ਹਿੱਸਾ

ਭੁਪਿੰਦਰ ਫ਼ੌਜੀ

ਅਪਰੈਲ ਦਾ ਮਹੀਨਾ ਅੱਧ ਤੋਂ ਵੱਧ ਲੰਘ ਚੁੱਕਿਆ ਸੀ। ਇਸ ਵਾਰ ਗਰਮੀ ਅਗੇਤੀ ਪੈਣ ਲੱਗ ਪਈ। ਮਈ ਜੂਨ ਦੇ ਮਹੀਨੇ ਵਾਂਗੂੰ ਲੋਅ ਚੱਲ ਰਹੀ ਸੀ। ਸਿਖਰ ਦੁਪਹਿਰ ਤਿੱਖੜ ਧੁੱਪ। ਪੰਛੀ ਕੋਈ ਨਜ਼ਰ ਨਹੀਂ ਸੀ ਆ ਰਿਹਾ। ਉਹ ਵੀ ਦਰਖ਼ਤਾਂ ’ਤੇ ਚੜ੍ਹ ਛਾਵੇਂ ਬੈਠ ਗਏ। ਘਰਾਂ ਵਿੱਚੋਂ ਵੀ ਬਿਨਾਂ ਕੰਮ ਤੋਂ ਕੋਈ ਬਾਹਰ ਨਹੀਂ ਸੀ ਨਿਕਲਦਾ। ਲੋਕ ਸਾਝਰੇ ਕੰਮ ਨਿਬੇੜ ਲੈਂਦੇ ਜਾਂ ਆਥਣੇ ਤਪਸ਼ ਘਟਣ ’ਤੇ ਘਰਾਂ ’ਚੋਂ ਨਿਕਲਦੇ

ਮੈਂ ਵੀ ਐਤਵਾਰ ਦੀ ਛੁੱਟੀ ਦਾ ਲਾਹਾ ਲੈ ਪਤਨੀ ਨਾਲ ਸੰਗਰੂਰ ਫ਼ੌਜੀ ਕੰਟੀਨ ਵਿੱਚ ਆਇਆ ਸੀ। ਬੜੀ ਭੀੜ ਸੀ। ਸਾਬਕਾ ਫ਼ੌਜੀ ਕਤਾਰਾਂ ਵਿੱਚ ਖੜ੍ਹੇ ਸਨ। ਅਸੀਂ ਵੀ ਉਨ੍ਹਾਂ ਦੇ ਮਗਰ ਕਤਾਰ ਵਿੱਚ ਲੱਗ ਗਏ। ਇੱਕ ਬੰਦਾ ਕੰਟੀਨ ਵਿੱਚੋਂ ਬਾਹਰ ਨਿੱਕਲਦਾ, ਦੂਜਾ ਉਸ ਦੀ ਖਾਲੀ ਟੋਕਰੀ ਲੈਣ ਮਗਰ ਤੁਰ ਪੈਂਦਾ। ਇੰਝ ਕੰਟੀਨ ਦੇ ਅੰਦਰ ਜਾਣ ਦੀ ਵਾਰੀ ਆਉਂਦੀ ਸੀ। ਬਾਹਰ ਲੋਕਾਂ ਦਾ ਗਰਮੀ ਨਾਲ ਬੁਰਾ ਹਾਲ ਹੋਇਆ ਪਿਆ ਸੀ। ਪਤਨੀ ਨੇ ਮੈਨੂੰ ਕਈ ਵਾਰ ਕਹਿ ਵੀ ਦਿੱਤਾ ਸੀ ‘‘ਵਾਪਸ ਚੱਲੀਏ…’’। ਉਸ ਨੂੰ ਗਰਮੀ ਤੇ ਵਧਦੀ ਕਤਾਰ ਨੇ ਪ੍ਰੇਸ਼ਾਨ ਕਰ ਰੱਖਿਆ ਸੀ। ਸਾਬਕਾ ਫ਼ੌਜੀਆਂ ਤੋਂ ਇਲਾਵਾ ਸਿਵਲ ਦੇ ਲੋਕ ਬਹੁਤ ਨਜ਼ਰ ਆ ਰਹੇ ਸਨ ਜਿਹੜੇ ਸਾਮਾਨ ਦੀਆਂ ਵੱਡੀਆਂ-ਵੱਡੀਆਂ ਟੋਕਰੀਆਂ ਭਰ ਕੇ ਲਿਜਾ ਰਹੇ ਸਨ। ਦੇਖਣ ਤੋਂ ਤਾਂ ਇਉਂ ਲੱਗਦਾ ਸੀ ਜਿਵੇਂ ਕਿਸੇ ਦੁਕਾਨ ’ਤੇ ਲਿਜਾ ਕੇ ਸਾਮਾਨ ਰੱਖਣਾ ਹੋਵੇ ਜਾਂ ਸਾਲ ਭਰ ਦਾ ਕੋਟਾ ਇਕੱਠਾ ਲੈ ਲਿਆ ਹੋਵੇ।

ਘੰਟੇ ਦੇ ਇੰਤਜ਼ਾਰ ਤੋਂ ਬਾਅਦ ਸਾਡੀ ਵਾਰੀ ਵੀ ਆ ਗਈ। ਥੋੜ੍ਹਾ ਸੁਖ ਦਾ ਸਾਹ ਆਇਆ। ਅੰਦਰ ਬਿਲ ਵਾਲੇ ਕਾਊਂਟਰ ’ਤੇ ਕਤਾਰਾਂ ਲੱਗੀਆਂ ਹੋਈਆਂ ਸਨ। ਘੰਟੇ ’ਚ ਅਸੀਂ ਬਿਲ ਕਟਵਾ ਕੇ ਸਾਮਾਨ ਲੈ ਬਾਹਰ ਆ ਗਏ। ਉਦੋਂ ਤੱਕ ਬਾਰ੍ਹਾਂ ਵਾਲੀ ਸੂਈ ’ਤੇ ਸੂਈ ਚੜ੍ਹ ਚੁੱਕੀ ਸੀ। ਜਦੋਂ ਸਾਮਾਨ ਆ ਜਾਂਦਾ ਹੈ ਤਾਂ ਦੋ-ਚਾਰ ਦਿਨਾਂ ਵਿੱਚ ਹੀ ਖ਼ਤਮ ਵੀ ਹੋ ਜਾਂਦਾ ਹੈ। ਸਾਡਾ ਅੱਜ ਕੰਟੀਨ ’ਚੋਂ ਸਾਮਾਨ ਲੈਣਾ ਕੋਈ ਜੰਗ ਜਿੱਤਣ ਤੋਂ ਘੱਟ ਨਹੀਂ ਸੀ।

ਅਸੀਂ ਸਾਮਾਨ ਗੱਡੀ ਵਿੱਚ ਰੱਖ ਸੈਲਫ ਮਾਰ ਦਿੱਤੀ। ਅਸੀਂ ਕੈਂਟ ਦੇ ਗੇਟ ਕੋਲ ਪਹੁੰਚੇ ਸੀ। ਪਤਨੀ ਨੂੰ ਇੱਕ ਬਜ਼ੁਰਗ ਜੋੜਾ ਸਿਰ ਉੱਤੇ ਝੋਲਾ ਰੱਖੀ ਤੁਰਿਆ ਜਾਂਦਾ ਦਿਖਾਈ ਦਿੱਤਾ।

‘‘ਇਨ੍ਹਾਂ ਨੂੰ ਚੜ੍ਹਾ ਲਓ… ਵਿਚਾਰੇ ਧੁੱਪ ਵਿੱਚ ਮੱਚਦੇ ਪਏ ਨੇ…।’’ ਪਤਨੀ ਨੇ ਕਿਹਾ। ਮੈਂ ਗੱਡੀ ਦੀ ਬਰੇਕ ਮਾਰੀ। ਉਨ੍ਹਾਂ ਦੋਵਾਂ ਨੂੰ ਗੱਡੀ ਵਿੱਚ ਬਿਠਾ ਲਿਆ। ਮਾਤਾ ਨੇ ਅਸੀਸਾਂ ਦੀ ਝੜੀ ਲਾ ਦਿੱਤੀ…।

‘‘ਜਿਊਂਦਾ ਰਹਿ ਪੁੱਤ… ਲੰਮੀਆਂ ਉਮਰਾਂ ਮਾਣੇਂ…।’’

‘‘ਮਾਤਾ ਕਿੱਥੇ ਜਾਣਾ ਐ…?’’ ਮੈਂ ਉਨ੍ਹਾਂ ਨੂੰ ਪੁੱਛਿਆ।

‘‘ਪੁੱਤ ਬਸ ਅੱਡੇ ਜਾਣਾ… ਉੱਥੋਂ ਲਹਿਰੇ ਵਾਲੀ ਬਸ ਚੜ੍ਹਨੈ…।’’ ਮਾਤਾ ਹੀ ਬੋਲ ਰਹੀ ਸੀ, ਬਜ਼ੁਰਗ ਬਾਪੂ ਚੁੱਪ ਕਰਿਆ ਬੈਠਾ ਸੀ।

‘‘ਮਾਤਾ ਅਸੀਂ ਸੁਨਾਮ ਵੱਲ ਨੂੰ ਜਾਵਾਂਗੇ, ਅਸੀਂ ਪੰਜ ਕੁ ਮਿੰਟ ਇੱਕ ਦੁਕਾਨ ’ਤੇ ਰੁਕਣਾ ਐ। ਚਾਹੇ ਤਾਂ ਤੁਸੀਂ ਸਾਡੇ ਨਾਲ ਚੱਲ ਸਕਦੇ ਹੋ…।’’ ਮੈਂ ਮਾਤਾ ਨੂੰ ਕਿਹਾ।

‘‘ਕੋਈ ਨਹੀਂ ਪੁੱਤ… ਅਸੀਂ ਸੋਡੇ ਨਾਲ ਹੀ ਵਗ ਚੱਲਾਂਗੇ, ਤੁਸੀਂ ਆਪਣਾ ਕੰਮ ਕਰ ਆਓ…।’’ ਜਦੋਂ ਅਸੀਂ ਬਾਜ਼ਾਰ ਵਾਲੀ ਸੜਕ ਚੜ੍ਹੇ ਤਾਂ ਮੈਂ ਗੱਡੀ ਇੱਕ ਪਾਸੇ ਲਾ ਦਿੱਤੀ। ਅਸੀਂ ਦੋਵੇਂ ਦੁਕਾਨ ਵੱਲ ਨੂੰ ਚੱਲ ਪਏ। ਗੱਡੀ ਸਟਾਰਟ ਹੀ ਰਹਿਣ ਦਿੱਤੀ, ਏ.ਸੀ. ਚੱਲ ਰਿਹਾ ਸੀ।

ਅਸੀਂ ਆਪਣਾ ਕੰਮ ਨਿਬੇੜ ਕੇ ਦਸ ਕੁ ਮਿੰਟਾਂ ਵਿੱਚ ਵਾਪਸ ਆ ਗਏ। ਦੋਵੇਂ ਬਜ਼ੁਰਗ ਪੋਣੇ ’ਚੋਂ ਕੱਢ ਕੇ ਅੰਬ ਦੇ ਅਚਾਰ ਨਾਲ ਰੋਟੀ ਖਾ ਰਹੇ ਸਨ। ਸਾਨੂੰ ਦੇਖ ਕੇ ਉਨ੍ਹਾਂ ਨੇ ਰੋਟੀਆਂ ਪੋਣੇ ਵਿੱਚ ਲਪੇਟ ਦਿੱਤੀਆਂ।

‘‘ਮਾਤਾ ਜੀ, ਰੋਟੀ ਖਾ ਲਓ ਕੋਈ ਨੀ ਮੈਂ ਪੰਜ ਮਿੰਟ ਹੋਰ ਰੁਕ ਜਾਨਾਂ…।’’ ਮੈਂ ਉਨ੍ਹਾਂ ਨੂੰ ਪਾਣੀ ਦੀ ਬੋਤਲ ਫੜਾ ਦਿੱਤੀ।

‘‘ਪੁੱਤ, ਤੁਸੀਂ ਵੀ ਰੋਟੀ ਖਾ ਲਓ…।’’

‘‘ਨਹੀਂ ਮਾਤਾ ਜੀ ਤੁਸੀਂ ਖਾਓ… ਅਸੀਂ ਖਾ ਕੇ ਆਏ ਹਾਂ।’’ ਕੁਝ ਮਿੰਟਾਂ ’ਚ ਉਨ੍ਹਾਂ ਰੋਟੀ ਵਾਲਾ ਕੰਮ ਨਿਬੇੜ ਲਿਆ। ਪੋਣਾ ਇਕੱਠਾ ਕਰ ਕੇ ਝੋਲੇ ਵਿੱਚ ਪਾ ਲਿਆ। ਉਨ੍ਹਾਂ ਨੇ ਗੱਡੀ ਦੀ ਖਿੜਕੀ ਖੋਲ੍ਹ ਓਕ ਨਾਲ ਹੀ ਪਾਣੀ ਪੀਤਾ।

‘‘ਚੱਲੋ ਪੁੱਤ… ਆਹ ਤਾਂ ਰੰਗ ਲਾ’ਤੇ… ਨਹੀਂ ਅਸੀਂ ਖੱਜਲ-ਖੁਆਰ ਹੁੰਦੇ ਰਹਿੰਦੇ।’’ ਮਾਤਾ ਫਿਰ ਅਸੀਸਾਂ ਦੇਣ ਲੱਗ ਪਈ। ਮੈਂ ਗੱਡੀ ਤੋਰ ਲਈ।

‘‘ਬਾਪੂ ਜੀ ਕਿਹੜੀ ਰੈਜਮੈਂਟ ਵਿੱਚ ਨੌਕਰੀ ਕਰਕੇ ਆਏ ਓਂ…।’’ ਬਾਪੂ ਕੁਝ ਵੀ ਨਹੀਂ ਬੋਲਿਆ।

‘‘ਪੁੱਤ ਇਹਨੂੰ ਸੁਣਦਾ ਨੀਂ…। ਇਹਦੇ ਕੰਨਾਂ ਵਾਲੀਆਂ ਮਸ਼ੀਨਾਂ ਵੀ ਲੱਗੀਆਂ ਨੇ। ਉਹ ਵੀ ਕੰਮ ਨਹੀਂ ਕਰਦੀਆਂ…।’’ ਮਾਤਾ ਨੇ ਇੱਕ ਵਾਰ ’ਚ ਕਈ ਉੱਤਰ ਦੇ ਦਿੱਤੇ। ਮੈਂ ਸਮਝ ਗਿਆ ਕਿ ਬਾਪੂ ਨੇ ਹੁਣ ਤੱਕ ਸਾਡੇ ਨਾਲ ਜ਼ੁਬਾਨ ਕਿਉਂ ਨਹੀਂ ਸੀ ਸਾਂਝੀ ਕੀਤੀ।

‘‘ਨੌਕਰੀ ਕਿਹੜੀ ਰੈਜੀਮੈਂਟ ਵਿੱਚ ਕੀਤੀ ਐ ਬਾਪੂ ਨੇ…।’’ ਮੈਂ ਮਾਤਾ ਨੂੰ ਸੰਬੋਧਨ ਹੋਇਆ। ਗੱਡੀ ਸੰਗਰੂਰ ਦੇ ਬਾਜ਼ਾਰ ਵਿਚਦੀ ਲੰਘ ਰਹੀ ਸੀ।

‘‘ਇਹਨੇ ਕਾਹਨੂੰ ਨੌਕਰੀ ਕੀਤੀ ਐ ਪੁੱਤ…! ਸਾਡਾ ਮੁੰਡਾ ਕਰਦਾ ਸੀ ਫ਼ੌਜ ’ਚ ਨੌਕਰੀ…। ਉਹ ਪੂਰਾ ਹੋ ਗਿਆ ਸੀ…।’’ ਮਾਤਾ ਨੇ ਅਗਲੀ ਗੱਲ ਆਪੇ ਆਖ ਦਿੱਤੀ। ਮੈਂ ਚੁੱਪ ਕਰ ਗਿਆ। ਪਤਨੀ ਕਦੇ ਮੇਰੇ ਵੱਲ ਕਦੇ ਮਾਤਾ ਵੱਲ ਦੇਖ ਰਹੀ ਸੀ।

‘‘ਕਿੰਨਾ ਚਿਰ ਹੋ ਗਿਆ…।’’

‘‘ਦਸ ਸਾਲ ਹੋ ਗਏ ਪੁੱਤ। ਜੰਮੂ ’ਚ ਅਤਿਵਾਦੀਆਂ ਨਾਲ ਲੜਾਈ ਵਿੱਚ ਮਾਰਿਆ ਗਿਆ…।’’ ਮਾਤਾ ਦੇ ਬੋਲ ਭਾਰੇ ਹੋ ਗਏ। ਬਾਪੂ ਚੁੱਪ ਸੀ।

‘‘ਕੋਈ ਜੁਆਕ ਜੱਲਾ ਹੈਗਾ…?’’

‘‘ਪੁੱਛ ਨਾ ਪੁੱਤ। ਸਾਡੇ ਕਰਮ ਤਾਂ ਬਾਹਲੇ ਖੋਟੇ ਨੇ…। ਇੱਕ ਮੁੰਡਾ ਹੈਗਾ ਸੀ… ਉਸ ਵਕਤ ਛੀ ਮਹੀਨਿਆਂ ਦਾ। ਜਦੋਂ ਮੇਰਾ ਪੁੱਤ ਮੁੱਕਿਆ। ਚੰਦਰੀ ਉਹ ਵੀ ਨਾਲ ਲੈ ਗਈ। ਸਾਨੂੰ ਛੱਡ ਗਈ ਰੁਲਦਿਆਂ ਨੂੰ। ਬਥੇਰੇ ਤਰਲੇ ਕੀਤੇ, ਮੇਰੇ ਪੁੱਤ ਦੀ ਨਿਸ਼ਾਨੀ ਸਾਡੇ ਕੋਲ ਰਹਿਣ ਦੇ… ਤੂੰ ਜਾਣਾ ਜਾਹ…।’’ ਮਾਤਾ ਦੀਆਂ ਅੱਖਾਂ ਭਰ ਆਈਆਂ। ਉਹ ਚੁੱਪ ਕਰ ਗਈ। ਗੱਡੀ ਸ਼ਹਿਰ ਤੋਂ ਬਾਹਰ ਮੇਨ ਰੋਡ ’ਤੇ ਚੜ੍ਹ ਗਈ। ਮੈਂ ਗੱਡੀ ਦੀ ਰਫ਼ਤਾਰ ਆਮ ਨਾਲੋਂ ਘੱਟ ਕਰ ਰੱਖੀ ਸੀ। ਮਾਤਾ ਤੋਂ ਬਹੁਤ ਕੁਝ ਜਾਣਨ ਦੀ ਇੱਛਾ ਸੀ। ਇੱਕ ਵਾਰ ਗੱਡੀ ਵਿੱਚ ਚੁੱਪ ਪਸਰ ਗਈ।

‘‘ਵਿਆਹ ਨੂੰ ਕਿੰਨਾ ਚਿਰ ਹੋ ਗਿਆ ਸੀ ਉਸ ਦੀ ਮੌਤ ਵੇਲੇ…?’’ ਮੈਂ ਚੁੱਪ ਨੂੰ ਫਿਰ ਸ਼ਬਦਾਂ ਦਾ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ।

‘‘ਦੋ ਕੁ ਸਾਲ ਹੀ ਹੋਏ ਸੀ ਮਾੜੀ ਕਿਸਮਤ ਵਾਲੇ ਦੇ ਵਿਆਹ ਨੂੰ…। ਇੱਕ ਪੁੱਤ ਸੀ ਉਹ ਵੀ ਖਾ ਲਿਆ…। ਰਹਿੰਦੀ ਖੂੰਹਦੀ ਇਹ ਡੋਬਾ ਦੇ ਗਈ…।’’ ਅਸੀਂ ਦੋਵੇਂ ਤੁਰੇ ਫਿਰਦੇ ਹਾਂ ਕੰਧਾਂ ਨਾਲ ਟੱਕਰਾਂ ਮਾਰਦੇ। ਕੁੜੀ ਵਿਚਦੀ ਆ ਜਾਂਦੀ ਐ, ਚਾਰ ਦਿਨ ਲਾ ਜਾਂਦੀ ਐ। ਦੋਹਤੀ ਰੱਖੀ ਹੋਈ ਐ ਅਸੀਂ, ਉਹ ਰਹਿੰਦੀ ਐ ਸਾਡੇ ਕੋਲ…।’’ ਮਾਤਾ ਕਈ ਸਵਾਲਾਂ ਦੇ ਜਵਾਬ ਆਪ ਹੀ ਦੇ ਗਈ ਜਿਹੜੇ ਮੈਂ ਪੁੱਛਣਾ ਚਾਹੁੰਦਾ ਸੀ।

‘‘ਮਾਤਾ ਫਿਰ ਪੈਨਸ਼ਨ ਕਿੰਨੀ ਮਿਲ ਜਾਂਦੀ ਐ?’’ ਮੈਂ ਗੱਲ ਦੀ ਲੜੀ ਬਦਲਣ ਦੀ ਕੋਸ਼ਿਸ਼ ਕੀਤੀ। ਜਿਹੜੇ ਫ਼ੌਜੀ ਜਵਾਨ ਡਿਊਟੀ ਦੌਰਾਨ ਸ਼ਹੀਦ ਹੋ ਜਾਂਦੇ ਨੇ ਉਨ੍ਹਾਂ ਨੂੰ ਪੈਨਸ਼ਨ ਪੂਰੀ ਮਿਲਦੀ ਹੈ।

“ਪੁੱਤ ਕਿਹੜੀ ਪੈਲਸ਼ਨ, ਸਾਨੂੰ ਕੋਈ ਪੈਲਸ਼ਨ ਨਹੀਂ ਮਿਲੀ। ਮੇਰੇ ਪੁੱਤ ਦੇ ਮਰੇ ਤੋਂ ਜਿਹੜਾ ਪੈਸਾ ਮਿਲਿਆ ਸੀ ਸਾਰਾ ਪੈਸਾ ਤੇ ਪੈਲਸ਼ਨ ਵੀ ਉਹ ਆਪਣੇ ਨਾਂ ਕਰਵਾ ਕੇ ਲੈ ਗਈ। ਮੁੰਡੇ ਦੀ ਮੌਤ ਤੋਂ ਬਾਅਦ ਦੋ ਮਹੀਨੇ ਨਹੀਂ ਰੁਕੀ। ਜਿਉਂ ਪੈਸੇ ਆ ਗਏ, ਪੈਲਸ਼ਨ ਲੱਗ ਗਈ ਮੁੰਡਾ ਗੋਦੀ ਚੁੱਕ ਕੇ ਤੁਰ ਗਈ। ਬਥੇਰੀਆਂ ਪੰਚਾਇਤਾਂ ਗਈਆਂ: ‘ਇਨ੍ਹਾਂ ਨੂੰ ਕੁਝ ਦੇ ਭਾਈ… ਬੁੜ੍ਹੇ ਬੰਦੇ ਜ਼ਿੰਦਗੀ ਕਿਵੇਂ ਕੱਟਣਗੇ…?’ ਉਨ੍ਹਾਂ ਦੇ ਟੱਬਰ ਨੇ ਪੈਰ ’ਤੇ ਪਾਣੀ ਹੀ ਨਹੀਂ ਪੈਣ ਦਿੱਤਾ। ਬਹੂ ਚੰਦਰੀ ਨੇ ਵੀ ਕਿਸੇ ਦੀ ਨਹੀਂ ਸੁਣੀ…। ਪੈਸੇ ਦਾ ਇੰਨਾ ਲਾਲਚ ਹੋ ਗਿਆ! ਸਾਨੂੰ ਕੱਖੋਂ ਹੌਲੇ ਕਰ ਗਈ।’’ ਮਾਤਾ ਨੇ ਵੱਡਾ ਸਾਰਾ ਹਉਕਾ ਲਿਆ।

‘‘ਮਾਤਾ… ਬਹੁਤ ਮਾੜੀ ਕੀਤੀ ਤੁਹਾਡੇ ਨਾਲ…।’’

“ਮਾੜੀ ਵਰਗੀ ਮਾੜੀ… ਪੁੱਤ, ਉਹਨੇ ਤਾਂ ਸਾਲ ਬਾਦ ਦੂਜਾ ਵਿਆਹ ਵੀ ਕਰਵਾ ਲਿਆ। ਹੁਣ ਮਾਸਟਰਨੀ ਲੱਗੀ ਹੋਈ ਐ ਸਕੂਲ ’ਚ…। ਜਵਾਕ ਦਾ ਮੋਹ ਆ ਜਾਂਦਾ। ਆਪਣਾ ਖ਼ੂਨ ਐ…। ਕਦੇ ਮਿਲਣ ਨੂੰ ਚਿੱਤ ਕਰ ਆਉਂਦਾ। ਉਹ ਤਾਂ ਜਵਾਕ ਨੂੰ ਵੀ ਮਿਲਣ ਨਹੀਂ ਦਿੰਦੀ। ਸਾਡੇ ’ਤੇ ਠਾਣੇ ਵਿੱਚ ਰਪਟ (ਰਿਪੋਰਟ) ਦੇ ਆਈ…। ਪੁਲੀਸ ਸਾਨੂੰ ਰੋਅਬ ਮਾਰ ਜਾਂਦੀ…।’’ ਮਾਤਾ ਦੀਆਂ ਗੱਲਾਂ ਨੇ ਮੇਰੇ ਅੰਦਰ ਉਥਲ-ਪੁਥਲ ਮਚਾ ਦਿੱਤੀ।

‘‘ਮਾਤਾ ਫਿਰ ਘਰ ਦਾ ਗੁਜ਼ਾਰਾ ਕਿਵੇਂ ਚਲਦੈ…?’’ ਮੈਂ ਵਿੱਚੋਂ ਟੋਕ ਦਿੱਤਾ।

‘‘ਇਹਤੋਂ ਤਾਂ ਕੋਈ ਕੰਮ ਹੁੰਦਾ ਨਹੀਂ… ਮੈਂ ਲੋਕਾਂ ਦੇ ਘਰਾਂ ਵਿੱਚ ਖ਼ੁਸ਼ੀ ਗਮੀ ’ਤੇ ਭਾਂਡੇ ਮਾਂਜ ਕੇ ਚਾਰ ਛਿੱਲੜਾਂ ਨਾਲ ਤੋਰਾ ਤੋਰਦੀ ਆਂ…। ਅਸੀਂ ਪੁੱਤ ਰਾਜੇ ਹੁੰਨੇ ਆਂ…। ਸਾਨੂੰ ਤਾਂ ਆ ਦੋ ਕਾਰਡ ਫ਼ੌਜ ਨੇ ਦਿੱਤੇ ਨੇ, ਦਵਾਈ ਬੂਟੀ ਮਿਲ ਜਾਂਦੀ ਐ। ਪੰਜ-ਚਾਰ ਸਾਬਣਾਂ, ਤੇਲ ਲੈ ਜਾਨੇ ਆਂ…। ਸਾਡੇ ਕੋਲ ਚੰਦਰੀ ਜੁਆਕ ਹੀ ਛੱਡ ਜਾਂਦੀ… ਨਾ ਸਾਨੂੰ ਕੋਈ ਪੈਸਾ ਧੇਲਾ ਦਿੱਤਾ… ਸਗੋਂ ਸਾਡਾ ਤਾਂ ਵਾਰਸ ਵੀ ਲੈ ਗਈ…।’’ ਮਾਤਾ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੇ ਪਰਨਾਲੇ ਚੱਲ ਪਏ।

ਮੈਂ ਇਕਦਮ ਗੱਡੀ ਦੇ ਬਰੇਕ ਮਾਰੇ। ਮੂਹਰੇ ਕੁੱਤਾ ਆ ਗਿਆ ਸੀ। ਹੁਣ ਤਾਂ ਇਨਸਾਨ ਵੀ ਕੁੱਤਿਆਂ ਵਾਂਗੂ ਆਵਾਰਾ ਹੋਏ ਫਿਰਦੇ ਨੇ। ਲਾਲਚ ਦੀ ਹੱਡੀ ਇਨ੍ਹਾਂ ਦੇ ਮੂੰਹ ਲੱਗਣੀ ਚਾਹੀਦੀ ਹੈ। ਚੂੰਡ-ਚੂੰਡ ਮਾਸ ਖਾ ਜਾਂਦੇ ਹਨ…। ਸਰਹੱਦਾਂ ’ਤੇ ਸ਼ਹੀਦ ਹੋਏ ਫ਼ੌਜੀ ਜਵਾਨਾਂ ਦੇ ਮਾਪੇ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹਨ। ਕੋਈ ਕਾਨੂੰਨ ਉਨ੍ਹਾਂ ਦੀ ਬਾਂਹ ਨਹੀਂ ਫੜਦਾ। ਕਿੰਨੇ ਹੀ ਅਜਿਹੇ ਕੇਸ ਨੇ ਜਿੱਥੇ ਪਤਨੀਆਂ ਜਾਇਦਾਦ ਵੰਡਾ ਤੁਰ ਜਾਂਦੀਆਂ ਨੇ ਆਪ ਵਿਆਹ ਕਰਵਾ ਲੈਂਦੀਆਂ ਹਨ। ਅਗਲੇ ਦਾ ਪੁੱਤ ਵੀ ਚਲਿਆ ਜਾਂਦੈ ਤੇ ਨਾਲੇ ਪੁੱਤ ਦਾ ਹਿੱਸਾ। ਮਾਤਾ ਦੀਆਂ ਗੱਲਾਂ ਸੁਣ ਕੇ ਮੇਰੇ ਮਨ ਵਿੱਚ ਅਜਿਹੇ ਕਿੰਨੇ ਹੀ ਸਵਾਲਾਂ ਨੇ ਝੁਰਮਟ ਪਾ ਲਏ। ਅਸੀਂ ਉਨ੍ਹਾਂ ਨੂੰ ਸੁਨਾਮ ਤੋਂ ਲਹਿਰੇ ਵਾਲੀ ਬੱਸ ਚੜ੍ਹਾ ਦਿੱਤਾ। ਗੱਡੀ ਦੀ ਰਫ਼ਤਾਰ ਹੁਣ ਪਹਿਲਾਂ ਨਾਲੋਂ ਬਹੁਤ ਤੇਜ਼ ਸੀ।

ਸੰਪਰਕ: 98143-98762

Leave a Reply

Your email address will not be published. Required fields are marked *