ਪ੍ਰਸੰਨਤਾ
-ਪੱਲਵੀ ਸਿੰਘ
ਮਨੁੱਖੀ ਸਰਗਰਮੀਆਂ ਦਾ ਇਕ ਮੁੱਖ ਟੀਚਾ ਪ੍ਰਸੰਨ ਰਹਿਣਾ ਹੀ ਹੈ। ਅਜਿਹੇ ’ਚ ਵੱਡਾ ਸਵਾਲ ਇਹੀ ਹੈ ਕਿ ਪ੍ਰਸੰਨ ਕਿਵੇਂ ਰਿਹਾ ਜਾਵੇ। ਇਹ ਵਿਅਕਤੀ-ਵਿਸ਼ੇਸ਼ ਦੀ ਰੁਚੀ ’ਤੇ ਨਿਰਭਰ ਕਰਦਾ ਹੈ ਕਿ ਉਸ ਨੂੰ ਕਿਸ ਗੱਲ ਨਾਲ ਖ਼ੁਸ਼ੀ ਮਿਲਦੀ ਹੈ। ਜਿਵੇਂ ਕੋਈ ਸੰਗੀਤ ਸੁਣ ਕੇ ਪ੍ਰਸੰਨ ਹੋ ਸਕਦਾ ਹੈ ਤੇ ਕੋਈ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਦੇ ਰੂਪ ਵਿਚ ਪ੍ਰਗਟਾ ਕੇ ਖ਼ੁਸ਼ੀ ਦਾ ਅਹਿਸਾਸ ਕਰਦਾ ਹੈ। ਇਸੇ ਤਰ੍ਹਾਂ ਦੇਖੀਏ ਤਾਂ ਮਨਮਰਜ਼ੀ ਦਾ ਕੰਮ ਕਰਨ ਜਾਂ ਆਪਣੀ ਇੱਛਾ ਜਾਂ ਟੀਚੇ ਦੀ ਪੂਰਤੀ ਹੀ ਪ੍ਰਸੰਨਤਾ ਦਾ ਕਾਰਨ ਬਣਦੀ ਹੈ। ਇਸ ਲਈ ਜੇਕਰ ਆਪਣੇ ਮਨ ’ਤੇ ਕਾਬੂ ਰਹੇ ਜਾਂ ਉਸ ਨੂੰ ਸੇਧਣ ਵਿਚ ਸਫਲਤਾ ਮਿਲ ਜਾਵੇ ਤਾਂ ਪ੍ਰਸੰਨਤਾ ਦੇ ਭਾਵ ਨੂੰ ਸਥਾਈ ਬਣਾਈ ਰੱਖਿਆ ਜਾ ਸਕਦਾ ਹੈ। ਫਿਰ ਜੀਵਨ ਵਿਚ ਕਦੇ ਉਦਾਸੀ ਭਾਰੂ ਨਹੀਂ ਹੋਵੇਗੀ। ਇਸ ਸਬੰਧ ਵਿਚ ਸਵੇਟ ਮਾਡਰਨ ਨੇ ਕਿਹਾ ਹੈ ਕਿ ਜੇ ਅਸੀਂ ਪ੍ਰਸੰਨ ਹਾਂ ਤਾਂ ਸਮੁੱਚੀ ਕੁਦਰਤ ਸਾਡੇ ਨਾਲ ਮੁਸਕਰਾਉਂਦੀ ਪ੍ਰਤੀਤ ਹੁੰਦੀ ਹੈ। ਹਕੀਕਤ ਇਹੀ ਹੈ ਕਿ ਮਨੁੱਖ ਨੂੰ ਜੀਵਨ ਵਿਚ ਤਰ੍ਹਾਂ-ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਆਦਾਤਰ ਹਾਲਾਤ ਸਾਜ਼ਗਾਰ ਨਹੀਂ ਹੁੰਦੇ। ਕਈ ਵਾਰ ਸਥਿਤੀ ਬੜੀ ਮੁਸੀਬਤ ਵਾਲੀ ਹੁੰਦੀ ਹੈ। ਸਾਨੂੰ ਮੁਸ਼ਕਲ ’ਚੋਂ ਨਿਕਲਣ ਦਾ ਕੋਈ ਰਸਤਾ ਨਹੀਂ ਸੁੱਝਦਾ। ਤਦ ਹੀ ਸਾਡੀ ਪ੍ਰੀਖਿਆ ਹੁੰਦੀ ਹੈ। ਉਸ ਤੋਂ ਬਿਨਾਂ ਘਬਰਾਏ ਜੀਵਨ ਵਿਚ ਸਰਗਰਮ ਰਹਿਣਾ ਵੀ ਪ੍ਰਸੰਨਤਾ ਨੂੰ ਬਣਾਈ ਰੱਖਦਾ ਹੈ। ਪ੍ਰਸੰਨ-ਚਿੱਤ ਜੀਵਨ ਲਈ ਬਹੁਤ ਸੋਮੇ ਨਹੀਂ ਚਾਹੀਦੇ। ਹਾਲਾਂਕਿ ਇੰਨਾ ਕੁ ਧਨ ਤਾਂ ਕਮਾਉਣਾ ਹੀ ਚਾਹੀਦਾ ਹੈ ਕਿ ਮੁੱਢਲੀਆਂ ਜ਼ਰੂਰਤਾਂ ਦੀ ਪੂਰਤੀ ਹੁੰਦੀ ਰਹੇ। ਵੈਸੇ ਮਨੁੱਖ ਇੱਛਾਵਾਂ ਦੇ ਵਸ ਪੈ ਕੇ ਸਿਰਫ਼ ਧਨ ਕਮਾਉਣ ਵਿਚ ਲੱਗਿਆ ਰਹਿੰਦਾ ਹੈ ਅਤੇ ਇਸ ਕੰਮ ਵਿਚ ਉਨ੍ਹਾਂ ਛੋਟੇ-ਮੋਟੇ ਪਲਾਂ ਨੂੰ ਗੁਆ ਦਿੰਦਾ ਹੈ ਜੋ ਵੱਡੀ ਪ੍ਰਸੰਨਤਾ ਦਿਵਾਉਂਦੇ ਹਨ। ਉਸ ਨੂੰ ਲੱਗਣ ਲੱਗਦਾ ਹੈ ਕਿ ਉਹ ਧਨ ਨਾਲ ਖ਼ੁਸ਼ੀਆਂ ਵੀ ਖ਼ਰੀਦ ਸਕਦਾ ਹੈ ਪਰ ਜੇ ਇਹੀ ਕਸੌਟੀ ਹੈ ਤਾਂ ਗ਼ਰੀਬ ਕਦੇ ਪ੍ਰਸੰਨ ਨਹੀਂ ਰਹਿ ਸਕਦਾ। ਇਸ ਲਈ ਜੋ ਤੁਹਾਡੇ ਕੋਲ ਨਹੀਂ ਹੈ, ਜੇਕਰ ਉਸ ਨੂੰ ਲੈ ਕੇ ਹੀ ਦੁਖੀ ਰਹੋਗੇ ਤਾਂ ਕਦੇ ਪ੍ਰਸੰਨ ਨਹੀਂ ਰਹਿ ਸਕੋਗੇ। ਜੋ ਕਮਾਇਆ ਹੈ ਜਾਂ ਜਿੰਨਾ ਈਸ਼ਵਰ ਨੇ ਤੁਹਾਡੇ ਲਈ ਨਿਰਧਾਰਤ ਕੀਤਾ ਹੈ, ਜੇ ਉਸ ਨਾਲ ਸੰਤੁਸ਼ਟੀ ਮਿਲਦੀ ਰਹੇਗੀ ਤਾਂ ਸਮਝ ਲੈਣਾ ਕਿ ਤੁਸੀਂ ਪ੍ਰਸੰਨਤਾ ਨੂੰ ਸਦਾ ਲਈ ਆਪਣੇ ਵਸ ਵਿਚ ਕਰ ਲਿਆ ਹੈ ਤੇ ਇੰਜ ਤੁਸੀਂ ਆਪਣੇ ਜੀਵਨ ਦਾ ਭਰਪੂਰ ਆਨੰਦ ਲੈਣ ਦੇ ਕਾਬਲ ਹੋ ਜਾਓਗੇ।