ਸਿੱਖ ਇਤਿਹਾਸ ਦੀ ਮਾਲਾ ਦਾ ਮੋਤੀ ਭਾਈ ਨੰਦ ਲਾਲ

ਬਹਾਦਰ ਸਿੰਘ ਗੋਸਲ

ਭਾਈ ਨੰਦ ਲਾਲ ਦਾ ਨਾਂ ਸਿੱਖ ਇਤਹਾਸ ਦੇ ਸੁਨਹਿਰੀ ਪੰਨਿਆਂ ’ਤੇ ਦਰਜ ਹੈ। ਉਨ੍ਹਾਂ ਦਾ ਜਨਮ 1633 ਈ. ਨੂੰ ਗਜ਼ਨੀ ਸ਼ਹਿਰ ਵਿੱਚ ਮੁਨਸ਼ੀ ਛੱਜੂ ਰਾਮ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਨੇ ਭਾਈ ਨੰਦ ਲਾਲ ਨੂੰ ਅਰਬੀ-ਫ਼ਾਰਸੀ ਦੀ ਵਿੱਦਿਆ ਵਿੱਚ ਨਿਪੁੰਨ ਕਰ ਦਿੱਤਾ। ਜਦੋਂ ਸੰਨ 1652 ਈ. ਵਿੱਚ ਪਿਤਾ ਦਾ ਦੇਹਾਂਤ ਹੋ ਗਿਆ ਤਾਂ ਭਾਈ ਨੰਦ ਲਾਲ ਬਹੁਤ ਉਦਾਸ ਰਹਿਣ ਲੱਗੇ ਅਤੇ ਗਜ਼ਨੀ ਤੋਂ ਮੁਲਤਾਨ ਚਲੇ ਗਏ, ਜਿਥੇ ਉਨ੍ਹਾਂ ਨੇ ਦਿੱਲੀ ਦਰਵਾਜ਼ੇ ਕੋਲ ਨਿਵਾਸ ਕਰ ਲਿਆ। ਇੱਥੇ ਉਨ੍ਹਾਂ ਦੇ ਕਾਫੀ ਸੇਵਕ ਬਣ ਗਏ ਅਤੇ ਉਨ੍ਹਾਂ ਨੂੰ ‘ਆਗਾ’ ਜੀ ਮਤਲਬ ਸੁਆਮੀ ਜੀ ਕਹਿ ਕੇ ਬੁਲਾਉਣ ਲੱਗ ਗਏ। ਇਸ ਤਰ੍ਹਾਂ ਉਨ੍ਹਾਂ ਦੇ ਮਹੱਲੇ ਦਾ ਨਵਾਂ ਨਾਂ ‘ਆਗਾਪੁਰ’ ਹੀ ਪ੍ਰਚੱਲਤ ਹੋ ਗਿਆ। ਮੁਲਤਾਨ ਵਿੱਚ ਰਹਿੰਦੇ ਸਮੇਂ ਹੀ ਉਨ੍ਹਾਂ ਦਾ ਵਿਆਹ ਇੱਕ ਸਿੱਖ ਪਰਿਵਾਰ ਦੀ ਲੜਕੀ ਨਾਲ ਹੋ ਗਈ, ਜਿਸ ਨਾਲ ਉਨ੍ਹਾਂ ਨੂੰ ਗੁਰਸਿੱਖੀ ਦੀ ਲਗਨ ਲੱਗ ਗਈ। ਉਹ ਜਦੋਂ ਮੁਲਤਾਨ ਤੋਂ ਗੁਰੂ ਘਰ, ਅੰਮ੍ਰਿਤਸਰ ਦੇ ਦਰਸ਼ਨ ਲਈ ਆਏ ਤਾਂ ਗੁਰੂ ਗੋਬਿੰਦ ਸਿੰਘ ਦੀ ਮਹਾਨਤਾ ਸੁਣ ਕੇ ਆਨੰਦਪੁਰ ਸਾਹਿਬ ਪਹੁੰਚ ਗਏ।

ਆਨੰਦਪੁਰ ਸਾਹਿਬ ਰਹਿੰਦੇ ਉਹ ਸੰਗਤ ਦੀ ਸੇਵਾ ਵਿੱਚ ਜੁੱਟ ਗਏ। ਇਸ ਦੇ ਨਾਲ ਹੀ ਉਹ ਲਿਖਣ-ਪੜ੍ਹਨ ਦਾ ਕੰਮ ਵੀ ਕਰਦੇ। ਇੱਕ ਵਾਰ ਜਦੋਂ ਗੁਰੂ ਗੋਬਿੰਦ ਸਿੰਘ ਨੇ ਰਾਤ ਨੂੰ ਲੰਗਰਾਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਦੱਸਿਆ ਸੀ ਕਿ ਕੇਵਲ ਨੰਦ ਲਾਲ ਦਾ ਲੰਗਰ ਸਫ਼ਲ ਹੋਇਆ ਕਿਉਂਕਿ ਉਨ੍ਹਾਂ ਕੋਲ ਹਰ ਸਮੇਂ ਪ੍ਰਸ਼ਾਦਾ ਮਿਲ ਸਕਦਾ ਹੈ ਅਤੇ ਗੁਰੂ ਜੀ ਨੇ ਕਿਹਾ ਸੀ ਕਿ ਸਾਨੂੰ ਉਹੀ ਸਿੱਖ ਪਿਆਰਾ ਹੈ ਜਿਹੜਾ ਕਿਸੇ ਨੂੰ ਭੁੱਖਾ ਨਹੀਂ ਦੇਖ ਸਕਦਾ। ਇਸ ਤਰ੍ਹਾਂ ਉਹ ਗੁਰੂ ਜੀ ਦੇ ਨਜ਼ਦੀਕੀ ਪਿਆਰੇ ਸਿੱਖ ਬਣ ਗਏ। ਆਨੰਦਪੁਰ ਸਹਿਬ ਰਹਿੰਦਿਆਂ ਹੀ ਭਾਈ ਸਾਹਿਬ ਨੇ ਫ਼ਾਰਸੀ ਵਿੱਚ ‘ਬੰਦਗੀ ਨਾਮਹ’ ਨਾਂ ਦੀ ਪੁਸਤਕ ਲਿਖੀ ਤੇ ਗੁਰੂ ਜੀ ਨੂੰ ਭੇਂਟ ਕੀਤੀ। ਗੁਰੂ ਜੀ ਪੁਸਤਕ ਪ੍ਰਾਪਤ ਕਰਕੇ ਬੜੇ ਖੁਸ਼ ਹੋਏ ਅਤੇ ਕਿਹਾ ਇਸ ਪੁਸਤਕ ਦਾ ਨਾਂ ‘ਜ਼ਿੰਦਗੀ ਨਾਮਹਾ’ ਹੈ ਅਤੇ ਜੋ ਵਿਅਕਤੀ ਇਸ ਨੂੰ ਪੜ੍ਹੇਗਾ ਅਤੇ ਸੁਣੇਗਾ ਉਸ ਦਾ ਜੀਵਨ ਸਫ਼ਲ ਹੋ ਜਾਵੇਗਾ।

ਕੁਝ ਸਮੇਂ ਬਾਅਦ ਭਾਈ ਨੰਦ ਲਾਲ ਜੀ ਆਪਣੀਆਂ ਅਰਬੀ, ਫ਼ਾਰਸੀ ਅਤੇ ਹਿਸਾਬ ਦੀਆਂ ਕਿਤਾਬਾਂ ਦੇ ਵਿਦਵਾਨ ਹੋਣ ਕਰਕੇ ਸੰਨ 1683 ਈ. ਵਿੱਚ ਬਹਾਦਰ ਸ਼ਾਹ ਕੋਲ ਮੁਨਸ਼ੀ ਲੱਗ ਗਏ ਪਰ ਔਰੰਗਜ਼ੇਬ ਨੇ ਸੋਚਿਆ ਕਿ ਅਜਿਹਾ ਵਿਦਵਾਨ ਹਿੰਦੂ ਧਰਮ ਵਿੱਚ ਨਹੀਂ ਰਹਿਣਾ ਚਾਹੀਦਾ ਅਤੇ ਇਸ ਨੂੰ ਮੁਸਲਮਾਨ ਬਣਾਉਣਾ ਚਾਹੀਦਾ ਹੈ। ਜਦੋਂ ਇਸ ਗੱਲ ਦਾ ਬਹਾਦਰ ਸ਼ਾਹ ਨੂੰ ਪਤਾ ਲੱਗਿਆ ਤਾਂ ਉਸ ਨੇ ਭਾਈ ਜੀ ਨੂੰ ਦੱਸ ਦਿੱਤਾ। ਇਸ ਮਗਰੋਂ ਉਹ ਬਹਾਦਰ ਸ਼ਾਹ ਤੋਂ ਆਗਿਆ ਲੈ ਕੇ 1687 ਵਿੱਚ ਗੁਰੂ ਗੋਬਿੰਦ ਸਿੰਘ ਕੋਲ ਆਨੰਦਪੁਰ ਸਾਹਿਬ ਆ ਗਏ। ਭਾਈ ਨੰਦ ਲਾਲ ਇੰਨੇ ਬੁੱਧੀਵਾਨ ਸਨ ਕਿ ਇੱਕ ਵਾਰ ਆਗਰੇ ਔਰੰਗਜ਼ੇਬ ਦੇ ਦਰਬਾਰ ਵਿੱਚ ਕੁਰਾਨ ਸ਼ਰੀਫ਼ ਦੀ ਇੱਕ ਆਇਤ ਦੇ ਅਰਥਾਂ ਬਾਰੇ ਜਦੋਂ ਵਿਚਾਰ ਚੱਲ ਰਹੀ ਸੀ ਤਾਂ ਕਈ ਕਾਜ਼ੀ ਵੀ ਉਸ ਦਾ ਅਰਥ ਨਾ ਸਮਝਾ ਸਕੇ। ਇਸ ਦੌਰਾਨ ਭਾਈ ਨੰਦ ਲਾਲ ਨੇ ਇਸ ਦਾ ਅਰਥ ਸਮਝਾਇਆ, ਜਿਸ ਤੋਂ ਖੁਸ਼ ਹੋ ਕੇ ਭਾਈ ਜੀ ਨੂੰ ਪੰਜ ਸੌ ਰੁਪਏ ਇਨਾਮ ਦਿੱਤਾ ਗਿਆ। ਇਸੇ ਲਈ ਔਰੰਗਜ਼ੇਬ ਉਨ੍ਹਾਂ ਨੂੰ ਮੁਸਲਮਾਨ ਬਣਾਉਣ ਲਈ ਬਜ਼ਿੱਦ ਹੋ ਗਿਆ ਸੀ ।

ਜਦੋਂ ਮਈ 1704 ਈ. ਨੂੰ ਸ਼ਾਹੀ ਫ਼ੌਜਾਂ ਨੇ ਪਹਾੜੀ ਰਾਜਿਆਂ ਨਾਲ ਮਿਲ ਕੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਤਾਂ ਗੁਰੂ ਜੀ ਨੇ ਨੰਦ ਲਾਲ ਜੀ ਸਮੇਤ ਬਹੁਤ ਸਾਰੇ ਹਜ਼ੂਰੀ ਕਵੀਆਂ ਨੂੰ ਵੀ ਵਿਦਾ ਕਰ ਦਿੱਤਾ। ਇਸ ਤਰ੍ਹਾਂ 71 ਸਾਲ ਦੀ ਉਮਰ ਵਿੱਚ ਨੰਦ ਲਾਲ ਜੀ ਮੁੜ ਮੁਲਤਾਨ ਚਲੇ ਗਏ ਅਤੇ ਉੱਥੇ ਹੀ 72 ਸਾਲ ਦੀ ਉਮਰ ਵਿੱਚ ਸੰਨ 1705 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ।

ਭਾਈ ਨੰਦ ਲਾਲ ਨੇ ਗੁਰੂ ਘਰ ਦੀ ਮਹਿਮਾ, ਪ੍ਰਮਾਤਮਾ ਦੀ ਉਸਤਤਿ ਅਤੇ ਗੁਰਮਤਿ ਵਾਰੇ ਅਰਬੀ-ਫ਼ਾਰਸੀ ਵਿੱਚ ਕਈ ਪੁਸਤਕਾਂ ਲਿਖੀਆਂ ਜਿਨ੍ਹਾਂ ਵਿੱਚ ਦੀਵਾਨਿ ਗੋਇਆ, ਜ਼ਿੰਦਗੀ ਨਾਮਾ, ਗੰਜ ਨਾਮਾ, ਜੋਤ ਬਿਕਾਸ ਫ਼ਾਰਸੀ, ਅਰਜ਼ੁਲ ਅਲਫ਼ਾਜ਼, ਤੌਸੀਫ਼ੋ-ਸਨਾ, ਖ਼ਾਤਮਾ, ਇਨਸ਼ਾ ਦਸਤੂਰ, ਮਜਮੂਆ ਅਨਵਾਰ ਅਤੇ ਦਸਤੂਰ-ਉਲ-ਨਿਸ਼ਾ ਸ਼ਾਮਲ ਹਨ। ਨੰਦ ਲਾਲ ਜੀ ਦੇ ਦੋ ਪੁੱਤਰ ਦੀਵਾਨ ਲੱਖਪਤ ਰਾਇ ਅਤੇ ਦੀਵਾਨ ਲੀਲਾ ਰਾਮ ਹੋਏ ਹਨ। ਲੀਲਾ ਰਾਮ ਦੇ ਪੁੱਤਰ ਨੌਧ ਰਾਮ, ਉਸ ਦੇ ਪੁੱਤਰ ਪਰਮ ਰਾਮ ਅਤੇ ਫਿਰ ਪਰਸ ਰਾਮ ਦੇ ਪੁੱਤਰ ਕਰਮ ਚੰਦ ਅਤੇ ਨੇਮਰਾਜ ਦਾ ਵੰਸ਼ ਅੱਗੇ ਚੱਲਦਾ ਰਿਹਾ।
ਸੰਪਰਕ: 98764-52223

Leave a Reply

Your email address will not be published. Required fields are marked *