ

ਮਹਾਰਾਜਾ ਹਰ ਇੰਦਰ ਸਿੰਘ ਸਾਹਿਬ ਬਹਾਦੁਰ

ਵਾਲੀ ਰਿਆਸਤ ਫ਼ਰੀਦਕੋਟ

ਕੇ ਰੂਪ ਮੇਂ ਜ਼ਾਹਿਰ ਹੂਈ

ਰਾਜਾ ਹਰ ਇੰਦਰ ਸਿੰਘ ਗੱਦੀਨਸ਼ੀਨ ਹੋਣ ਦੇ ਪੂਰੇ 55 ਸਾਲ ਮਗਰੋਂ 16 ਅਕਤੂਬਰ 1989 ਨੂੰ ਫ਼ੌਤ ਹੋ ਗਿਆ। ਉਸ ਦਾ ਇਕਲੌਤਾ ਪੁੱਤਰ ਹਰ ਮਹਿੰਦਰ ਸਿੰਘ ਪਹਿਲਾਂ ਹੀ 10 ਅਕਤੂਬਰ 1983 ਨੂੰ ਮਰ ਗਿਆ ਸੀ। ਇਸ ਦੇ ਨਾਲ ਹੀ ਇਸ ਪਰਿਵਾਰ ਦੇ ਮਰਦ ਵਾਰਿਸਾਂ ਦੀ ਲੜੀ ਦਾ ਅੰਤ ਹੋ ਗਿਆ।

ਆਪਣੇ ਜਿਉਂਦੇ-ਜੀਅ ਰਾਜਾ ਹਰਿੰਦਰ ਸਿੰਘ ਨੇ ਆਪਣੀ ਸਾਰੀ ਸੰਪਤੀ ਦੀ ਸੰਭਾਲ ਲਈ ਮਹਾਰਾਵਲ ਖੇਵਾਜੀ ਟਰੱਸਟ ਦੀ ਸਥਾਪਨਾ ਕਰ ਦਿੱਤੀ ਸੀ ਜੋ ਹੁਣ ਵੀ ਇਹ ਜ਼ਿੰਮੇਵਾਰੀ ਨਿਭਾ ਰਿਹਾ ਹੈ।

Leave a Reply

Your email address will not be published. Required fields are marked *