ਵਿਚਾਰਧਾਰਾ ਅਤੇ ਸਿਆਸਤ

ਕਈ ਦਹਾਕੇ ਪਹਿਲਾਂ ਕਈ ਚਿੰਤਕਾਂ ਨੇ ਇਤਿਹਾਸ ਦੇ ਇਸ ਦੌਰ ਨੂੰ ਇਤਿਹਾਸ ਅਤੇ ਵਿਚਾਰਧਾਰਾ ਦੇ ਅੰਤ ਦਾ ਦੌਰ ਕਿਹਾ ਸੀ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐਮਯੂ) ਦੇ ਸ਼ਤਾਬਦੀ ਜਸ਼ਨਾਂ ਮੌਕੇ ਬੋਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਝਾਅ ਦਿੱਤਾ ਹੈ ਕਿ ਸਾਂਝੇ ਕੌਮੀ ਟੀਚਿਆਂ ਦੀ ਪ੍ਰਾਪਤੀ ਵਾਸਤੇ ਵਿਚਾਰਧਾਰਕ ਵਖਰੇਵਿਆਂ ਨੂੰ ਇਕ ਪਾਸੇ ਰੱਖ ਦੇਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਅਨੁਸਾਰ ਸਿਆਸਤ ਨੂੰ ਉਡੀਕ ਕਰਵਾਈ ਜਾ ਰਹੀ ਹੈ ਪਰ ਵਿਕਾਸ ਨੂੰ ਨਹੀਂ ਅਤੇ ਵਿਕਾਸ ਨੂੰ ਸਿਆਸਤ ਦੇ ਆਈਨੇ ਵਿਚੋਂ ਨਹੀਂ ਵੇਖਿਆ ਜਾਣਾ ਚਾਹੀਦਾ। ਪਿਛਲਾ ਸਮਾਂ ਲਗਾਤਾਰ ਇਹ ਗਵਾਹੀ ਦੇ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਪਣੀ ਵਿਚਾਰਧਾਰਾ ਦੀ ਦਿਸ਼ਾ ਵਿਚ ਫ਼ੈਸਲੇ ਕਰਦੀ ਆ ਰਹੀ ਹੈ।
ਮੋਦੀ ਸਰਕਾਰ ਨੇ ਸੰਵਿਧਾਨ ਦੀ ਧਾਰਾ-370 ਖ਼ਤਮ ਕਰ ਕੇ ਵਿਸ਼ੇਸ਼ ਰੁਤਬਾ ਪ੍ਰਾਪਤ ਸੂਬੇ ਜੰਮੂ ਕਸ਼ਮੀਰ ਨੂੰ ਦੋ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿਚ ਬਦਲ ਦਿੱਤਾ। ਅਦਾਲਤੀ ਪ੍ਰਕਿਰਿਆ ਰਾਹੀਂ ਫ਼ੈਸਲੇ ਪਿੱਛੋਂ ਪ੍ਰਧਾਨ ਮੰਤਰੀ ਨੇ ਖ਼ੁਦ ਰਾਮਮੰਦਿਰ ਦੀ ਉਸਾਰੀ ਦੀ ਬੁਨਿਆਦ ਰੱਖੀ ਅਤੇ ਸਾਂਝੇ ਸਿਵਲ ਕੋਡ ਵੱਲ ਜਾਂਦੇ ਰਾਹ ਨੂੰ ਮੋਕਲਾ ਕਰਨ ਲਈ ਮੁਸਲਿਮ ਔਰਤਾਂ ਲਈ ਤਿੰਨ ਤਲਾਕ ਖ਼ਿਲਾਫ਼ ਕਾਨੂੰਨ ਬਣਾਇਆ। ਕਿਰਤ ਕੋਡ ਬਣਾ ਕੇ ਸਨਅਤੀ ਮਜ਼ਦੂਰਾਂ ਅਤੇ ਕਿਰਤੀਆਂ ਦੇ ਹੱਕ ਖੋਹਣਾ ਅਤੇ ਖੇਤੀ ਸਬੰਧੀ ਕਾਨੂੰਨਾਂ ਰਾਹੀਂ ਖੇਤੀ ਖੇਤਰ ਨੂੰ ਕਾਰਪੋਰੇਟ ਅਦਾਰਿਆਂ ਦੇ ਹਵਾਲੇ ਕਰਨ ਵੱਲ ਕਦਮ ਪੁੱਟਣਾ ਕਾਰਪੋਰੇਟ ਪੱਖੀ ਅਤੇ ਆਜ਼ਾਦ ਮੰਡੀ ਨਾਲ ਜੁੜੀ ਵਿਚਾਰਧਾਰਾ ਦਾ ਸਿੱਟਾ ਹੈ। ਵਿਕਾਸ ਕਿਸ ਨੂੰ ਕਹਿਣਾ ਹੈ, ਇਹ ਵੀ ਵਿਚਾਰਧਾਰਕ ਮੁੱਦਾ ਹੈ। ਕਾਰਪੋਰੇਟ ਅਦਾਰਿਆਂ ਦੇ ਮੁਨਾਫ਼ੇ ਨੂੰ ਕੇਂਦਰ ਵਿਚ ਰੱਖ ਕੇ ਬਣਾਈਆਂ ਜਾਣ ਵਾਲੀਆਂ ਨੀਤੀਆਂ ਨਵ-ਉਦਾਰਵਾਦੀ ਵਿਚਾਰਧਾਰਕ ਚੌਖ਼ਟੇ ਦਾ ਹਿੱਸਾ ਹਨ ਜਿਸ ਵਿਚ ਦੇਸ਼ ਨੂੰ ਪੰਜ ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਬਣਾਉਣ ਦਾ ਖੁਆਬ ਤਾਂ ਦੇਖਿਆ ਜਾ ਸਕਦਾ ਹੈ ਪਰ ਇਸ ਵਿੱਚੋਂ ਕਿਸ ਨੂੰ ਕਿੰਨਾ ਹਿੱਸਾ ਮਿਲੇਗਾ, ਇਸ ਦੀ ਗੱਲ ਨਹੀਂ ਕੀਤੀ ਜਾਂਦੀ।
ਮੁਨਾਫ਼ੇ ਵਾਸਤੇ ਕੁਦਰਤੀ ਵਸੀਲਿਆਂ ਦਾ ਘਾਣ ਅਤੇ ਤਾਕਤਾਂ ਦਾ ਕੇਂਦਰੀਕਰਨ ਵੀ ਵਿਚਾਰਧਾਰਕ ਅਤੇ ਸਿਆਸੀ ਮਾਮਲੇ ਹਨ। ਸਰਕਾਰ ਨਾਲ ਅਸਹਿਮਤੀ ਰੱਖਣ ਵਾਲੇ ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਸਮਾਜਿਕ ਕਾਰਕੁੰਨਾ ਉੱਤੇ ਦੇਸ਼ਧ੍ਰੋਹ ਦੇ ਮੁੱਕਦਮੇ ਚਲਾ ਕੇ ਜੇਲ੍ਹਾਂ ਵਿਚ ਸੁੱਟ ਦੇਣ ਦਾ ਮਾਮਲਾ ਵਿਚਾਰਧਾਰਾ ਤੋਂ ਅਲੱਗ ਕਿਵੇਂ ਹੋ ਸਕਦਾ ਹੈ? ਜਦੋਂ ਵੀ ਕੋਈ ਵਿਅਕਤੀ ਵਿਚਾਰਧਾਰਾਹੀਣ ਸਿਆਸਤ ਜਾਂ ਵਿਕਾਸ ਦਾ ਤਰਕ ਦਿੰਦਾ ਹੈ ਤਾਂ ਉਹ ਸਥਾਪਿਤ, ਪ੍ਰਚੱਲਿਤ ਅਤੇ ਹਾਕਮ ਧਿਰ ਦੀ ਵਿਚਾਰਧਾਰਾ ਨੂੰ ਲਾਗੂ ਕਰਨ ਦਾ ਸੱਦਾ ਦੇ ਰਿਹਾ ਹੁੰਦਾ ਹੈ। ਖੇਤੀ, ਕਿਸਾਨੀ ਅਤੇ ਜ਼ਰੂਰੀ ਵਸਤਾਂ ਸਬੰਧੀ ਬਣਾਏ ਗਏ ਤਿੰਨੇ ਕਾਨੂੰਨਾਂ ਨੂੰ ਭਾਵੇਂ ਸਰਕਾਰ ਨੇ ਕਿਸਾਨਾਂ ਦੀ ਹਾਲਤ ਸੁਧਾਰਨ ਵਾਲੇ ਦਰਸਾਉਣ ਦੀ ਲੱਖ ਕੋਸ਼ਿਸ਼ ਕੀਤੀ ਹੈ ਪਰ ਕਿਸਾਨ ਜਥੇਬੰਦੀਆਂ ਦੁਆਰਾ ਇਨ੍ਹਾਂ ਕਾਨੂੰਨਾਂ ਨੂੰ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖਣ ਕਾਰਨ ਹੀ ਮੌਜੂਦਾ ਕਿਸਾਨ ਅੰਦੋਲਨ ਨੇ ਜਨਮ ਲਿਆ। ਵੱਖਰੀਆਂ ਵਿਚਾਰਧਾਰਾਵਾਂ ਦੀ ਹਕੀਕਤ ਨੂੰ ਸਵੀਕਾਰ ਕਰਨਾ ਅਤੇ ਸਹਿਹੋਂਦ ’ਚ ਰਹਿਣ ਦਾ ਵੱਲ ਹੀ ਜਮਹੂਰੀਅਤ ਦੇ ਬੁਨਿਆਦੀ ਅਸੂਲ ਹਨ।