ਕੋਰੋਨਾ ਤੇ ਉੱਤਰ-ਮਾਨਵੀ ਸਥਿਤੀਆਂ

ਪਰਮਜੀਤ ਢੀਂਗਰਾ

ਕੋਵਿਡ ਦੀ ਮਹਾਂਮਾਰੀ ਨੇ ਮਨੁੱਖਤਾ ਸਾਹਮਣੇ ਨਵੀਆਂ ਚੁਣੌਤੀਆਂ ਪੇਸ਼ ਕੀਤੀਆਂ ਹਨ ਅਤੇ ਕਈ ਅਹਿਮ ਸਵਾਲ ਵੀ ਖੜ੍ਹੇ ਕੀਤੇ ਹਨ। ਮਨੁੱਖ ਨੇ ਜਦੋਂ ਇਸ ਧਰਤੀ ’ਤੇ ਜਨਮ ਲਿਆ ਤਾਂ ਉਸ ਦੇ ਸਾਹਮਣੇ ਅਨੇਕਾਂ ਚੁਣੌਤੀਆਂ ਸਨ। ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਆਪਣੇ ਆਪ ਨੂੰ ਇਸ ਧਰਤੀ ਦਾ ਮਾਲਕ ਤੇ ਬਾਕੀ ਜੀਵਾਂ ਮੁਕਾਬਲੇ ਸਰਬੋਤਮ ਕਿਵੇਂ ਬਣਾਉਣਾ ਹੈ। ਅੱਜ ਜਦੋਂ ਉਹ ਇਸ ਧਰਤੀ ਦਾ ਮਾਲਕ ਹੀ ਨਹੀਂ ਸਗੋਂ ਪੁਲਾੜ ’ਤੇ ਵੀ ਕਬਜ਼ਾ ਜਮਾਉਣ ਦੇ ਆਹਰ ਵਿਚ ਹੈ, ਤਾਂ ਫੇਰ ਸਵਾਲ ਪੈਦਾ ਹੁੰਦਾ ਹੈ ਕਿ ਇਸ ਤੋਂ ਅੱਗੇ ਕੀ ਹੈ?

ਕੋਵਿਡ ਨੇ ਦੁਨੀਆ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ ਕਿ ਅਸਲ ਵਿਚ ਉਹ ਮਾਲਕ ਨਹੀਂ ਸਗੋਂ ਮਜ਼ਲੂਮ ਹੈ। ਉਸ ਦੇ ਇਸ ਸੰਸਾਰ ਨਾਲ ਰਿਸ਼ਤਿਆਂ ਦੀਆਂ ਪਰਿਭਾਸ਼ਾਵਾਂ ਨੂੰ ਕੋਵਿਡ ਨੇ ਨਵੇਂ ਸਿਰਿਓਂ ਪਰਿਭਾਸ਼ਤ ਕੀਤਾ ਹੈ। ਮਾਨਵੀ ਮੁੱਲ, ਸੰਵੇਦਨਾਵਾਂ, ਨੈਤਿਕਤਾ ਤੇ ਰਿਸ਼ਤੇ ਆਪਣੇ ਅਰਥ ਗੁਆ ਚੁੱਕੇ ਹਨ। ਕੋਵਿਡ ਦੌਰਾਨ ਮਰ ਚੁੱਕੀਆਂ ਦੇਹਾਂ ਨਾਲ ਜੋ ਸਲੂਕ ਕੀਤਾ ਗਿਆ ਉਹ ਮਨੁੱਖਤਾ ਲਈ ਡੁੱਬ ਮਰਨ ਬਰਾਬਰ ਹੈ। ਕੋਵਿਡ ਨੇ ਮਨੁੱਖ ਦੇ ਕੁਦਰਤ ਤੇ ਮਸ਼ੀਨ ਨਾਲ ਜੁੜੇ ਰਿਸ਼ਤਿਆਂ ਨੂੰ ਵੀ ਪੁਨਰ ਪਰਿਭਾਸ਼ਤ ਕੀਤਾ ਹੈ। ਇਹ ਮਹਾਂਮਾਰੀ ਕੁਦਰਤ ਨੇ ਪੈਦਾ ਨਹੀਂ ਕੀਤੀ ਸਗੋਂ ਇਹ ਮਨੁੱਖ ਦੀ ਘ੍ਰਿਣਤ ਸੋਚ ਵਿਚੋਂ ਪੈਦਾ ਹੋਈ ਹੈ ਤੇ ਇਹਦਾ ਅੰਤ ਵੀ ਛੇਤੀ ਹੋਣ ਵਾਲਾ ਨਹੀਂ।

ਇਸ ਮਹਾਂਮਾਰੀ ਨੇ ਆਲਮੀ ਪਿੰਡ ਦਾ ਮਨੁੱਖੀ ਸੁਪਨਾ ਸੱਚ ਕਰ ਵਿਖਾਇਆ ਹੈ। ਇਸ ਨਾਲ ਲੜਨ ਦੇ ਸਾਧਨ, ਇਹਦੇ ਇਲਾਜ ਲਈ ਖੋਜ ਤੇ ਇਹਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਪ੍ਰਬੰਧ ਸਾਰੀ ਦੁਨੀਆ ਵਿਚ ਇਕੋ ਜਿਹੇ ਨਜ਼ਰ ਆਉਂਦੇ ਹਨ। ਸਾਰੇ ਦੇਸ਼ ਇਕ ਦੂਜੇ ਵੱਲ ਪਾਟੀਆਂ ਨਜ਼ਰਾਂ ਨਾਲ ਦੇਖਦੇ ਮੌਤ ਦੇ ਅੰਕੜੇ ਜਾਰੀ ਕਰ ਰਹੇ ਸਨ। ਕੀ ਮੌਤ ਦਾ ਤਾਂਡਵ ਹੋ ਰਿਹਾ ਸੀ? ਇਕ ਵਾਰ ਤਾਂ ਅਜਿਹਾ ਲੱਗ ਰਿਹਾ ਸੀ ਕਿ ਸ਼ਾਇਦ ਇਹ ਧਰਤੀ ’ਤੇ ਮਹਾਂ-ਮਨੁੱਖ ਦੀ ਅੰਤਿਮ ਮਹਾਂ-ਯਾਤਰਾ ਦਾ ਵਿਧਾਨ ਘੜਿਆ ਗਿਆ ਹੈ ਤੇ ਅੰਤਿਮ ਤੌਰ ’ਤੇ ਥਾਲੀਆਂ, ਗਲਾਸ, ਕੜਛੀਆਂ ਖੜਕਾ ਕੇ, ਮੋਮਬੱਤੀਆਂ ਜਲਾ ਕੇ ਅੰਤਿਮ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਪਰ ਵਿਗਿਆਨੀ ਆਪਣੀ ਧੁਨ ਵਿਚ ਚਮਤਕਾਰ ਕਰਨ ਦੇ ਰੌਂਅ ਵਿਚ ਸਨ। ਉਨ੍ਹਾਂ ਨੇ ਅਖੀਰ ਇਸ ਦਾ ਕੁਝ ਬੰਨ੍ਹ-ਸੁਭ ਕਰ ਲਿਆ।

ਆਲਮੀ ਪਿੰਡ ਸਿਰਜਣ ਦੀ ਕੀਮਤ ਕੌਣ ਚੁਕਾ ਰਿਹਾ ਹੈ? ਇਹ ਬਹੁਤ ਅਹਿਮ ਸਵਾਲ ਹੈ। ਇਹ ਪਿੰਡ ਮਸ਼ੀਨਾਂ ਅਤੇ ਸੂਚਨਾ ਤਕਨਾਲੋਜੀ ਦੇ ਸਿਰ ’ਤੇ ਸਿਰਜਿਆ ਜਾ ਰਿਹਾ ਹੈ। ਇਨ੍ਹਾਂ ਵਿਚ ਮਨੁੱਖੀ ਦਿਮਾਗ਼ ਦੀ ਤਰਜ਼ ’ਤੇ ਨਕਲ ਕਰਨ ਵਾਲੇ ਸ਼ਕਤੀਸ਼ਾਲੀ ਸਾਫਟਵੇਅਰ ਬਣਾਏ ਜਾ ਰਹੇ ਹਨ। ਇਸ ਦੀ ਸਭ ਤੋਂ ਵੱਡੀ ਕੀਮਤ ਚੁਕਾ ਰਿਹਾ ਹੈ ਮਨੁੱਖੀ ਵਾਤਾਵਰਣ। ਹਰ ਰੋਜ਼ ਹਵਾ ਵਿਚ ਚੁੰਬਕੀ ਖੇਤਰ ਦਾ ਪਾਸਾਰ ਹੋ ਰਿਹਾ ਹੈ, ਈਕੋ ਸਿਸਟਮ ਬਦਲ ਰਿਹਾ ਹੈ। ਯੂ.ਐਨ.ਓ. ਦੀ ਇਕ ਰਿਪੋਰਟ ਅਨੁਸਾਰ ਹਰ ਰੋਜ਼ ਥਲ, ਜਲ ਦੇ ਜੀਵਾਂ ਦੀਆਂ 150 ਤੋਂ ਵਧੇਰੇ ਪ੍ਰਜਾਤੀਆਂ ਲੋਪ ਹੋ ਰਹੀਆਂ ਹਨ। ਮੋਬਾਈਲ ਟਾਵਰਾਂ ਨੇ ਚਿੜੀਆਂ ਮੁਕਾ ਦਿੱਤੀਆਂ ਹਨ।

ਮਹਾਂਮਾਰੀ ਨੇ ਸਾਰੇ ਦੇਸ਼ਾਂ ਨੂੰ ਇਕ ਦੂਜੇ ਨਾਲ ਜੋੜ ਦਿੱਤਾ। ਦੂਸ਼ਣਬਾਜ਼ੀ ਵੀ ਹੋਈ, ਸਾਂਝਾਂ ਵੀ ਪਈਆਂ ਤੇ ਲੈਣ ਦੇਣ ਵੀ ਹੋਇਆ। ਇਹ ਹੈ ਆਲਮੀ ਪਿੰਡ ਦੀ ਤਾਕਤ। ਇਸ ਨੇ ਪੂਰੀ ਦੁਨੀਆ ਵਿਚ ਇਕ ਕੋਡ ਲਾਗੂ ਕਰ ਦਿੱਤਾ। ਇਕੋ ਤਰ੍ਹਾਂ ਦੇ ਪ੍ਰਸ਼ਾਸਨਿਕ ਫ਼ੈਸਲੇ, ਇਕੋ ਤਰ੍ਹਾਂ ਦੇ ਇਲਾਜ, ਇਕੋ ਤਰ੍ਹਾਂ ਦੀਆਂ ਪਾਬੰਦੀਆਂ, ਜਿਵੇਂ ਸਾਰੇ ਇਕੋ ਸੂਤਰ ਵਿਚ ਪਰੋ ਦਿੱਤੇ ਹੋਣ। ਹੁਣ ਜੇ ਕੋਈ ਹੋਰ ਮਹਾਂਮਾਰੀ ਆ ਜਾਂਦੀ ਹੈ ਤਾਂ ਇਹ ਆਲਮੀ ਪਿੰਡ ਸ਼ਾਇਦ ਹੋਰ ਤਰ੍ਹਾਂ ਕੰਮ ਕਰੇ ਕਿਉਂਕਿ ਦੁਨੀਆ ਭਰ ਵਿਚ ਚਰਚਾ ਹੋ ਰਹੀ ਹੈ ਕਿ ਸਾਡੀਆਂ ਸਰਕਾਰਾਂ ਨੇ ਕੋਵਿਡ ਤੋਂ ਕੀ ਸਿੱਖਿਆ? ਪਰ ਕੋਈ ਸਰਕਾਰ ਇਸ ਦਾ ਜੁਆਬ ਦੇਣ ਲਈ ਤਿਆਰ ਨਹੀਂ। ਸ੍ਰੀਲੰਕਾ ਆਰਥਿਕ ਤੌਰ ’ਤੇ ਤਬਾਹ ਹੋ ਗਿਆ ਹੈ, ਬੰਗਲਾਦੇਸ਼ ਵੀ ਇਸੇ ਰਾਹ ’ਤੇ ਹੈ। ਹੋਰ ਕਈ ਛੋਟੇ ਵੱਡੇ ਦੇਸ਼ ਆਰਥਿਕ ਮਾਰ ਝੱਲ ਰਹੇ ਹਨ। ਭਾਰਤੀ ਰੁਪਏ ਦੀ ਕੀਮਤ ਵਿਚ ਨਿਘਾਰ ਮਹਾਂਮਾਰੀ ਦੀ ਕਰਾਮਾਤ ਹੈ।

ਹੁਣ ਇਸ ਤੋਂ ਅੱਗੇ ਕੀ ਹੋਣ ਵਾਲਾ ਹੈ, ਇਸ ਦੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਪਰ ਮਨੁੱਖ ਨੇ ਭਵਿੱਖ ਨੂੰ ਇਕ ਨਵੀਂ ਤਰ੍ਹਾਂ ਅਚੰਭਿਤ ਕਰਨ ਲਈ ਮਨਸੂਬੇ ਘੜ ਲਏ ਹਨ। ਉਸ ਨੇ ਤਕਨਾਲੋਜੀ ਨੂੰ ਏਨਾ ਉੱਨਤ ਕਰ ਲਿਆ ਹੈ ਕਿ ਮਸ਼ੀਨਾਂ ਹੁਣ ਮਨੁੱਖੀ ਦਿਮਾਗ਼ ਦੀ ਮਸ਼ੀਨੀ ਤਰੀਕੇ ਨਾਲ ਨਕਲ ਨਹੀਂ ਕਰਦੀਆਂ ਸਗੋਂ ਉਹ ਮਨੁੱਖੀ ਦਿਮਾਗ਼ ਦੇ ਸੂਖ਼ਮ ਪੈਟਰਨਾਂ ਨੂੰ ਸਮਝਣ ਦੇ ਕਾਬਲ ਹੋ ਗਈਆਂ ਹਨ ਤੇ ਕਈ ਪੱਖਾਂ ਤੋਂ ਤਾਂ ਮਨੁੱਖੀ ਦਿਮਾਗ਼ ਤੋਂ ਬਿਹਤਰ ਨਤੀਜੇ ਦੇ ਰਹੀਆਂ ਹਨ। ਇਹ ਮਸ਼ੀਨ ਲਰਨਿੰਗ ਤੇ ਇੰਟੈਲੀਜੈਂਸ ਪੈਦਾ ਕਰਨ ਦਾ ਦੌਰ ਹੈ। ਇਸ ਦੌਰ ਵਿਚ ਰੋਬੋਟ ਮਸ਼ੀਨ ਨੂੰ ਨਾਗਰਿਕਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ। ਦੁਨੀਆ ਵਿਚ ਇਸ ਗੱਲ ’ਤੇ ਬਹਿਸ ਚੱਲ ਰਹੀ ਹੈ ਕਿ ਕਿਧਰੇ ਅਜਿਹੀਆਂ ਰੋਬੋਟ ਮਸ਼ੀਨਾਂ ਇਕ ਦਿਨ ਮਨੁੱਖ ਨਾਲੋਂ ਤਾਕਤਵਰ ਬਣ ਕੇ ਮਨੁੱਖਾਂ ਦਾ ਸਫ਼ਾਇਆ ਨਾ ਕਰ ਦੇਣ। ਇਹ ਖਦਸ਼ਾ ਕੋਰੀ ਕਲਪਨਾ ਜਾਂ ਅਫ਼ਵਾਹ ਨਹੀਂ ਸਗੋਂ ਮਸ਼ੀਨਾਂ ਦਾ ਵਿਕਾਸ ਦੇਖ ਕੇ ਇਹ ਡਰਾਉਣੇ ਭਵਿੱਖ ਦੀ ਚਿਤਾਵਨੀ ਜਾਪਦਾ ਹੈ।

ਮਨੁੱਖ ਸਮਾਜਿਕ ਜੀਵ ਹੈ। ਲੱਖਾਂ ਸਾਲਾਂ ਤੋਂ ਉਹਨੇ ਆਪਣੀ ਭਾਸ਼ਾ ਵਿਚ ਨਵੇਂ ਨਵੇਂ ਸ਼ਬਦਾਂ ਘੜੇ ਹਨ, ਪਰ ਇਸ ਨਵੀਂ ਤਰੱਕੀ ਨੇ ਮਨੁੱਖ ਨੂੰ ਭਾਸ਼ਾ ਪੱਖੋਂ ਵੀ ਕਮਜ਼ੋਰ ਕਰ ਦਿੱਤਾ ਹੈ। ਉਹ ਕਿਸੇ ਨਵੀਂ ਕਾਢ ਦਾ ਨਾਮਕਰਨ ਅਜੇ ਸੋਚ ਹੀ ਰਿਹਾ ਹੁੰਦਾ ਹੈ ਕਿ ਕੋਈ ਨਵੀਂ ਕਾਢ ਨਾਮਕਰਨ ਲਈ ਆ ਹਾਜ਼ਰ ਹੁੰਦੀ ਹੈ। ਇਹ ਅਮਲ ਬੜੀ ਤੇਜ਼ੀ ਨਾਲ ਵਾਪਰ ਰਿਹਾ ਹੈ। ਮਸਲਨ ‘ਆਰਟੀਫੀਸ਼ਲ ਇੰਟੈਲੀਜੈਂਸ’ (ਮਸਨੂਈ ਸਿਆਣਪ) ਸ਼ਬਦ ਹੁਣੇ ਜਿਹੇ ਚਰਚਿਤ ਹੋਇਆ। ਇਸ ਪਿੱਛੇ ਇਹ ਸੰਕਲਪ ਪਿਆ ਸੀ ਕਿ ਕੁਦਰਤੀ ਤੌਰ ’ਤੇ ਬੁੱਧੀ ’ਤੇ ਮਨੁੱਖ ਦਾ ਏਕਾਧਿਕਾਰ ਹੈ ਕਿਉਂਕਿ ਸਦੀਆਂ ਤੋਂ ਉਹਨੇ ਇਸ ਰਾਹੀਂ ਧਰਤੀ ਦੇ ਜੀਵਾਂ ਨੂੰ ਕੰਟਰੋਲ ਕੀਤਾ ਹੈ। ਮਸ਼ੀਨਾਂ ਮਨੁੱਖ ਨੇ ਬਣਾਈਆਂ ਹਨ, ਇਸ ਲਈ ਇਹ ਉਸ ਤੋਂ ਉਪਰ ਨਹੀਂ ਹੋ ਸਕਦੀਆਂ। ਇਨ੍ਹਾਂ ਵਿਚਲੀ ਸਮਝ ਬਣਾਉਟੀ ਤਰਜ਼ ਦੀ ਹੋਵੇਗੀ। ਮਸ਼ੀਨਾਂ ਜਿਸ ਤੇਜ਼ੀ ਨਾਲ ਸਿੱਖ ਰਹੀਆਂ ਅਤੇ ਸਿੱਖੀਆਂ ਚੀਜ਼ਾਂ ਨੂੰ ਵਿਕਸਤ ਕਰ ਰਹੀਆਂ ਹਨ, ਉਨ੍ਹਾਂ ਸਾਹਮਣੇ ਮਨੁੱਖ ਦੀ ਹੋਂਦ ਤੇ ਦਾਅਵੇਦਾਰੀ ’ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਜਾਪਦਾ ਹੈ। ਮਸ਼ੀਨਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਯੋਗਤਾ ਨੂੰ ਘੱਟ ਸਮਝਣਾ ਮਨੁੱਖ ਲਈ ਘਾਟੇਵੰਦਾ ਸੌਦਾ ਹੀ ਨਹੀਂ ਸਗੋਂ ਹਾਨੀਕਾਰਕ ਵੀ ਹੋਵੇਗਾ। ਜਿਹੜੀਆਂ ਆਗਿਆਕਾਰੀ ਮਸ਼ੀਨਾਂ ਨੇ ਮਨੁੱਖ ਨੂੰ ਪੁਲਾੜ ਤੇ ਮੰਗਲ ਗ੍ਰਹਿ ਬਾਰੇ ਜਾਣਕਾਰੀ ਲਿਆ ਕੇ ਦਿੱਤੀ, ਹੁਣ ਉਹ ਆਪਣੇ ਆਪ ਵਿਚ ਮਰਜ਼ੀ ਦੀ ਸਮਰੱਥਾ ਪੈਦਾ ਕਰਨ ਦੇ ਕਾਬਿਲ ਹੋ ਰਹੀਆਂ ਹਨ। ਇਸ ਕਰਕੇ ਉਨ੍ਹਾਂ ਲਈ ਆਰਟੀਫੀਸ਼ਲ (ਮਸਨੂਈ) ਸ਼ਬਦ ਬੇਮਾਅਨੇ ਹੋ ਗਿਆ ਹੈ।

ਮਨੁੱਖ ਨੇ ਜਦੋਂ ਕੁਦਰਤ ਤੇ ਆਪਣੇ ਤੋਂ ਤਾਕਤਵਰ ਜੀਵਾਂ ਨੂੰ ਸਿਧਾ ਲਿਆ ਤਾਂ ਉਸ ਨੂੰ ਆਪਣੇ ਆਪ ਦੇ ਅਜਿੱਤ ਹੋਣ ਦਾ ਵਿਸ਼ਵਾਸ ਹੋ ਗਿਆ ਅਤੇ ਉਸ ਨੇ ਬਾਕੀ ਸਭ ਪ੍ਰਜਾਤੀਆਂ ਤੋਂ ਆਪਣੇ ਆਪ ਨੂੰ ਸ੍ਰੇਸ਼ਟ ਐਲਾਨ ਦਿੱਤਾ। ਬਾਕੀ ਜੀਵ ਜੰਤੂ ਉਸ ਦੇ ਰਹਿਮੋ-ਕਰਮ ’ਤੇ ਨਿਰਭਰ ਹੋ ਗਏ। ਇੱਥੋਂ ਹੀ ਮਾਨਵਵਾਦ ਦਾ ਜਨਮ ਹੋਇਆ। ਮਨੁੱਖ ਦੀ ਸੋਚ ਸੀ ਕਿ ਜਿਹੜਾ ਉਹਦੇ ਲਈ ਚੰਗਾ, ਸ਼ੁਭ ਤੇ ਕਲਿਆਣਕਾਰੀ ਹੈ, ਉਹ ਸਭ ਲਈ ਹੈ। ਸਾਰਾ ਬ੍ਰਹਿਮੰਡ ਉਸ ਦੀ ਆਗਿਆ ਵਿਚ ਹੈ। ਜਿਹੜੀਆਂ ਚੀਜ਼ਾਂ, ਵਿਚਾਰ, ਸੰਕਲਪ ਮਨੁੱਖ ਨੂੰ ਨਹੀਂ ਸਨ ਭਾਉਂਦੇ ਉਨ੍ਹਾਂ ਲਈ ਅਮਾਨਵੀ ਸ਼ਬਦਾਂ ਦੀ ਘਾੜਤ ਕੀਤੀ ਗਈ ਤਾਂ ਜੋ ਮਨੁੱਖ ਦੀ ਸਰਬਉੱਚਤਾ ਤੇ ਚੌਧਰ ਕਾਇਮ ਰਹੇ। ਨਵੀਆਂ ਕਾਢਾਂ ਨੇ ਉਸ ਨੂੰ ਸੁਪਰ-ਹਿਊਮਨ ਦਾ ਦਰਜਾ ਦੇ ਦਿੱਤਾ ਪਰ ਨਾਲ ਹੀ ਨਵੀਆਂ ਖੋਜਾਂ ਨੇ ਇਹ ਦਾਅਵਾ ਵੀ ਕੀਤਾ ਕਿਉਂਕਿ ਮਨੁੱਖਾਂ ਤੇ ਹੋਰ ਜੀਵ ਜੰਤੂਆਂ ਵਿਚ ਜੈਵਿਕ ਪੱਧਰ ’ਤੇ ਬਹੁਤੀ ਵਿਭਿੰਨਤਾ ਨਹੀਂ। ਸੂਖ਼ਮ ਜੀਵ ਵੀ ਮਨੁੱਖਾਂ ਵਾਂਗ ਦੁੱਖ ਦਰਦ ਤੇ ਪੀੜ ਮਹਿਸੂਸ ਕਰਦੇ ਹਨ।

ਮਹਾਂਮਾਰੀ ਨੇ ਮਨੁੱਖੀ ਸੁਭਾਅ ਵਿਚ ਜਿਹੋ ਜਿਹੀ ਤਬਦੀਲੀ ਲਿਆਂਦੀ ਹੈ, ਉਸ ਨਾਲ ਮਨੁੱਖ ਦਾ ਅੱਖੜਪੁਣਾ ਵੀ ਜ਼ਾਹਿਰ ਹੋਇਆ ਹੈ। ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਮਨੁੱਖ ਵੱਲੋਂ ਕੀਤੀ ਗਈ ਟਾਲ-ਮਟੋਲ ਤੋਂ ਜ਼ਾਹਿਰ ਹੈ ਕਿ ਉਸ ਨੂੰ ਆਪਣੀ ਧਰਤੀ ਤੇ ਜੀਵਾਂ ਦੀ ਕੋਈ ਚਿੰਤਾ ਨਹੀਂ। ਇਸ ਨਾਲ ਉਹ ਆਪਣੀ ਹਿੰਡ ਤਾਂ ਪੁਗਾ ਲਵੇਗਾ ਪਰ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਨਰਕ ਸਮਾਨ ਛੱਡ ਜਾਵੇਗਾ। ਇਸ ਨਾਲ ਕੁਦਰਤ ਨੂੰ ਸ਼ਾਇਦ ਕੋਈ ਫ਼ਰਕ ਨਾ ਪਵੇ ਕਿਉਂਕਿ ਉਹ ਆਪਣੇ ਘਾਟੇ ਨੂੰ ਪੂਰਾ ਕਰਨ ਦੇ ਸਮਰੱਥ ਹੈ ਪਰ ਮਨੁੱਖ ਦੀ ਹੋਂਦ ਬੜੀ ਅਲਪ ਤੇ ਤਰਸਯੋਗ ਹੋ ਜਾਵੇਗੀ।

ਮਸ਼ੀਨਾਂ ਨੇ ਜਿਵੇਂ ਆਪਣਾ ਸਾਮਰਾਜ ਕਾਇਮ ਕਰਨ ਲਈ ਪਹਿਲਕਦਮੀ ਕਰ ਲਈ ਹੈ, ਉਹ ਸ਼ਾਇਦ ਇਸ ਤੋਂ ਪਿੱਛੇ ਨਾ ਮੁੜਨ। ਇਸ ਦ੍ਰਿਸ਼ ਸਾਹਮਣੇ ਮਨੁੱਖ ਕੋਲ ਦੋ ਹੀ ਰਾਹ ਬਚੇ ਰਹਿ ਗਏ ਹਨ। ਪਹਿਲਾ ਇਹ ਕਿ ਉਹ ਆਪਣੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਨੂੰ ਰੋਕ ਕੇ ਵਾਪਸ ਮੁੜ ਜਾਵੇ ਜਾਂ ਘੱਟੋ ਘੱਟ ਅਜਿਹੀ ਕੋਸ਼ਿਸ਼

ਕਰੇ। ਦੂਜਾ ਮਸ਼ੀਨੀ ਸਾਮਰਾਜ ਨਾਲ ਸੰਤੁਲਿਤ ਰਿਸ਼ਤਾ ਬਣਾਵੇ। ਪਿੱਛੇ ਮੁੜਨ ਵਾਲਾ ਤਰਕ ਤਾਂ ਸ਼ਾਇਦ ਅੱਜ

ਦੇ ਮਨੁੱਖ ਨੂੰ ਰਾਸ ਨਾ ਆਵੇ, ਪਰ ਮਸ਼ੀਨੀ ਸਾਮਰਾਜ ਨਾਲ ਸੰਤੁਲਨ ਰੱਖਣਾ ਵੀ ਉਹਦੇ ਵੱਸੋਂ ਬਾਹਰ ਹੁੰਦਾ

ਜਾ ਰਿਹਾ ਹੈ।

ਦੂਜੇ ਰਾਹ ’ਤੇ ਤੁਰਨ ਲਈ ਵੀ ਉਹਨੂੰ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ। ਇਹਦੇ ਲਈ ਯੂਰੋਪ ਵਿਚ ਟਰਾਂਸ-ਹਿਊਮਨਿਜ਼ਮ ਤੇ ਪੋਸਟ-ਹਿਊਮਨਿਜ਼ਮ ਵਰਗੇ ਸ਼ਬਦ ਹੋਂਦ ਵਿਚ ਆਏ ਤੇ ਬਹਿਸ ਦਾ ਵਿਸ਼ਾ ਬਣੇ। ਕੋਵਿਡ ਤੋਂ ਪਹਿਲਾਂ ਇਹ ਸ਼ਬਦ ਵਿਚਾਰ ਤੇ ਦਰਸ਼ਨ ਵਿਚ ਹੀ ਪ੍ਰਚਲਿਤ ਸਨ ਤੇ ਉਨ੍ਹਾਂ ਸੰਦਰਭਾਂ ਵਿਚ ਹੀ ਵਿਚਾਰੇ ਜਾਂਦੇ ਸਨ ਪਰ ਹੁਣ ਇਹ ਸਮਾਜਿਕ, ਰਾਜਨੀਤਕ ਸੰਦਰਭ ਵਿਚ ਸ਼ਾਮਲ ਹੋ ਗਏ ਹਨ। ਭਾਰਤ ਵਿਚ ਕਿਸਾਨੀ ਅੰਦੋਲਨ ਵਿਚ ਇਹ ਸ਼ਬਦ ਆਉਣ ਵਾਲੇ ਭਵਿੱਖ ਦੇ ਨਕਸ਼ ਵਾਹ ਰਹੇ ਸਨ। ਕੇਂਦਰ ਸਰਕਾਰ ਨੇ ਖੇਤੀ ਬਿਲਾਂ ਨੂੰ ਵਾਪਸ ਲੈ ਲਿਆ। ਇਸ ਨਾਲ ਉਨ੍ਹਾਂ ਸਾਰੀਆਂ ਆਸਾਂ ’ਤੇ ਪਾਣੀ ਫਿਰ ਗਿਆ ਜੋ ਅਮਲੀ ਰੂਪ ਵਿਚ ਇਨਕਲਾਬੀ ਜਾਪਦੀਆਂ ਸਨ।

ਕੋਵਿਡ ਤੋਂ ਪਹਿਲਾਂ ਇਕ ਹੈਰਾਨੀਜਨਕ ਵਰਤਾਰਾ ਵਾਪਰ ਰਿਹਾ ਸੀ ਕਿ ਜੈਨੇਟਿਕ ਕੋਡ ਵਿਚ ਕਿਵੇਂ ਪਰਿਵਰਤਨ ਕੀਤੇ ਜਾਣ। ਇਸ ਨਾਲ ਕਲੋਨਿੰਗ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਤੇ ਡੌਲੀ ਭੇਡ ਦਾ ਜਨਮ ਹੋਇਆ। ਇਸ ਕੋਡ ਪਰਿਵਰਤਨ ਤੇ ਕਲੋਨਿੰਗ ਰਾਹੀਂ ਇਕ ਨਵੇਂ ਮਨੁੱਖੀ ਸੰਸਾਰ ਦੀ ਕਲਪਨਾ ਕੀਤੀ ਗਈ।

ਮਾਨਵਵਾਦੀ ਚਿੰਤਕਾਂ ਦੀ ਵੱਡੀ ਚਿੰਤਾ ਇਹ ਹੈ ਕਿ ਜੈਨੇਟਿਕ ਕੋਡ ਪਰਿਵਰਤਨ ਵਾਲੇ ਮਨੁੱਖ ਕੀ ਅਸਲੀ ਹੋਣਗੇ ਜਾਂ ਉਹ ਵੀ ਮਸ਼ੀਨਾਂ ਵਾਂਗ ਵੱਖਰੀ ਕਿਸਮ ਦੇ ਤਾਕਤਵਰ ਹੋਣਗੇ? ਜਦੋਂ ਕਲੋਨਿੰਗ ਪ੍ਰਯੋਗ ਸਫ਼ਲ ਹੋ ਗਿਆ ਤਾਂ ਦੁਨੀਆ ਭਰ ਵਿਚ ਇਹ ਆਵਾਜ਼ ਉੱਠੀ ਸੀ ਕਿ ਮਨੁੱਖੀ ਕਲੋਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਪਰ ਇਸ ਦੇ ਬਾਵਜੂਦ ਇਸ ਦੇ ਹੱਕ ਵਿਚ ਵੀ ਕਈ ਧਿਰਾਂ ਸਨ ਕਿ ਵਿਗਿਆਨਕ ਚਾਲ ਨੂੰ ਰੋਕਣਾ ਨਹੀਂ ਚਾਹੀਦਾ।

ਕੋਵਿਡ ਮਹਾਂਮਾਰੀ ਤੋਂ ਬਾਅਦ ਬਹਿਸਾਂ ਤੇਜ਼ ਹੋ ਗਈਆਂ ਹਨ ਕਿ ਪੋਸਟ-ਹਿਊਮਨਿਜ਼ਮ ਦਾ ਦ੍ਰਿਸ਼ ਕਿਹੋ ਜਿਹਾ ਹੋਵੇਗਾ। ਇਸ ਲਈ ਜ਼ਰੂਰੀ ਹੈ ਕਿ ਦੁਨੀਆ ਦੇ ਆਰਥਿਕ, ਰਾਜਨੀਤਕ, ਸਮਾਜਿਕ, ਸਭਿਆਚਾਰਕ ਤੇ ਮਨੁੱਖੀ ਸ੍ਰੋਤਾਂ ਨੂੰ ਮਾਨਵਤਾਵਾਦ ਦੇ ਸੂਤਰ ਵਿਚ ਪਰੋਇਆ ਜਾਵੇ ਤੇ ਮਸਨੂਈ ਬੁੱਧੀ ਨੂੰ ਏਨਾ ਭਾਰੂ ਨਾ ਹੋਣ ਦਿੱਤਾ ਜਾਵੇ ਕਿ ਮਨੁੱਖੀ ਹੋਂਦ ਸੰਕਟ ਦਾ ਸ਼ਿਕਾਰ ਹੋ ਜਾਵੇ।

ਸੰਪਰਕ: 94173-58120

Leave a Reply

Your email address will not be published. Required fields are marked *