ਖੂਨ ਵਿਚ ਘੁਲ ਮਿਲ ਚੁੱਕਾ ਹੈ ਰਿਸ਼ਵਤ ਦਾ ਪੈਸਾ ਲੈਣਾ

ਅੰਗਰੇਜ ਸਿੰਘ ਹੁੰਦਲ
9876785672
ਰਿਸ਼ਵਤ ਲੈਣਾ ਧਰਮ ਦਾ ਕੰਮ ਸਮਝਦੇ ਹਨ ਸਰਕਾਰੀ ਬਾਬੂ
ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਤੇ ਪਿਛਲੇ ਕੁਝ ਸਮੇਂ ਤੋਂ ਨਸ਼ਿਆਂ ਦਾ ਛੇਵਾਂ ਦਰਿਆ ਵੀ ਬਹੁਤ ਤੇਜ਼ੀ ਨਾਲ ਵਗ ਰਿਹਾ ਹੈ ਜਿਸ ਦੀ ਚਪੇਟ ਵਿਚ ਬਹੁਤ ਹੀ ਨੌਜਵਾਨ ਆ ਚੁੱਕੇ ਹਨ ਤੇ ਜਿਸ ਨੇ ਕਈਆਂ ਮਾਂਵਾ ਤੇ ਪੁੱਤ ਖੋਹ ਲਏ ਹਨ ਤੇ ਘਰਾਂ ਵਿਚ ਸੱਥਰ ਵਿਛਾ ਦਿੱਤੇ ਹਨ । ਉਥੇ ਹੀ ਆਪਾ ਪੰਜਾਬ ਵਿਚ ਹਰ ਸਰਕਾਰੀ ਕੰਮ ਕਰਵਾਉਣ ਸਬੰਧੀ ਦੇਣੀ ਪੈਂਦੀ ਰਿਸ਼ਵਤ ਦਾ ਸੱਤਵਾਂ ਦਰਿਆ ਵੀ ਵਗਦਾ ਕਹਿ ਸਕਦੇ ਹਾਂ । ਜਿਵੇ ਅਮਲੀ ਨਸ਼ੇ ਤੋਂ ਬਗੈਰ ਨਹੀਂ ਰਹਿ ਸਕਦਾ ਉਵੇ ਹੀ ਰਿਸ਼ਵਤ ਖਾਣ ਦੇ ਆਦੀ, ਸਰਕਾਰੀ ਬਾਬੂ ਰਿਸ਼ਵਤ ਬਗੈਰ ਨਹੀਂ ਰਹਿ ਸਕਦੇ । ਕੰਮ ਭਾਵੇ ਸਹੀ ਹੋਵੇ ਜਾਂ ਗਲਤ ਰਿਸ਼ਵਤ ਦੇਣ ਲਈ ਮਜ਼ਬੂਰ ਕਰ ਦਿੰਦੇ ਹਨ ਸਰਕਾਰੀ ਬਾਬੂ । ਜਿਹੜਾਂ ਬੰਦਾ ਇਨ੍ਹਾਂ ਬਾਬੂਆਂ ਨੂੰ ਰਿਸ਼ਵਤ ਨਹੀਂ ਦੇਣਾ ਚਾਹੁੰਦਾਂ ਉਸ ਇਹ ਬਾਬੂ ਦਫਤਰਾਂ ਦੇ ਏਨੇ ਚੱਕਰ ਕੱਟਵਾਉਂਦੇ ਹਨ ਜਾ ਬਿਨ੍ਹਾਂ ਵਜ੍ਹਾ ਕਾਗਜ਼ਾ ਪੱਤਰਾਂ ਵਿਚ ਗਲਤੀਆਂ ਕੱਢੀ ਜਾਣੀਆਂ ਤਾਂ ਜੋ ਮਜ਼ਬੂਰ ਵੱਸ ਆਦਮੀ ਰਿਸ਼ਤਵ ਦੇ ਹੀ ਦੇਵੇ । ਸਰਕਾਰੀ ਮਹਿਕਮੇ ਕਿਸੇ ਵੀ ਗੱਲ ਕਰ ਲਉ ਸਭ ਰਿਸ਼ਵਤ ਲੈਣ ਤਾਂਘ ਰੱਖਦੇ ਹਨ ।ਸਰਕਾਰੀ ਦਫਤਰ ਦੇ ਚੌਂਕੀਦਾਰ ਤੋਂ ਲੈ ਕੇ ਉਤੋਂ ਤੱਕ ਇਹ ਕੰਮ ਚਲਦਾ ਹੈ ਜਿਸ ਨੂੰ ਅੱਜ ਤੱਕ ਸਰਕਾਰਾਂ ਬੰਦ ਨਹੀਂ ਸਕੀਆਂ ਤੇ ਇਹ ਰਿਸ਼ਵਤ ਦਾ ਕੰਮ ਜਿਵੇ ਸਰਕਾਰੀ ਡੀ.ਏ. ਵੱਧਦਾ ਹੈ ਉਵੇ ਹੀ ਇਸ ਵਿਚ ਵਾਧਾ ਹੁੰਦਾ ਹੈ । ਲੋਕ ਸਰਕਾਰੀ ਬਾਬੂਆਂ ਦੇ ਦਫਤਰਾਂ ਅੱਗੇ ਚੱਕਰ ਮਾਰਨ ਤੋਂ ਡਰਦੇ ਰਿਸ਼ਵਤ ਦੇਣ ਵਿਚ ਭਲਾਈ ਸਮਝਦੇ ਹਨ ਤੇ ਫਿਰ ਕੰਮ ਵੀ ਜਲਦੀ ਸਮੇਂ ਸਿਰ ਹੋ ਜਾਂਦਾ ਹੈ । ਜਿਸ ਨੇ ਰਿਸ਼ਵਤ ਨਹੀਂ ਦਿੱਤੀ ਹੁੰਦੀ ਉਸ ਦੀ ਫਾਈਲ ਉਥੇ ਹੀ ਦੱਬੀ ਰਹਿ ਜਾਂਦੀ ਹੈ । ਸਰਕਾਰੀ ਦਫਤਰ ਵਿਚੋਂ ਰਿਸ਼ਵਤ ਤੋਂ ਬਗੈਰ ਕੰਮ ਹੋਣਾ ਅਸੰਭਵ ਜਾਪਦਾ ਹੈ ।
ਕੁਝ ਦਿਨ ਪਹਿਲਾਂ ਮੇਰੀ ਇੱਕ ਪੁਲਿਸ ਥਾਣੇ ਕੋਲ ਇਨਕੁਆਰੀ ਆਈ ਤੇ ਉਸ ਸਬੰਧੀ ਮੈਨੂੰ ਥਾਣੇ ਵਿਚ ਇੱਕ ਮੋਹਤਬਰ ਵਿਅਕਤੀ ਨਾਲ ਲੈ ਕੇ ਆਉਣ ਸਬੰਧੀ ਕਿਹਾ । ਜਦ ਮੈਂ ਆਪਣੇ ਸਾਰੇ ਕਾਗਜ਼ ਪੱਤਰ ਪੂਰੇ ਦਿੱਤੇ ਤੇ ਬਣਦੀ ਸਰਕਾਰੀ ਫੀਸ ਵੀ ਤਾਂ ਉਕਤ ਇੱਕ ਮੁਲਾਜ਼ਮ ਕਹਿਣ ਲੱਗਾ ਭਾਜੀ ਦੇਖ ਲਉ ਤੁਹਾਨੂੰ ਵੀ ਪਤਾ ਹੈ ਕਿ ਸਭ ਥਾਵਾਂ ਤੇ ਹਿੱਸਾ ਹੁੰਦਾ ਹੈ ਜੇਕਰ ਤੁਸੀਂ ਨਹੀਂ ਦੇਉਗੇ ਤਾਂ ਮੈਨੂੰ ਦੇਣਾ ਪੈਣਾ ਹੈ ਜਾਂ ਫਿਰ ਮੈਂ ਆਪਣੇ ਹਿੱਸੇ ਆਉਂਦਾ ਕੰਮ ਕਰ ਦਿੰਦਾ ਹਾਂ ਤੇ ਬਾਕੀ ਅਧਿਕਾਰੀਆਂ ਕੋਲੋ ਤੁਸੀਂ ਆਪੇ ਹੀ ਕਰਵਾ ਲੈਣਾ ਜਾ ਫਿਰ ਪੰਜ ਸੌ ਰੁਪਏ ਹੋਰ ਦਿਉ । ਜੇਕਰ ਤੁਸੀਂ ਪੈਸੇ ਨਹੀਂ ਦਿਉਗੇ ਤਾਂ ਤੁਹਾਡੀ ਫਾਈਲ ਏਥੇ ਹੀ ਪਵੇਗੀ ਰਹੇਗੀ । ਜਦ ਮੈਂ ਉਸ ਨੂੰ ਪੰਜ ਸੌ ਰੁਪਏ ਹੋਰ ਵਾਧੂ ਦਿੱਤੇ ਤਾਂ ਫਿਰ ਉਕਤ ਮੁਲਾਜ਼ਮ ਦਾ ਜਵਾਬ ਸੀ ਕਿ ਭਾਜੀ ਤਿੰਨ ਦਿਨਾਂ ਅੰਦਰ ਤੁਹਾਡੀ ਇਨਕੁਆਰੀ ਭੇਜ ਦਿੱਤੀ ਜਾਵੇਗੀ ਤੇ ਤੁਸੀ ਪਤਾ ਕਰ ਲੈਣਾ । ਏਥੇ ਇਹ ਵੀ ਜ਼ਿਕਰਯੋਗ ਹੈ ਕਿ ਜੇਕਰ ਰਿਸ਼ਵਤ ਦੇਣ ਨਾਲ ਸਾਰੀਆਂ ਕਾਰਵਾਈਆਂ ਕੀਤੀਆਂ ਜਾ ਸਕਦੀਆਂ ਹਨ ਉਥੇ ਇਨ੍ਹਾਂ ਭ੍ਰਿਸ਼ਟਾਚਾਰ ਬਾਬੂਆਂ ਦੇ ਮਰ ਚੁੱਕੇ ਜ਼ਮੀਰ ਨੂੰ ਇਹ ਸਮਝ ਨਹੀਂ ਆਉਂਦੀ ਕਿ ਸਰਕਾਰ ਸਾਨੁੰ ਲੋਕਾਂ ਦੇ ਕੰਮ ਕਰਨ ਬਦਲੇ ਹੀ ਮੋਟੀਆਂ ਤਨਖਾਹਾਂ ਦਿੰਦੀ ਹੈ । ਇਹ ਭ੍ਰਿਸ਼ਟ ਮੁਲਾਜ਼ਮ ਸਮਝਦੇ ਹਨ ਕਿ ਸਰਕਾਰ ਨੇ ਸਾਨੂੰ ਕੁਰਸੀ ਰਿਸ਼ਵਤ ਲ਼ੈਣ ਖਾਤਰ ਦਿੱਤੀ ਹੋਈ ਹੈ ਤੇ ਖੁੱਲੀ ਕਮਾਈ ਕਰੋ। ਰਿਸ਼ਵਤ ਲੈ ਕੇ ਕੰਮ ਕਰਨਾ ਮੁਲਾਜ਼ਮਾਂ ਦੇ ਖੂਨ ਵਿਚ ਘੁਲ ਮਿਲ ਚੁੱਕਾ ਹੈ ।
ਏਥੇ ਇੱਕ ਹੋਰ ਘਟਨਾ ਦਾ ਜ਼ਿਕਰ ਕਰਾਂ ਕੇ ਅਸੀਂ ਆਪਣੀ ਜਾਇਦਾਦ ਦੀ ਵਸੀਅਤ ਕਰਵਾਉਣੀ ਸੀ ਤੇ ਵਸੀਕਾ ਨਵੀਸ ਕੋਲੋ ਕਾਗਜ਼ ਲਿਖਵਾਉਣ ਸਬੰਧੀ ਗਏ ਤਾਂ ਉਸਨੇ ਸਰਕਾਰੀ ਫੀਸ ਵੀ ਦੱਸ ਦਿੱਤੀ ਤੇ ਜਿਹੜੀ ਦਫਤਰ ਅੰਦਰ ਰਿਸ਼ਵਤ ਦੇਣੀ ਪੈਣੀ ਸੀ ਉਹ ਵੀ ਨਾਲ ਦੱਸ ਦਿੱਤੀ ਤੇ ਕਿਹਾ ਜੇਕਰ ਰਿਸ਼ਵਤ ਨਾ ਦਿੱਤੀ ਤਾਂ ਉਨ੍ਹਾਂ ਨੇ ਇਵੇ ਗਲਤੀਆਂ ਕੱਢੀ ਜਾਣੀਆਂ ਹਨ ਇਸ ਕਰਕੇ ਤੁਸੀ ਜਲ ਪਾਣੀ ਦੇ ਦਿਉ ਤਾਂ ਚੰਗੀ ਗੱਲ ਹੈ । ਲੋਕਾਂ ਨੂੰ ਸਰਕਾਰੀ ਦਫਤਰ ਵਿਚੋਂ ਕੰਮ ਕਰਵਾਉਣ ਲਈ ਇੱਕ ਸਰਕਾਰੀ ਫੀਸ ਤੇ ਦੂਜਾ ਰਿਸ਼ਵਤ ਦਾ ਇੰਤਜ਼ਾਮ ਕਰਨਾ ਪੈਂਦਾ ਹੈ ।
ਸਰਕਾਰਾਂ ਭ੍ਰਿਸ਼ਟਾਚਾਰਾ ਦੇ ਧੰਦੇ ਤੋਂ ਵਾਕਫ ਹਨ ਤੇ ਫਿਰ ਵੀ ਕੁਝ ਨਹੀਂ ਸਕਦੀਆਂ ਜਿਹੜਾ ਕੋਈ ਮਸਲਾ ਮੀਡੀਆ ਰਾਹੀਂ ਉੱਠਦਾ ਹੈ ਉਸ ਤੇ ਮਾੜੀ ਮੋਟੀ ਕਾਰਵਾਈ ਹੋ ਜਾਂਦੀ ਹੈ ਤੇ ਕੁਝ ਸਮੇਂ ਇਹ ਵੀ ਕਾਰਵਾਈ ਠੱਪ ਕਰ ਦਿੱਤੀ ਜਾਂਦੀ ਹੈ । ਰਿਸ਼ਵਤ ਖੋਰ ਦੀ ਸ਼ਿਕਾਇਤ ਕਰਨ ਦੀ ਕੋਈ ਵਿਰਲਾ ਹੀ ਹਿੰਮਤ ਕਰਦਾ ਹੈ ਕਿਉਂ ਕਿ ਸ਼ਿਕਾਇਤ ਕਰਤਾ ਨੂੰ ਰੱਜ ਕੇ ਖੱਜਲ ਖੁਆਰ ਕੀਤਾ ਹੈ ਜਾ ਫੈਸਲਾ ਕਰਨ ਸਬੰਧੀ ਦਬਾਅ ਬਣਾਇਆ ਜਾਣ ਲਗਦਾ ਹੈ ਕਿਵੇ ਵੀ ਕਰਕੇ ਉਸ ਦੀ ਅਵਾਜ਼ ਨੂੰ ਦਬਾ ਦਿੱਤਾ ਜਾਂਦਾ ਹੈ । ਰਿਸ਼ਵਤ ਖੋਰਾਂ ਨੇ ਸਾਰੇ ਉੱਚ ਅਧਿਕਾਰੀਆਂ ਦੇ ਦਫਤਰਾਂ ਵਿਚ ਆਪਣੀਆਂ ਤਾਰਾਂ ਜੋੜੀਆਂ ਹੁੰਦੀਆਂ ਹਨ ਇਸ ਕਰਕੇ ਉਹ ਬਿਨਾਂ ਝਿਜਕ ਕੰਮ ਕਰਦੇ ਹਨ ਕਿਸੇ ਸ਼ਿਕਾਇਤ ਦੀ ਪਰਵਾਹ ਨਹੀਂ ਕਰਦੇ ।
ਸਰਕਾਰੀ ਅਧਿਕਾਰੀ/ਕਰਮਚਾਰੀ ਬਹੁਤ ਈਮਾਨਦਾਰ ਵੀ ਹਨ ਪਰ ਉਨ੍ਹਾਂ ਦੀ ਗਿਣਤੀ ਘੱਟ ਹੈ ਚਾਹੇ ਕੋਈ ਵੀ ਮਹਿਕਮਾਂ ਹੋਵੇ । ਜੇਕਰ ਅਫਸਰ ਈਮਾਨਦਾਰ ਹੋਵੇ ਭਾਵੇ ਉਹ ਸਾਰੇ ਕੰਮ ਡਿਊਟੀ ਸਮਝ ਕੇ ਕਰਦਾ ਹੋਵੇ ਤਾਂ ਉਸ ਦੇ ਵਿਭਾਗ ਦੇ ਹੇਠਲੇ ਭ੍ਰਿਸ਼ਟ ਬਾਬੂ ਲੋਕਾਂ ਨੂੰ ਚੱਕਰਾਂ ਵਿਚ ਪਾ ਕੇ ਅਫਸਰ ਦੇ ਨਾਮ ਤੇ ਠੱਗੀ ਠੋਰੀ ਮਾਰੀ ਜਾਂਦੇ ਹਨ । ਜਿਹੜੇ ਰਿਸ਼ਵਤ ਖੋਰੀ ਕਰਦੇ ਫੜੇ ਗਏ ਥੋੜੇ ਜਿਹੇ ਮੁਲਾਜ਼ਮਾਂ ਤੇ ਕੇਸ ਦਰਜ਼ ਕੀਤੇ ਜਾਂਦੇ ਹਨ ਉਹ ਵੀ ਸਾਲਾਂਬੱਧੀ ਕੇਸ ਚਲਦੇ ਰਹਿੰਦੇ ਹਨ ਤੇ ਸਿੱਟਾ ਜ਼ੀਰੋ ਹੀ ਨਿਕਲਦਾ ਹੈ ਕੋਈ ਠੋਸ ਕਾਰਵਾਈ ਨਹੀਂ ਹੁੰਦੀ ਜਿਸ ਕਾਰਨ ਲੋਕਾਂ ਦਾ ਸਰਕਾਰੀ ਕਾਰਵਾਈਆਂ ਤੇ ਬਹੁਤਾ ਭਰੋਸਾ ਨਹੀਂ ਹੈ ।ਸਰਕਾਰ ਨੂੰ ਭ੍ਰਿਸ਼ਟ ਮੁਲਾਜ਼ਮਾਂ ਤੇ ਸਖਤ ਕਾਰਵਾਈ ਕਰਦੇ ਹੋਏ ਜਿਹੜੇ ਵੀ ਰਿਸ਼ਵਤ ਲੈਦੇ ਫੜੇ ਜਾਂਦੇ ਹਨ ਉਨ੍ਹਾਂ ਤੁਰੰਤ ਨੌਕਰੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ ਤਾਂ ਜੋ ਬਾਕੀ ਬਾਬੂਆਂ ਨੂੰ ਚੰਗੀ ਤਰ੍ਹਾਂ ਸਮਝ ਆ ਸਕੇ ।ਵੈਸੇ ਸਰਕਾਰਾਂ ਦੇ ਬਿਆਨ ਲੋਕਾਂ ਨੇ ਬਹੁਤ ਪੜੇ ਸੁਣੇ ਹਨ ਕਿ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇਗੀ ਪਰ ਨੱਥ ਅਜੇ ਤੱਕ ਪਾਈ ਨਹੀਂ ਜਾ ਸਕੀ ।