ਹਾਥਰਸ ਦਰਿੰਦਗੀ, ਜਬਰ-ਜਨਾਹ ਤੇ ਕਤਲ

ਡਾ. ਮਨਜੀਤ ਸਿੰਘ ਬੱਲ

ਆਧੁਨਿਕ ਭਾਰਤ ਵਿਚ ਭਾਵੇਂ ਡਾ. ਭੀਮ ਰਾਓ ਅੰਬੇਡਕਰ ਦੁਆਰਾ ਰਚਿਆ ਸੰਵਿਧਾਨ ਲਾਗੂ ਹੈ ਜਿਸ ਵਿਚ ਸਭ ਨੂੰ ਬਰਾਬਰੀ ਦੇ ਹੱਕ ਦਿੱਤੇ ਹੋਏ ਹਨ, ਫਿਰ ਵੀ ਕਈ ਥਾਵਾਂ ਤੇ ਅਖੌਤੀ ਉਚੀਆਂ ਜਾਤਾਂ ਦੇ ਲੋਕ, ਹਜ਼ਾਰਾਂ ਸਾਲਾਂ ਤੋਂ ਦਲਿਤਾਂ/ਸ਼ੂਦਰਾਂ ਤੇ ਪਛੜੇ ਲੋਕਾਂ ਉਤੇ ਅੱਤਿਆਚਾਰ ਕਰਨਾ ਆਪਣਾ ਅਧਿਕਾਰ ਸਮਝਦੇ ਹਨ। ਇਸੇ ਮਾਨਸਿਕਤਾ ਅਧੀਨ, ਪਛੜਿਆਂ ਦੀਆਂ ਔਰਤਾਂ/ਲੜਕੀਆਂ ਨਾਲ ਜਬਰ-ਜਨਾਹ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਉਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਾਲੀ ਦਰਿੰਦਗੀ, ਜਬਰ-ਜਨਾਹ ਅਤੇ ਕਤਲ ਦੀ ਘਟਨਾ ਨਾਲ ਇਸ ਸੂਬੇ ਦੀ ਹੀ ਨਹੀਂ ਬਲਕਿ ਪੂਰੇ ਦੇਸ਼ ਦੀ ਅਤੇ ਇਸ ਦੇ ਨਿਵਾਸੀਆਂ ਦੀ ਕੌਮਾਂਤਰੀ ਪੱਧਰ ਤੇ ਫਜ਼ੀਹਤ ਹੋ ਰਹੀ ਹੈ। ਪਿੰਡ ਬੂਲਗੜ੍ਹੀ ਦੇ ਅਖੌਤੀ ਉੱਚ ਜਾਤੀ ਨਾਲ ਸਬੰਧਤ ਚਾਰ ਮੁੰਡਿਆਂ ਦੁਆਰਾ ਬਾਲਮੀਕ ਬਰਾਦਰੀ ਦੀ ਉਨੀ ਸਾਲਾਂ ਦੀ ਕੁੜੀ ਨਾਲ ਸਮੂਹਿਕ ਜਬਰ-ਜਨਾਹ ਤੋਂ ਬਾਅਦ ਇਨ੍ਹਾਂ ਨੇ ਉਹਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ।

ਇਸ ਤੋਂ ਬਾਅਦ ਸਰਕਾਰੀ ਤੰਤਰ ਦੁਆਰਾ ਉਸ ਦਾ ਇਲਾਜ ਠੀਕ ਤਰੀਕੇ ਨਾਲ ਨਾ ਕਰਵਾਉਣ, ਦੇਰੀ ਨਾਲ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਭੇਜਣ ਅਤੇ ਉਸ ਦੀ ਮੌਤ ਤੋਂ ਬਾਅਦ ਸਬੂਤ ਮਿਟਾਉਣ ਲਈ, ਪਰਿਵਾਰ ਦੇ ਤਰਲੇ ਕੱਢਣ ਦੇ ਬਾਵਜੂਦ ਉਨ੍ਹਾਂ ਨੂੰ ਘਰ ਵਿਚ ਬੰਦ ਕਰ ਕੇ, ਉਨ੍ਹਾਂ ਦੀ ਰਜ਼ਾਮੰਦੀ ਤੋਂ ਬਗ਼ੈਰ ਤੜਕੇ ਸਵੇਰੇ ਪੌਣੇ ਤਿੰਨ ਵਜੇ ਪਿੰਡ ਦੀਆਂ ਪੈਲੀਆਂ ਵਿਚ ਸਾੜ ਦੇਣਾ, ਵਹਿਸ਼ੀਪੁਣਾ ਤੇ ਹੈਵਾਨੀਅਤ ਸਾਰੀਆਂ ਹੱਦਾਂ ਟੱਪਣ ਵਾਲੀਆਂ ਗੱਲਾਂ ਹਨ। ਇਸ ਤੋਂ ਵੀ ਅੱਗੇ ਚੱਲੀਏ ਤਾਂ ਮੀਡੀਆ ਅਤੇ ਕਿਸੇ ਵੀ ਸਿਆਸਤਦਾਨ ਨੂੰ ਉਸ ਟੱੱਬਰ ਨੂੰ ਨਾ ਮਿਲਣ ਦੇਣਾ, ਫੋਨ ਦੀ ਗੱਲਬਾਤ ਟੈਪ ਕਰਨੀ, ਪੱਤਰਕਾਰਾਂ ਅਤੇ ਰਾਜਨੀਤਕ ਲੀਡਰਾਂ ਨਾਲ ਧੱਕਾ-ਮੁੱਕੀ ਕਰਨਾ, ਮੂੰਹ ਤੇ ਕਾਲਖ਼ ਸੁੱਟ ਦੇਣੀ, ਜਿਹੜਾ ਵੀ ਉਸ ਪਿੰਡ ਵੱਲ ਮੂੰਹ ਕਰੇ, ਉਹਦੇ ਉਤੇ ਐੱਫਆਈਆਰ ਦਰਜ ਕਰ ਦੇਣਾ ਤੇ ਇਹ ਕਹਿਣਾ ਕਿ ਇਹ ਜਾਤੀ ਆਧਾਰਿਤ ਦੰਗੇ ਕਰਵਾਉਣ ਦੀ ਸਾਜ਼ਿਸ਼ ਹੈ, ਪੀੜਤ ਪਰਿਵਾਰ ਦੇ ਨਾਰਕੋ ਟੈਸਟ ਦੀ ਗੱਲ ਕਰਨਾ, ਬਲਾਤਕਾਰੀਆਂ ਦੀ ਹਮਾਇਤ ਵਿਚ ਸਾਬਕਾ ਵਿਧਾਇਕ ਦੇ ਘਰ ਵੱਡੀ ਪੰਚਾਇਤ ਇਕੱਠੀ ਕਰਨਾ, ਉੱਚ ਜਾਤੀ ਨਾਲ ਸਬੰਧਤ ਮੁਲਜ਼ਮਾਂ ਨੂੰ ਬਚਾਉਣ ਵਾਸਤੇ ਅਨੇਕਾਂ ਹੀ ਗ਼ੈਰਕਾਨੂੰਨੀ ਢੰਗ-ਤਰੀਕੇ ਵਰਤਣੇ, ਬਹੁਤ ਹੀ ਹੋਛੀਆਂ ਕਰਤੂਤਾਂ ਹਨ। ਟੀਵੀ ਰਿਪੋਰਟਰ ਤਨੂੰਸ਼੍ਰੀ ਪਾਂਡੇ ਸਮੇਤ ਜਿਊਂਦੀ ਗ਼ੈਰਤ ਵਾਲੇ ਮੀਡੀਆ ਕਰਮੀਆਂ ਤੇ ਪ੍ਰਿੰਟ ਮੀਡੀਆ ਸਦਕਾ ਸਿਰਫ਼ ਭਾਰਤ ਵਿਚ ਹੀ ਨਹੀਂ, ਸਾਰੀ ਦੁਨੀਆ ਵਿਚ ਪਤਾ ਲੱਗ ਚੁਕਿਆ ਹੈ ਅਤੇ ਲਗਾਤਾਰ ਖਬਰਾਂ ਆ ਰਹੀਆਂ ਹਨ ਕਿ ਇਸ ਮਾਮਲੇ ਵਿਚ ਕੀ ਹੋ ਰਿਹਾ ਹੈ।

ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਦਸੰਬਰ 2012 ਦੇ ਨਿਰਭਯਾ ਵਾਲੇ ਕੇਸ ਵਿਚ ਜੇ ਮੀਡੀਆ ਨੂੰ ਰੋਕ ਦਿੱਤਾ ਜਾਂਦਾ, ਲੋਕਾਂ ਨੂੰ ਇਕੱਠਾ ਨਾ ਹੋਣ ਦਿੱਤਾ ਜਾਂਦਾ ਤਾਂ ਕੀ ਉਹਨੂੰ ਇਨਸਾਫ ਮਿਲ ਸਕਦਾ ਸੀ? ਇਸ ਵੇਲੇ ਦੀ ਸਰਕਾਰ ਦੇ ਕਾਲ ਦੌਰਾਨ ਜਨਵਰੀ 2018 ਵਿਚ ਜੰਮੂ ਦੇ ਕਠੂਆ ਖੇਤਰ ਵਿਚ ਬੱਚੀ ਆਸਿਫ਼ਾ ਨਾਲ ਹੋਏ ਜਬਰ-ਜਨਾਹ ਤੇ ਕਤਲ ਵੇਲੇ ਵੀ ਦਰਿੰਦਿਆਂ ਦੀ ਹਮਾਇਤ ਵਿਚ ਲੀਡਰਾਂ ਸਮੇਤ ਲੋਕ ਇਕੱਠੇ ਹੋਏ ਸਨ ਤੇ ਹੁਣ 2020 ਵਿਚ ਹਾਥਰਸ ਵਾਲੇ ਮੁਲਜ਼ਮਾਂ ਦੀ ਹੋ ਰਹੀ ਹਮਾਇਤ ਸਭ ਦੇ ਸਾਹਮਣੇ ਹੈ। ਹੋਰ ਤਾਂ ਹੋਰ, ਜੂਨ 2017 ਦੇ ਉਨਾਓ (ਯੂਪੀ) ਵਿਚ ਸਤਾਰਾਂ ਸਾਲਾਂ ਦੀ ਕੁੜੀ ਨਾਲ ਸਮੂਹਿਕ ਬਲਾਤਕਾਰ ਮਾਮਲੇ ਵਿਚ ਵੀ ਦੋਸ਼ੀ, ਸਾਬਕਾ ਐੱਮਐੱਲਏ ਕੁਲਦੀਪ ਸੇਂਗਰ ਨੇ ਆਪਣੇ ਰਸੂਖ਼ ਨਾਲ ਕੇਸ ਕੁਝ ਲਮਕਾਇਆ ਪਰ ਮਾਮਲਾ ਸੀਬੀਆਈ ਕੋਲ ਜਾਣ ਤੋਂ ਬਾਅਦ ਹੀ ਉਹ ਕਾਬੂ ਆਇਆ ਸੀ। ਇਹ ਕੇਸ ਵੀ ਬੜੀ ਚਰਚਾ ਵਿਚ ਰਿਹਾ ਸੀ। ਮਜ਼ਲੂਮ ਕੁੜੀ, ਥਾਣੇ ਅਤੇ ਅਦਾਲਤਾਂ ਦੇ ਚੱਕਰ ਕੱਟਦੀ ਰਹੀ, ਇਸੇ ਦੌਰਾਨ ਦੋਸ਼ੀਆਂ ਦੀਆਂ ਸਾਜ਼ਿਸ਼ਾਂ ਕਾਰਨ ਪੀੜਤ ਕੁੜੀ ਦੇ ਪਿਤਾ ਤੇ ਦੋ ਹੋਰ ਰਿਸ਼ਤੇਦਾਰਾਂ ਦੀ ਵੀ ਮੌਤ ਹੋ ਗਈ ਸੀ। ਦੋਸ਼ੀ ਕੁਲਦੀਪ ਸੇਂਗਰ ਨੂੰ ਦਸੰਬਰ 2019 ਨੂੰ ਉਮਰ ਕੈਦ ਤੇ 25 ਲੱਖ ਜੁਰਮਾਨਾ ਹੋਇਆ ਸੀ ਤੇ ਇਸ ਵੇਲੇ ਉਹ ਜੇਲ੍ਹ ਵਿਚ ਹੈ।

14 ਸਤੰਬਰ 2020, ਐਤਵਾਰ ਵਾਲੇ ਦਿਨ ਬੂਲਗੜ੍ਹੀ ਪਿੰਡ ਦੀ ਮਾਸੂਮ ਕੁੜੀ ਪਿੰਡ ਦੇ ਬਾਹਰ ਖੇਤਾਂ ਵਿਚ ਕੰਮ-ਕਾਰ ਵਾਸਤੇ ਗਈ ਸੀ ਤਾਂ ਚਾਰ ਮੁੰਡਿਆਂ ਨੇ ਖੇਤਾਂ ਵਿਚ ਹੀ ਇਸ ਨਾਲ ਸਮੂਹਿਕ ਬਲਤਾਕਾਰ ਕੀਤਾ, ਧੌਣ ਤੇ ਸੱਟਾਂ ਮਾਰ ਕੇ ਰੀੜ੍ਹ ਦੀ ਹੱਡੀ ਤੋੜ ਦਿੱਤੀ ਤੇ ਰੋਣ ਕੁਰਲਾਉਣ ਤੇ ਉਚੀ ਆਵਾਜ਼ ਬੰਦ ਕਰਨ ਵਾਸਤੇ ਉਹਦੀ ਜੀਭ ਵੱਢ ਦਿੱਤੀ। ਧੌਣ ਵਿਚ ਰੀੜ੍ਹ ਦੀ ਹੱਡੀ ਦੀਆਂ ਸੱਟਾਂ ਕਰ ਕੇ ਉਸ ਦੇ ਸਰੀਰ ਦਾ ਹੇਠਲਾ ਹਿੱਸਾ ਕੰਮ ਨਹੀਂ ਸੀ ਕਰ ਰਿਹਾ (ਪੈਰਾਲਾਇਸਿਸ)। ਪਹਿਲਾਂ ਉਸ ਨੂੰ ਜ਼ਿਲਾ੍ਹ ਹਸਪਤਾਲ ਵਿਚ ਦਾਖ਼ਲ ਕਰਵਾਇਆ ਤੇ ਬਾਅਦ ਵਿਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਗਿਆ ਪਰ ਪੁਲੀਸ ਨੇ ਮਾਮੂਲੀ ਸੱਟਾਂ ਦਾ ਹੀ ਕੇਸ ਦਰਜ ਕੀਤਾ। 22 ਸਤੰਬਰ ਨੂੰ ਜਦ ਉਸ ਨੂੰ ਕੁਝ ਹੋਸ਼ ਆਈ ਤਾਂ ਪਹਿਲੀ ਵਾਰ ਉਸ ਨੇ ਹਕਲਾਉਂਦਿਆਂ ਹੋਇਆਂ ਹਸਪਤਾਲ ਵਿਚ ਪੁਲੀਸ ਨਾਲ ਗੱਲ ਕੀਤੀ ਸੀ। ਮੈਡੀਕੋ-ਲੀਗਲ ਰਿਪੋਰਟ ਮੁਤਾਬਿਕ ਉਹਨੇ ਕਿਹਾ ਸੀ, “ਜਦ ਮੈਂ ਪੈਲੀਆਂ ਵਿਚ ਕੰਮ ਕਰ ਰਹੀ ਸਾਂ ਤਾਂ ਮੇਰੇ ਪਿੰਡ ਦੇ ਹੀ ਚਾਰ ਜਾਣਕਾਰ ਮੁੰਡਿਆਂ (ਸੰਦੀਪ, ਲਵਕੁਸ਼, ਰਵੀ ਤੇ ਰਾਮੂ) ਨੇ ਮੇਰੇ ਨਾਲ ਬਲਾਤਕਾਰ ਕੀਤਾ ਸੀ।”

ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਹਸਪਤਾਲ ਦੇ ਫੋਰੈਂਸਿਕ ਮੈਡੀਸਨ ਵਿਭਾਗ ਨੇ ਪੁਲੀਸ ਨੂੰ ਰਿਪੋਰਟ ਭੇਜੀ ਕਿ “ਲੜਕੀ ਦੀ ਧੌਣ ਉੱਤੇ ਅਤੇ ਪਿਛਲੇ ਪਾਸੇ ਸੱਟਾਂ ਦੇ ਨਿਸ਼ਾਨ ਹਨ ਪਰ ਗੁਪਤ-ਅੰਗਾਂ ਤੇ ਕੁਝ ਐਸਾ ਨਹੀਂ ਹੈ”, ਇਹ ਮਾਸੂਮ ਕੁੜੀ ਦੀ ਮੁਢਲੀ ਮੈਡੀਕੋ-ਲੀਗਲ ਰਿਪੋਰਟ ਵਿਚ ਲਿਖਿਆ ਹੈ ਕਿ ਜ਼ੋਰ-ਜ਼ਬਰਦਸਤੀ ਦੇ ਸਬੂਤ ਤਾਂ ਸਰੀਰ ਤੇ ਮੌਜੂਦ ਹਨ ਪਰ ਗੁਪਤ-ਅੰਗਾਂ ਦੇ ਮੁਆਇਨੇ ਤੋਂ ਕੁਝ ਨਹੀਂ ਕਿਹਾ ਜਾ ਸਕਦਾ, ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਰਿਪੋਰਟ ਤੋਂ ਵੀਰਜ ਹੋਣ ਬਾਰੇ ਬਾਅਦ ਹੀ ਪਤਾ ਲੱਗੇਗਾ। ਤਕਨੀਕੀ ਤੌਰ ਤੇ 72 ਘੰਟੇ ਤੋਂ ਬਾਅਦ ਸੈਂਪਲ ਲਏ ਜਾਣ ਤਾਂ ਵੀਰਜ ਦੇ ਤੱਤ ਮਿਲਣੇ ਅਸੰਭਵ ਹੋ ਜਾਂਦੇ ਹਨ। ਬਾਕੀ ਰਿਪੋਰਟ ਵਿਚ ਇਹੀ ਦੱਸਿਆ ਗਿਆ ਹੈ ਕਿ ਉਸ ਵੇਲੇ ਲੜਕੀ ਬੇਹੋਸ਼ ਸੀ ਤੇ ਉਸ ਨੂੰ ਕਾਫੀ ਦਰਦਾਂ ਵੀ ਸਨ। ਉਸੇ ਦਿਨ ਹਸਪਤਾਲ ਦੇ ਨਿਊਰੋ-ਸਰਜਰੀ ਵਿਭਾਗ ਦੇ ਚੇਅਰਮੈਨ ਨੇ ਐਮਰਜੈਂਸੀ ਅਤੇ ਟਰਾਮਾ ਕੇਂਦਰ ਦੇ ਮੈਡੀਕਲ ਅਫਸਰ ਨੂੰ ਲਿਖਤੀ ਰੂਪ ਵਿਚ ਦੱਸਿਆ ਕਿ ਰੋਗੀ ਦੀ ਹਾਲਤ ਬਹੁਤ ਹੀ ਨਾਜ਼ੁਕ ਹੈ, ਇਸ ਲਈ ਮੈਜਿਸਟਰੇਟ ਨੂੰ ਬੁਲਾ ਕੇ ਇਸ ਦੇ ਬਿਆਨ ਕਲਮਬੰਦ ਕਰਵਾ ਲਏ ਜਾਣ। ਉਸ ਬਿਆਨ ਵਿਚ ਕੁੜੀ ਨੇ ਕਿਹਾ ਸੀ ਕਿ ਉਸ ਨਾਲ ਸਮੂਹਿਕ ਬਲਾਤਕਾਰ ਹੋਇਆ ਹੈ ਤੇ ਉਹਨੇ ਮੁੰਡਿਆਂ ਦੇ ਨਾਮ ਵੀ ਲਏ ਸਨ। ਜ਼ਖ਼ਮਾਂ ਦੀ ਤਾਬ ਨਾ ਝੱਲਦੀ ਹੋਈ, 29 ਸਤੰਬਰ ਮੰਗਲਵਾਰ ਸਵੇਰੇ ਛੇ ਵਜੇ ਉਹ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ, ਕੁੜੀ ਦੀ ਮੌਤ ਤੋਂ ਬਾਅਦ ਉਹਦੇ ਮਾਂ-ਪਿਓ ਤੇ ਰਿਸ਼ਤੇਦਾਰਾਂ ਦੀ ਮਰਜ਼ੀ ਤੋਂ ਬਗ਼ੈਰ, ਉਨ੍ਹਾਂ ਨੂੰ ਘਰ ਦੇ ਅੰਦਰ ਬੰਦ ਕਰ ਕੇ, ਉਹਦੀ ਲਾਸ਼ ਨੂੰ ਸਾੜ ਦਿੱਤਾ ਗਿਆ।

ਹੁਣ ਜ਼ਮਾਨਾ ਬਦਲ ਗਿਆ ਹੈ, ਅਸੀਂ ਡਿਜੀਟਲ ਭਾਰਤ ਦੀ ਗੱਲ ਕਰਦੇ ਹਾਂ ਪਰ ਸੰਵਿਧਾਨ ਵਿਚਲੀ ਬਰਾਬਰ ਹੱਕਾਂ ਵਾਲੀਆਂ ਗੱਲਾਂ ਨੂੰ ਯਾਦ ਨਹੀਂ ਰੱਖਦੇ। ਸਰਕਾਰਾਂ ਨੂੰ ਚਾਹੀਦਾ ਹੈ ਕਿ ਦੋਸ਼ੀਆਂ, ਬਲਤਾਕਾਰੀਆਂ ਦੇ ਪੱਖ ਨਾ ਪੂਰੇ ਜਾਣ। ਸ਼ੋਸ਼ਿਤਾਂ, ਪੱਛੜਿਆਂ, ਦਲਿਤਾਂ ਨੂੰ ਬਰਾਬਰੀ ਦੇ ਹੱਕ ਮਿਲਣ।
ਸੰਪਰਕ: 98728-43491

Leave a Reply

Your email address will not be published. Required fields are marked *